ਅਕਸਰ ਸਿਆਣਿਆਂ ਵਲੋਂ ਕਿਹਾ ਜਾਂਦਾ ਹੈ ਕਿ 'ਹੰਕਾਰਿਆ ਸੋ ਮਾਰਿਆ |'
ਹਰ ਇਨਸਾਨ ਵਿਚ ਗੁਣ ਤੇ ਔਗੁਣ ਦੋਵੇਂ ਹੁੰਦੇ ਹਨ | ਹੰਕਾਰ ਸਭ ਤੋਂ ਖ਼ਤਰਨਾਕ ਹੁੰਦਾ ਹੈ | ਕਿਸੇ ਨੂੰ ਧਨ-ਦੌਲਤ, ਮਹਿਲ-ਮਾੜੀਆਂ, ਚਤੁਰਾਈ, ਸੁੰਦਰਤਾ, ਵਿੱਦਿਆ, ਪੜ੍ਹਾਈ-ਲਿਖਾਈ, ਕਾਰਾਂ ਆਦਿ ਦਾ ਘੁਮੰਡ ਹੋ ਜਾਂਦਾ ਹੈ, ਜਿਸ ਇਨਸਾਨ ਵਿਚ ਹੰਕਾਰ ਪੈਂਦਾ ਹੁੰਦਾ ਹੈ ਉਹ ਚੰਗੇ ਲੋਕਾਂ ਨਾਲ ਖੋਰ ਪਿਟਦਾ ਹੈ | ਜੋ ਮਾੜੇ ਲੋਕ ਹੁੰਦੇ ਹਨ, ਉਨ੍ਹਾਂ ਨਾਲ ਦੋਸਤੀ ਕਰਦਾ ਹੈ | ਹੰਕਾਰੀ ਇਨਸਾਨ ਆਪਣੇ ਤੋਂ ਨੀਵੇਂ ਲੋਕਾਂ ਨੂੰ ਟਿੱਚ ਨਹੀਂ ਜਾਣਦਾ | ਇਨ੍ਹਾਂ ਨਾਲ ਨਫ਼ਰਤ ਕਰਦਾ ਹੈ | ਜਦੋਂ ਹੰਕਾਰੀ ਇਨਸਾਨ ਆਪਣੇ ਤੋਂ ਉੱਚੇ ਅਹੁਦੇ ਵਾਲੇ ਨੂੰ ਦੇਖਦਾ ਹੈ ਤਾਂ ਉਸ ਦੇ ਅੰਦਰ ਨਫ਼ਰਤ, ਈਰਖਾ ਜਿਹੇ ਨਕਾਰਾਤਮਿਕ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ | ਚੜ੍ਹਦੇ-ਛਿਪਦੇ ਪਰਛਾਵੇਂ ਹੁੰਦੇ ਹਨ, ਅਕਸਰ ਕਿਹਾ ਜਾਂਦਾ ਹੈ | ਇਥੇ ਧਰਤੀ 'ਤੇ ਕੋਈ ਸਦਾ ਰਹਿਣ ਵਾਲਾ ਨਹੀਂ ਹੈ | ਠੀਕ ਇਸੇ ਤਰ੍ਹਾਂ ਲੋਕਾਂ ਨੂੰ ਪੈਸੇ ਦਾ ਬਹੁਤ ਜ਼ਿਆਦਾ ਘੁਮੰਡ ਹੁੰਦਾ ਹੈ | ਜ਼ਿਆਦਾ ਪੈਸਾ ਹੋਣ ਕਾਰਨ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨੀ ਛੱਡ ਦਿੰਦਾ ਹੈ | ਅਜਿਹਾ ਇਨਸਾਨ ਰੱਬ ਨੂੰ ਵੀ ਭੁੱਲ ਜਾਂਦਾ ਹੈ | ਕਹਿਣ ਦਾ ਮਤਲਬ ਇਹ ਕਿ ਪੈਸਾ ਹੀ ਸਭ ਕੁਝ ਨਹੀਂ ਹੈ | ਪੈਸੇ ਦਾ ਏਨਾ ਘੁਮੰਡ ਹੁੰਦਾ ਹੈ ਕਿ ਅਸੀਂ ਕਈ ਵਾਰੀ ਉੱਚਾ ਬੋਲ ਵੀ ਬੋਲ ਦਿੰਦੇ ਹਾਂ | ਜਿਸ ਇਨਸਾਨ ਨੂੰ ਹੰਕਾਰ ਹੁੰਦਾ ਹੈ, ਉਸ ਦੇ ਮਨ ਵਿਚ ਇਹ ਹੁੰਦਾ ਹੈ ਕਿ ਮੈਨੂੰ ਸਮਾਜ ਵਿਚ ਰਹਿੰਦੇ ਹੋਏ ਕਿਸੇ ਤੋਂ ਵੀ ਕੋਈ ਜ਼ਰੂਰਤ ਨਹੀਂ ਪੈਣੀ | ਸਾਰਿਆਂ ਨੂੰ ਹੀ ਰਮਾਇਣ ਦਾ ਪਤਾ ਹੈ | ਰਾਵਣ ਬਹੁਤ ਗਿਆਨਵਾਨ ਸੀ | ਉਸ ਵਰਗਾ ਕੋਈ ਵੀ ਤਾਕਤਵਰ ਯੋਧਾ ਨਹੀਂ ਸੀ | ਰਾਵਣ ਦਾ ਹੰਕਾਰ ਹੀ ਉਸ ਨੂੰ ਲੈ ਡੁੱਬਿਆ | ਅਕਸਰ ਕਿਹਾ ਜਾਂਦਾ ਹੈ ਕਿ ਫਲ ਹਮੇਸ਼ਾ ਨੀਵਿਆਂ ਰੁੱਖਾਂ ਨੂੰ ਲਗਦੇ ਹਨ | ਹਮੇਸ਼ਾ ਹੰਕਾਰ ਲੰਮਾ ਸਮਾਂ ਨਹੀਂ ਚਲਦਾ | ਸਮਾਜ ਵਿਚ ਵਿਚਰਦੇ ਹੋਏ ਸਭ ਦੀ ਇੱਜ਼ਤ ਕਰੋ | ਕਦੇ ਵੀ ਕਿਸੇ ਨੂੰ ਮੰਦਾ ਨਾ ਬੋਲੋ | ਅਕਸਰ ਸੋਚਿਆ ਜਾਵੇ ਤਾਂ ਹੰਕਾਰ ਨਾਲ ਮਿਲਦਾ ਤਾਂ ਕੁਝ ਨਹੀਂ, ਪਰ ਪੱਲੇ ਕੁਝ ਵੀ ਨਹੀਂ ਰਹਿੰਦਾ |
-ਮੋਹਾਲੀ | ਮੋਬਾਈਲ : 78889-66168