ਕੈਨੇਡਾ ਦੇ ਸ਼ਹਿਰ ਸਰੀ ਦੇ ਇਕ ਪਾਰਕ 'ਚ ਬੈਠੇ ਕੁਝ ਬਜ਼ੁਰਗ ਬਾਬੇ ਡੰੂਘੀ ਵਿਚਾਰ-ਚਰਚਾ ਕਰ ਰਹੇ ਸਨ | ਇਕ ਨੇ ਗੱਲ ਦਾ ਵਿਸਤਾਰ ਕਰਦਿਆਂ ਆਖਿਆ, 'ਇਹ ਤਾਂ ਗੱਲ ਪੱਕੀ ਆ ਮਿੱਤਰੋ, ਗੁਆਂਢ 'ਚ ਪਏ ਗੰਦ ਦਾ ਅਸਰ ਕਈ ਵਾਰੀ ਆਪਣੇ ਘਰ ਵੀ ਆ ਜਾਂਦੈ | ਏਸ ਲਈ ਜਿੰਨੀ ਛੇਤੀ ਹੋ ਸਕੇ ਐਸਾ ਗੰਦ ਸਾਫ਼ ਕਰ ਜਾਂ ਕਰਵਾ ਦੇਣਾ ਚਾਹੀਦੈ |'
'ਹਾਂ ਏਹ ਤਾਂ ਹੈ', ਦੂਜੇ ਨੇ ਗੱਲ ਦੀ ਪ੍ਰੋੜਤਾ ਕੀਤੀ |
ਆਪਣੇ ਉਪਰੋਕਤ ਵਿਚਾਰ ਨੂੰ ਇਕ ਇਤਿਹਾਸਕ ਹਵਾਲੇ ਨਾਲ ਪੁਖਤਾ ਕਰਦਿਆਂ ਬਜ਼ੁਰਗ ਆਖਣ ਲੱਗਿਆ, 'ਵੇਖ ਲਓ ਬਈ ਸੱਜਣੋ! ਜ਼ਰਾ ਪਿੱਛੇ ਮੁੜ ਕੇ ਦੇਖੋ ਇਤਿਹਾਸ ਵੱਲਾਂ | ਇਕ ਬਾਦਸ਼ਾਹ ਹੋਇਐ ਨੀਰੋ | ਕਹਿੰਦੇ ਉਹ ਬੜਾ ਨਿਰਦਈ ਤੇ ਵਿਲਾਸੀ ਬੰਦਾ ਸੀ, ਜਿਹੜਾ ਲੋਕਾਂ ਨੂੰ ਭੁੱਖੇ ਸ਼ੇਰਾਂ ਤੋਂ ਮਰਵਾ ਦਿਆ ਕਰਦਾ ਸੀ | ਇਹਦੀ ਮਾਂ ਨੇ ਵੀ ਆਪਣੇ ਦੂਜੇ ਖ਼ਸਮ ਨੂੰ ਜ਼ਹਿਰ ਦੇ ਕੇ ਗੱਡੀ ਚਾੜ੍ਹਤਾ ਸੀ | ਉਹਦੇ ਕੋਲੋਂ ਹੀ ਰਾਜ ਗੱਦੀ ਖੋਹ ਕੇ ਨੀਰੋ ਨੂੰ ਦਿੱਤੀ ਸੀ | ਅੱਗੋਂ ਨੀਰੋ ਨੇ ਸੰਨ 55 'ਚ ਆਪਣੇ ਮਤਰੇਏ ਭਰਾ ਨੂੰ ਵੀ ਮਰਵਾ ਦਿੱਤਾ | ਆਪਣੇ ਗੁਰੂ ਤੇ ਕਈ ਹੋਰ ਨਾਮੀ-ਗਰਾਮੀ ਬੰਦਿਆਂ ਨੂੰ ਵੀ ਮਰਵਾ ਦਿੱਤਾ | ਸੰਨ 64 'ਚ ਏਹਨੇ ਰੋਮ 'ਚ ਲੱਗੀ ਅੱਗ ਨੂੰ ਖੁਸ਼ ਹੋ ਕੇ ਵੇਖਿਆ | ਤਦ ਈ ਕਹਿੰਦੇ ਨੇ ਰੋਮ ਸੜਦਾ ਰਿਹਾ ਤੇ ਨੀਰੋ ਬੰਸਰੀ ਵਜਾਉਂਦਾ ਰਿਹਾ |'
'ਅੱਛਾ! ਫੇਰ ਤਾਂ ਬੜਾ ਜ਼ਾਲਮ ਬੰਦਾ ਹੋਇਆ ਭਾਈ ਏਹ ਤਾਂ... ਕਿਸੇ ਨੇ ਮੰੂਹ ਨਾ ਮੋੜਿਆ ਏਹਦਾ...', ਸਹਿਜ ਨਾਲ ਸੁਣ ਰਹੇ ਨਾਲ ਦੇ ਬਾਬੇ ਨੇ ਆਪਣੇ ਮਨ 'ਚ ਉਠਿਆ ਸਵਾਲ ਸਾਂਝਾ ਕੀਤਾ |
'ਮੰੂਹ ਮੋੜਿਆ ਈ ਨੀਂ, ਸਗੋਂ ਭੰਨਿਆ ਵੀ ਸਪੇਨ ਦੇ ਰੋਮਨ ਗਵਰਨਰ ਨੇ ਏਹਦਾ... ਜਦੋਂ ਉਹਨੇ ਰੋਮ 'ਤੇ ਹਮਲਾ ਕੀਤਾ ਤਾਂ ਨੀਰੋ ਦੇ ਰਾਖੇ ਵੀ ਉਹਨੂੰ ਛੱਡ ਕੇ ਗਵਰਨਰ ਨਾਲ ਰਲ ਗਏ | ਨੀਰੋ ਉਥੋਂ ਭੱਜ ਗਿਆ | ਫਾਂਸੀ ਦੀ ਸਜ਼ਾ ਦਿੱਤੇ ਜਾਣ ਕਰਕੇ ਇਹਨੇ ਡਰਦੇ ਮਾਰੇ ਨੇ ਪਹਿਲਾਂ ਹੀ ਆਤਮ-ਹੱਤਿਆ ਕਰ ਲਈ |... ਤੇ ਇੰਜ ਸਾਫ਼ ਕੀਤਾ ਸਪੇਨ ਦੇ ਗਵਰਨਰ ਨੇ ਗੁਆਂਢ ਵਾਲਾ ਗੰਦ... |' ਇਕ ਇਤਿਹਾਸਕ ਘਟਨਾ ਬਾਕੀਆਂ ਨੂੰ ਸੰਜੀਦਗੀ ਨਾਲ ਸੁਣਾ ਕੇ ਬਾਬੇ ਨੂੰ ਤਸੱਲੀ ਜਿਹੀ ਹੋਈ |
-ਮੋਬਾਈਲ : 98155-05287