ਲੈਸਟਰ (ਇੰਗਲੈਂਡ), 21 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਵੈਸਟ ਮਿਡਲੈਂਡਜ਼ ਦੇ ਸਮੈਥਵਿਕ ਇਲਾਕੇ ਵਿਚ ਮਸਜਿਦ ਦੇ ਬਾਹਰ ਹੋਈ ਛੁਰੇਬਾਜ਼ੀ ਦੀ ਘਟਨਾ ਵਿਚ 18 ਸਾਲਾ ਨੌਜਵਾਨ ਦੀ ਮੌਤ ਹੋਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਪੁਲਿਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 9 ਵਜੇ ਤੋਂ ਥੋੜ੍ਹਾ ਪਹਿਲਾਂ ਓਲਡਬਰੀ ਰੋਡ ਸਥਿਤ ਮਸਜਿਦ ਦੇ ਬਾਹਰ ਵਾਪਰੀ ਜਿੱਥੇ ਹਿੰਸਕ ਝਗੜੇ ਦੀ ਸੂਚਨਾ ਮਿਲਣ ਉਪਰੰਤ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚੀਆਂ | ਵੈਸਟ ਮਿਡਲੈਂਡਜ਼ ਪੁਲਿਸ ਨੇ ਮਿ੍ਤਕ ਦੀ ਪਛਾਣ ਸਮੈਥਵਿਕ ਨਿਵਾਸੀ ਜ਼ੇਸ਼ਾਨ ਅਫ਼ਜ਼ਲ ਵਜੋਂ ਕੀਤੀ ਹੈ ਅਤੇ ਮਾਮਲੇ ਦੀ ਕਤਲ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ 19 ਅਤੇ 20 ਸਾਲਾ ਦੋ ਹੋਰ ਨੌਜਵਾਨ ਵੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਅਧਿਕਾਰੀਆਂ ਅਨੁਸਾਰ ਉਨ੍ਹਾਂ ਦੀਆਂ ਚੋਟਾਂ ਜਾਨ ਲਈ ਖ਼ਤਰਨਾਕ ਨਹੀਂ ਹਨ | ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਜਾਂਚ ਦੇ ਆਧਾਰ 'ਤੇ ਇਸ ਘਟਨਾ ਨੂੰ ਧਾਰਮਿਕ ਜਾਂ ਨਸਲੀ ਨਫ਼ਰਤ ਨਾਲ ਜੁੜਿਆ ਮਾਮਲਾ ਨਹੀਂ ਮੰਨਿਆ ਜਾ ਰਿਹਾ | ਜਾਂਚ ਅਧਿਕਾਰੀ ਘਟਨਾ ਦੇ ਕਾਰਨਾਂ ਤੇ ਸੰਬੰਧਿਤ ਵਿਅਕਤੀਆਂ ਦੀ ਪਛਾਣ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਤੇ ਗਵਾਹਾਂ ਦੇ ਬਿਆਨਾਂ ਦੀ ਜਾਂਚ ਕਰ ਰਹੇ ਹਨ | ਪੁਲਿਸ ਵੱਲੋਂ ਲੋਕਾਂ ਵਿਚ ਭਰੋਸਾ ਬਣਾਈ ਰੱਖਣ ਲਈ ਇਲਾਕੇ ਵਿਚ ਵਾਧੂ ਪੁਲਿਸ ਤਾਇਨਾਤ ਕੀਤੀ ਗਈ ਹੈ | ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਕਿਸੇ ਕੋਲ ਵੀ ਘਟਨਾ ਬਾਰੇ ਜਾਣਕਾਰੀ ਹੋਵੇ ਉਹ ਪੁਲਿਸ ਨਾਲ ਸੰਪਰਕ ਕਰੇ | ਇਸ ਦੁਖਦਾਈ ਘਟਨਾ ਤੋਂ ਬਾਅਦ ਸਥਾਨਕ ਭਾਈਚਾਰੇ ਵੱਲੋਂ ਮਿ੍ਤਕ ਨੌਜਵਾਨ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਜਦਕਿ ਪੁਲਿਸ ਵੱਲੋਂ ਕਤਲ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ |