ਐਬਟਸਫੋਰਡ, 18 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ 'ਚ ਸਿੱਖਾਂ ਦਾ ਵਿਲੱਖਣ ਇਤਿਹਾਸ ਹੈ ਤੇ 19ਵੀਂ ਸਦੀ ਦੇ ਸ਼ੁਰੂ ਵਿਚ ਬਿ੍ਟਿਸ਼ ਕੋਲੰਬੀਆ ਆਏ ਸਿੱਖਾਂ ਨੇ ਸੰਘਰਸ਼ਮਈ ਸਖ਼ਤ ਮਿਹਨਤ ਕਰਕੇ ਆਪਣੇ-ਆਪ ਨੂੰ ਇਥੇ ਸਥਾਪਤ ਕੀਤਾ ਤੇ ਅੱਜ ਹਰ ਖੇਤਰ ਵਿਚ ਸਿੱਖਾਂ ਦਾ ਪੂਰਾ ਬੋਲਬਾਲਾ ਹੈ | ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਤੇ ਸੇਵਾ ਭਾਵਨਾ ਬੇਮਿਸਾਲ ਹੈ ਉਪਰੋਕਤ ਸ਼ਬਦ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈ.ਬੀ. ਨੇ ਵਿਧਾਨ ਸਭਾ ਭਵਨ 'ਚ ਕਰਵਾਏ ਸਿੱਖ ਵਿਰਾਸਤੀ ਮਹੀਨਾ ਸਮਾਗਮ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ | ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਸਾਡੇ ਸਾਰਿਆਂ ਲਈ ਪ੍ਰੇਰਨਾਦਾਇਕ ਹਨ | ਇਹ ਪਹਿਲੀ ਵਾਰ ਸੀ ਕਿ ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ 'ਚ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਹੋਵੇ | ਇਸ ਮੌਕੇ ਸੂਬਾ ਸਰਕਾਰ ਵਲੋਂ ਸਿੱਖ ਵਿਰਾਸਤੀ ਮਹੀਨੇ ਦਾ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਅਤੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਸਮਾਗਮ ਮੌਕੇ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ, ਕੈਬਨਿਟ ਮੰਤਰੀ ਜਗਰੂਪ ਬਰਾੜ, ਰਵੀ ਪਰਮਾਰ, ਜਸਪ੍ਰੀਤ ਕੌਰ ਸੁੰਨੜ, ਸੰਸਦੀ ਸਕੱਤਰ ਸੁਨੀਤਾ ਧੀਰ ਤੇ ਹਰਵਿੰਦਰ ਕੌਰ ਸੰਧੂ ਵੀ ਹਾਜ਼ਰ ਸਨ ਅਤੇ ਕਈ ਗੁਰੂ ਘਰਾਂ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ |