ਐਬਟਸਫੋਰਡ, 20 (ਗੁਰਦੀਪ ਗਰੇਵਾਲ)-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇੰਡੋ-ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਸਰੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਉੱਘੇ ਕਹਾਣੀਕਾਰ ਨਰਿੰਦਰ ਸਿੰਘ ਪੰਨੂ ਦੀ ਪੁਸਤਕ ‘ਹੌਲੀਡੇਅ ਬਰਾਈਡ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ,ਕਹਾਣੀਕਾਰ ਨਰਿੰਦਰ ਸਿੰਘ ਪੰਨੂ,ਸਕੱਤਰ ਪਲਵਿੰਦਰ ਸਿੰਘ ਰੰਧਾਵਾ ਅਤੇ ਦਰਸ਼ਨ ਸਿੰਘ ਸੰਘਾ ਸ਼ਾਮਲ ਹੋਏ। ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਸ਼ੁਰੂਆਤ ਕਰਦਿਆਂ ਅੱਜ ਦੀ ਸਟੇਜ ਦੀ ਕਾਰਵਾਈ ਹਾਜ਼ਰੀਨ ਨਾਲ ਸਾਂਝੀ ਕੀਤੀ ਅਤੇ ਜੂਨ ਮਹੀਨੇ ਵਿੱਚ ਜਨਮ ਦਿਨ ਵਾਲੇ ਮੈਂਬਰਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ। ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਪਲਵਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਪਹਿਲਾਂ ਮਾ: ਅਮਰੀਕ ਸਿੰਘ ਲੇਹਲ ਨੂੰ ਸੱਦਾ ਦਿੱਤਾ। ਉਪਰੰਤ ਸੁਖਵੀਰ ਸਿੰਘ ਮੋਹਾਲੀ,ਵੀਤ ਬਾਦਸ਼ਾਹਪੁਰੀ,ਬਲਬੀਰ ਸਿੰਘ ਸੰਘਾ,ਚਮਕੌਰ ਸਿੰਘ ਸੇਖੋਂ (ਕਵੀਸ਼ਰੀ),ਡਾ: ਬਲਦੇਵ ਸਿੰਘ ਖਹਿਰਾ(ਮਿੰਨੀ ਕਹਾਣੀ),ਹਰਚੰਦ ਸਿੰਘ ਗਿੱਲ,ਇੰਦਰਜੀਤ ਸਿੰਘ ਧਾਮੀ,ਸੁਰਜੀਤ ਮਾਧੋਪੁਰੀ(ਗੀਤ),ਡਾ: ਦਵਿੰਦਰ ਕੌਰ,ਦਰਸ਼ਨ ਸਿੰਘ ਸੰਘਾ,ਡਾ: ਗੁਰਮਿੰਦਰ ਕੌਰ ਸਿੱਧੂ ਅਤੇ ਪਲਵਿੰਦਰ ਸਿੰਘ ਰੰਧਾਵਾ ਨੇ ਆਪੋ-ਆਪਣੇ ਅੰਦਾਜ਼ ਵਿੱਚ ਰਚਨਾਵਾਂ ਪੇਸ਼ ਕੀਤੀਆਂ। ਕੇਸਰ ਸਿੰਘ ਕੂਨਰ ਅਤੇ ਸੀਨੀਅਰ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਪ੍ਰੋ: ਕਸ਼ਮੀਰ ਸਿੰਘ ਗਿੱਲ ਨੇ ‘ਚਿੰਤਾ ਚਿਖਾ ਜਾਂ ਵਰਦਾਨ’ ਵਿਸ਼ੇ ਤੇ ਆਪਣੇ ਤਜਰਬੇ ਵਿੱਚੋਂ ਵਿਚਾਰ ਸਾਂਝੇ ਕੀਤੇ। ਉੱਘੇ ਕਾਰੋਬਾਰੀ ਅਤੇ ਸਮਾਜਸੇਵੀ ਜੇ, ਮਿਨਹਾਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪਾਕਿਸਤਾਨ ਦੇ ਸਾਬਕਾ ਐਮ. ਪੀ. ਰਾਏ ਅਜ਼ੀਜ਼ਉੱਲਾ ਖਾਨ ਨੇ ਪਵਿੱਤਰ ਗੰਗਾ ਸਾਗਰ ਦੇ ਇਤਿਹਾਸ ਬਾਰੇ ਪ੍ਰੋ: ਗੁਰਦੇਵ ਸਿੰਘ ਸਿੱਧੂ ਦੀ ਕਿਤਾਬ ਰਲੀਜ਼ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭ ਨੂੰ ਸੱਦਾ ਦਿੱਤਾ ਅਤੇ ਸੰਖੇਪ ਜਾਣਕਾਰੀ ਵੀ ਦਿੱਤੀ। ਬਿੱਕਰ ਸਿੰਘ ਖੋਸਾ, ਜਸਵੀਰ ਸਿੰਘ ਭਲੂਰੀਆ,ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਰਲੀਜ਼ ਹੋਣ ਵਾਲੀ ਕਿਤਾਬ ਬਾਰੇ ਆਪਣੇ ਪਰਚੇ ਪੜੇ ਅਤੇ ਲੇਖਕ ਨੂੰ ਵਧਾਈ ਦਿੱਤੀ। ਲੇਖਕ ਨਰਿੰਦਰ ਸਿੰਘ ਪੰਨੂੰ ਨੇ ਇਸ ਕਿਤਾਬ ਦੀ ਸਿਰਜਣਾ ਅਤੇ ਕਹਾਣੀਆਂ ਦੇ ਪਾਤਰਾਂ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਨਰਿੰਦਰ ਸਿੰਘ ਪੰਨੂ ਦੀ ਕਿਤਾਬ ‘ਹੌਲੀਡੇਅ ਬਰਾਈਡ’ ਸਭਾ ਵੱਲੋਂ ਲੋਕ ਅਰਪਣ ਕੀਤੀ ਗਈ ਅਤੇ ਅਤੇ ਸਭਾ ਵੱਲੋਂ ਲੇਖਕ ਦਾ ਸਨਮਾਨ ਕੀਤਾ ਗਿਆ ਲੇਖਕ ਵੱਲੋਂ ਸੀਨੀਅਰ ਸੈਂਟਰ ਦੇ ਪ੍ਰਧਾਨ ਨੂੰ ਕਿਤਾਬ ਭੇਟ ਕੀਤੀ। ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਭਾ ਦੀਆਂ ਬੀਤੇਂ ਮਹੀਨੇ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ ਅਤੇ ਹਾਜ਼ਰ ਲੇਖਕਾਂ/ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।