14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 3 ਤੋਂ 5 ਜੁਲਾਈ ਤੱਕ ਸਰੀ ‘ਚ ਹੋਵੇਗਾ
ਅਜੀਤ ਡੈਸਕ
30-06-2026
ਵੈਨਕੂਵਰ, 29 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦਾ ਪ੍ਰਸਿੱਧ ਬੀਸੀ ਟਾਈਗਰਜ਼ ਫੁੱਟਬਾਲ ਕਲੱਬ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 3, 4 ਅਤੇ 5 ਜੁਲਾਈ ਨੂੰ ਸਰੀ ਦੇ ਨਿਊਟਨ ਐਥਲੈਟਿਕ ਪਾਰਕ ਵਿਖੇ ਕਰਵਾਉਣ ਜਾ ਰਿਹਾ ਹੈ। ਅਜਿੰਦਰਪਾਲ ਸਿੰਘ ਮਾਂਗਟ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਟਰੋਂਟੋ ਵਿਨੀ ਪੈਗ ਐਡਮਿੰਟਨ ਅਤੇ ਕੈਲਗਰੀ ਨਾਲ ਸੰਬੰਧਿਤ 230 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਅੰਡਰ-5 ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਹਿੱਸਾ ਲੈਣਗੇ ਜਿਸ ਕਾਰਨ ਇਹ ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਭਾਈਚਾਰਕ ਫੁੱਟਬਾਲ ਟੂਰਨਾਮੈਂਟਾਂ ਵਿੱਚੋਂ ਇੱਕ ਬਣ ਗਿਆ ਹੈ। ਟੂਰਨਾਮੈਂਟ ਦੇ ਪ੍ਰੀਮੀਅਰ ਡਿਵੀਜ਼ਨ ਦੇ ਜੇਤੂ ਨੂੰ 15 ਹਜ਼ਾਰ ਡਾਲਰ ਦਾ ਨਕਦ ਇਨਾਮ ਦਿੱਤਾ ਜਾਵੇਗਾ। 3 ਜੁਲਾਈ ਨੂੰ ਸ਼ਾਮ 5:30 ਵਜੇ ਉਦਘਾਟਨੀ ਸਮਾਰੋਹ ਹੋਵੇਗਾ, ਜਿਸ ਤੋਂ ਬਾਅਦ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਮੁਕਾਬਲੇ ਖੇਡੇ ਜਾਣਗੇ। 4 ਅਤੇ 5 ਜੁਲਾਈ ਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਲਗਾਤਾਰ ਮੈਚ ਚੱਲਣਗੇ। ਐਤਵਾਰ ਸ਼ਾਮ 7 ਵਜੇ ਮੁੱਖ ਮੈਦਾਨ ਵਿੱਚ ਚੈਂਪੀਅਨਸ਼ਿਪ ਫਾਈਨਲ ਮੈਚ ਖੇਡਿਆ ਜਾਵੇਗਾ, ਜਿਸ ਤੋਂ ਪਹਿਲਾਂ ਭੰਗੜੇ ਦੀ ਪੇਸ਼ਕਾਰੀ ਵੀ ਹੋਵੇਗੀ। ਟੂਰਨਾਮੈਂਟ ਦੌਰਾਨ ਆਉਣ ਵਾਲੇ ਦਰਸ਼ਕਾਂ ਲਈ ਤਿੰਨਾਂ ਦਿਨਾਂ ਇੱਕ ਵਿਸ਼ਾਲ ਐਲ.ਈ.ਡੀ. ਪਰਦੇ ‘ਤੇ ਫ਼ੀਫ਼ਾ ਵਿਸ਼ਵ ਕੱਪ ਦੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਤਾਂ ਜੋ ਖੇਡ ਪ੍ਰੇਮੀ ਇਕੱਠੇ ਹੋ ਕੇ ਦੋਵਾਂ ਟੂਰਨਾਮੈਂਟਾਂ ਦਾ ਆਨੰਦ ਮਾਣ ਸਕਣ। ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦਰਸ਼ਕਾਂ ਲਈ ਸ਼ਨੀਵਾਰ ਅਤੇ ਐਤਵਾਰ ਮੁਫ਼ਤ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਆਯੋਜਕਾਂ ਨੇ ਦੱਸਿਆ ਕਿ 230 ਟੀਮਾਂ ਦੀ ਸ਼ਮੂਲੀਅਤ ਕਾਰਨ ਨਿਊਟਨ ਐਥਲੈਟਿਕ ਪਾਰਕ ਵਿੱਚ ਪਾਰਕਿੰਗ ਸੀਮਤ ਹੋਵੇਗੀ। ਇਸ ਲਈ ਵਾਧੂ ਪਾਰਕਿੰਗ ਦੀ ਵਿਵਸਥਾ ਪਾਰਕ ਦੇ ਸਾਹਮਣੇ ਅਤੇ ਐੱਫ. ਡੀ. ਸਿੰਕਲੇਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ ਹੈ।
ਕੋਲੋਰਾਡੋ-ਯੂਟਾ ਸਰਹੱਦ ‘ਤੇ ਜੰਗਲ ਨੂੰ ਲੱਗੀ ਭਿਆਨਕ ਅੱਗ ਵਿੱਚ ਸੜ ਕੇ 3 ਫਾਇਰਫਾਇਟਰਾਂ ਦੀ ਮੌਤ
ਸੈਕਰਾਮੈਂਟੋ, 29 ਜੂਨ (ਹੁਸਨ ਲੜੋਆ ਬੰਗਾ)-ਕੋਲੋਰਾਡੋ-ਯੂਟਾ ਸਰਹੱਦ ‘ਤੇ ਜੰਗਲ ਨੂੰ ਲੱਗੀ ਭਿਆਨਕ ਅੱਗ ਵਿੱਚ ਸੜ ਕੇ ਤਿੰਨ ਫਾਇਰਫਾਈਟਰਾਂ ਦੀ ਮੌਤ ਹੋ ਜਾਣ ਦੀ ਖਬਰ ਹੈ ਜਦ ਕਿ 2 ਹੋਰਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅੱਗ ਏਨੀ ਖਤਰਨਾਕ ਸੀ ਕਿ ਅੱਗ ਬੁਝਾਊ ਅਮਲੇ ਨੂੰ ਬੱਚ ਕੇ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਉਹ ਚਾਰੇ ਪਾਸੇ ਤੋਂ ਅੱਗ ਵਿਚ ਘਿਰ ਗਏ। 3 ਕਾਮਿਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਦੱਖਣ-ਪੱਛਮ ਵਿੱਚ ਦਰਜਨਾਂ ਥਾਵਾਂ ‘ਤੇ ਅੱਗ ਲੱਗੀ ਹੈ ਜਿਸ ਕਾਰਨ ਯੂਟਾ ਨੇ ਦੇਸ਼ ਦੇ 250ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ 4 ਜੁਲਾਈ ਨੂੰ ਆਤਿਸ਼ਬਾਜ਼ੀ ‘ਤੇ ਵਿਆਪਕ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਰਾਸ਼ਟਰੀ ਮੌਸਮ ਸੇਵਾ ਨੇ ਚੇਤਾਵਨੀ ਦਿੱਤੀ ਹੈ ਕਿ ਖੁਸ਼ਕ ਹਵਾ ਅਤੇ ਤੇਜ਼ ਹਵਾਵਾਂ ਕਾਰਨ ਇਸ ਹਫਤੇ ਦੇ ਅੰਤ ਵਿੱਚ ਫੋਰ ਕਾਰਨਰ ਖੇਤਰ ਵਿੱਚ ਸੰਭਾਵੀ ਅੱਗ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਯੂ ਐਸ ਵਾਈਲਡਲੈਂਡ ਫਾਇਰ ਸਰਵਿਸ ਨੇ ਦੇਰ ਰਾਤ ਕਿਹਾ ਕਿ ਅੱਗ ਨੇ 28,000 ਏਕੜ ਤੋਂ ਵੱਧ ਜੰਗਲ ਨੂੰ ਸਾੜ ਦਿੱਤਾ ਹੈ। ਕੋਲੋਰਾਡੋ ਦੇ ਗਵਰਨਰ ਜੈਰਡ ਪੋਲਿਸ ਨੇ ਮੇਸਾ ਕਾਉਂਟੀ ਵਿੱਚ ਇੱਕ ਆਫ਼ਤ ਐਮਰਜੈਂਸੀ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਅੱਗ ‘ਤੇ ਕਾਬੂ ਪਾਉਣ ਲਈ ਨੈਸ਼ਨਲ ਗਾਰਡ ਦੀ ਮੱਦਦ ਲਈ ਜਾ ਸਕਦੀ ਹੈ।
ਪੁੱਤਰ ਦੀ ਮੌਤ ਦੇ ਮਾਮਲੇ ਵਿਚ ਪਤੀ-ਪਤਨੀ ‘ਤੇ ਹੱਤਿਆ ਦੇ ਦੋਸ਼ ਆਇਦ
ਸੈਕਰਾਮੈਂਟੋ, 29 ਜੂਨ (ਹੁਸਨ ਲੜੋਆ ਬੰਗਾ)-7 ਸਾਲਾ ਪੁੱਤਰ ਦੀ ਅਣਗਹਿਲੀ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਮਿਸ਼ੀਗਨ ਦੇ ਇਕ ਜੋੜੇ ਉਪਰ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਮੀਡੀਆ ਅਨੁਸਾਰ ਫਲਿੰਟ ਟਾਊਨਸ਼ਿੱਪ ਦੀ 40 ਸਾਲ ਡੈਮੀਅਨ ਏ ਬਰਾਈਨ ਤੇ 41 ਸਾਲ ਜੈਸਿਕਾ ਓ ਬਰਾਈਨ ਨੂੰ ਉਨਾਂ ਦੇ ਪੁੱਤਰ ਕੈਸਪਰ ਓ ਬਰਾਈਨ ਦੀ ਮੌਤ ਤੋਂ ਬਾਅਦ ਤਸ਼ੱਦਦ ਅਤੇ ਬੱਚਿਆਂ ਨਾਲ ਬਦਸਲੂਕੀ ਵਰਗੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਕੈਸਪਰ ਗਤੀਹੀਣ ਸੀ ਤੇ ਉਸ ਨੂੰ ਸਹੀ ਡਾਕਟਰੀ ਦੇਖਭਾਲ ਤੇ ਢੁੱਕਵਾਂ ਪੋਸ਼ਣ ਨਹੀਂ ਦਿੱਤਾ ਗਿਆ ਸੀ। ਉਸ ਨੂੰ ਮੌਤ ਤੋਂ ਪਹਿਲਾਂ ਅਸੁਰੱਖਿਅਤ ਹਾਲਾਤ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ।
ਜੌਨ ਬੋਲਟਨ ਨੇ ਗੁਪਤ ਦਸਤਾਵੇਜ਼ ਮਾਮਲੇ ’ਚ ਦੋਸ਼ ਕਬੂਲਿਆ
ਨਿਊਯਾਰਕ, 29 ਜੂਨ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਗੁਪਤ ਦਸਤਾਵੇਜ਼ ਗੈਰਕਾਨੂੰਨੀ ਤਰੀਕੇ ਨਾਲ ਆਪਣੇ ਕੋਲ ਰੱਖਣ ਦੇ ਮਾਮਲੇ ਵਿੱਚ ਦੋਸ਼ ਕਬੂਲ ਕਰ ਲਿਆ ਹੈ। ਬੋਲਟਨ ਨੇ ਨਿਆਂ ਵਿਭਾਗ ਨਾਲ ਪਲੀ ਅਗਰੀਮੈਂਟ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਤੋਂ ਬਚਣ ਦੀ ਸੰਭਾਵਨਾ ਹੋ ਸਕਦੀ ਹੈ, ਪਰ ਅੰਤਿਮ ਫ਼ੈਸਲਾ ਜੱਜ ਵੱਲੋਂ ਹੀ ਕੀਤਾ ਜਾਵੇਗਾ। ਰਿਪੋਰਟ ਅਨੁਸਾਰ, ਬੋਲਟਨ ਨੇ ਇੱਕ ਗਿਣਤੀ ਵਿੱਚ ਗੁਪਤ ਜਾਣਕਾਰੀ ਗੈਰਕਾਨੂੰਨੀ ਤੌਰ ’ਤੇ ਰੱਖਣ ਦਾ ਦੋਸ਼ ਮੰਨਿਆ। ਇਸ ਸਮਝੌਤੇ ਤਹਿਤ ਜੇਲ੍ਹ ਦੀ ਸਜ਼ਾ ਵੱਧ ਤੋਂ ਵੱਧ ਪੰਜ ਸਾਲ ਤੱਕ ਸੀਮਿਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਹਾਲਾਂਕਿ, ਜੱਜ ਇਸ ਸਿਫ਼ਾਰਸ਼ ਨੂੰ ਮੰਨਣ ਲਈ ਬੱਝੇ ਨਹੀਂ ਹਨ। ਜੇ ਜੱਜ ਪੰਜ ਸਾਲ ਤੋਂ ਵੱਧ ਸਜ਼ਾ ਜਾਂ 22.5 ਲੱਖ ਡਾਲਰ ਤੋਂ ਵੱਧ ਜੁਰਮਾਨਾ ਲਗਾਉਂਦੇ ਹਨ, ਤਾਂ ਬੋਲਟਨ ਆਪਣੀ ਦੋਸ਼ ਕਬੂਲੀ ਵਾਪਸ ਲੈ ਸਕਦੇ ਹਨ। ਜੌਨ ਬੋਲਟਨ ਨੂੰ ਅਕਤੂਬਰ 2025 ਵਿੱਚ ਗੁਪਤ ਜਾਣਕਾਰੀ ਰੱਖਣ ਜਾਂ ਵੰਡਣ ਦੇ 18 ਦੋਸ਼ਾਂ ਵਿੱਚ ਘੇਰਿਆ ਗਿਆ ਸੀ। ਇਸ ਤੋਂ ਪਹਿਲਾਂ ਐਫਬੀਆਈ ਨੇ ਅਗਸਤ 2025 ਵਿੱਚ ਉਨ੍ਹਾਂ ਦੇ ਮੈਰੀਲੈਂਡ ਘਰ ਅਤੇ ਵਾਸ਼ਿੰਗਟਨ ਡੀ.ਸੀ. ਦਫ਼ਤਰ ਦੀ ਤਲਾਸ਼ੀ ਲਈ ਸੀ। ਬੋਲਟਨ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਇੱਕ ਸਾਲ ਤੋਂ ਵੱਧ ਸਮੇਂ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਸਨ। 2019 ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ।