ਨਿਊਯਾਰਕ, 2 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਹੈਰਿਸਬਰਗ ਸ਼ਹਿਰ ਵਿੱਚ ਇੱਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰ ਕਰਨ ਗਈ ਆਈਸ (ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ) ਦੀ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਹੰਗਾਮਾ ਖੜ੍ਹਾ ਹੋ ਗਿਆ। ਅਧਿਕਾਰੀਆਂ ਅਨੁਸਾਰ ਮੈਕਸੀਕੋ ਦੇ ਰਹਿਣ ਵਾਲੇ ਕਲੇਮੇਂਟੇ ਲਾਰਾ-ਹਰਨਾਂਡੇਜ਼ ਨੂੰ ਸਵੇਰੇ ਕਰੀਬ 6:15 ਵਜੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਸ ਨੇ ਆਪਣੀ ਕਾਰ ਆਈਸ ਦੀ ਗੱਡੀ ਨਾਲ ਟਕਰਾ ਦਿੱਤੀ, ਇੱਕ ਪਾਸੇ ਵਾਲੀ ਸੜਕ ‘ਤੇ ਉਲਟੀ ਦਿਸ਼ਾ ਵਿੱਚ ਗੱਡੀ ਚਲਾਈ ਅਤੇ ਇੱਕ ਹੋਰ ਨਾਗਰਿਕ ਦੀ ਕਾਰ ਨਾਲ ਵੀ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੌਰਾਨ ਇੱਕ ਆਈਸ ਅਧਿਕਾਰੀ ਨੇ ਗੋਲੀ ਵੀ ਚਲਾਈ, ਜਦਕਿ ਇੱਕ ਹੋਰ ਅਧਿਕਾਰੀ ਦੇ ਹੱਥ ‘ਤੇ ਸੱਟ ਲੱਗੀ। ਲਾਰਾ-ਹਰਨਾਂਡੇਜ਼ ਖ਼ਿਲਾਫ਼ ਪਹਿਲਾਂ ਵੀ ਹਮਲੇ, ਹਿੱਟ ਐਂਡ ਰਨ ਅਤੇ ਘਰੇਲੂ ਹਿੰਸਾ ਨਾਲ ਸਬੰਧਤ ਅਪਰਾਧਿਕ ਮਾਮਲੇ ਦਰਜ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤਾਇਨਾਤ ਕੀਤੀਆਂ ਗਈਆਂ। ਫਿਲਹਾਲ ਸ਼ੱਕੀ ਵਿਅਕਤੀ ਦੀ ਭਾਲ ਜਾਰੀ ਹੈ।