ਨਿਊਯਾਰਕ, 2 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕੀ ਸੁਪਰੀਮ ਕੋਰਟ ਵੱਲੋਂ ਹੈਤੀ ਤੇ ਸੀਰੀਆ ਦੇ ਟੀ.ਪੀ.ਐਸ. (ਟੈਂਪਰੇਰੀ ਪ੍ਰੋਟੈਕਟਡ ਸਟੇਟਸ) ਨੂੰ ਖਤਮ ਕਰਨ ਦਾ ਰਾਹ ਸਾਫ਼ ਕਰਨ ਤੋਂ ਬਾਅਦ ਇਮੀਗ੍ਰੈਂਟ ਭਾਈਚਾਰਿਆਂ ਵਿਚ ਚਿੰਤਾ ਦਾ ਮਾਹੌਲ ਹੈ। ਬੋਸਟਨ ਅਤੇ ਮੈਸਾਚੂਸੇਟਸ ਦੀਆਂ ਕਈ ਇਮੀਗ੍ਰੇਸ਼ਨ ਸੰਸਥਾਵਾਂ ਦਾ ਕਹਿਣਾ ਹੈ ਕਿ ਹੁਣ ਸਿਰਫ਼ ਟੀ.ਪੀ.ਐਸ. ਧਾਰਕ ਹੀ ਨਹੀਂ, ਸਗੋਂ ਵੀਜ਼ਾ ‘ਤੇ ਸੇਵਾ ਕਰ ਰਹੇ ਧਾਰਮਿਕ ਆਗੂ ਵੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਇਸੇ ਦੌਰਾਨ ਮੈਸਾਚੂਸੇਟਸ ਦੇ ਗਲੋਸਟਰ ਅਤੇ ਰਾਕਪੋਰਟ ਵਿਚ ਸੇਵਾ ਨਿਭਾ ਰਹੇ ਲੋਕਪ੍ਰਿਯ ਕੈਥੋਲਿਕ ਪਾਦਰੀ “ਫਾਦਰ ਬੈਨ” ਨੂੰ ਵੀ ਵੀਜ਼ਾ ਖਤਮ ਹੋਣ ਕਾਰਨ ਨਾਈਜੀਰੀਆ ਵਾਪਸ ਜਾਣਾ ਪੈ ਸਕਦਾ ਹੈ। ਉਨ੍ਹਾਂ ਦੇ ਜਾਣ ਦੀ ਖ਼ਬਰ ਨਾਲ ਚਰਚ ਦੇ ਮੈਂਬਰ ਭਾਵੁਕ ਹੋ ਗਏ ਹਨ। ਫਾਦਰ ਬੈਨ ਪਿਛਲੇ ਚਾਰ ਸਾਲਾਂ ਤੋਂ ਸਥਾਨਕ ਚਰਚਾਂ ਅਤੇ ਸੇਲਮ ਹਸਪਤਾਲ ਵਿੱਚ ਚੈਪਲਿਨ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਚਰਚ ਮੈਂਬਰਾਂ ਦਾ ਕਹਿਣਾ ਹੈ ਕਿ ਨਾਈਜੀਰੀਆ ਵਿੱਚ ਕੈਥੋਲਿਕ ਪਾਦਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ, ਇਸ ਲਈ ਉਹ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਫਿਕਰਮੰਦ ਹਨ। ਦੂਜੇ ਪਾਸੇ, ਹੈਤੀ ਅਤੇ ਸੀਰੀਆ ਦੇ ਟੀ.ਪੀ.ਐਸ. ਧਾਰਕ ਵੀ ਆਪਣੇ ਭਵਿੱਖ ਨੂੰ ਲੈ ਕੇ ਅਸਮੰਜਸ ਵਿੱਚ ਹਨ। ਇਮੀਗ੍ਰੇਸ਼ਨ ਹਮਾਇਤੀ ਸੰਸਥਾਵਾਂ ਦਾ ਕਹਿਣਾ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਦੇ ਸਖ਼ਤ ਹੋਣ ਨਾਲ ਕਈ ਪਰਿਵਾਰ ਅਤੇ ਭਾਈਚਾਰੇ ਪ੍ਰਭਾਵਿਤ ਹੋ ਰਹੇ ਹਨ ਅਤੇ ਲੋਕ ਸਰਕਾਰ ਤੋਂ ਮਨੁੱਖਤਾ ਦੇ ਆਧਾਰ ‘ਤੇ ਹੱਲ ਦੀ ਉਮੀਦ ਕਰ ਰਹੇ ਹਨ।