ਜਲੰਧਰ, 14 ਜੂਨ (ਸ਼ਿਵ)- ਸ਼ਹਿਰ ਵਿਚ ਕਈ ਸੜਕਾਂ ਦੀ ਹਾਲਤ ਕਾਫੀ ਖ਼ਰਾਬ ਹੈ ਤੇ ਇਸ ਤੋਂ ਇਲਾਵਾ ਕਈ ਰੇਲਵੇ ਫਾਟਕਾਂ ਦੇ ਕੋਲ ਵੀ ਸੜਕਾਂ ਦੀ ਕਾਫੀ ਹਾਲਤ ਖ਼ਰਾਬ ਹੈ | ਰੇਲ ਵਿਭਾਗ ਵਲੋਂ ਵੀ ਕਈ ਫਾਟਕਾਂ ਦੇ ਕੋਲ ਸੜਕਾਂ ਦੀ ਹਾਲਤ ਵਿਚ ਸੁਧਾਰ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰਕੇ ਆਏ ਦਿਨ ਲੋਕ ਵਾਹਨਾਂ ਤੋਂ ਡਿਗਦੇ ਨਜ਼ਰ ਆ ਜਾਂਦੇ ਹਨ | ਟਾਂਡਾ ਫਾਟਕ ਦੇ ਕੋਲ ਸੜਕ ਦਾ ਕਾਫੀ ਹਿੱਸਾ ਖ਼ਰਾਬ ਹੈ ਤੇ ਇਸ ਨੂੰ ਨਾ ਤਾਂ ਰੇਲ ਵਿਭਾਗ ਵਲੋੇਂ ਅਤੇ ਨਾ ਹੀ ਨਿਗਮ ਵਲੋਂ ਬਣਾਇਆ ਜਾ ਰਿਹਾ ਹੈ | ਇਸ ਰੋਡ 'ਤੇ ਕਾਫੀ ਟ੍ਰੈਫਿਕ ਰਹਿੰਦਾ ਹੈ ਕਿਉਂਕਿ ਇਕ ਤਾਂ ਇਹ 100 ਸਾਲ ਪੁਰਾਣੀ ਲੋਹੇ ਦੀ ਮਾਰਕੀਟ ਹੈ ਜਿਸ ਕਰਕੇ ਕਈ ਵੱਡੀਆਂ ਗੱਡੀਆਂ ਵੀ ਲੰਘਦੀਆਂ ਹਨ ਜਦਕਿ ਦੂਜੇ ਪਾਸੇ ਉੱਤਰੀ ਭਾਰਤ ਦਾ ਪ੍ਰਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਅਤੇ ਹੋਰ ਵੀ ਧਾਰਮਿਕ ਸਥਾਨ ਹਨ | ਇਸ ਤੋਂ ਇਲਾਵਾ ਅੱਡਾ ਹੁਸ਼ਿਆਰਪੁਰ ਫਾਟਕ ਦਾ ਰਸਤਾ ਵੀ ਗ਼ਲਤ ਤਰੀਕੇ ਨਾਲ ਲੱਗੀਆਂ ਇੰਟਰਲਾਕ ਟਾਈਲਾਂ ਕਰਕੇ ਲੋਕਾਂ ਦਾ ਲੰਘਣਾ ਔਖਾ ਹੋ ਰਿਹਾ ਹੈ ਤੇ ਇੰਟਰਲਾਕ ਵਾਲੇ ਰਸਤੇ 'ਤੇ ਵੀ ਵਾਹਨਾਂ ਨੂੰ ਕਾਫੀ ਮੁਸ਼ਕਲ ਹੰੁਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਰੇਲ ਵਿਭਾਗ ਦੀ ਯਾਤਰੀ ਸੇਵਾ ਤਾਂ ਲਗਾਤਾਰ ਮਹਿੰਗੀ ਹੋ ਰਹੀ ਹੈ ਪਰ ਲੋਕਾਂ ਨੂੰ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਹਨ | ਰੇਲ ਵਿਭਾਗ ਨੂੰ ਆਪਣੇ ਹਿੱਸੇ ਦੀਆਂ ਸੜਕਾਂ ਨੂੰ ਠੀਕ ਕਰਨਾ ਚਾਹੀਦਾ ਹੈ |