ਜਲੰਧਰ ਛਾਉਣੀ, 25 ਜੂਨ (ਪਵਨ ਖਰਬੰਦਾ)-ਬੀਤੇ ਕਈ ਸਾਲਾਂ ਤੋਂ ਟਰੈਫਿਕ ਲਈ ਸਮੱਸਿਆ ਬਣਦੀਆਂ ਆ ਰਹੀਆਂ ਰਾਮਾ ਮੰਡੀ ਮਾਰਕੀਟ ’ਚ ਲੱਗਣ ਵਾਲੀਆਂ ਨਾਜਾਇਜ਼ ਰੇਹੜੀਆਂ ਨੂੰ ਹਟਾਉਣ ਲਈ ਅਤੇ ਕਬਜ਼ਾਧਾਰੀ ਦੁਕਾਨਦਾਰਾਂ ਨੂੰ ਚਿਤਾਵਨੀ ਦੇਣ ਲਈ ਅੱਜ ਨਗਰ ਨਿਗਮ ਦੀ ਟੀਮ ਵਲੋਂ ਪੁਲਿਸ ਕਮਿਸ਼ਨਰੇਟ ਦੀ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਕਬਜ਼ੇ ਹਟਾਉਣ ਸੰਬੰਧੀ ਮੁੁਹਿੰਮ ਚਲਾਈ ਗਈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਟਰੈਫਿਕ ਪੁਲਿਸ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਅੱਜ ਨਗਰ ਨਿਗਮ ਦੀ ਟੀਮ ਨਾਲ ਕੀਤੀ ਗਈ ਇਹ ਕਾਰਵਾਈ ਪੁਲਿਸ ਕਮਿਸ਼ਨਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਆਧਾਰ ’ਤੇ ਕੀਤੀ ਗਈ ਹੈ ਤੇ ਕਈ ਦੁਕਾਨਦਾਰਾਂ ਤੇ ਨਾਜਾਇਜ਼ ਰੇਹੜੀਆਂ ਲਾਉਣ ਵਾਲਿਆਂ ਦਾ ਸਾਮਾਨ ਕਬਜ਼ੇ ’ਚ ਵੀ ਲਿਆ ਗਿਆ ਹੈ ਤੇ ਕਈ ਦੁਕਾਨਦਾਰਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਇਹ ਕਾਰਵਾਈ ਇਸ ਤਰ੍ਹਾਂ ਹੀ ਜਾਰੀ ਰਹੇਗੀ ਕਿਸੇ ਨੂੰ ਵੀ ਸੜਕ ਕਿਨਾਰੇ ਨਾਜਾਇਜ਼ ਰੇਹੜੀਆਂ ਲਾਉਣ ਅਤੇ ਨਾਜਾਇਜ਼ ਕਬਜ਼ੇ ਨਹੀਂ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਸਬ ਇੰਸਪੈਕਟਰ ਰਾਜ ਕੁਮਾਰ, ਨਗਰ ਨਿਗਮ ਦੇ ਇੰਸਪੈਕਟਰ ਬਲਜਿੰਦਰ ਸਿੰਘ ਤੇ ਹੋਰ ਨਿਗਮ ਅਧਿਕਾਰੀ ਵੀ ਹਾਜ਼ਰ ਸਨ।