ਚੁਗਿੱਟੀ/ ਜੰਡੂਸਿੰਘਾ, 26 ਜੁਲਾਈ (ਨਰਿੰਦਰ ਲਾਗੂ)- ਜਲੰਧਰ - ਅੰਮ੍ਰਿਤਸਰ ਮਾਰਗ ’ਤੇ ਸਥਿਤ ਲੰਮਾ ਪਿੰਡ ਚੌਂਕ ਵਿੱਚ ਖੜ੍ਹੇ ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਸਨੀਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਸਭ ਕੁਝ ਦੇਖਦੇ ਹੋਏ ਵੀ ਇਸ ਸਮੱਸਿਆ ਦੇ ਹੱਲ ਲਈ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਰਾਹਗੀਰ ਤੰਗੀ ਝੱਲ ਰਹੇ ਹਨ । ਇਸ ਗੱਲ ਨੂੰ ਲੈ ਕੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਪ੍ਰਤੀ ਰੋਸ ਜ਼ਾਹਰ ਕਰਦਿਆਂ ਵੱਖ -ਵੱਖ ਰਾਹਗੀਰਾਂ ਨੇ ਦੱਸਿਆ ਕਿ ਉਕਤ ਚੌਂਕ ਵਿੱਚ ਪੁਲਿਸ ਦਾ ਪਹਿਰਾ ਨਾ ਹੋਣ ਕਾਰਨ ਇੱਕ ਤਾਂ ਪਹਿਲਾਂ ਹੀ ਲਾਪ੍ਰਵਾਹ ਵਾਹਨ ਚਾਲਕਾਂ ਕਾਰਨ ਜ਼ਾਮ ਲੱਗਾ ਰਹਿੰਦਾ ਹੈ। ਉਤੋਂ ਸਮੱਸਿਆ ਉਸ ਸਮੇਂ ਹੋਰ ਵਧ ਜਾਂਦੀ ਹੈ, ਜਦੋਂ ਮੀਂਹ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੀਂਹ ਦਾ ਪਾਣੀ ਉਕਤ ਚੌਂਕ ਅਤੇ ਆਸਪਾਸ ਦੀਆਂ ਸੜਕਾਂ ‘ਤੇ ਖੜ ਜਾਂਦਾ ਹੈ । ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਉਨ੍ਹਾਂ ਦੀ ਡੂੰਘਾਈ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਵਾਹਨਾਂ ਤੋਂ ਸੰਤੁਲਿਤ ਵਿਗੜ ਜਾਣ ਕਾਰਨ ਹਾਦਸੇ ਹੋ ਜਾਂਦੇ ਹਨ । ਉਨ੍ਹਾਂ ਆਖਿਆ ਕਿ ਹੁਣ ਤੱਕ ਇੱਥੇ ਕਈ ਹਾਦਸੇ ਹੋ ਚੁੱਕੇ ਹਨ ਤੇ ਉਸ ਦੌਰਾਨ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਸਨ । ਰਾਹਗੀਰਾਂ ਨੇ ਦੱਸਿਆ ਕਿ ਇਥੇ ਪਾਣੀ ਦੇ ਨਿਕਾਸ ਦਾ ਤਸੱਲੀਬਖ਼ਸ਼ ਪ੍ਰਬੰਧ ਨਹੀਂ ਹੈ ਜਿਸ ਕਾਰਨ ਇਥੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਵਲੋਂ ਹਲਕਾ ਵਿਧਾਇਕ ਅਤੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਵਿਹਲ ਕੱਢਣ ਦੀ ਅਰਜ਼ੋਈ ਕੀਤੀ ਗਈ ਹੈ।