ਜਲੰਧਰ, 26 ਜੁਲਾਈ (ਡਾ ਜਤਿੰਦਰ ਸਾਬੀ)- ਸੰਗਰੂਰ ਵਿਖੇ 24 ਤੋਂ 26 ਜੁਲਾਈ ਤੱਕ ਕਰਵਾਈ ਗਈ 49ਵੀਂ ਜੂਨੀਅਰ ਪੰਜਾਬ ਰਾਜ ਲੜਕੇ-ਲੜਕੀਆਂ ਅਤੇ 47ਵੀਂ ਸੀਨੀਅਰ ਪੁਰਸ਼-ਮਹਿਲਾ ਪੰਜਾਬ ਰਾਜ ਤੈਰਾਕੀ ਚੈਂਪੀਅਨਸ਼ਿਪ ’ਚ ਜਲੰਧਰ ਦੇ ਤੈਰਾਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਦੀ ਝੜੀ ਲਗਾ ਦਿੱਤੀ। ਚੈਂਪੀਅਨਸ਼ਿਪ ਦੌਰਾਨ ਜਲੰਧਰ ਦੇ ਤੈਰਾਕਾਂ ਨੇ ਨਾ ਸਿਰਫ਼ ਕਈ ਵਿਅਕਤੀਗਤ ਮੁਕਾਬਲਿਆਂ ’ਚ ਬਾਜ਼ੀ ਮਾਰੀ, ਸਗੋਂ ਰਿਲੇਅ ਈਵੈਂਟਾਂ ਵਿੱਚ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਜ਼ਲ੍ਹਿੇ ਦੀ ਝੋਲੀ ਤਗਮਿਆਂ ਨਾਲ ਭਰ ਦਿੱਤੀ । ਚੈਂਪੀਅਨਸ਼ਿਪ ਦੀ ਸਭ ਤੋਂ ਵੱਡੀ ਪ੍ਰਾਪਤੀ ਏਕਮਬੀਰ ਕੌਰ ਸੰਧੂ ਦੇ ਨਾਮ ਰਹੀ । ਉਸ ਨੇ 400 ਮੀਟਰ ਇੰਡੀਵਿਜੁਅਲ ਮੈਡਲੇ ਵਿੱਚ 5:59.02 ਮਿੰਟ ਦਾ ਸਮਾਂ ਕੱਢ ਕੇ ਨਵਾਂ ਪੰਜਾਬ ਦਾ ਰਿਕਾਰਡ ਸਥਾਪਤ ਕੀਤਾ ਅਤੇ ਅਰਸ਼ਦੀਪ ਕੌਰ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ। ਏਕਹੰਬੀਰ ਨੇ 50 ਮੀਟਰ ਅਤੇ 100 ਮੀਟਰ ਬ੍ਰੈਸਟ ਸਟਰੋਕ ਵਿੱਚ ਵੀ ਸੋਨ ਤਗਮੇ ਜਿੱਤੇ, ਜਦਕਿ 4ਗ200 ਮੀਟਰ ਫ੍ਰੀ-ਸਟਾਈਲ ਰਿਲੇ, 4*100 ਮੀਟਰ ਫ੍ਰੀ-ਸਟਾਈਲ ਰਿਲੇ ਅਤੇ 4ਗ100 ਮੀਟਰ ਮੈਡਲੇ ਰਿਲੇ ਵਿੱਚ ਚਾਂਦੀ ਦੇ ਤਗਮੇ ਹਾਸਿਲ ਕੀਤੇ। ਹੁਨਰ ਆਹਲੂਵਾਲੀਆ ਨੇ 400 ਮੀਟਰ ਫ੍ਰੀ-ਸਟਾਈਲ ਵਿੱਚ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ ਉਸ ਨੇ 800 ਮੀਟਰ ਫ੍ਰੀ-ਸਟਾਈਲ, 4ਗ200 ਮੀਟਰ ਫ੍ਰੀ-ਸਟਾਈਲ ਰਿਲੇ, 4ਗ100 ਮੀਟਰ ਫ੍ਰੀ-ਸਟਾਈਲ ਰਿਲੇ, 4ਗ100 ਮੀਟਰ ਮੈਡਲੇ ਰਿਲੇ ਅਤੇ 4ਗ100 ਮੀਟਰ ਮਿਕਸਡ ਮੈਡਲੇ ਰਿਲੇ ਵਿੱਚ ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ। ਅੰਮ੍ਰਿਤ ਕੌਰ ਦਹੀਆ ਨੇ ਮਹਿਲਾ ਵਰਗ ਦੀ 4ਗ200 ਮੀਟਰ ਫ੍ਰੀ-ਸਟਾਈਲ ਰਿਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਪ੍ਰਭਲੀਨ ਕੌਰ ਨੇ ਗਰੁੱਪ-ਆਈ.ਬੀ. ਵਿੱਚ 200 ਮੀਟਰ ਫ੍ਰੀ-ਸਟਾਈਲ ਅਤੇ 50 ਮੀਟਰ ਬਟਰਫਲਾਈ ਵਿੱਚ ਚਾਂਦੀ, ਜਦਕਿ 400 ਮੀਟਰ ਫ੍ਰੀ-ਸਟਾਈਲ ਅਤੇ 100 ਮੀਟਰ ਫ੍ਰੀ-ਸਟਾਈਲ ਵਿੱਚ ਕਾਂਸੀ ਦੇ ਤਗਮੇ ਜਿੱਤੇ। ਉਸ ਨੇ ਮਹਿਲਾ ਰਿਲੇ ਮੁਕਾਬਲਿਆਂ ਵਿੱਚ ਵੀ ਚਾਰ ਚਾਂਦੀ ਦੇ ਤਗਮੇ ਹਾਸਲ ਕੀਤੇ। ਤਵੀਸ਼ਾ ਸ਼ਰਮਾ ਨੇ 200 ਮੀਟਰ ਇੰਡੀਵਿਜੁਅਲ ਮੈਡਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਦੇ ਨਾਲ ਮਹਿਲਾ ਵਰਗ ਦੀਆਂ 4ਗ100 ਮੀਟਰ ਮੈਡਲੇ ਅਤੇ 4ਗ100 ਮੀਟਰ ਫ੍ਰੀ-ਸਟਾਈਲ ਰਿਲੇ ਵਿੱਚ ਚਾਂਦੀ ਦੇ ਤਗਮੇ ਵੀ ਜਿੱਤੇ। ਪੁਰਸ਼ ਵਰਗ ਵਿੱਚ ਦੇਵਾਂਸ਼ ਸ਼ਰਮਾ ਨੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ 200 ਮੀਟਰ ਅਤੇ 400 ਮੀਟਰ ਫ੍ਰੀ-ਸਟਾਈਲ ਵਿੱਚ ਸੋਨ ਤਗਮੇ, 100 ਮੀਟਰ ਬ੍ਰੈਸਟ ਸਟਰੋਕ ਵਿੱਚ ਚਾਂਦੀ ਦਾ ਤਗਮਾ ਅਤੇ 4ਗ100 ਮੀਟਰ ਮੈਡਲੇ ਰਿਲੇ ਵਿੱਚ ਸੋਨ ਤਗਮਾ ਜਿੱਤਿਆ। ਉਸ ਨੇ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ ਰਿਲੇ ਦੌੜਾਂ ਵਿੱਚ ਵੀ ਕਈ ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ। ਮਨਵਿਨ ਸਿੰਘ ਨੇ 200 ਮੀਟਰ ਬੈਕ ਸਟਰੋਕ ਵਿੱਚ ਸੋਨ ਅਤੇ 50 ਮੀਟਰ ਫ੍ਰੀ-ਸਟਾਈਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸੀਨੀਅਰ ਰਿਲੇ ਈਵੈਂਟਾਂ ਵਿੱਚ ਵੀ ਉਸ ਨੇ ਚਾਰ ਚਾਂਦੀ ਦੇ ਤਗਮੇ ਹਾਸਲ ਕੀਤੇ। ਰਾਜਵੀਰ ਸਿੰਘ, ਗੁਰਵੀਰ ਸਿੰਘ, ਵਾਰਿਸਦੀਪ ਸਿੰਘ, ਹਰਮਨਪ੍ਰੀਤ ਸਿੰਘ, ਈਸ਼ ਖੁਰਾਣਾ, ਸੈਮੂਅਲ, ਇਵਜੋਤ ਸਿੰਘ ਸਿੱਧੂ ਅਤੇ ਦਿਵਜੋਤ ਸਿੰਘ ਨੇ ਵੀ ਆਪਣੇ-ਆਪਣੇ ਵਰਗਾਂ ਵਿੱਚ ਵਿਅਕਤੀਗਤ ਅਤੇ ਰਿਲੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਲੰਧਰ ਲਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਟੀਮ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾਇਆ। ਚੈਂਪੀਅਨਸ਼ਿਪ ਵਿੱਚ ਜਲੰਧਰ ਦੇ ਤੈਰਾਕਾਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਜ਼ਲ੍ਹਿਾ ਤੈਰਾਕੀ ਐਸੋਸੀਏਸ਼ਨ, ਜਲੰਧਰ ਦੇ ਜਨਰਲ ਸਕੱਤਰ ਸੁਸ਼ੀਲ ਕੋਹਲੀ ਨੇ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਜਲੰਧਰ ਵਿੱਚ ਤੈਰਾਕੀ ਖੇਡ ਦੇ ਲਗਾਤਾਰ ਵਿਕਾਸ ਅਤੇ ਖਿਡਾਰੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।