ਸਕੂਲ ਦਾ ਹਿੰਦੀ ਮਾਸਟਰ ਸ਼ੂਗਰ ਦਾ ਮਰੀਜ਼ ਹੋਣ ਕਰਕੇ ਮਿੱਠਾ ਬਿਲਕੁਲ ਨਹੀਂ ਖਾਂਦਾ ਸੀ। ਉਸ ਨਗਰ ਵਿਚ ਰਵਾਇਤ ਸੀ ਕਿ ਕਿਸੇ ਦੇ ਵੀ ਕੋਈ ਵਿਆਹ-ਸ਼ਾਦੀ ਜਾਂ ਕਿਸੇ ਮਰਗ ਦਾ ਭੋਗ ਪੈਂਦਾ ਤਾਂ ਸਕੂਲ ਦੇ ਸਟਾਫ਼ ਨੂੰ ਵਿਆਹ-ਸ਼ਾਦੀ ਵਿਚ ਜ਼ਰੂਰ ਬੁਲਾਇਆ ਜਾਂਦਾ ਤੇ ਵਿਆਹ ਵਾਲੇ ਘਰ ਸਮੁੱਚੇ ਸਟਾਫ਼ ਵਲੋਂ ਪ੍ਰਤੀ ਮੈਂਬਰ ਪੈਸੇ ਇਕੱਠੇ ਕਰਕੇ ਸ਼ਗਨ ਦਿੱਤਾ ਜਾਂਦਾ ਸੀ।
ਅਕਸਰ ਹੀ ਵਿਆਹ-ਸ਼ਾਦੀ ਵਾਲੇ ਘਰੋਂ ਮਠਿਆਈ ਵੀ ਸਕੂਲ ਸਟਾਫ਼ ਲਈ ਭੇਜੀ ਜਾਂਦੀ ਤਾਂ ਹਿੰਦੀ ਮਾਸਟਰ ਜੋ ਬਰਾਬਰ ਦੇ ਸ਼ਗਨ ਦੀ ਰਕਮ ਵਿਚ ਹਿੱਸੇਦਾਰ ਹੁਂੰਦਾ ਮਠਿਆਈ ਵੱਲ ਝਾਕਦਾ ਤੱਕ ਨਾ ਪਰ ਉਹਦੇ ਮਨ ਵਿਚ ਇਹ ਜ਼ਰੂਰ ਆਉਂਦਾ ਕਿ ਹਿੱਸਾ ਤਾਂ ਮੈਂ ਵੀ ਬਰਾਬਰ ਦਿੰਦਾ ਹਾਂ ਪਰ ਕਰਾਂ ਤਾਂ ਕੀ ਕਰਾਂ...?
ਏਸੇ ਤਰ੍ਹਾਂ ਇਕ ਦਿਨ ਉਸ ਹਿੰਦੀ ਮਾਸਟਰ ਪਾਸ ਬੈਠਾ ਪੰਜਾਬੀ ਮਾਸਟਰ ਕਹਿਣ ਲੱਗਿਆ, 'ਸ਼ਗਨ ਵਿਚ ਹਿੱਸੇਦਾਰ ਤਾਂ ਬਰਾਬਰ ਦੇ ਹੁੰਦੇ ਓ ਪਰ ਤੁਸੀਂ ਮਿੱਠਾ ਤਾਂ ਖਾਂਦੇ ਨਹੀਂ। ਤੁਸੀਂ ਇੰਝ ਕਰਿਆ ਕਰੋ, ਆਪਣੇ ਹਿੱਸੇ ਬਹਿੰਦੀ ਮਠਿਆਈ ਲੈ ਲਿਆ ਕਰੋ ਤੇ ਹਮਾਤੜ ਵਰਗਿਆਂ ਨੂੰ ਖ਼ਾਣ ਲਈ ਦੇ ਦਿਆ ਕਰੋ!'
ਹਿੰਦੀ ਮਾਸਟਰ ਦੇ ਇਹ ਦਲੀਲ ਖਾਨੇ ਵਿਚ ਪੈ ਗਈ ਤੇ ਅੱਗੇ ਤੋਂ ਉਸ ਨੇ ਆਪਣੇ ਹਿੱਸੇ ਦੀ ਮਠਿਆਈ ਲੈ ਲੈਣੀ ਤੇ ਘਰ ਆਪਣੇ ਬੱਚਿਆਂ ਲਈ ਲੈ ਜਾਣੀ!
ਸਲਾਹ ਦੇਣ ਵਾਲਾ ਪੰਜਾਬੀ ਮਾਸਟਰ ਨਿੰਮੋਝੂਣ ਜਿਹਾ ਹੋਇਆ ਹਿੰਦੀ ਮਾਸਟਰ ਵੱਲ ਤੱਕ ਕੇ ਕਹਿ ਰਿਹਾ ਸੀ, 'ਮੇਰੀ ਦਿੱਤੀ ਸਲਾਹ ਤੁਹਾਡੇ ਵਧੀਆ ਰਾਸ ਆ ਗਈ।
-ਸ਼ਿਵਪੁਰੀ ਮੁਹੱਲਾ (ਆਜ਼ਾਦ ਸਟਰੀਟ), ਧੂਰੀ (ਪੰਜਾਬ)
ਮੋਬਾਈਲ : 0946469778