ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਿੰਨੀ ਕਹਾਣੀਆਂ-ਕਿਰਦਾਰ

Ad Position 21
No active advertisement
ਅਜੀਤ ਡੈਸਕ 08-03-2026

ਸੜਕ ਕਿਨਾਰੇ ਲੋਕਾਂ ਦਾ ਜਮਾਵੜਾ ਦੇਖ, ਮੈਂ ਰੁਕ ਗਿਆ। ਸ਼ਾਇਦ ਕੋਈ ਗੱਡੀ ਫੇਟ ਮਾਰ ਗਈ ਸੀ। ਕੁੱਤਾ ਤਾਂ ਥਾਏਂ ਮਰ ਗਿਆ ਸੀ ਪਰ ਆਦਮੀ ਸਹਿਕ ਰਿਹਾ ਸੀ। ਦੋਵੇਂ ਇਕ-ਦੂਜੇ ਤੋਂ ਥੋੜ੍ਹੀ ਵਿੱਥ 'ਤੇ ਪਏ ਹੋਏ। ਨਿਰਜਿੰਦ ਪਏ ਜੀਵ ਦੁਆਲੇ ਪੰਜ ਸੱਤ ਕੁੱਤੇ ਗ਼ਮਗੀਨ ਮੁਦਰਾ ਵਿਚ ਬੈਠੇ ਹੋਏ।
ਅੱਧ-ਮੋਏ ਮਾਨਵ ਦੇ ਆਸ-ਪਾਸ ਵੀ ਚੋਖੀ ਭੀੜ ਸੀ- ਮੋਬਾਈਲ ਫ਼ੋਨਾਂ 'ਤੇ ਵੀਡੀਓ ਬਣਾਉਣ ਵਾਲਿਆਂ ਦੀ!!
ਲੁਟੇਰਾ
ਮਹੀਨੇ ਦੇ ਆਖ਼ਰੀ ਦਿਨ ਸਨ। ਤਨਖਾਹ ਦੀ ਬੇਸਬਰੀ ਨਾਲ ਉਡੀਕ ਸੀ। ਮਹਿੰਗਾਈ ਦਾ ਝੰਬਿਆ ਮੈਂ ਜਰ੍ਹਬਾਂ, ਤਕਸੀਮਾਂ ਦੀ ਉਲਝਣ ਵਿਚ ਸਾਂ ਕਿ ਦਰਵਾਜ਼ੇ 'ਤੇ ਘੰਟੀ ਵੱਜੀ।
ਦੇਖਿਆ, ਜਮਨਾ ਪ੍ਰਸਾਦ ਰਸੋਈ ਗੈਸ ਦਾ ਸਿਲੰਡਰ ਲੈ ਕੇ ਆਇਆ ਸੀ।
ਸਰਦਾਰ ਜੀ, ਏਕ ਹਜ਼ਾਰ ਰੁਪਏ
ਮੈਂ ਦਿਮਾਗੀ ਘੁੰਮਣ-ਘੇਰੀ ਵਿਚ ਫਸਿਆ ਯਾਦ ਕਰ ਰਿਹਾ ਸੀ ਕਿ ਕਿਵੇਂ ਥੋੜ੍ਹੇ ਜਿਹੇ ਸਮੇਂ ਵਿਚ ਹੀ 430 ਰੁਪਏ ਵਾਲਾ ਫਿਊਲ ਇਕ ਹਜ਼ਾਰ ਦਾ ਹੋ ਗਿਐ। ਅੱਛੇ ਦਿਨਾਂ ਨੂੰ ਸੋਚ ਕੇ ਭੁਆਂਟਣੀ ਜਿਹੀ ਆ ਗਈ।
ਖ਼ੈਰ ਬੁਕਿੰਗ ਸਲਿੱਪ ਦੇਖੀ ਤਾਂ ਪਾਰਾ ਚੜ੍ਹ ਗਿਆ।
ਇਸ ਉੱਪਰ ਤਾਂ 990 ਰੁਪਏ ਪ੍ਰਿੰਟ ਨੇ।
ਸਰ, ਹਮਾਰੇ ਵੀ ਤੋ ਹੋਮ ਡਿਲਿਵਰੀ ਕੇ ਦਸ ਰੁਪਏ ਹੋਤੇ ਹੈਂ।
ਮੈਂ ਤਾਂ 990 ਹੀ ਦੇਊਂਗਾਤੁਸੀਂ ਲੋਕਾਂ ਨੂੰ ਲੁੱਟਣ 'ਤੇ ਲੱਕ ਬੰਨ੍ਹਿਆ ਹੋਇਐ। ਮੇਰਾ ਗ਼ੁੱਸਾ ਸੱਤਵੇਂ ਅਸਮਾਨ 'ਤੇ ਸੀ।
ਨਿਮਾਣਾ ਜਿਹਾ ਬਣਿਆ ਉਹ ਸੁਣਦਾ ਰਿਹਾ, ਚਲੋ ਆਪ ਪਰਚੀ ਜਿਤਨੇ ਹੀ ਦੇ ਦੀਜੀਏ।
ਪਰਚੀ 'ਤੇ ਛਪੀ ਨੇਤਾ ਜੀ ਦੀ ਮੁਸਕਰਾਹਟ ਵਾਲੀ ਫੋਟੋ ਦੇਖ ਕੇ ਮੈਂ ਸੁੰਨ ਜਿਹਾ ਹੋ ਗਿਆ ਤੇ ਜੇਬ ਵਿਚੋਂ ਪੰਜ ਪੰਜ ਸੌ ਦੇ ਦੋ ਨੋਟ ਜਮਨਾ ਨੂੰ ਫੜਾ ਦਿੱਤੇ!
ਸੰਸਕ੍ਰਿਤੀ
ਕੈਨੇਡਾ ਵਿਚ ਗੋਰਾ ਗੁਆਂਢੀ ਮਾਈਕਲ ਹੰਟ ਜਦੋਂ ਵੀ ਮਿਲਦਾ, ਬੁੱਲ੍ਹਾਂ 'ਤੇ ਮੁਸਕਰਾਹਟ ਲਿਆ ਕੇ ਹੱਥ ਹਿਲਾਉਂਦਾ। ਪਰ ਚਿਹਰੇ 'ਤੇ ਉਦਾਸੀ ਝਲਕਦੀ ਦਿਸਦੀ। ਇਕ ਦਿਨ ਪਾਰਕ ਵਿਚ ਸੈਰ ਕਰਦੇ ਮਿਲਿਆ ਤਾਂ ਮੈਂ ਜਕਦੇ-ਜਕਦੇ ਗੱਲ ਤੋਰ ਲਈ, ਹਾਏਕਿਵੇਂਉਦਾਸ ਦਿਖਾਈ ਦੇ ਰਹੇ ਹੋ।
ਮੈਂ ਹੁਣ ਇਕੱਲਾ ਹੋ ਗਿਆ ਹਾਂਮੇਰਾ ਤੇ ਕੈਥੀ ਦਾ ਤਲਾਕ ਹੋ ਗਿਆ ਹੈਪੰਜ ਸਾਲ ਇਕੱਠੇ ਰਹੇਅਦਾਲਤ ਦੇ ਹੁਕਮ ਅਨੁਸਾਰ ਨਿੱਕਾ ਚਾਰਲਸ ਹੁਣ ਉਸ ਕੋਲ ਰਹੇਗਾ,ਮੈਂ ਉਸ ਨੂੰ ਕਦੇ-ਕਦੇ ਮਿਲ ਸਕਾਂਗਾ। ਗ਼ਮ ਦੀ ਵਜ੍ਹਾ ਸਾਹਮਣੇ ਆ ਗਈ ਸੀ।
ਵੈਰ੍ਹੀ ਸੌਰੀ। ਮੈਂ ਹਮਦਰਦੀ ਜਤਾਈ।
ਲਾਈਫ਼ ਗੋਜ਼ ਆਨ। ਸ਼ਾਇਦ ਉਸ ਨੇ ਹਾਲਾਤ ਨਾਲ ਸਮਝੌਤਾ ਕਰਨ ਦੀ ਠਾਣ ਲਈ ਸੀ।
ਅਗਲੇ ਹੀ ਦਿਨ ਉਹ ਪਾਮੇਰੀਅਨ ਨਸਲ ਦੇ ਕੁੱਤੇ ਨਾਲ ਸੈਰ ਕਰਦਾ ਫਿਰ ਮਿਲ ਪਿਆ।
ਮਿਸਟਰ ਸਿੰਘਲੁੱਕਦਿਸ ਇਜ਼ ਚੈਂਬੂਰਮਾਈ ਫ਼ਰੈਂਡਮਾਈ ਚਾਈਲਡ। ਉਸ ਦੀ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ।
ਉਹ ਨਵੇਂ ਬਣੇ ਪਰਿਵਾਰਕ ਮੈਂਬਰ ਨੂੰ ਨਾਲ ਲੈ ਕੇ ਅੱਗੇ ਨਿਕਲ ਗਿਆ ਤੇ ਮੈਂ ਸੰਸਕਾਰਾਂ ਦੇ ਤਾਣੇ-ਬਾਣੇ ਵਿਚ ਉਲਝਿਆ ਖੜ੍ਹਾ ਸਾਂ।
ਤੇਰੀਆਂ... ਤੂੰ ਜਾਣੇਂ
ਹਲਕੀ ਬੱਦਲਵਾਈ ਬਣੀ ਹੋਈ ਸੀ। ਬਾਰਿਸ਼ ਕਿਸੇ ਵੇਲੇ ਵੀ ਦਸਤਕ ਦੇ ਸਕਦੀ ਸੀ। ਦੂਰੋਂ ਸਾਹਮਣੇ ਟਹਿਲ-ਕਦਮੀ ਕਰਦੀ ਇਕ ਗੋਰੀ ਮੋਹਤਰਮਾ ਦਿਖਾਈ ਦਿੱਤੀ। ਬਰੀਕ ਨੈੱਟ ਲੱਗੀ, ਛੋਟੀ ਜਿਹੀ ਰੇਹੜੀ ਵਿਚ ਬੱਚਿਆਂ ਨੂੰ ਬਿਠਾ ਸ਼ਾਇਦ ਸੁਹਾਵਣੇ ਮੌਸਮ ਦਾ ਲੁਤਫ਼ ਲੈ ਰਹੀ ਹੋਵੇ। ਨੇੜੇ ਆਉਣ 'ਤੇ ਪਤਾ ਲੱਗਾ ਕਿ ਉਸ ਨਿੱਕੀ ਟਰਾਲੀ ਵਿਚ ਕੋਈ ਬੱਚਾ ਨਹੀਂ, ਸਗੋਂ ਪਾਮੇਰੀਅਨ ਨਸਲ ਦਾ ਇਕ ਕਾਲ਼ੇ ਰੰਗ ਦਾ ਕਤੂਰਾ ਸੀ। ਨਾਲ ਹੀ ਰੱਖਿਆ ਸੀ, ਉਸ ਦੇ ਖਾਣ ਲਈ ਬਰੈੱਡ ਬਿਸਕੁਟ ਅਤੇ ਹੋਰ ਕਿੰਨਾ ਨਿੱਕ-ਸੁੱਕ!
ਅਚਾਨਕ ਬੱਦਲ ਗਰਜਣ ਦੀ ਆਵਾਜ਼ ਸੁਣਾਈ ਦਿੱਤੀ। ਉੱਪਰ ਤੱਕਿਆ ਤਾਂ ਭੁੱਖ ਨਾਲ ਵਿਲਕਦੇ ਗਾਜ਼ਾ ਪੱਟੀ ਦੇ ਮਾਸੂਮਾਂ ਦੇ ਚਿਹਰੇ ਆਸਮਾਨ ਤੇ ਉੱਭਰੇ ਅਤੇ ਮੇਰੇ ਨੈਣਾਂ ਨੇ ਬਰਸਾਤ ਦੀ ਝੜੀ ਲਗਾ ਦਿੱਤੀ।

-ਮੋਬਾਈਲ : 89684-33500

Ad Position 22
No active advertisement
ਪਿਛਲੀ ਖ਼ਬਰ ਨਦੀ ਵਿਚੋਂ ਫੁੱਟਿਆ ਸਮੁੰਦਰ ਸ਼ੇਖ ਮੌਲਾਨਾ ਜਲਾਲੁੱਦੀਨ ਰੂਮੀ ਅਗਲੀ ਖ਼ਬਰ ਨਹਿਲੇ 'ਤੇ ਦਹਿਲਾ-ਚੁੱਕੋ ਆਪਣੇ ਪੈਸੇ
Ad Position 24
No active advertisement