(ਲੜੀ ਜੋੜਨ ਲਈ 22 ਫਰਵਰੀ ਦਾ ਅੰਕ ਦੇਖੋ)
ਪਿਤਾ ਸ਼ੇਖ ਬਹਾ-ਉਦ-ਦੀਨ ਨੂੰ ਅੱਗੇ ਅਤੇ ਬਾਲ ਰੂਮੀ ਨੂੰ ਪਿੱਛੇ ਤੁਰੇ ਆਉਂਦਿਆਂ ਵੇਖ ਅੱਤਾਰ ਦੇ ਕਿਸੇ ਮੁਰੀਦ ਨੇ ਫ਼ਰਮਾਇਆ, ਔਹ ਵੇਖੋ ! ਵਗਦੀ ਨਦੀ ਦੇ ਪਿੱਛੇ ਸਮੁੰਦਰ ਚਲਿਆ ਆ ਰਿਹਾ ਹੈ। ਭਾਵ ਪਿਤਾ ਸ਼ੇਖ ਬਹਾ-ਉਦ-ਦੀਨ ਜੇਕਰ ਕੋਨੀਆ ਦੀ ਧਰਤ 'ਤੇ ਵਗਦੀ ਇਕ ਨਦੀ ਹਨ ਤਾਂ ਉਨਾਂ ਦਾ ਪੁੱਤਰ ਬਾਲ ਰੂਮੀ ਇਸ ਨਦੀ ਵਿਚੋਂ ਫੁੱਟਿਆ ਸਮੁੰਦਰ ਹੈ।
ਇਹ ਕੁਦਰਤ ਦਾ ਕ੍ਰਿਸ਼ਮਾ ਹੀ ਸੀ ਕਿ ਫ਼ਰੀਦ-ਉਦ-ਦੀਨ ਅੱਤਾਰ ਦੇ ਦਰਬਾਰ ਵਿਚ ਬਹਾ-ਉਦ-ਦੀਨ ਅਤੇ ਬਾਲ ਰੂਮੀ ਦਾ ਭਰਵਾਂ ਸਵਾਗਤ ਹੋਇਆ। ਫ਼ਕੀਰ ਅੱਤਾਰ ਨੇ ਬਾਲ ਰੂਮੀ ਨੂੰ ਆਪਣੀ ਰਚਨਾ ਮਨਸਵੀ ਅਸਰਾਰਨਾਮਾ ਆਪਣੇ ਹੱਥੀਂ ਭੇਟ ਕੀਤੀ। ਇਹ ਉਹ ਹੀ ਮਨਸਵੀ ਅਸਰਾਰਨਾਮਾ ਸੀ ਜਿਸ ਦਾ ਮੌਲਾਨਾ ਰੂਮੀ ਦੀ ਕਲਾ ਕ੍ਰਿਤ ਉੱਪਰ ਗਹਿਰਾ ਪ੍ਰਭਾਵ ਵਿਖਾਈ ਦਿੰਦਾ ਹੈ। ਨੀਸ਼ਾਪੁਰੀ ਵਿਖੇ ਇਹ ਪਰਿਵਾਰ ਫ਼ਰੀਦ-ਉਦ-ਦੀਨ ਦੇ ਦੀਦਾਰ ਕਰਨ ਉਪਰੰਤ ਬਗਦਾਦ ਆ ਗਿਆ। ਬਗਦਾਦ ਵਿਖੇ ਵੀ ੳਹ ਲੰਬਾ ਸਮਾਂ ਨਾ ਠਹਿਰੇ। ਇੱਥੋਂ ਉਨ੍ਹਾਂ ਮੱਕਾ ਆ ਗਏ। ਸ਼ੇਖ ਸਾਹਿਬ ਪਰਿਵਾਰ ਸਮੇਤ ਤਕਰੀਬਨ 15 ਸਾਲ ਇੱਧਰ ਉੱਧਰ ਭਟਕਣ ਉਪਰੰਤ 1228 ਵਿਚ ਤੁਰਕੀ ਦੀ ਰਾਜਧਾਨੀ ਕੋਨੀਆਂ ਵਿਖੇ ਆ ਰੁਕੇ। ਉਨ੍ਹਾਂ ਨੂੰ ਤੁਰਕੀ ਦੇ ਬਾਦਸ਼ਾਹ ਸੁਲਤਾਨ ਅਲਾਉੱਦੀਨ ਕੈਕਾਬਾਦ ਨੇ ਬੇਨਤੀ ਕੀਤੀ ਕਿ ਉਹ ਕੋਨੀਆ ਵਿਖੇ ਮਦਰਸਾ-ਏ-ਖ਼ੁਦਾਵੰਦਗਾਰ ਸਥਾਪਿਤ ਕਰਨ। ਸ਼ੇਖ ਸਾਹਿਬ ਨੂੰ ਇਹ ਤਾਂ ਪਤਾ ਸੀ ਕਿ ਉਸ ਦਾ ਪੁੱਤਰ ਰੂਮੀ ਸਖਤ ਮਿਹਨਤੀ ਅਤੇ ਤੇਜ਼ ਤਰਾਰ ਬੁੱਧੀ ਦਾ ਮਾਲਕ ਹੈ ਪਰ ਉਹ ਇਹ ਨਹੀਂ ਸੀ ਜਾਣਦੇ ਕਿ ਬਾਲ ਰੂਮੀ ਵਿਸ਼ੇਸ਼ ਗ਼ੈਬੀ ਗੁਣਾਂ ਨਾਲ ਵੀ ਲਬਰੇਜ਼ ਹੈ। ਕੋਨੀਆਂ ਵਿਖੇ ਹੀ ਰੂਮੀ ਦੇ ਪਿਤਾ 1230-31 ਦੇ ਨੇੜੇ ਇਸ ਸੰਸਾਰ ਤੋਂ ਰੁਖ਼ਸਤ ਕੋ ਗਏ।
ਸ਼ੇਖ ਮੌਲਾਨਾ ਰੂਮੀ ਦੇ ਪਹਿਲੇ ਮੁਰਸ਼ਦ ਉਸਦੇ ਫੱਕਰ ਪਿਤਾ ਸ਼ੇਖ ਬਹਾ-ਉਦ-ਦੀਨ ਹੀ ਸਨ। ਸ਼ੇਖ ਸਾਹਿਬ ਦੇ ਸਰੀਰ ਤਿਆਗਣ ਉਪਰੰਤ ਉਨ੍ਹਾਂ ਦੇ ਮੁਰੀਦ ਸੱਯਦ ਬੁਰਾਹਨ-ਉਦ-ਦੀਨ ਤਿਰਮਿਜ਼ੀ ਨੇ ਰੂਮੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਠਾਈ। ਉਨ੍ਹਾਂ ਰੂਮੀ ਨੂੰ 9 ਸਾਲ ਤਕ ਪੜ੍ਹਾਇਆ। ਇਸ ਉਪਰੰਤ ਰੂਮੀ ਨੂੰ ਸੀਰੀਆ ਭੇਜ ਦਿੱਤਾ ਗਿਆ। ਤਿਰਮਿਜ਼ੀ ਆਪ ਸੂਫੀ ਫ਼ਕੀਰ ਸੀ ਅਤੇ ਕਵਿਤਾਵਾਂ ਪੜ੍ਹਨ ਦਾ ਸ਼ੌਕੀਨ ਸੀ। ਇੱਥੋਂ ਹੀ ਰੂਮੀ ਕਵਿਤਾ ਦੇ ਰੰਗ ਵਿਚ ਰੰਗਿਆ ਗਿਆ। ਸ਼ੇਖ ਤਿਰਮਿਜ਼ੀ ਦੀ 1240 ਵਿਚ ਮੌਤ ਹੋ ਜਾਣ ਉਪਰੰਤ ਰੂਮੀ, ਮੌਲਾਨਾ ਰੂਮੀ ਤੋਂ ਸ਼ੇਖ ਮੌਲਾਨਾ ਰੂਮੀ ਹੋ ਗਏ। ਰੂਮੀ ਦੇ ਮਾਤਾ ਮੋਮਿਤ ਖ਼ਾਤੂਨ ਵੀ ਰੂਮੀ ਦੇ ਪਿਤਾ ਦੀ ਮੌਤ ਉਪਰੰਤ ਜ਼ਿਆਦਾ ਸਮਾਂ ਜਿਊਂਦੇ ਨਾ ਰਹਿ ਸਕੇ। ਮਾਤਾ-ਪਿਤਾ ਦੇ ਵਿਛੋੜੇ ਉਪਰੰਤ ਰੂਮੀ ਇਕੱਲਾ ਰਹਿ ਗਿਆ।
ਸਮਾਂ ਪਾ ਕੇ ਕੋਨੀਆਂ ਵਿਖੇ ਹੀ ਰੂਮੀ ਦਾ ਵਿਆਹ ਸਮਰਕੰਦ ਦੇ ਖ਼ਵਾਜ਼ਾ ਸ਼ਰਫ-ਉਦ ਦੀਨ ਦੀ ਸਪੁੱਤਰੀ ਗੌਹਰ ਖਾਤੂਨ ਨਾਲ ਹੋਇਆ। ਉਨ੍ਹਾਂ ਨੇ ਦੋ ਪੁੱਤਰਾਂ ਅਲਾ-ਉਦ-ਦੀਨ ਅਤੇ ਬਹਾ-ਉਦ-ਦੀਨ ਸੁਲਤਾਨ ਵਲਦ ਨੂੰ ਜਨਮ ਦਿੱਤਾ। ਜਲਦ ਹੀ ਗੌਹਰ ਖ਼ਾਨ ਦੀ ਵੀ ਮੌਤ ਹੋ ਗਈ। ਇਸ ਘਟਨਾ ਉਪਰੰਤ ਉਨ੍ਹਾਂ ਨੇ ਦੂਸਰਾ ਵਿਆਹ ਕੋਨੀਆਂ ਵਾਸੀ ਕਰਾ ਖ਼ਾਤੂਨ ਨਾਲ ਕੀਤਾ। ਇਸ ਵਿਆਹ 'ਤੋਂ ਇਕ ਸਪੁੱਤਰ ਮੁਜ਼ੱਫਰ-ਉਦ-ਦੀਨ ਅਤੇ ਇਕ ਸਪੁੱਤਰੀ ਮਲਿਕਾ ਖ਼ਾਤੂਨ ਨੂੰ ਜਨਮ ਦਾ ਹੋਇਆ।
ਮੌਲਾਨਾ ਰੂਮੀ ਨੇ ਬਚਪਨ ਤੋਂ ਹੀ ਸੰਗੀਤ ਵਿੱਦਿਆ ਪ੍ਰਾਪਤ ਕਰਦਿਆਂ ਬੰਸਰੀ ਅਤੇ ਰਬਾਬ ਉੱਤੇ ਆਪਣੀ ਜਾਦੂਗਰੀ ਵਿਖਾਈ। ਰੂਮੀ ਅਨੁਸਾਰ ਲੱਕੜੀ ਦੇ ਉਸ ਟੁਕੜੇ ਨੂੰ ਬੰਸਰੀ ਨਹੀਂ ਕਿਹਾ ਜਾ ਸਕਦਾ ਜਿਸ ਵਿਚੋਂ ਰੂਹ ਤੋਂ ਫੂਕੀ ਗਈ ਅੱਗ ਨਾ ਨਿਕਲਦੀ ਹੋਵੇ। ਬੰਸਰੀ ਵਿਚੋਂ ਸੰਗੀਤ ਇਸ ਵਿਚ ਹਵਾ ਫੂਕਣ ਨਾਲ ਨਹੀਂ ਉਪਜਦਾ ਸਗੋਂ ਸੰਗੀਤ ਦੀ ਪੈਦਾਇਸ਼ ਲਈ ਬੰਸਰੀ ਵਿਚ ਰੂਹ ਤੋਂ ਲਾਟ ਫ਼ੂਕਣੀ ਪੈਂਦੀ ਹੈ। ਰੂਮੀ ਅਨੁਸਾਰ ਬੰਸਰੀ ਰੂਹ ਦੀ ਪ੍ਰਤੀਕ ਹੈ। ਬੰਸਰੀ ਆਪਣੇ ਪਿਆਰੇ ਤੋਂ ਵੱਖ ਹੋਣ ਦੀ ਪੀੜ ਹੈ ਅਤੇ ਮਿਲਾਪ ਦੀ ਖੁਸ਼ੀ। ਜਿਸ ਸਾਜ਼ ਵਿਚੋਂ ਅੱਗ ਨਾ ਨਿਕਲੇ, ਉਹ ਜਿਊਂਦਾ ਨਹੀਂ ਹੁੰਦਾ। ਪਰ ਇਸ ਸਿਧਾਂਤ ਨੂੰ ਉਹ ਹੀ ਸਮਝ ਸਕਦਾ ਹੈ ਜੋ ਵਿਖਾਈ ਤਾਂ ਹੋਸ਼ਵਾਨ ਦੀ ਤਰ੍ਹਾਂ ਦਿੰਦਾ ਹੋਵੇ ਪਰ ਹੋਵੇ ਪੂਰੀ ਤਰ੍ਹਾਂ ਮਦਹੋਸ਼।
ਸ਼ੇਖ ਮੌਲਾਨਾ ਰੂਮੀ ਲਈ 29 ਅਕਤੂਬਰ ਜਾਂ 21 ਨਵੰਬਰ, 1244 ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਪਵਿੱਤਰ ਦਿਹਾੜਾ ਹੈ ਜਿਸ ਦਿਨ ਬਹੁਤ ਵੱਡੇ ਦਰਵੇਸ਼ ਅਤੇ ਘੁਮੱਕੜ ਫ਼ਕੀਰ ਸ਼ਮਸ ਤਬਰੇਜ਼ੀ ਨੇ ਕੋਨੀਆਂ ਵਿਚ ਪ੍ਰਵੇਸ਼ ਕੀਤਾ। ਸ਼ਮਸ ਤਬਰੇਜ਼ੀ ਜਿਸ ਦਾ ਪੂਰਾ ਨਾਂਅ ਸ਼ੱਮਸ-ਉਦ-ਦੀਨ ਮੁਹੰਮਦ ਇਬਨੇ ਅਲੀ ਇਬਨ ਮਲਿਕ ਦਾਦ ਤਬਰੇਜ਼ੀ ਸੀ। ਉਹ ਸ਼ੇਖ ਬਕਰ-ਏ-ਸਲਾੱਹ ਬਾਫ਼ ਦੇ ਮੁਰੀਦ ਸਨ। ਰੂਮੀ ਦੀਆਂ ਕਲਾ ਕਿਰਤਾਂ ਅਨੁਸਾਰ ਰਸਾਇਣ ਵਿੱਦਿਆ ਵਿਚ ਉਨ੍ਹਾਂ ਦੇ ਮੁਰਸ਼ਦ ਸੱਮਸ਼ ਤਬਰੇਜ਼ੀ ਦਾ ਕੋਈ ਸਾਨੀ ਨਹੀਂ ਸੀ। ਰੂਮੀ ਦਾ ਤਬਰੇਜ਼ੀ ਨਾਲ ਮੇਲ ਕਿਸੇ ਅਲੌਕਿਕ ਘਟਨਾ ਤੋਂ ਘੱਟ ਨਹੀਂ ਸੀ।
ਕਹਿੰਦੇ ਨੇ ਸ਼ਮਸ ਤਬਰੇਜ਼ੀ ਦੇ ਮੁਰਸ਼ਦ ਕਮਾਲ-ਉਦ-ਦੀਨ ਜ਼ੁਨੈਦੀ ਨੇ ਸੱਮਸ਼ ਨੂੰ ਹੁਕਮ ਸੁਣਾਇਆ, 'ਤੂੰ ਕੋਨੀਆਂ ਜਾਹ, ਉੱਥੇ ਇਕ ਦਿਲ ਜਲਿਆ ਫ਼ਕੀਰ ਬੇ-ਸਬਰੀ ਨਾਲ ਤੇਰਾ ਇੰਤਜ਼ਾਰ ਕਰ ਰਿਹਾ ਹੈ।'
ਦੂਸਰੇ ਪਾਸੇ ਰੂਮੀ ਦੀ ਅਰਜੋਈ ਸੀ ਕਿ 'ਮੈਨੂੰ ਅਜਿਹਾ ਔਲੀਆ ਮਿਲੇ ਜੋ ਮੇਰੀ ਤਾਬ ਸਹਿ ਸਕੇ।' ਰੂਮੀ ਦੀ ਇਹ ਅਰਜ਼ ਸੁਣੀ ਗਈ ਅਤੇ ਹੁਕਮ ਹੋਇਆ ਕਿ 'ਰੂਮ ਦੇ ਕੋਨੀਆਂ ਸ਼ਹਿਰ ਵਿਚ ਤੇਰੀ ਮਨਪਸੰਦੀ ਦਾ ਸ਼ਖ਼ਸ ਤੇਰਾ ਇੰਤਜ਼ਾਰ ਕਰ ਰਿਹਾ ਹੈ।'
ਰੂਮੀ ਦੀ ਠਹਿਰ 'ਤੇ ਜਿੱਥੇ ਰੂਮੀ ਆਪਣੇ ਸਾਧਕਾਂ ਦੀ ਕਲਾਸ ਲੈ ਰਿਹਾ ਸੀ, ਉੱਥੇ ਦੋਵੇਂ ਰੂਹਾਂ ਦਾ ਮੇਲ ਹੋਇਆ। ਇਸ ਮੁਲਾਕਾਤ ਦੌਰਾਨ ਸ਼ਮਸ ਤਬਰੇਜ਼ੀ ਨੇ ਆਪਣੀ ਅਲੌਕਿਕ ਸ਼ਕਤੀ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਸੈਂਤੀ ਸਾਲਾ ਰੂਮੀ ਨੇ ਸੱਠ ਸਾਲਾ ਸ਼ਮਸ ਤਬਰੇਜ਼ੀ ਦੇ ਆਪਣੇ ਮੁਰਸ਼ਦ ਵਜੋਂ ਚਰਨ ਫੜ ਲਏ।
ਮੌਲਾਨਾ ਰੂਮੀ, ਸ਼ਮਸ ਤਬਰੇਜ਼ੀ ਦੇ ਰੰਗ ਵਿਚ ਇਸ ਕਦਰ ਰੰਗਦਾ ਚਲਾ ਗਿਆ ਕਿ ਉਹ ਬਾਹਰੀ ਦੁਨੀਆ ਹੀ ਭੁੱਲ ਗਿਆ। ਉਹ ਸ਼ੱਮਸ ਦੇ ਅੱਖ ਝਪਕਣ ਦੇ ਸਮੇਂ ਦੌਰਾਨ ਵੀ ਉਨ੍ਹਾਂ ਦੀ ਨਜ਼ਰ ਤੋਂ ਓਝਲ ਨਾ ਹੁੰਦਾ। ਰੂਮੀ ਨੂੰ ਭੁੱਲ ਗਿਆ ਕਿ ਸ਼ੱਮਸ ਦੀ ਨਿਗ੍ਹਾ ਦੇ ਘੇਰੇ ਤੋਂ ਬਾਹਰ ਵੀ ਇਕ ਦੁਨੀਆਂ ਹੈ ਜੋ ਰੂਮੀ ਨੂੰ ਮੌਲਾਨਾ ਦਾ ਦਰਜਾ ਦੇਈ ਬੈਠੀ ਹੈ, ਦੁਨੀਆਂ ਜੋ ਸ਼ੇਖ ਮੌਲਾਨਾ ਰੂਮੀ ਵਿਚ ਆਪਣਾ ਮੁਰਸ਼ਦ ਵੇਖਦੀ ਹੈ। ਡੇਢ-ਦੋ ਸਾਲ ਤੱਕ ਤਾਂ ਮੌਲਾਨਾ ਰੂਮੀ ਤਾਂ ਜਿਵੇਂ ਕਿੱਧਰੇ ਗ਼ਾਇਬ ਹੀ ਹੋ ਗਏ। ਉਨ੍ਹਾਂ ਨੇ ਆਮ ਲੋਕਾਂ ਅਤੇ ਆਪਣੇ ਮੁਰੀਦਾਂ ਤੱਕ ਨੂੰ ਮਿਲਣਾ ਬਿਲਕੁਲ ਹੀ ਬੰਦ ਕਰ ਦਿੱਤਾ। ਮੌਲਾਨਾ ਰੂਮੀ ਨੂੰ ਮਿਲਣ ਦੀ ਤਲਬ ਰੱਖਣ ਵਾਲੇ ਲੋਕ ਪ੍ਰੇਸ਼ਾਨ ਰਹਿਣ ਲੱਗੇ ਅਤੇ ਉਨ੍ਹਾਂ ਮੌਲਾਨਾ ਨੂੰ ਉਨ੍ਹਾਂ ਤੋਂ ਦੂਰ ਕਰਨ ਦੇ ਕਾਰਨ ਸ਼ਮਸ ਤਬਰੇਜ਼ੀ ਨੂੰ ਹੀ ਆਪਣੇ ਦੁਸ਼ਮਣ ਵਜੋਂ ਜਾਣ ਲਿਆ। ਰੂਮੀ ਦੇ ਦੀਵਾਨਿਆਂ ਨੇ ਤਬਰੀਜ਼ ਲਈ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ 20 ਫਰਵਰੀ 1246 ਨੂੰ ਸ਼ਮਸ ਤਬਰੇਜ਼ੀ, ਰੂਮੀ ਨੂੰ ਕੋਨੀਆਂ ਵਿਚ ਇਕੱਲਿਆਂ ਛੱਡ ਕੇ ਕਿੱਧਰੇ ਚਲਾ ਗਿਆ।
ਆਪਣੇ ਮੁਰਸ਼ਦ ਸ਼ਮਸ ਤਬਰੇਜ਼ੀ ਦੇ ਵਿਛੋੜੇ ਕਾਰਨ ਰੂਮੀ ਤਾਂ ਜਿਵੇਂ ਪੱਥਰ ਹੀ ਹੋ ਗਿਆ। ਉਸਨੇ ਮੁਕੰਮਲ ਚੁੱਪ ਧਾਰ ਲਈ। ਕਈ ਮਹੀਨਿਆਂ ਬਾਅਦ ਰੂਮੀ ਨੂੰ ਦਮਿਸ਼ਕ (ਸੀਰੀਆ) ਤੋਂ ਸ਼ਮਸ ਤਬਰੇਜ਼ੀ ਦਾ ਖ਼ਤ ਪ੍ਰਾਪਤ ਹੋਇਆ।
ਸ਼ਮਸ ਦਾ ਖ਼ਤ ਕੀ ਮਿਲਿਆ ਕਿ ਰੂਮੀ ਨੂੰ ਤਾਂ ਜਿਵੇਂ ਗਵਾਚਿਆ ਹੋਇਆ ਹੀਰਾ ਲੱਭ ਪਿਆ ਹੋਵੇ। ਆਪਣੇ ਮੁਰਸ਼ਦ ਦੇ ਇਸ ਖ਼ਤ ਦੇ ਜਵਾਬ ਵਿਚ ਮੌਲਾਨਾ ਨੇ ਤਿੰਨ ਚਿੱਠੀਆਂ ਲਿਖੀਆਂ। ਅਜਿਹਾ ਕਰਦਿਆਂ ਵੇਖ ਮੌਲਾਨਾ ਰੂਮੀ ਦੇ ਦੀਵਾਨਿਆਂ ਨੂੰ ਵੀ ਇਹ ਅਹਿਸਾਸ ਹੋ ਗਿਆ ਕਿ ਸ਼ਮਸ ਤਬਰੇਜ਼ੀ ਦੀ ਹੋਂਦ ਤੋਂ ਬਿਨਾਂ ਮੌਲਾਨਾ ਰੂਮੀ ਇਕ-ਬੇਜਾਨ ਬੁੱਤ ਹੈ। ਇਸ ਹਾਲਾਤ ਵਿਚ ਸ਼ੇਖ ਮੌਲਾਨਾ ਰੂਮੀ ਦੀ ਕਲਮ ਨੇ ਦੀਵਾਨ-ਏ-ਸੱਮਸ਼-ਏ-ਤਬਰੇਜ਼ੀ ਦੀ ਰਚਨਾ ਕੀਤੀ ਜੋ ਕਾਵਿਕ ਰੂਪ ਵਿਚ ਤਬਰੀਜ਼ ਪ੍ਰਤੀ ਰੂਮੀ ਦੀ ਦੀਵਾਨਗੀ ਅਤੇ ਦਰਦ ਵਿਛੋੜੇ ਦਾ ਹਾਲ ਬਿਆਨ ਕਰਦੀ ਹੈ। ਫਾਰਸੀ ਭਾਸ਼ਾ ਵਿਚ ਰਚੇ ਗਏ ਇਸ ਸੰਗ੍ਰਹਿ ਵਿਚ 40000 ਛੰਦ ਅਤੇ 3000 ਗਜ਼ਲਾਂ ਹਨ। ਮੌਲਾਨਾ ਦੇ ਬੁੱਲ੍ਹਾਂ 'ਤੇ ਹਮੇਸ਼ਾ ਚੁੱਪ ਛਾਈ ਰਹਿੰਦੀ ਅਤੇ ਉਹ ਸਦਾ ਬੰਦਗੀ ਵਿਚ ਲੀਨ ਰਹਿੰਦੇ। ਆਪਣੀ ਭੁੱਲ ਨੂੰ ਸੁਧਾਰਦੇ ਹੋਏ ਸ਼ੇਖ ਮੌਲਾਨਾ ਰੂਮੀ ਦੇ ਮੁਰੀਦ ਆਪਣੇ ਮੁਰਸ਼ਦ ਰੂਮੀ ਦੇ ਮੁਰਸ਼ਦ ਸ਼ਮਸ ਤਬਰੇਜ਼ੀ ਨੂੰ ਦਮਿਸ਼ਕ ਤੋਂ ਮੁੜ ਕੋਨੀਆਂ ਲੈ ਆਏ। ਮੌਲਾਨਾ ਰੂਮੀ ਨੂੰ ਆਪਣੇ ਮੁਰਸ਼ਦ ਦਾ ਸੰਗ ਮਿਲਿਆ ਤਾਂ ਜਿਵੇਂ ਇਸ ਬੇਜ਼ਾਨ ਬੁੱਤ ਵਿਚ ਜਾਨ ਆ ਗਈ।
ਮੌਲਾਨਾ ਰੂਮੀ ਕੋਲ ਆਪਣੀ ਇਸ ਠਹਿਰ ਦੌਰਾਨ ਸ਼ਮਸ ਤਬਰੇਜ਼ੀ ਨੇ ਮਕਾਲਾਤ ਨਾਮ ਦੀ ਇਕ ਕਿਤਾਬ ਲਿਖੀ। ਇਸ ਕਿਤਾਬ ਵਿਚ ਹੀ ਦਰਜ ਹੈ ਕਿ ਸ਼ੱਮਸ, ਰੂਮੀ ਕੋਲ ਕੋਨੀਆਂ ਵਿਖੇ ਬਿਨਾਂ ਸ਼ਰਤ ਨਹੀਂ ਸੀ ਪਰਤਿਆ ਉਸਦੀ ਸ਼ਰਤ ਸੀ ਕਿ 'ਹੁਣ ਉਹ ਸ਼ੇਖ ਮੌਲਾਨਾ ਰੂਮੀ ਕੋਲ ਉਸਦੇ ਉਸਤਾਦ ਵਜੋਂ ਨਹੀਂ ਜਾਣਗੇ। ਪਰਵਰਦਿਗਾਰ ਨੇ ਕਿਸੇ ਇਨਸਾਨ ਨੂੰ ਅਜਿਹੀ ਸ਼ਾਨ ਨਹੀਂ ਬਖ਼ਸ਼ੀ ਕਿ ਉਹ ਸ਼ੇਖ ਮੌਲਾਨਾ ਰੂਮੀ ਦਾ ਗੁਰੂ ਅਖ਼ਵਾ ਸਕੇ ਕਿਉਂ ਜੋ ਮੈਨੂੰ ਭਲੀ ਭਾਂਤ ਪਤਾ ਹੈ ਕਿ ਸ਼ੇਖ ਮੌਲਾਨਾ ਰੂਮੀ ਹੁਣ ਖ਼ੁਦਾ ਨਾਲ ਪੂਰੀ ਤਰਾਂ ਇਕ-ਮਿਕ ਹੋ ਚੁੱਕੇ ਹਨ। ਇਸ ਲਈ ਮੈਂ ਖ਼ੁਦਾ ਦੇ ਇਸ ਦੋਸਤ ਨੂੰ ਇਕ ਦੋਸਤ ਵਜੋਂ ਮਿਲਣਾ ਹੀ ਪਸੰਦ ਕਰਾਂਗਾ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98154-61875
rajheon1809@gmail.com