'ਗੇਜੇ ਦੇ ਬਾਪੂ ਮੈਨੂੰ ਤਾਂ ਫਿਕਰ ਵੱਢ-ਵੱਢ ਖਾਈ ਜਾਂਦਾ ਹੈ ਕਿ ਆਪਣੇ ਦੋਵਾਂ ਕਮਰਿਆਂ ਦੀਆਂ ਛੱਤਾਂ ਚਿਉਂ ਰਹੀਆਂ ਹਨ, ਲੋਕਾਂ ਦੇ ਪੱਕੇ ਘਰ ਵੀ ਪੰਜ ਦਿਨ ਤੋਂ ਪੈਂਦੇ ਮੀਂਹ 'ਚ ਡਿੱਗ ਰਹੇ ਹਨ' ਬਚਨੋ ਨੇ ਕਰਮ ਸਿਉਂ ਨੂੰ ਝੰਜੋੜਿਆ, 'ਉਨਾਂ ਦਾ ਇਕਲੌਤਾ ਬੇਟਾ ਅਗਨੀ ਵੀਰ ਫ਼ੌਜ ਵਿਚ ਪਿਛਲੇ ਮਹੀਨੇ ਭਰਤੀ ਹੋ ਗਿਆ ਸੀ। ਇਕ ਕਮਰੇ ਵਿਚ ਉਹ ਦੋਵੇਂ ਜੀਅ ਤੇ ਦੋ ਦੋਹਤੀਆਂ ਪੈਂਦੇ ਸਨ ਦੂਜੇ ਵਿਚ ਉਨ੍ਹਾਂ ਦੀ ਧੀ ਸੀਤੋ ਆਪਣੇ ਸਾਮਾਨ ਤੇ ਨਿੱਕੇ ਬੇਟੇ ਨੂੰ ਖੰਭਾਂ ਹੇਠ ਲਕੋਈ ਬੈਠੀ ਸੀ, ਜਿਹੜੀ ਸਤਲੁਜ ਦਰਿਆ ਦੇ ਨੇੜਲੇ ਪਿੰਡ ਤਲਵੰਡੀ ਵਿਆਹੀ ਹੋਈ ਸੀ, ਜੋ ਹੜਾਂ ਦੀ ਮਾਰ ਹੇਠ ਆ ਗਿਆ ਸੀ । ਉਸ ਦਾ ਪਤੀ ਕੱਲ ਉਸ ਨੂੰ ਰੇੜੇ 'ਤੇ ਘਰ ਦਾ ਜਿੰਨਾ ਸਾਮਾਨ ਉਹ ਚੁੱਕ ਸਕੇ ਛੱਡ ਗਿਆ ਸੀ।
'ਤੂੰ ਕੀ ਸੋਚੀ ਜਾਂਨੈ, ਹੁਣ ਫੜਕਾ ਜਿਹਾ ਲੱਗ ਗਿਆ ਹੈ ਕਣੀਆਂ ਵੀ ਹਟ ਗਈਆਂ। ਕੋਈ ਕਰ ਲੈ ਹੀਲਾ ਛੱਤ ਸ਼ਤੀਰ ਤੇ ਘੁਣ ਖਾਧੇ ਬਾਲਿਆਂ ਦੀ ਹੈ, ਸਿਉਨਾ ਵਰਗੇ ਬੱਚੇ ਆਪਣੇ ਨਾਲ ਪੈਂਦੇ ਹਨ'। ਬਚਨੋ ਨੇ ਕਰਮ ਸਿੰਘ ਨੂੰ ਫੇਰ ਕਿਹਾ। ਮੈਂ ਹੁਣ ਤੇਜੇ ਮਿਸਤਰੀ ਦੇ ਆਰੇ 'ਤੇ ਜਾਂਦਾ ਹਾਂ ਉਸ ਤੋਂ ਦੋ ਚਾਰ ਬਾਲੀਆਂ ਤੇ ਬੱਤੇ ਲੈ ਆਉਂਦਾ ਹਾਂ, ਉਸ ਨੂੰ ਮੱਝ ਵੇਚ ਕੇ ਪੈਸੇ ਦੇ ਦਿਆਂਗੇ, ਮੈਂ ਬਲਵੰਤ ਸਿਉਂ ਤੋਂ ਜਿਨ੍ਹਾਂ ਦੇ ਤੂੰ ਗੋਹਾ ਕੂੜਾ ਕਰਦੀ ਹੈਂ ਪੰਜ ਸੱਤ ਸੌ ਰੁਪੈ ਫੜ ਲਿਆਵਾਂ', ਕਹਿ ਕੇ ਕਰਮ ਸਿਉਂ ਸਰਦਾਰ ਬਲਵੰਤ ਸਿੰਘ ਦੇ ਘਰ ਨੂੰ ਤੁਰ ਗਿਆ।
'ਆ ਵਈ ਕਰਮ ਸਿਆਂ ਰੱਬ ਤਾਂ ਮੀਂਹ ਹਟੌਣ ਦਾ ਨਾਂਅ ਨਹੀਂ ਲੈਂਦਾ' ਬਲਵੰਤ ਸਿੰਘ ਨੇ ਉਸ ਨੂੰ ਕੁਰਸੀ ਤੇ ਬਹਿਣ ਲਈ ਕਿਹਾ। ਜਦ ਕਰਮ ਸਿਉਂ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿਣ ਲੱਗਾ 'ਬਾਈ ਫਿਕਰ ਕਾਹਦਾ ਕਰਦੈਂ ਸਾਡੇ ਬਾਹਰਲੇ ਘਰ ਚਾਰ ਗਾਡਰਾਂ ਤੇ ਦੋ ਕੁ ਹਜਾਰ ਟਾਇਲ ਪਈ ਹੈ, ਉਹ ਮੈਂ ਤੇਰੇ ਘਰ ਛੱਡਣ ਨੂੰ ਆਪਣੇ ਬਲਜੀਤ ਨੂੰ ਕਹਿ ਦਿੰਦਾ ਹਾਂ ਉਹ ਚੁਬਾਰੇ ਵਿਚ ਪੜ ਰਿਹਾ ਹੈ, ਤੂੰ ਆਰੇ ਤੋਂ ਜਿੰਨੇ ਬਾਲਿਆਂ ਦੀ ਲੋੜ ਹੈ ਚੁੱਕ ਲਿਆ ਆਹ ਪੱਠਿਆਂ ਵਾਲੀ ਰੇੜੀ ਖੜੀ ਹੈ' ਬਲਵੰਤ ਸਿੰਘ ਦਾ ਦਿਲ ਸਿਉਨਾ ਵਰਗਾ ਸੀ। 'ਬਾਈ ਪੈਸੇ ਕਿੰਨੇ ਤੇ ਕਦੋਂ ਦੇਵਾਂ' ਕਰਮ ਸਿੰਘ ਨੇ ਜਕਦੇ ਜਿਹੇ ਕਿਹਾ। 'ਉਹ ਨਾ ਉਏ ਬਾਈ ਅਸੀਂ ਤਾਂ ਇਹ ਕਬਾੜੀਏ ਨੂੰ ਦੇਣ ਵਾਲੇ ਸੀ, ਪੈਸਿਆਂ ਦਾ ਨਾਂਅ ਨਾ ਲਈਂ' ਕਹਿ ਕੇ ਉਸ ਨੇ ਬਲਜੀਤ ਨੂੰ ਚੁਬਾਰੇ ਤੋਂ ਅਵਾਜ਼ ਮਾਰੀ।
ਜਦ ਰੇੜੀ 'ਤੇ ਸੌ ਕੁ ਬਾਲਾ ਰੱਖ ਕੇ ਪੈਸਿਆਂ ਦੀ ਗੱਲ ਕੀਤੀ ਤਾਂ ਤੇਜੇ ਨੇ ਕਿਹਾ ਬਾਈ ਲੋਕ ਟਰੱਕਾਂ ਦੇ ਟਰੱਕ ਹੜਾਂ ਦੀ ਰਾਹਤ ਲਈ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਵੱਲ ਲਿਜਾ ਰਹੇ ਹਨ ਹੁਣੇ ਸਰਪੰਚ ਮੈਨੂੰ ਕੁਝ ਹੜ੍ਹਾਂ ਦੀ ਮਦਦ ਲਈ ਕਹਿ ਕੇ ਗਿਆ ਹੈ, ਮੈਂ ਸਮਝ ਲਵਾਂਗਾ ਕਿ ਇਹ ਬਾਲੇ ਮੈਂ ਹੜਾਂ ਮਾਰੇ ਪਿੰਡਾਂ ਨੂੰ ਦਾਨ ਕਰ ਦਿੱਤੇ ਹਨ। ਆਹ ਮੇਰੇ ਦੋਵੇਂ ਮੁੰਡੇ ਮਕਾਨ ਉਸਾਰੀ ਦਾ ਕੰਮ ਕਰਦੇ ਹਨ ਮੈਂ ਭੇਜ ਦਿੰਦਾ ਹਾਂ, ਜਾਂਦਾ ਹੋਇਆ ਕੇਵਲ ਦੀ ਦੁਕਾਨ ਤੋਂ ਛੱਤ ਤੇ ਪਾਉਣ ਲਈ ਕਾਗਜ਼ ਵੀ ਲੈ ਜਾਵੀਂ ਪੈਸੇ ਮੇਰੇ ਨਾਂਅ ਲਿਖਾ ਦੇਵੀਂ ਹੁਣ ਮੀਂਹ ਹਟਿਆ ਵੀ ਹੈ।
ਸਾਰਾ ਸਾਮਾਨ, ਦੋ ਤਿੰਨ ਮਿਸਤਰੀ ਦੋ ਦਿਹਾੜੀਏ ਜੋ ਸੇਵਾ ਲਈ ਹੀ ਆਏ ਸਨ, ਦੋ ਘੰਟਿਆਂ ਵਿਚ ਦੋ ਕਮਰੇ ਤਿਆਰ ਕਰ ਕੇ ਚਲੇ ਗਏ। ਕਰਮ ਸਿੰਘ ਦੇ ਪਰਿਵਾਰ ਨੂੰ ਇਸ ਤਰ੍ਹਾਂ ਲੱਗਿਆ ਜਿਵੇ ਇਹ ਲੋਕ ਰੱਬ ਦਾ ਅਵਤਾਰ ਬਣ ਕੇ ਬਹੁੜੇ ਹੋਣ।
-ਮੋਬਾਈਲ : 98783-28501ਗ਼ਜ਼ਲ ਉਸ ਨੇ ਛੇੜੀ
* ਗੁਰਦਿਆਲ ਰੌਸ਼ਨ *