16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬੰਗਾਲੀ ਲੋਕ ਕਥਾ -ਖਿਆਲਾਂ ਦੀ ਦੁਨੀਆ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026

ਗੋਪਾਲ ਦੇ ਗੁਆਂਢ ਇਕ ਗ਼ਰੀਬ ਪਰਿਵਾਰ ਰਹਿੰਦਾ ਸੀ | ਉਹ ਤੀਵੀਂ ਆਦਮੀ ਖਿਆਲਾਂ ਦੇ ਲੱਡੂ ਖਾਣ ਦੇ ਆਦੀ ਸਨ | ਇਕ ਦਿਨ ਗੋਪਾਲ ਨੇ ਉਨ੍ਹਾਂ ਨੂੰ ਆਪਣੇ ਸੁਪਨੇ ਦੀ ਗੱਲ ਕਰਦਿਆਂ ਸੁਣਿਆ | ਪਤੀ ਕਹਿ ਰਿਹਾ ਸੀ, 'ਮੇਰੇ ਕੋਲ ਕੁਝ ਰੁਪਏ ਹੋਣਗੇ ਤਾਂ ਮੈਂ ਇਕ ਗਾਂ ਖਰੀਦਾਂਗਾ |' ਝੱਟ ਦੇਣੀ ਉਸ ਦੀ ਘਰਵਾਲੀ ਬੋਲੀ, 'ਮੈਂ ਗਾਂ ਚੋਇਆ ਕਰਾਂਗੀ | ਇਸ ਲਈ ਮੈਨੂੰ ਕੁਝ ਭਾਂਡੇ ਲਿਆਉਣੇ ਪੈਣਗੇ |' ਫਿਰ ਉਸ ਨੇ ਬਾਜ਼ਾਰੋਂ ਤਿੰਨ ਚਾਰ ਵੱਡੇ-ਛੋਟੇ ਕੁੱਜੇ ਲੈ ਆਂਦੇ |
ਪਤੀ ਨੇ ਪੁੱਛਿਆ, 'ਕੀ ਖਰੀਦ ਲਿਆਂਦਾ?'
'ਆਹ ਕੁਝ ਭਾਂਡੇ ਲੈ ਕੇ ਆਈ ਹਾਂ | ਇਕ ਦੁੱਧ ਲਈ, ਕਿ ਲੱਸੀ ਲਈ, ਇਕ ਮੱਖਣ ਲਈ ਤੇ ਆਹ ਘਿਓ ਲਈ |' ਘਰਵਾਲੀ ਨੇ ਦੱਸਿਆ |
'ਬਹੁਤ ਵਧੀਆ, ਪਰ ਆਹ ਕਾਦ੍ਹੇ ਲਈ ਹੈ?' ਪਤੀ ਨੇ ਇਕ ਪਾਸੇ ਪਏ ਇਕ ਕੁੱਜੇ ਵੱਲ ਦੇਖਦਿਆਂ ਪੁੱਛਿਆ, 'ਇਹ? ਇਸ ਵਿਚ ਮੈਂ ਆਪਣੀ ਭੈਣ ਨੂੰ ਦੁੱਧ ਭੇਜਿਆ ਕਰਾਂਗੀ', ਪਤਨੀ ਮੁਸਕਰਾਉਂਦੀ ਹੋਈ ਦੱਸਣ ਲੱਗੀ |
'ਕੀ? ਤੂੰ ਆਪਣੀ ਭੈਣ ਨੂੰ ਦੁੱਧ ਭੇਜੇਂਗੀ? ਭੈਣ ਨੂੰ ਚੀਜ਼ਾਂ ਭੇਜਣ ਦਾ ਕੰਮ ਕਦੋਂ ਦਾ ਚੱਲ ਰਿਹਾ ਹੈ? ਤੂੰ ਮੈਨੂੰ ਦੱਸਣ-ਪੁੱਛਣ ਦੀ ਲੋੜ ਹੀ ਨਹੀਂ ਸਮਝੀ', ਪਤੀ ਗੁੱਸੇ ਵਿਚ ਚੀਕਿਆ ਤੇ ਨਾਲ ਹੀ ਉਸ ਨੇ ਸਾਰੇ ਕੁੱਜੇ ਭੰਨ ਦਿੱਤੇ | ਇਹ ਦੇਖ ਕੇ ਪਤਨੀ ਵੀ ਤੈਸ਼ ਵਿਚ ਆ ਗਈ, 'ਮੈਂ ਗਾਂ ਦੀ ਦੇਖ-ਭਾਲ ਕਰਨੀ ਹੈ, ਉਸ ਦੀ ਧਾਰ ਕੱਢਣੀ ਹੈ, ਲੋੜ ਤੋਂ ਵਾਧੂ ਦੁੱਧ ਨੂੰ ਕੀ ਕਰਨਾ ਹੈ, ਇਹ ਮੇਰੀ ਮਰਜ਼ੀ ਹੈ |'
'ਸਾਲੀਏ, ਮੈਂ ਦਿਨ ਰਾਤ ਮਿਹਨਤ ਕਰ ਕੇ ਗਾਂ ਖਰੀਦਾਂਗਾ, ਤੇ ਤੂੰ ਉਸ ਦੁੱਧ ਨੂੰ ਭੈਣ ਨੂੰ ਵੰਡੇਗੀ |' ਮੈਂ ਤੈਨੂੰ ਜਿਊਾਦਾ ਨਹੀਂ ਛੱਡਾਂਗਾ |' ਇਹ ਕਹਿੰਦਿਆਂ ਪਤੀ ਨੇ ਪਤਨੀ ਦੇ ਕੁਝ ਮਾਰਿਆ | ਪਤਨੀ ਦੇ ਚੀਕਣ ਦੀ ਆਵਾਜ਼ ਆਈ | ਗੋਪਾਲ ਬੈਠਾ ਨਾ ਰਹਿ ਸਕਿਆ ਤੇ ਦੌੜ ਕੇ ਗੁਆਂਢੀ ਦੇ ਘਰ ਗਿਆ | 'ਕੀ ਗੱਲ ਹੋਈ, ਇਹ ਚੀਕ ਕਾਹਦੀ ਸੀ? ਆਹ ਭਾਂਡੇ ਟੁੱਟੇ ਪਏ ਹਨ, ਸੁੱਖ ਤਾਂ ਹੈ...?'
'ਸੁੱਖ ਕਾਹਦੀ ਹੋਣੀ ਏ? ਇਹ ਸਾਲੀ, ਮੇਰੀ ਗਾਂ ਦਾ ਦੁੱਧ ਆਪਣੀ ਭੈਣ ਨੂੰ ਵੰਡਣ ਜਾ ਰਹੀ ਹੈ |'
'ਤੇਰੀ ਗਾਂ? ਤੇਰੀ ਕਿਹੜੀ ਗਾਂ?' ਗੋਪਾਲ ਨੇ ਹੈਰਾਨ ਹੁੰਦਿਆਂ ਪੁੱਛਿਆ |
'ਹਾਂ ਪੈਸਿਆਂ ਦਾ ਜੁਗਾੜ ਕਰ ਰਿਹਾ ਹਾਂ, ਪੈਸੇ ਹੱਥ ਵਿਚ ਆਉਂਦੇ ਹੀ ਗਾਂ ਲੈ ਆਵਾਂਗਾ |' ਪਤੀ ਨੇ ਸਹਿਜ ਨਾਲ ਦੱਸਿਆ | 'ਅੱਛਾ! ਅੱਛਾ! ਉਹ ਗਾਂ, ਜਿਹੜੀ ਅਜੇ ਲੈਣੀ ਹੈ | ਤਦੇ ਮੈਂ ਸੋਚਾਂ ਕਿ ਮੇਰੀ ਬਗੀਚੀ ਦੀਆਂ ਸਬਜ਼ੀਆਂ ਕੌਣ ਖ਼ਰਾਬ ਕਰ ਜਾਂਦਾ ਹੈ | ਜਿਸ ਬਗੀਚੀ ਨੂੰ ਲਾਉਣ ਬਾਰੇ ਮੈਂ ਕਈ ਮਹੀਨਿਆਂ ਤੋਂ ਸੋਚ ਰਿਹਾ ਹਾਂ | ਮੈਂ ਹੁਣੇ ਤੇਰੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਾਉਂਦਾ ਹਾਂ |' ਪੁਲਿਸ ਦਾ ਨਾਂਅ ਸੁਣਦਿਆਂ ਹੀ ਗੁਆਂਢੀ ਦੀ ਅੱਖ ਖੁੱਲ੍ਹ ਗਈ ਤੇ ਜਦੋਂ ਉਸ ਨੂੰ ਸਾਰੀ ਗੱਲ ਸਮਝ ਆਈ ਤਾਂ ਉਹ ਠਹਾਕਾ ਮਾਰ ਕੇ ਹੱਸ ਪਿਆ |

-ਮੋਬਾਈਲ : 62842-40676

Ad Position 22
No active advertisement
ਪਿਛਲੀ ਖ਼ਬਰ ਖ਼ਤ ਗੁੰਮ ਗਏ ਨੇ ਤੇਰੇ ਤਸਵੀਰ ਅਗਲੀ ਖ਼ਬਰ ਕਹਾਣੀ-ਇਕ ਸੀ ਰਤਨਾ
Ad Position 24