ਖ਼ਤ ਗੁੰਮ ਗਏ ਨੇ ਤੇਰੇ ਤਸਵੀਰ ਗੁੰਮ ਗਈ ਏ |
ਲਗਦਾ ਹੈ ਮੈਨੂੰ ਮੇਰੀ ਤਕਦੀਰ ਗੁੰਮ ਗਈ ਏ |
ਉਲਝੇ ਜਿਹੇ ਨੇ ਰਸਤੇ ਗੁੰਮਨਾਮ ਬਸਤੀਆਂ ਹਨ,
ਲੱਭਾਂ ਮੈਂ ਕਿੱਥੋਂ, ਜਿਹੜੀ ਤਸਵੀਰ ਗੁੰਮ ਗਈ ਏ |
ਇਕ ਕੈਦ ਪਿਆਰ ਵਾਲੀ ਦਿੱਤੀ ਸੀ ਉਸ ਨੇ ਜਿਹੜੀ,
ਉਹ ਜਾਨ ਤੋਂ ਵੀ ਪਿਆਰੀ ਜ਼ੰਜੀਰ ਗੁੰਮ ਗਈ ਏ |
ਲਗਦਾ ਹੈ ਮੈਨੂੰ ਉਸ ਦੀ ਚਾਹਤ 'ਚ ਕੁਝ ਕਮੀ ਸੀ,
ਰਾਂਝੇ ਦੇ ਕੋਲੋਂ ਉਸਦੀ ਜੇ ਹੀਰ ਗੁੰਮ ਗਈ ਏ |
ਇਹ ਵਕਤ ਦਾ ਦਰਿੰਦਾ ਹੱਸਦਾ ਹੈ ਮੇਰੇ ਉੱਪਰ,
ਛੋਟੀ ਜਿਹੀ ਇਕ ਮੇਰੀ ਜਾਗੀਰ ਗੁੰਮ ਗਈ ਏ |
ਕਾਗ਼ਜ਼ ਰਿਹਾ ਨਾ ਬਾਕੀ ਨਾ ਹੀ ਰਹੀ ਸਿਆਹੀ,
ਟੁੱਟੀ ਕਲਮ ਹੈ ਮੇਰੀ ਤਹਿਰੀਰ ਗੁੰਮ ਗਈ ਏ |
ਸੂਹਾ ਲਿਬਾਸ ਪਾ ਕੇ ਹੋਇਆ ਵਿਦਾ ਤੂੰ ਜਦ ਤੋਂ,
ਤੇਰੇ 'ਕੰਵਰ' ਦੀ ਦੁਨੀਆਂ ਆਖ਼ੀਰ ਗੁੰਮ ਗਈ ਏ |
ਖ਼ਤ ਗੁੰਮ ਗਏ ਨੇ ਤੇਰੇ ਤਸਵੀਰ
ਅਜੀਤ ਡੈਸਕ
29-03-2026