ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਧੀਆਂ ਭੈਣਾਂ ਦੀ ਰਾਖੀ

Ad Position 21
No active advertisement
ਅਜੀਤ ਡੈਸਕ 29-03-2026

ਕਹਾਣੀ
ਤਾਇਆ ਹਰਨਾਮ ਸਿਉਂ ਗੱਲ ਕਹਿਣ ਲੱਗਿਆ ਨਹੀਂ ਸੀ ਝਿਜਕਦਾ ਭਾਵੇਂ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ | ਪਰ ਉਹ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਿਹੜੇ ਮੌਕੇ ਕਿਹੜਾ ਦਾਅ ਵਰਤਣਾ | ਤਾਇਆ ਕੋਈ ਨਾਮੀ-ਖੁਨਾਮੀ ਬਦਮਾਸ਼ ਨਹੀਂ ਸੀ, ਸਗੋਂ ਰੱਬ ਤੋਂ ਡਰਨ ਵਾਲਾ ਸ਼ਖ਼ਸ, ਰੋਜ਼ ਸਵੇਰੇ ਇਸ਼ਨਾਨ ਕਰ ਕੇ ਪਾਠ ਕਰਨ ਵਾਲਾ ਨਿਤਨੇਮੀ |
ਉਸ ਨੂੰ ਵੀ ਪਤਾ ਹੈ ਕਿ ਉਸਦੀ ਬੇਬਾਕੀ ਦਾ ਪੰਚਾਇਤ ਵਾਲੇ ਅਕਸਰ ਪੂਰਾ ਫਾਇਦਾ ਉਠਾਉਂਦੇ ਰਹਿੰਦੇ ਨੇ | ਜੇ ਕੁਝ ਕਹਾਉਣਾ ਹੋਵੇ ਤਾਂ ਉਹ ਤਾਇਆ ਜੀ ਤੋਂ ਕਹਾ ਦਿੰਦੇ ਨੇ, ਪਰ ਸ਼ਰਤ, ਉਹ ਗੱਲ ਤਾਏ ਨੂੰ ਵੀ ਜਚਦੀ ਹੋਵੇ |
ਭਾਵੇਂ ਤਾਇਆ ਆਪਣੀ ਗੱਲ ਨੂੰ ਬੇਬਾਕੀ ਨਾਲ ਕਹਿੰਦਾ ਸੀ, ਪਰ ਪਿੰਡ ਦੇ ਮਾਮਲੇ 'ਚ ਉਸ ਤੋਂ ਇਹ ਹੀ ਆਸ ਸੀ ਕਿ ਉਹ ਪਿੰਡ ਵਾਸੀ ਮੱਘਰ ਸਿੰਘ ਦੇ ਮੁੰਡੇ ਦੇ ਹੱਕ 'ਚ ਜ਼ਰੂਰ ਭੁਗਤੇਗਾ | ਉਸ ਨੇ ਤਾਂ ਸਗੋਂ ਭਰੀ ਪੰਚਾਇਤ 'ਚ ਇਹ ਗੱਲ ਕਹਿ ਕੇ ਸਭ ਨੂੰ ਸੁੰਨ ਕਰ ਦਿੱਤਾ,
'ਜੇ ਮੱਘਰ ਸਿੰਘ ਹੋਰੀਂ ਘਰੋਂ ਤਕੜੇ ਨੇ ਤਾਂ ਕੀ ਕਰੀਏ? ਆਪਣੇ ਧੀ-ਪੁੱਤ ਦਾ ਤਾਂ ਧਿਆਨ ਰੱਖਣਾ ਹੀ ਚਾਹੀਦਾ ਕਿ ਨਹੀਂ?'
'ਜੇ ਧੀ-ਪੁੱਤ ਨਾ ਮੰਨੇ ਫੇਰ?' ਸ਼ੀਤਲ ਸਿੰਘ ਨੇ ਸਵਾਲ ਕਰਿਆ |
'ਫੇਰ ਤੇਰੇ ਵਾਂਗੂੰ ਕਰੇ ਸ਼ੀਤਲ ਸਿਆਂ...ਬੇਦਖਲ', ਤਾਏ ਦਾ ਜਵਾਬ ਸੀ |
ਮੁੰਡੇ ਨੇ ਨਾਲ ਦੇ ਪਿੰਡ ਨੂੰ ਸੰਨ ਲਾਈ ਸੀ |
ਇਹ ਗੱਲ ਸਹਿਣੀ ਸੌਖੀ ਨਹੀਂ ਸੀ | ਕੁਝ ਲੋਕ ਤਾਂ ਚੁੱਪ ਕਰ ਜਾਂਦੇ ਕਿ ਕੁੜੀ ਕੱਤਰੀ ਆ | ਗੱਲ ਕੀਤੀ ਦੂਰ ਚਲੇ ਜਾਂਦੀ ਹੈ | ਫੇਰ ਧੀਆਂ-ਭੈਣਾਂ ਨੂੰ ਵਿਆਹੁਣਾ ਔਖਾ ਹੋ ਜਾਂਦਾ |
'ਨਾਲੇ ਹੁਣ ਉਸ ਪਿੰਡ ਦੇ ਅੱਠ-ਦਸ ਮੁੰਡੇ ਡਾਂਗਾਂ ਲਈਾ ਖੜ੍ਹੇ ਨੇ ਮੂਹਰੇ | ਕੋਈ ਤਾਂ ਫੈਸਲਾ ਕਰਨਾ ਹੀ ਪਊ, ਕਿਉਂ ਸਰਪੰਚ ਸਾਹਿਬ |' ਸ਼ਿੰਗਾਰਾ ਪੰਚ ਬੋਲਿਆ |
ਪਿੰਡ ਦੇ ਸਰਪੰਚ ਨੂੰ ਵੀ ਪਤਾ ਸੀ ਕਿ ਮੁੰਡੇ ਦਾ ਚਾਲ ਚਲਣ ਠੀਕ ਨਹੀਂ | ਅੱਗੇ ਵੀ ਉਸ ਦੀਆਂ ਕਈ ਸ਼ਿਕਾਇਤਾਂ ਆ ਚੁੱਕੀਆਂ ਨੇ | ਉਸ ਨੇ ਸਰੀਰ ਕੱਠਾ ਜਿਹਾ ਕਰਦੇ ਨੇ ਕਿਹਾ,
'ਮੱਘਰ ਸਿਆਂ ਦਸ ਬਾਈ ਕੀ ਕਰੀਏ?'
'ਕੁੜੀ ਵਾਲਿਆਂ ਨੂੰ ਥਾਣੇ ਜਾਣ ਤੋਂ ਮੈਂ ਹੀ ਰੋਕਿਆ, ਦੋਵਾਂ ਧਿਰਾਂ ਦੀ ਬਦਨਾਮੀ ਬਹੁਤ ਹੋਉ | ਨਾਲੇ ਪੈਸਾ-ਧੇਲਾ ਜਿਹੜਾ ਲੱਗਣਾ ਉਹ ਅੱਡ | ਜੇ ਖ਼ਬਰ ਲੱਗ ਗਈ ਫੇਰ ਤਾਂ ਹੋਰ ਵੀ ਔਖਾ ਹੋ ਜੂ |' ਮੱਘਰ ਸ਼ਰਮ ਦਾ ਮਾਰਿਆ ਅੱਧਾ ਹੋਇਆ ਬੈਠਾ ਸੀ | ਐਨੀ ਨਮੋਸ਼ੀ ਉਸ ਨੇ ਜ਼ਿੰਦਗੀ 'ਚ ਕਦੇ ਨਹੀਂ ਸੀ ਦੇਖੀ |
'ਪੰਚਾਇਤ ਪ੍ਰਮੇਸ਼ਵਰ ਹੁੰਦੀ ਆ ਜੀ, ਜਿਵੇਂ ਫੈਸਲਾ ਕਰੋਗੇ, ਠੀਕ ਆ..... |' ਇਸ ਤੋਂ ਵੱਧ ਮੱਘਰ ਕਹਿੰਦਾ ਵੀ ਕੀ | ਨਾਲੇ ਇਹੋ ਜਿਹੇ ਦਾਅ-ਪੇਚ ਸਰਪੰਚ ਨੇ ਆਪ ਹੀ ਮੱਘਰ ਸਿੰਘ ਨੂੰ ਸਿਖਾਏ ਸੀ |
ਚਾਰੇ ਪਾਸੇ ਸੁੰਨ ਵਰਤ ਗਈ | ਜਿਸ ਪਿੰਡ ਦੀ ਉਹ ਕੁੜੀ ਸੀ, ਉਸ ਪਿੰਡ ਦਾ ਸਰਪੰਚ ਵੀ ਪਿੰਡ ਦੇ ਸਰਪੰਚ ਦਾ ਪੱਕਾ ਯਾਰ ਸੀ | ਮੁੰਡੇ ਨੂੰ ਕੁਝ ਕਹਿਣ ਦਾ ਮਤਲਬ ਸੀ ਮੱਘਰ ਸਿੰਘ ਦੇ ਪਰਿਵਾਰ ਦੀ ਨਰਾਜ਼ਗੀ | ਆਪਣੀ ਸਰਪੰਚੀ ਨੂੰ ਖੋਰਾ |
ਦਰਅਸਲ 'ਚ ਪ੍ਰੀਖਿਆ ਤਾਂ ਹੁਣ ਸਰਪੰਚ ਦੀ ਸੀ |
ਤਾਏ ਹਰਨਾਮ ਸਿਉਂ ਨੇ ਕੁੜੀ ਦੇ ਭਰਾ ਵੱਲ ਗਹੁ ਨਾਲ ਦੇਖਿਆ |
ਇਹ ਮੁੰਡਾ ਕਿਤੇ ਦੇਖਿਆ ਲੱਗਦਾ | ਤਾਇਆ ਦਿਮਾਗ਼ 'ਤੇ ਬੋਝ ਪਾਉਣ ਲੱਗ ਪਿਆ |
'ਤੁਸੀਂ ਕਿਹੋ ਜਿਹਾ ਫੈਸਲਾ ਚਾਹੁੰਦੇ ਹੋ? ਦੱਸੋ ਕਾਕਾ?'
ਫੈਸਲਾ ਤਾਂ ਅਸੀਂ ਹੁਣੇ ਕਰ ਦਿੰਨੇ ਆ, ਇਕ ਵਾਰੀ ਮਿਲਾਦੋ ਉਸ ਵੱਡੇ ਬਦਮਾਸ਼ ਨੂੰ | ਮੈਂ ਤਾਂ ਕਈ ਦਿਨਾਂ ਦਾ ਲੱਭਦਾ ਫਿਰਦਾਂ,' ਕੁੜੀ ਦੇ ਭਾਈ ਨੇ ਲਲਕਾਰ ਕੇ ਕਿਹਾ |
'ਕੀ ਕਰੇਂਗਾ?'
'ਤੁਹਾਡੇ ਸਾਹਮਣੇ ਹੀ ਕਰੂੰਗਾ |'
'ਫੇਰ ਵੀ'
'ਹੁਣੇ ਵਿਛਾ ਦੰੂ ਸਾਰੀ ਪੰਚਾਇਤ ਦੇ ਸਾਹਮਣੇ'
'ਕਾਕਾ, ਇਹ ਪਿੰਡ ਦੀ ਪੰਚਾਇਤ ਏ.....ਕੋਈ ਮੁਸ਼ਟੰਡਿਆਂ ਦਾ ਵਾੜਾ ਨਹੀਂ | ਸੋਚ-ਸਮਝ ਕੇ ਗੱਲ ਕਰੀਂ,' ਪੰਚ ਸ਼ੀਤਲ ਸਿੰਘ ਨੇ ਗੁੱਸੇ 'ਚ ਖੜ੍ਹੇ ਹੁੰਦੇ ਕਿਹਾ |
'ਕਾਕਾ ਗਰਮੀ ਨਹੀਂ ਦਿਖਾਈ ਦੀ...... ਬੰਦਿਆਂ ਵਾਂਗੂੰ ਗੱਲ ਕਰ.... ਮੁੰਡੇ ਤੇ ਸਾਡੇ ਪਿੰਡ ਦੇ ਵੀ ਨੇ, ਉਨ੍ਹਾਂ ਦਾ ਵੀ ਖ਼ੂਨ ਖੋਲ੍ਹਦਾ, ਖ਼ੂਨ-ਖਰਾਬੇ ਤੋਂ ਡਰਦੇ, ਅਸੀਂ ਗੱਲ ਨੂੰ ਏਥੇ ਹੀ ਨਿਬੇੜਨਾ ਚਾਹੁੰਦੇ ਹਾਂ |' ਸਰਪੰਚ ਧਮਕੀ ਵੀ ਦੇ ਗਿਆ ਤੇ ਪਲੋਸ ਵੀ ਗਿਆ |
'ਉਹ ਕਿੰਨੇ ਦਿਨਾਂ ਤੋਂ ਕੋਝੀਆਂ ਹਰਕਤਾਂ ਕਰ ਰਿਹਾ | ਸਾਡੇ ਪਿੰਡ ਦੀਆਂ ਧੀਆਂ ਭੈਣਾਂ ਨੂੰ ਅਬਾ-ਤਬਾ ਬੋਲਦਾ | ਉਹ ਦੀ ਭੈਣ ਨੂੰ ਬੁਲਾਓ | ਜੋ ਉਸ ਨੇ ਸਾਡੀ ਭੈਣ ਨੂੰ ਕਿਹਾ | ਅਸੀਂ ਉਸ ਭੈਣ ਨੂੰ ਕਹਿ ਦਿੰਨੇ ਆ | ਸਾਡਾ ਸਮਝੌਤਾ |'
ਪੰਚਾਇਤ ਅੱਗ ਬਬੋਲਾ ਹੋ ਉੱਠੀ | ਉਨ੍ਹਾਂ ਨੂੰ ਇੰਜ ਲੱਗਿਆ ਜਿਵੇਂ ਉਹ ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਬੁਰਾ ਭਲਾ ਕਹਿ ਰਿਹਾ ਹੋਵੇ | 'ਇਕ ਤਾਂ ਉਹ ਜਿਵੇਂ ਤੁਸੀਂ ਕਹਿ ਰਹੇ ਹੋ, ਗ਼ਲਤ ਹਰਕਤਾਂ ਕਰਦਾ | ਮਾੜੀ ਗੱਲ ਹੈ | ਦੂਜਾ ਇਸ ਪਿੰਡ ਦੀ ਧੀ ਭੈਣ ਨੂੰ ਮਾੜਾ ਕਹਿ ਕੇ ਤੂੰ ਵੀ ਦੋਸ਼ੀ ਬਣਨਾ ਚਾਹੁੰਨਾ?'
'ਕਾਕਾ ਸਿਆਣਾ ਬਣ ਸਿਆਣਾ | ਤੂੰ ਇਹ ਦੱਸ ਕਿ ਉਨ੍ਹਾਂ ਕੁੜੀਆਂ ਦਾ ਕੀ ਕਸੂਰ ਏ?' ਤਿੰਨ ਧੀਆਂ ਦਾ ਬਾਪ ਮੇਹਰ ਸਿੰਘ ਬੋਲਿਆ |
ਮੇਹਰ ਸਿਉਂ ਨੂੰ ਲੋਕਾਂ ਨੇ ਪਹਿਲੀ ਵਾਰ ਏਦਾਂ ਗੜਕਦੇ ਸੁਣਿਆ ਸੀ |
ਤਾਇਆ ਹਰਨਾਮ ਸਿਉਂ ਉਸ ਤੱਤੇ ਮੁੰਡੇ ਨੂੰ ਇਕ ਪਾਸੇ ਲਿਜਾ ਕੇ ਕੁਝ ਯਾਦ ਕਰਵਾਉਣ ਲੱਗਿਆ | ਪਹਿਲਾਂ ਤਾਂ ਮੁੰਡੇ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ | ਜਦੋਂ ਤਾਏ ਨੇ ਕਿਹਾ, 'ਬੁਲਾਵਾਂ ਉਸ ਕੁੜੀ ਨੂੰ ?'
ਉਹ ਮੁੰਡਾ ਜਿਹੜਾ ਅੱਗ ਵਾਂਗੂੰ ਬਲ ਰਿਹਾ ਸੀ, ਬਰਫ਼ ਵਾਂਗੂੰ ਠੰਢਾ ਜਿਹਾ ਹੋ ਗਿਆ |
ਪੰਚਾਇਤ ਕੋਲ ਆ ਕੇ ਕਹਿਣ ਲੱਗਿਆ, 'ਅਸੀਂ ਪੰਚਾਇਤ ਦੇ ਕਹੇ 'ਤੇ ਉਸ ਨੂੰ ਕੁਝ ਨਹੀਂ ਕਹਿ ਰਹੇ | ਜੇ ਫੇਰ ਕਿਤੇ ਇਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਡੱਕਰੇ ਕਰ ਦਿਆਂਗੇ |'
ਉਹ ਧਮਕੀ ਤਾਂ ਦੇ ਰਿਹਾ ਸੀ, ਪਰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਸ ਦਾ ਅੰਦਰ ਉਸ ਦਾ ਸਾਥ ਨਾ ਦੇ ਰਿਹਾ ਹੋਵੇ |
ਉਸ ਨੇ ਮੋਟਰ ਸਾਈਕਲ ਨੂੰ ਕਿੱਕ ਮਾਰੀ ਤੇ ਨਾਲ ਆਈ ਮੁੰਡੀਰ ਨੂੰ ਲੈ ਕੇ ਔਹ ਗਿਆ, ਔਹ ਗਿਆ |
ਜਦੋਂ ਪੰਚਾਇਤੀ ਤਾਏ ਨੂੰ ਪੁੱਛਣ ਲੱਗੇ ਕਿ ਤੂੰ ਉਸ ਮੁੰਡੇ ਨੂੰ ਕੀ ਕਿਹਾ ਸੀ ਤਾਂ ਉਹ ਕਹਿਣ ਲੱਗਿਆ, 'ਮੈਂ ਤਾਂ ਇਹ ਆਖਿਆ ਸੀ ਕਿ ਧੀਆਂ-ਭੈਣਾਂ ਦੀ ਰਾਖੀ ਲਈ ਤਾਂ ਕਾਕਾ ਸਭਨਾਂ ਨੂੰ ਹੀ ਬੰਦੇ ਬਣਨਾ ਪਊ |'
ਇਹ ਕਹਿ ਕੇ ਤਾਇਆ ਸਾਰਿਆਂ ਨੂੰ ਫਤਹਿ ਬੁਲਾ ਕੇ ਆਪਣੇ ਘਰ ਵੱਲ ਤੁਰ ਪਿਆ |

-ਪਿੰਡ ਤੇ ਡਾਕ. ਨੀਲੋਂ ਕਲਾਂ-141124, ਜ਼ਿਲ੍ਹਾ ਲੁਧਿਆਣਾ |

Ad Position 22
No active advertisement
ਪਿਛਲੀ ਖ਼ਬਰ ਚੋਰਾਂ ਦੇ ਹੱਥ ਪਹਿਰੇਦਾਰੀ ਅਗਲੀ ਖ਼ਬਰ ਖ਼ਤ ਗੁੰਮ ਗਏ ਨੇ ਤੇਰੇ ਤਸਵੀਰ
Ad Position 24
No active advertisement