ਪਹਿਲੀ ਵਾਰ ਤੱਕਿਆ ਤੇ ਪੁੱਛਿਆ 'ਕੀ ਇਹ ਕੁਆਰਟਰ ਤੁਹਾਨੂੰ ਮਿਲਿਆ?' ਜਵਾਬ ਉਡੀਕਦਾ ਰਿਹਾ ਪਰ ਉਹ ਕੁਆਰਟਰ ਦੀ ਸਫਾਈ ਵਿਚ ਲੱਗੀ ਰਹੀ | ਪੂਰੀ ਮਿਹਨਤ ਅਤੇ ਲਗਨ ਨਾਲ ਅਕਸਰ ਨਵੇਂ ਘਰ ਦੀ ਖੁਸ਼ੀ ਹੁੰਦੀ ਹੈ , ਕੋਈ ਜਵਾਬ ਨਾ ਮਿਲਣ 'ਤੇ ਮੈਂ ਬਾਕੀ ਦੇ ਕੁਆਰਟਰ ਅਤੇ ਹੋ ਰਹੀ ਉਸਾਰੀ ਦਾ ਮੁਆਇਨਾ ਕਰਨ ਵਿਚ ਰੁੱਝ ਗਿਆ |
ਸਵੇਰ ਹੁੰਦਿਆਂ ਹੀ ਮੇਰਾ ਦੂਸਰਾ ਦਿਨ ਸੀ ਨੌਕਰੀ ਦਾ, ਸਾਰੇ ਮਜ਼ਦੂਰਾਂ ਨੂੰ ਕੰਮ ਵੰਡਣ ਦੀ ਜ਼ਿੰਮੇਵਾਰੀ ਮੁਨਸ਼ੀ ਦੀ ਹੁੰਦੀ ਸੀ | ਪਰ ਮੇਰੀ ਆਦਤ ਸੀ ਕਿਸੇ ਵੀ ਨਵੀਂ ਉਸਾਰੀ ਵਾਲੀ ਥਾਂ 'ਤੇ ਪਹਿਲਾਂ ਉਸਾਰੀ ਦੇ ਮੁੱਢ ਮਜ਼ਦੂਰਾਂ ਨਾਲ ਰਾਬਤਾ ਕਾਇਮ ਕਰਾਂ | ਪਹਿਲਾ ਦਿਨ ਸੀ, ਬਹੁਤੀ ਦਖ਼ਲ ਅੰਦਾਜ਼ੀ ਨਹੀਂ ਕੀਤੀ | ਸਭ ਮਜ਼ਦੂਰਾਂ ਨੂੰ ਮੁਨਸ਼ੀ ਨੇ ਕੰਮ ਵੰਡਿਆ | 'ਉਹ ਸੰਤੋਸ਼ ਆਜ ਰਤਨਾ ਨਹੀਂ ਆਈ?' ਮੁਨਸ਼ੀ ਨੇ ਸਵਾਲ ਕੀਤਾ, ਉੱਚੀ ਆਵਾਜ਼ ਵਿਚ ਕਿਸੇ ਸੰਤੋਸ਼ ਨਾਂਅ ਦੇ ਮਜ਼ਦੂਰ ਨੂੰ 'ਕਿਆ ਮੁਨਸ਼ੀ ਜੀ ਆਪ ਕੋ ਤੋ ਪਤਾ ਹੈ ਉਸਕਾ ਨਿਕੰਮਾ ਪਤੀ ਜੋ ਆਇਆ ਥਾ ਫਿਰ ਸ਼ਰਾਬ ਪੀ ਕਰ ਬੇਚਾਰੀ ਕੋ ਪੀਟਾ ਔਰ ਝੁੱਗੀ ਮੇਂ ਸੇ ਕਪੜੇ ਸਾਮਾਨ ਨਿਕਾਲ ਕਰ ਜਲਾ ਦਿਆ | ਜੋ ਪੈਸੇ ਥੇ ਵੋਹ ਭੀ ਲੇ ਗਿਆ ਕੁੱਤਾ' ਸਵਾਲ ਇਕ ਨੂੰ ਕੀਤਾ ਸੀ ਜਵਾਬ ਸਭ ਮਜ਼ਦੂਰਾਂ ਨੇ ਟੁਕੜਿਆਂ ਵਿਚ ਦਿੱਤਾ | ਬਹੁਤਾ ਧਿਆਨ ਨਹੀਂ ਦਿੱਤਾ 'ਚਲੋ ਛੋੜੋ ਮੁਨਸ਼ੀ ਜੀ ਸਭ ਕੋ ਕਾਮ ਪਰ ਲਗਾਓ | ' ਮੁਨਸ਼ੀ ਸ਼ਾਇਦ ਕੁਝ ਕਹਿਣਾ ਚਾਹੁੰਦਾ ਸੀ ਪਰ ਮੈਂ ਕਿਹਾ 'ਕਿਸੀ ਏਕ ਮਜ਼ਦੂਰ ਕੇ ਨਾ ਆਨੇ ਪਰ ਕਿਆ ਕਾਮ ਬੰਦ ਹੋ ਜਾਤਾ ਹੈ ਯਹਾਂ ਚਲੋ ਜਲਦੀ ਸੇ ਸਭ ਕੋ ਕਾਮ ਪਰ ਲਗਾ ਦੋ |'
'ਜੀ ਇੰਜੀਨੀਅਰ ਸਾਹਿਬ'
ਕਹਿ ਕੇ ਕੰਮ ਰੋਜ਼ਾਨਾ ਵਾਂਗ ਚੱਲ ਪਿਆ | ਦੁਪਹਿਰ ਦੀ ਰੋਟੀ ਦੀ ਛੁੱਟੀ ਤੋਂ ਬਾਅਦ ਮੁਨਸ਼ੀ ਮੇਰੇ ਕੋਲ ਆਇਆ, 'ਬਾਬੂ ਜੀ ਰਤਨਾ ਆਧੀ ਦਿਹਾੜੀ ਕਾਮ ਕਰਨਾ ਚਾਹਤੀ ਹੈ ਅਗਰ ਆਪ ਕਹੇਂ ਤੋ ਲਗਾ ਦੂੰ?' ਮੈਨੂੰ ਅਜੀਬ ਲੱਗਿਆ, ਕਿਉਂਕਿ ਇਸ ਲੇਬਰ ਦੇ ਕੰਮ ਕਰਨ ਜਾਂ ਨਾ ਕਰਨ ਨਾਲ ਮੇਰਾ ਕੋਈ ਮਤਲਬ ਨਹੀਂ ਸੀ, ਮੇਰਾ ਹਮੇਸ਼ਾ ਨਜ਼ਰੀਆ ਕੰਮ ਵਕਤ ਸਿਰ ਖ਼ਤਮ ਹੋਵੇ ਇਹੀ ਰਿਹਾ | 'ਇਸ ਮੇਂ ਪੂਛਨੇ ਵਾਲੀ ਕਿਆ ਬਾਤ ਹੈ ਜੋ ਕਾਮ ਕਰਨਾ ਚਾਹਤਾ ਲਗਾਓ, ਅਗਰ ਕੋਈ ਓਵਰਟਾਈਮ ਭੀ ਲਗਾਨਾ ਚਾਹੇ ਤੋ ਲਗਵਾਓ, ਕਾਮ ਖਤਮ ਹੋਨੇ ਸੇ ਮਤਲਬ ਹੈ |' ਉਸ ਦਿਨ ਦੇ ਬਾਅਦ ਮੁਨਸ਼ੀ ਨੇ ਦੁਬਾਰਾ ਕੋਈ ਸਵਾਲ ਨਹੀਂ ਕੀਤਾ, ਕੰਮ ਵੱਖ ਵੱਖ ਥਾਵਾਂ 'ਤੇ ਚੱਲ ਰਿਹਾ ਸੀ ਇਕ ਦਿਨ ਵਿਚ ਸਾਰੀਆ ਥਾਵਾਂ ਤੇ ਜਾਣਾ ਅਸੰਭਵ ਸੀ |
ਹੈਰਾਨੀ ਇਸ ਗੱਲ ਦੀ ਸੀ, ਜਿਸ ਨੂੰ ਮੈਂ ਪਹਿਲੀ ਨਜ਼ਰ ਵਿਚ ਕੁਆਰਟਰ ਦੀ ਮਾਲਕਣ ਸਮਝ ਬੈਠਾ ਸੀ | ਉਹ ਮੇਰੇ ਸਾਹਵੇਂ ਹਾਰ ਸ਼ਿੰਗਾਰ ਕਰੀ ਇੱਟਾਂ ਨਾਲ ਨੱਕੋ ਨੱਕ ਭਰਿਆ ਟੋਕਰਾ ਪੈੜ ਰਾਹੀਂ ਛੱਤ 'ਤੇ ਦੇ ਰਹੀ ਸੀ | ਕੁਝ ਪਲ ਯਕੀਨ ਨਹੀਂ ਸੀ ਆਇਆ ਕਿ ਇਹ ਹੈ ਕੌਣ ਤੇ ਇੰਨੀ ਮਿਹਨਤ 'ਮੁਨਸ਼ੀ ਇਸ ਕੁਲੀ ਲੇਬਰ ਕਾ ਨਾਮ ਕਿਆ ਹੈ ?' ਮੁਨਸ਼ੀ ਬੋਲਿਆ 'ਰਤਨਾ 'ਮੇਰੇ ਕੰਨੀ' ਰਤਨਾਵਤੀ ਸੁਣਿਆ ਕਿਸੇ ਮਹਿਲਾਂ ਦੀ ਸਭ ਤੋਂ ਸੋਹਣੀ ਰਾਜਕੁਮਾਰੀ ਰਤਨਾਵਤੀ |'
ਅਜੀਬ ਜੇਹਾ ਮੋਹ ਪੈਦਾ ਹੋ ਗਿਆ ਉਸ ਦੇ ਬਾਰੇ ਵਿਚ ਬਹੁਤ ਕੁਝ ਪੁੱਛਿਆ | ਉਸ ਦੀ ਮਿਹਨਤ ਬਰਕਰਾਰ ਰਹੀ ਸਗੋਂ ਅੱਗੇ ਨਾਲੋਂ ਵੱਧ ਕਿੱਧਰੇ ਪਾਣੀ ਮੰਗ ਲੈਂਦਾ ਧੁੱਪ ਵਿਚ ਤੇ ਰਤਨਾ ਨੇ ਧੁੱਪ ਨਾਲ ਸੜ ਰਹੀ ਸੜਕ ਉੱਤੇ ਦੂਰ ਤੁਰ ਕੇ ਕੂਲਰ ਦਾ ਪਾਣੀ ਲਿਆਉਣਾ | 'ਬਾਬੂ ਜੀ ਆਪ ਛਾਇਆ ਮੇਂ ਬੈਠ ਜਾਇਆ ਕਰੋ' ਕਈ-ਕਈ ਸੰਵਾਦ ਜੋ ਸ਼ਾਇਦ ਜ਼ਰੂਰੀ ਨਹੀਂ ਸਨ ਉਹ ਕਰਦੀ ਰਹਿੰਦੀ |
ਇਕ ਦਿਨ ਛੱਤ ਪਾਉਂਦਿਆਂ ਹਨੇਰਾ ਹੋ ਗਿਆ ਸਭ ਮਜ਼ਦੂਰ ਭੱਜ ਰਹੇ ਸਨ ਝੁੱਗੀਆਂ ਵੱਲ ਮੇਰੀ ਜਿੱਦ ਨਹੀਂ ਤਕਨੀਕੀ ਲੋੜ ਵੀ ਸੀ ਕਿ ਛੱਤ ਵਿਚ ਜੋੜ ਨੀ ਪੈਣਾ ਚਾਹੀਦਾ, ਮੈਂ ਮੁਨਸ਼ੀ ਨੂੰ ਕਿਹਾ ਹੋ ਸਕੇ ਤੇ ਲਾਲਚ ਦੇ ਚਾਹ ਬਿਸਕੁਟ ਦਾ ਆਪਣੀ ਜੇਬ ਵਿਚੋਂ ਕੁਝ ਰੁਪਏ ਕੱਢ ਕੇ ਦਿੱਤੇ ਪਰ ਮਜ਼ਦੂਰ ਜਾਣੇ ਨਹੀਂ ਚਾਹੀਦੇ | ਮੁਨਸ਼ੀ ਵੀ ਬੇਬਸ ਨਜ਼ਰ ਆ ਰਿਹਾ ਸੀ 'ਬਾਬੂ ਜੀ ਆਪ ਚਿੰਤਾ ਨਾ ਕਰੋ ਮੈਂ ਰਹੂੰਗੀ ਆਪ ਕੀ ਛੱਤ ਪੂਰੀ ਹੋਗੀ' ਥੋੜ੍ਹੇ ਜੇਹੇ ਮਜ਼ਦੂਰ ਹੋਰ ਰੁਕੇ 'ਪੂਰੀ ਰਾਤ ਰਤਨਾ ਨੇ ਟੋਕਰਾ ਸਿਰ 'ਤੇ ਢੋਇਆ ਪਰ ਚਿਹਰੇ 'ਤੇ ਥਕਾਵਟ ਨਹੀਂ ਸੀ | '
'ਬਾਬੂ ਜੀ ਪਾਣੀ ਪੀਓਗੇ?'
ਭਾਵੁਕ ਸਾਂ, ਗਲਾ ਭਰ ਆਇਆ, ਹੰਝੂ ਕੇਰੇ ਨਹੀਂ ਸਨ ਆਪਣੇ ਰੁਤਬੇ ਦੀ ਵਜ੍ਹਾ ਕਾਰਨ |
ਪਹਿਲਾ ਦਿਨ ਯਾਦ ਆਇਆ 'ਕਿਸੀ ਏਕ ਮਜ਼ਦੂਰ ਕੇ ਨਾ ਆਨੇ ਪਰ ਕਾਮ ਥੋੜ੍ਹੀ ਰੁਕਤਾ ਹੈ |'
ਜਿੱਥੇ ਸਮਰਪਣ ਹੋਵੇ ਉੱਥੇ ਕੁਝ ਵੀ ਅਸੰਭਵ ਨਹੀਂ ਛੱਤ ਪਾਉਣਾ ਤੇ ਛੋਟੀ ਗੱਲ ਸ਼ਾਇਦ ਕੋਈ ਤਾਰੇ ਤੋੜ ਕੇ ਲਿਆਉਣ ਲਈ ਮਰ ਕੇ ਵੀ ਤਾਰਿਆਂ ਤੱਕ ਪਹੁੰਚ ਜਾਂਦਾ ਹੈ | ਨਹੀਂ ਪਤਾ ਸੀ ਮੇਰੇ ਅਤੇ ਰਤਨਾ ਵਿਚ ਕੀ ਰਿਸ਼ਤਾ ਸੀ ਬਾਬੂ ਮਜ਼ਦੂਰ ਦਾ ਜਾਂ ਕੁਝ ਹੋਰ ਹੀ, ਜੋ ਸ਼ਬਦਾਂ ਦੀ ਪਹੁੰਚ ਤੋਂ ਬਾਹਰ |
ਦੋ ਕੁ ਸਾਲਾਂ ਬਾਅਦ ਫੋਨ ਆਇਆ, 'ਉਹ ਬਾਬੂ ਜੀ ਹਮਾਰੇ ਯਹਾਂ ਬੇਟੀ ਨੇ ਜਨਮ ਲੀਆ ਕਿਆ ਨਾਮ ਰੱਖੂੰ', ਰਤਨਾ ਬੋਲ ਰਹੀ ਸੀ ਮੈਂ ਪਹਿਲਾਂ ਸੁਣ ਚੁੱਕਿਆ ਸੀ ਉਸ ਨੇ ਨਾਲ ਦੇ ਕਿਸੇ ਮਜ਼ਦੂਰ ਨਾਲ ਵਿਆਹ ਕਰਵਾ ਲਿਆ ਸੀ | ਪਹਿਲੇ ਘਰ ਵਾਲੇ ਦਾ ਕੋਈ ਪਤਾ ਨਹੀਂ ਕਿੱਧਰ ਗਿਆ | 'ਬਹੁਤ ਪਿਆਰੀ ਗੁੜੀਆ ਹੋ ਗੀ ਇਸਕਾ ਨਾਮ ਰਤਨਾਵਤੀ ਰਖਨਾ ਮਹਿਲੋਂ ਕੀ ਰਾਜਕੁਮਾਰੀ |'
-ਮੋਬਾਈਲ : 98552-57303