07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਚੋਰ ਅੱਖ

Ad Position 21
No active advertisement
ਅਜੀਤ ਡੈਸਕ 05-04-2026

ਆਸਟਰੇਲੀਆ ਵਿਚ ਟੈਕਸੀ ਸਟੈਂਡ ਨੂੰ 'ਟੈਕਸੀ ਰੈਂਕ' ਕਹਿੰਦੇ ਹਨ। ਬਹੁਤੇ ਵੱਡੇ ਰੈਂਕ ਦੋ ਕੁ ਵਲ਼ ਖਾਂਦੇ ਹੁੰਦੇ ਹਨ। ਟੈਕਸੀਆਂ ਆ-ਆ ਕੇ ਪਿੱਛੇ ਲਗਦੀਆਂ ਰਹਿੰਦੀਆਂ ਹਨ। ਅਗਲੀਆਂ ਅੱਗੇ ਨੂੰ ਤੁਰਦੀਆਂ ਰਹਿੰਦੀਆਂ ਹਨ ਤੇ ਪਿਛਲੀਆਂ ਉਨ੍ਹਾਂ ਦੀ ਥਾਂ ਲੈਂਦੀਆਂ ਰਹਿੰਦੀਆਂ ਹਨ। ਟੈਕਸੀ ਫੜਨ ਤੋਂ ਬਾਅਦ ਡਰਾਈਵਰ ਦਾ ਇਹ ਫਰਜ਼ ਹੈ ਕਿ ਉਹ ਗ੍ਰਾਹਕ/ਮੁਸਾਫਿਰ ਨੂੰ ਉਸਦੇ ਦੱਸੇ ਹੋਏ ਰੂਟ ਮੁਤਾਬਿਕ ਲੈ ਕੇ ਜਾਵੇ। ਇਨ੍ਹਾਂ ਮਹਾਂਨਗਰਾਂ ਵਿਚ ਕਈ ਥਾਵਾਂ ਨੂੰ ਦੋ-ਤਿੰਨ ਰੂਟ ਵੀ ਜਾਂਦੇ ਹਨ- ਇਕ ਤੇਜ਼ ਮੋਟਰਵੇਅ ਵਾਲ਼ਾ, ਦੂਜਾ ਘੱਟ ਤੇਜ਼ ਹਾਈਵੇਅ ਵਾਲਾ ਤੇ ਤੀਜਾ ਉਸ ਤੋਂ ਵੀ ਘੱਟ ਆਮ ਸੜਕਾਂ ਵਾਲ਼ਾ।
ਸ਼ਨੀਵਾਰ ਦਾ ਦਿਨ ਸੀ। ਸਮਾਂ ਸਵੇਰੇ 9 ਕੁ ਵਜੇ ਦਾ ਸੀ। ਲਾਈਨ ਵਿਚ ਲੱਗੀ ਹੋਈ ਕੈੱਨ ਦੀ ਗੱਡੀ ਹੁਣ ਸਭ ਤੋਂ ਮੂਹਰੇ ਪਹੁੰਚ ਗਈ ਸੀ। ਦੋ ਕੁ ਮਿੰਟਾਂ ਵਿਚ ਇਕ 40 ਕੁ ਸਾਲ ਦੀ ਗੋਰੀ ਉੱਪਰੋਂ ਉਤਰੀ ਤੇ ਕੈੱਨ ਦੀ ਗੱਡੀ ਵਿਚ ਬੈਠ ਗਈ।
'ਵੇਅਰ ਗੋਇੰਗ ਪਲੀਜ਼?', ਕੈੱਨ ਨੇ ਪੁੱਛਿਆ।
'ਪੈਰਾਮੈਟਾ ਸ਼ਾਪਿੰਗ ਸੈਂਟਰ ਪਲੀਜ਼।'
ਜਾਬ ਚੰਗੀ ਸੀ 50 ਕੁ ਡਾਲਰ ਦੀ ਤਾਂ ਹੈ ਹੀ ਸੀ। ਕੈੱਨ ਨੇ ਮੀਟਰ ਚਲਾਇਆ ਤੇ ਲੈ ਕੇ ਰੈਂਕ ਤੋਂ ਬਾਹਰ ਨਿਕਲ ਗਿਆ। ਬਾਕੀ ਸਵਾਲ ਰੈਂਕ ਦੇ ਅੰਦਰ ਪੁੱਛਣੇ ਕਈ ਵਾਰ ਨੁਕਸਾਨਦੇਹ ਵੀ ਸਾਬਿਤ ਹੋ ਜਾਂਦੇ ਹਨ। ਅਗਲਾ ਸਵਾਲ ਪੁੱਛਣਾ ਹੁੰਦਾ ਏ ਸਵਾਰੀ ਮੀਟਰ 'ਤੇ ਪੈਸਿਆਂ ਦਾ ਭੁਗਤਾਨ ਕਰੇਗੀ ਜਾਂ ਉੱਕਦਾ ਮੁੱਕਦਾ। ਕੈੱਨ ਨੇ ਇਹ ਸਵਾਲ ਪੁੱਛਿਆ ਤੇ ਸਵਾਰੀ ਨੇ ਮੀਟਰ ਚਲਵਾ ਕੇ ਹੀ ਜਾਣਾ ਚਾਹਿਆ।
'ਹਾਈਵੇਅ ਰਾਹੀਂ ਜਾਓਗੇ ਜਾਂ ਮੋਟਰਵੇਅ ਰਾਹੀਂ?' ਕੈੱਨ ਨੇ ਸਵਾਲ ਕੀਤਾ।
'ਮੈਂ ਬਹੁਤ ਕਾਹਲੀ ਵਿਚ ਹਾਂ। ਪਲੀਜ਼ ਮੋਟਰਵੇਅ ਰਾਹੀਂ ਚੱਲੋ।'
ਕੈੱਨ ਰੈਂਕ ਚੋਂ ਨਿਕਲ ਕੇ ਪਹਿਲਾਂ 2 ਕੁ ਕਿਲੋਮੀਟਰ ਆਮ ਸੜਕ 'ਤੇ ਗਿਆ ਤੇ ਫਿਰ ਮੋਟਰਵੇਅ 4 'ਤੇ ਪੈ ਗਿਆ। ਸਵਾਰੀ ਸੋਚਦੀ ਸੀ ਕਿ 10-12 ਮਿੰਟ ਵਿਚ ਪੈਰਾਮੈਟਾ ਪਹੁੰਚ ਜਾਵੇਗੀ। ਮੀਟਰ ਆਪਣੀ ਰਫਤਾਰ 'ਤੇ ਚੱਲੀ ਜਾ ਰਿਹਾ ਸੀ। ਕੈੱਨ ਕਦੀ-ਕਦੀ ਚੋਰ ਅੱਖ ਨਾਲ ਉਸ ਵੱਲ ਦੇਖ ਲੈਂਦਾ ਸੀ। ਉਸ ਨੂੰ ਪਤਾ ਸੀ ਕਿ ਭਾੜਾ 50 ਕੁ ਡਾਲਰ ਦਾ ਮਸਾਂ ਸੀ। ਜਦ ਗੱਡੀ ਕੰਬਰਲੈਂਡ ਹਾਈਵੇਅ ਵਾਲਾ ਨਿਕਾਸ (5x}t) ਟੱਪੀ ਤਾਂ ਮੂਹਰੇ ਟ੍ਰੈਫਿਕ ਖੜ੍ਹੀ ਹੋਣ ਲੱਗ ਪਈ।
'ਟੂ ਸਲੋਅ! ਵੈੱਟ ਹੈਪਨਡ ?' ਸਵਾਰੀ ਬੋਲੀ।
'ਲਗਦਾ ਏ ਮੂਹਰੇ ਕੁਝ ਹੋ ਗਿਆ ਏ। ਹੋ ਸਕਦਾ ਏ ਐਕਸੀਡੈਂਟ ਹੋ ਗਿਆ ਹੋਵੇ। ਟ੍ਰੈਫਿਕ ਤਾਂ ਪੂਰੀ ਤਰ੍ਹਾਂ ਰੁਕਦੀ ਜਾ ਰਹੀ ਏ।' ਕੈੱਨ ਨੇ ਉਸਨੂੰ ਅੰਗਰੇਜ਼ੀ ਵਿਚ ਦੱਸਿਆ।
ਮੀਟਰ 'ਤੇ ਤਾਂ ਹੁਣੇ 40 ਡਾਲਰ ਬਣ ਗਏ ਹਨ। ਕੀ ਕੀਤਾ ਜਾਵੇ? ਪਿਛਲਾ ਨਿਕਾਸ (5x}t) ਹੁਣੇ ਲੰਘਿਆ ਏ। ਅਗਲਾ ਨਿਕਾਸ ਅਜੇ ਦੂਰ ਏ। ਸਵਾਰੀ ਕਾਫੀ ਔਖੀ ਸੀ।
'ਯੂ ਨੌਮੀਨੇਟਿਡ ਦਾ ਰੂਟ ਆਫ ਮੋਟਰਵੇਅ। ਮੈਂ ਤਾਂ ਤੁਹਾਨੂੰ ਪੁੱਛਿਆ ਸੀ ਕਿ ਕਿਸ ਰੂਟ ਜਾਣਾ ਚਾਹੋਗੇ। ਜੇਕਰ ਮੈਂ ਹਾਈਵੇਅ ਰਾਹੀਂ ਲੈ ਜਾਂਦਾ ਤਾਂ ਤੁਸੀਂ ਹੁਣ ਤੱਕ ਪਹੁੰਚੇ ਹੋਏ ਹੋਣਾ ਸੀ। ਹੁਣ ਤਾਂ ਟ੍ਰੈਫਿਕ ਤੁਰੂਗੀ ਤਾਂ ਹੀ ਆਪਾਂ ਤੁਰਾਂਗੇ। ਮੀਟਰ ਚੱਲਦਾ ਹੀ ਰਹੇਗਾ।'
ਟ੍ਰੈਫਿਕ ਥੋੜ੍ਹੀ ਜਿਹੀ ਤੁਰੀ। ਮੁਸਾਫਿਰ ਦੇ ਚਿਹਰੇ 'ਤੇ ਚਮਕ ਆਈ। ਟ੍ਰੈਫਿਕ ਫਿਰ ਖੜ੍ਹ ਗਈ। ਸਵਾਰੀ ਰੋਣਹਾਕੀ ਹੋ ਗਈ। ਕੈੱਨ ਨੇ ਚੋਰ ਅੱਖ ਨਾਲ ਦੇਖਿਆ ਮੀਟਰ 'ਤੇ 80 ਡਾਲਰ ਹੋ ਗਏ। ਮੂਹਰਲਾ ਨਿਕਾਸ ਅਜੇ 5 ਕਿਲੋਮੀਟਰ ਦੂਰ ਸੀ। ਕੁਝ ਵੀ ਕੀਤਾ ਨਹੀਂ ਜਾ ਸਕਦਾ ਸੀ। ਕਾਨੂੰਨ ਮੁਤਾਬਿਕ ਚੁੱਪ ਕਰਕੇ ਟਰੈਫਿਕ ਦੇ ਚੱਲਣ ਦੀ ਹੀ ਉਡੀਕ ਕਰਨੀ ਪੈਣੀ ਸੀ। ਰੂਟ ਮੁਸਾਫਿਰ ਦਾ ਆਪਣਾ ਚੁਣਿਆ ਹੋਇਆ ਸੀ। ਜੇ ਸਵਾਰੀ ਖੁਦ ਅੱਖਾਂ ਪਾੜ-ਪਾੜ ਕੇ ਮੀਟਰ ਵੱਲ ਝਾਕ ਰਹੀ ਸੀ ਤਾਂ ਕੈੱਨ ਚੁਸਤੀ ਤੇ ਚੋਰ ਅੱਖਾਂ ਨਾਲ ਹੀ ਮੀਟਰ ਵੱਲ ਦੇਖਦਾ ਸੀ। ਟੈਕਸੀ ਅੰਦਰ ਲੱਗਾ ਕੈਮਰਾ ਮੁਸਾਫਿਰ ਤੇ ਕੈੱਨ ਦੀਆਂ ਤਸਵੀਰਾਂ ਵੀ ਖਿੱਚੀ ਜਾ ਰਿਹਾ ਸੀ ਤੇ ਆਵਾਜ਼ ਵੀ ਰਿਕਾਰਡ ਕਰੀ ਜਾ ਰਿਹਾ ਸੀ। ਕੈੱਨ ਨੇ ਸੋਚਿਆ ਸਵਾਰੀ ਤੋਂ ਇਹ ਵੀ ਪਤਾ ਕਰ ਲਿਆ ਜਾਵੇ ਕਿ ਉਹਨੇ ਸਪੱਸ਼ਟ ਰੂਪ ਵਿਚ ਸ਼ਾਪਿੰਗ ਸੈਂਟਰ ਹੀ ਜਾਣਾ ਏ ਜਾਂ ਨੇੜੇ ਕਿਸੇ ਹੋਰ ਅਦਾਰੇ ਵਿਚ ਜਾਂ ਘਰ ਵਿਚ। ਇੰਜ ਕਰਨ ਨਾਲ ਸਵਾਰੀ ਝੱਟ ਉਤਰ ਕੇ ਪੈਸੇ ਦਿੱਤੇ ਬਗੈਰ ਤੁਰ ਜਾਣ 'ਤੇ ਫੜੀ ਵੀ ਜਾ ਸਕਦੀ ਸੀ ਉਸਨੇ ਗੱਲਾਂ-ਗੱਲਾਂ ਵਿਚ ਪਤਾ ਕਰ ਲਿਆ ਕਿ ਸਵਾਰੀ ਕਿਸ ਗਲੀ ਵਿਚ ਕਿਹੜੇ ਨੰਬਰ ਘਰ ਜਾ ਰਹੀ ਸੀ। ਖੈਰ, ਸਵਾਰੀ ਓਨੀ ਸ਼ੈਤਾਨ ਤੇ ਚਲਾਕ ਨਹੀਂ ਸੀ। ਸਵਾਰੀ ਤਾਂ ਸਿਰਫ ਹਾਲਾਤ ਤੋਂ ਦੁਖੀ ਸੀ, ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ। ਟ੍ਰੈਫਿਕ ਰੁਕਣਾ ਕੁਦਰਤੀ ਵਰਤਾਰਾ ਸੀ। ਇਹ ਕਿਸੇ ਬੰਦੇ ਦੇ ਕਸੂਰ ਕਰਕੇ ਨਹੀਂ ਸੀ ਵਾਪਰਿਆ।
ਟ੍ਰੈਫਿਕ ਹੁਣ ਹੌਲੀ ਹੌਲੀ ਚੱਲ ਪਈ ਸੀ। ਸਵਾਰੀ ਮਾੜੀ ਮਾੜੀ ਖੁਸ਼ ਲੱਗ ਰਹੀ ਸੀ। ਕੈੱਨ ਨਾ ਬਹੁਤਾ ਖੁਸ਼ ਜ਼ਾਹਿਰ ਹੋ ਰਿਹਾ ਸੀ ਤੇ ਨਾ ਹੀ ਉਦਾਸ। ਦਿਲੋਂ ਉਹ ਖੁਸ਼ ਸੀ ਕਿਉਂਕਿ ਭਾੜਾ ਹੁਣ 100 ਦੇ ਨੇੜੇ ਪਹੁੰਚ ਗਿਆ ਸੀ। ਮੂਹਰੇ ਪੈਰਾਮੈਟਾ ਦਾ ਚਰਚ ਸਟਰੀਟ ਵਾਲਾ ਨਿਕਾਸ ਨੇੜੇ ਹੀ ਸੀ। ਕੈੱਨ ਦੀ ਸੋਚ ਇਵੇਂ ਉਡਾਰੀ ਲਗਾ ਰਹੀ ਸੀ...ਲੱਗਦਾ ਏ 110 ਤਾਂ ਬਣ ਹੀ ਜਾਣਗੇ। ਜਦੋਂ ਮੈਂ ਪੈਰਾਮੈਟਾ ਦੇ ਰੈਂਕ 'ਤੇ ਖੜ੍ਹੇ ਡਰਾਈਵਰਾਂ ਨੂੰ ਦੱਸਾਂਗਾ ਕਿ ਧੀਮੀ ਟ੍ਰੈਫਿਕ ਨੇ ਕਮਾਲ ਕਰਤੀ, ਉਹ ਤਾਂ ਹੈਰਾਨ ਰਹਿ ਜਾਣਗੇ। 50 ਡਾਲਰ ਵਾਲਾ ਭਾੜਾ 110 ਡਾਲਰ ਬਣ ਗਿਆ ਸੀ। ਉਹ ਵੀ ਉਸ ਦਿਨ ਜਿਹੜਾ ਟੈਕਸੀ ਲਈ ਮਾੜਾ ਮੰਨਿਆ ਜਾਂਦਾ ਏ-- ਸ਼ਨੀਵਾਰ ਦੀ ਸਵੇਰ ਦੀ ਸ਼ਿਫਟ। ਜਾ ਕੇ ਦੇਖਦੇ ਹਾਂ, ਉਹ ਕੀ ਕਹਿੰਦੇ ਹਨ।
ਟੈਕਸੀ ਮੋਟਰਵੇਅ ਤੋਂ ਨਿਕਲ ਕੇ ਬਾਹਰ ਆ ਗਈ। ਪੰਜ ਕੁ ਮਿੰਟ ਵਿਚ ਹੀ ਉਹ ਉਸ ਥਾਂ 'ਤੇ ਪਹੁੰਚ ਗਈ ਜਿੱਥੇ ਮੁਸਾਫਿਰ ਨੇ ਜਾਣਾ ਸੀ। ਚਿੜਚਿੜੇ ਮੂੰਹ ਨਾਲ 110 ਡਾਲਰ ਦੇ ਕੇ ਸਵਾਰੀ ਆਖਰ ਉੱਤਰ ਗਈ। ਕੈੱਨ ਅੰਤਾਂ ਦਾ ਖੁਸ਼ ਸੀ। ਨੇੜੇ ਹੀ ਪੈਰਾਮੈਟਾ ਦਾ ਵੱਡਾ ਟੈਕਸੀ ਰੈਂਕ ਸੀ। ਕੈੱਨ ਨੇ ਗੱਡੀ ਮੋੜੀ ਤੇ ਘੁਮਾ ਕੇ ਰੈਂਕ 'ਤੇ ਲੱਗੀ ਲਾਈਨ ਦੇ ਪਿੱਛੇ ਲਗਾ ਦਿੱਤੀ। ਉੱਥੇ ਉਹਨੂੰ ਅਚਾਨਕ ਉਸਦੇ ਤਿੰਨ-ਚਾਰ ਵਾਕਫ ਡਰਾਈਵਰ ਮਿਲ ਪਏ-- ਹਰਜੀਤ ਉਰਫ ਹੈਰੀ, ਮਲਕੀਤ ਉਰਫ ਮਾਈਕਲ, ਲਾਹੌਰ ਵਾਲਾ ਅਲੀ ਤੇ ਕਰਾਚੀ ਵਾਲਾ ਅਸ਼ਰਫ।
'ਅੱਜ ਇਧਰ ਨੂੰ ਕਿਵੇਂ ਆ ਗਿਆ', ਹੈਰੀ ਨੇ ਕੈੱਨ ਨੂੰ ਪੁੱਛਿਆ।
'ਓਏ ਹੈਰੀ, ਅੱਜ ਤਾਂ ਮਜ਼ਾ ਹੀ ਆ ਗਿਐ। ਬਲੈਕਟਾਊਨ ਤੋਂ ਪੈਰਾਮੈਟਾ 110 ਡਾਲਰ।
'ਕੈੱਨ, ਝੂਠ ਵੀ ਉਨਾ ਕੁ ਬੋਲਣਾ ਚਾਹੀਦਾ ਜਿੰਨਾ ਕੁ ਠੀਕ ਲੱਗੇ। ਤੈਨੂੰ 110 ਡਾਲਰ ਕੌਣ ਦੇ ਗਿਐ?'
'ਹੈਰੀ ਸੌਂਹ ਰੱਬ ਦੀ। ਮੋਟਰਵੇਅ ਤਾਂ ਜਾਮ ਹੀ ਹੋ ਗਿਆ ਸੀ। ਸਵਾਰੀ ਨੇ ਆਪ ਚੁਣਿਆ ਸੀ। ਕਹਿੰਦੀ ਮੋਟਰਵੇਅ ਰਾਹੀਂ ਜਾਣਾ ਏ ਮਿੰਟਾਂ-ਸੈਕਿੰਟਾਂ ਵਿਚ, ਹਾਈਵੇਅ ਰਾਹੀਂ ਨਹੀਂ। ਜਦ ਰੱਬ ਦਿੰਦਾ ਏ ਤਾਂ ਛੱਪਰ ਫਾੜ ਕੇ ਦਿੰਦਾ ਏ। ਮੀਟਰ 'ਤੇ ਬਣਿਆ ਭਾੜਾ ਤਾਂ ਉਸ ਗੋਰੀ ਨੂੰ ਦੇਣਾ ਹੀ ਪੈਣਾ ਸੀ।'
'ਕਮਾਲ ਹੋ ਗਈ, ਕੈੱਨ। ਜੇ ਮੈਂ ਤੈਨੂੰ ਕੱਲ੍ਹ ਐਤਵਾਰ ਦੀ ਮੇਰੇ ਨਾਲ ਵਾਪਰੀ ਸੁਣਾਵਾਂ ਫਿਰ ਤਾਂ ਤੂੰ ਟੱਬਰ ਸਮੇਤ ਧਰਤੀ ਵਿਚ ਧੱਸ ਜਾਵੇਂਗਾ।'
'ਕੀ ਵਾਪਰ ਗਿਐ? ਏਅਰਪੋਰਟ ਗਿਆ ਸੀ? ਸਿਟੀ ਗਿਆ ਸੀ?'
'ਨਾ, ਨਾ, ਰੱਬ ਨੇ ਸਿੱਧਾ 500 ਡਾਲਰ ਸੁੱਟ ਦਿੱਤਾ।'
'ਸੱਚ! ਇਹ ਕਿਵੇਂ ਹੋ ਗਿਐ? ਮੈਂ ਤਾਂ ਅੱਜ ਤੱਕ ਸਿਰਫ ਦੋ ਡਰਾਈਵਰ ਦੇਖੇ ਜਿਨ੍ਹਾਂ ਨੂੰ 400 ਦੀ ਜਾਬ ਪਈ ਸੀ। ਤੂੰ ਤਾਂ ਰਿਕਾਰਡ ਹੀ ਤੋੜ ਦਿੱਤਾ। ਹੋਇਆ ਕੀ ਸੀ? ਸੁਣਾ ਤਾਂ ਸਹੀ?'
'ਮੈਂ ਟੈਕਸੀ ਰੈਂਕ ਦੇ ਮੂਹਰਿਓ ਤੀਜੇ ਨੰਬਰ 'ਤੇ ਸਾਂ। ਦੋ ਗੋਰੀਆਂ ਤੇ ਨਾਲ ਇਕ ਛੇ ਕੁ ਸਾਲ ਦਾ ਮੁੰਡਾ। ਮੈਂ ਧਿਆਨ ਨਾਲ ਦੇਖ ਰਿਹਾ ਸਾਂ ਕਿ ਉਹ ਸਭ ਤੋਂ ਮੂਹਰਲੇ ਡਰਾਈਵਰ ਨਾਲ ਕੋਈ ਗਿਟਮਿਟ ਕਰ ਰਹੀਆਂ ਸਨ। ਡਰਾਈਵਰ ਨੇ ਉਹਨਾਂ ਨੂੰ ਉਨ੍ਹਾਂ ਦਾ ਪਹੁੰਚਣ ਵਾਲਾ ਟਿਕਾਣਾ ਪੁੱਛੇ ਬਗੈਰ ਕੁਝ ਬੋਲਿਆ। ਸ਼ਾਇਦ ਕੋਈ ਭਾਨ ਨਾਲ ਸੰਬੰਧਿਤ ਗੱਲ ਸੀ। ਇਹ ਸੁਣ ਕੇ ਉਹ ਚੁੱਪ ਕਰ ਗਈਆਂ। ਇਨ੍ਹਾਂ ਵਿਚੋਂ ਇਕ ਗੋਰੀ ਆਪਣੀ ਸਿਗਰਟ ਮੁਕਾ ਰਹੀ ਸੀ। ਇੰਨੇ ਚਿਰ ਵਿਚ ਦੋ ਸਵਾਰੀਆਂ ਉਪਰ ਰੇਲਵੇ ਕਨਕੋਰਸ ਤੋਂ ਉੱਤਰੀਆਂ ਤੇ ਆ ਕੇ ਮੂਹਰਲੀਆਂ ਦੋਹਾਂ ਗੱਡੀਆਂ ਵਿਚ ਬੈਠ ਗਈਆਂ। ਇਹ ਗੱਡੀਆਂ ਤੁਰ ਗਈਆਂ। ਵਾਰੀ ਮੇਰੀ ਸੀ। ਗੋਰੀ ਦੀ ਸਿਗਰਟ ਵੀ ਖਤਮ ਹੋ ਗਈ ਸੀ। ਦੋਨੋਂ ਜਣੀਆਂ ਤੇ ਲੜਕਾ ਮੇਰੀ ਗੱਡੀ ਵਿਚ ਬੈਠ ਗਏ। ਇਕ ਗੋਰੀ ਅੱਧਖੜ ਸੀ ਤੇ ਦੂਜੀ ਉਹਦੀ ਜਵਾਨ ਧੀ। ਮੈਂ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ। ਉਹ ਬੋਲੀ ਬਲਿਊ ਮਾਉਂਟੇਨਜ਼ (2&ue $ounta}ns) । ਮੈਂ ਸੁਣ ਕੇ ਚੁੱਪ ਕਰ ਗਿਆ। ਪਹਿਲਾਂ ਗੱਡੀ ਤੋਰੀ ਤੇ ਰੈਂਕ ਤੋਂ ਬਾਹਰ ਕੱਢੀ। ਜਦ ਡਰਾਈਵਰ ਇਕ ਵਾਰੀ ਰੈਂਕ ਤੋਂ ਬਾਹਰ ਨਿਕਲ ਜਾਵੇ ਫਿਰ ਸਵਾਰੀ ਕਾਬੂ ਹੋ ਗਈ ਹੁੰਦੀ ਏ। ਇਸ ਹਾਲਤ ਵਿਚ ਵਿਚਾਰਾਂ ਦਾ ਕੋਈ ਮਤਭੇਦ ਹੋ ਜਾਵੇ ਤਾਂ ਡਰਾਈਵਰ ਤੇ ਸਵਾਰੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੇ ਇਹ ਮੱਤਭੇਦ ਰੈਂਕ ਦੇ ਅੰਦਰ ਹੀ ਪੈਦਾ ਹੋ ਜਾਵੇ ਤਾਂ ਸਵਾਰੀ ਇਕਦਮ ਗੱਡੀ 'ਚੋਂ ਬਾਹਰ ਨਿਕਲ ਜਾਂਦੀ ਏ ਤੇ ਦੂਜੀ ਗੱਡੀ ਫੜ੍ਹ ਲੈਂਦੀ ਏ।'
'ਨਾਓ ਟੈੱਲ ਮੀ ਵੇਅਰ ਯੂ ਆਰ ਗੋਇੰਗ ਟੂ?'
'ਬਲਿਊ ਮਾਉਂਟੇਨਜ਼ (2&ue $ounta}ns) ' ਅੱਧਖੜ ਗੋਰੀ ਬੋਲੀ।
'ਕੀ ਤੁਹਾਨੂੰ ਪਤਾ ਏ ਕਿ ਨੇਪੀਅਨ ਦਰਿਆ ਤੋਂ ਬਾਅਦ ਦੁੱਗਣਾ ਕਿਰਾਇਆ ਲੱਗੇਗਾ?' ਹੈਰੀ ਕਹਿੰਦਾ ਕਿ ਉਸਨੇ ਪੁੱਛਿਆ।
'ਨਹੀਂ, ਕੌਣ ਕਹਿੰਦਾ?'
'ਜਦ ਗੱਡੀ ਸਿਡਨੀ ਦੇ ਕਿਸੇ ਵੀ ਪਾਸੇ ਸ਼ਹਿਰ ਤੋਂ ਬਾਹਰ ਜਾਂਦੀ ਏ ਤਾਂ ਬਾਹਰਲੇ ਸਫਰ ਦਾ ਭਾੜਾ ਦੁੱਗਣਾ ਹੁੰਦਾ ਏ। ਜੇ ਨਹੀਂ ਯਕੀਨ ਆਉਂਦਾ ਤਾਂ ਓਹ ਗੱਡੀ ਉੱਪਰ ਲਿਖਿਆ ਹੋਇਆ ਨੰਬਰ ਮਿਲਾ ਲਓ ਤੇ ਸਾਡੇ ਦਫਤਰ ਤੋਂ ਪੁੱਛ ਲਓ।'
'ਓ ਕੇ. ਨੋ ਪ੍ਰਾਬਲਮ।'
'ਮੈਂ ਸੋਚਿਆ ਸਵਾਰੀਆਂ ਟਿਕ ਗਈਆਂ ਸਨ,' ਹੈਰੀ ਦੱਸਦਾ ਗਿਆ।
'ਟੈਕਸੀ ਮੋਟਰਵੇਅ 'ਤੇ ਪੈ ਗਈ। ਸਫਰ ਦੀਆਂ ਧੱਜੀਆਂ ਉਡਾਉਂਦੀ ਹੋਈ ਟੈਕਸੀ ਨੇਪੀਅਨ ਦਰਿਆ ਪਾਰ ਕਰ ਗਈ। ਮੀਟਰ 'ਤੇ 100 ਡਾਲਰ ਬਣ ਗਿਆ। ਮੈਂ ਇਹ 100 ਮੰਗ ਲਿਆ। ਗੋਰੀ ਨੇ ਦੇ ਦਿੱਤਾ', ਹੈਰੀ ਦੱਸਦਾ ਗਿਆ।
'ਹੁਣ ਅੱਗੇ ਸਫਰ ਲੰਬਾ ਵੀ ਸੀ ਤੇ ਪਹਾੜੀ ਵੀ ਸੀ। ਮੀਟਰ ਮੈਂ ਦੁਬਾਰਾ ਚਲਾ ਦਿੱਤਾ ਕਿ ਅਗਲੇ ਭਾੜੇ ਨੂੰ ਦੁੱਗਣਾ ਕਰਕੇ ਮੰਗਣਾ ਸੌਖਾ ਹੋ ਜਾਵੇ। ਕੀ ਤੁਸੀਂ ਖਾਸ ਬਲਿਊ ਮਾਊਂਟੇਨਜ਼ ਸਟੇਸ਼ਨ 'ਤੇ ਜਾਣਾ ਹੈ ਜਾਂ ਹੋਰ ਕਿਤੇ,' ਹੈਰੀ ਕਹਿੰਦਾ ਮੈਂ ਸਵਾਰੀਆਂ ਦਾ ਆਖਰੀ ਟਿਕਾਣਾ ਜਾਣਨਾ ਚਾਹਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਮੂਹਰੇ ਸੂਬਾ ਪੱਧਰੀ ਵਿਸ਼ਾਲ ਰੈਲੀ 11...
Ad Position 24