ਦੁਆਬੇ ਖ਼ਾਸ ਕਰ ਹੁਸ਼ਿਆਰਪਰ ਦਾ ਪੰਜਾਬੀ ਤੇ ਉਰਦੂ ਅਦਬ ਵਿਚ ਵਿਸ਼ੇਸ਼ ਸਥਾਨ ਹੈ ਤੇ ਇਹ ਇਲਾਕਾ ਗ਼ਜ਼ਲ ਦੀ ਕਾਰਜਸ਼ਾਲਾ ਰਿਹਾ ਹੈ। ਪਿੰਡ ਗੋਲੀਆਂ (ਹੁਸ਼ਿਆਰਪੁਰ) ਦਾ ਜੰਮਪਲ ਪੰਜਾਬੀ ਗ਼ਜ਼ਲ ਦਾ ਖ਼ੂਬਸੂਰਤ ਹਸਤਾਖ਼ਰ ਸੁਰਿੰਦਰ ਸੀਹਰਾ ਵੀ ਏਸੇ ਲੜੀ ਦਾ ਨਵਾਂ ਦੌਰ ਹੈ। ਉਸ ਦੀਆਂ ਗ਼ਜ਼ਲਾਂ ਅਲਜਬਰੇ ਦੇ ਸਵਾਲਾਂ ਵਰਗੀਆਂ ਨਹੀਂ ਹੁੰਦੀਆਂ ਬਲਕਿ ਇਨ੍ਹਾਂ ਵਿੱਚੋਂ ਸੱਜਰੇ ਸੁਰਤਾਲ ਦਾ ਅਹਿਸਾਸ ਹੁੰਦਾ ਹੈ। ਬੇਹੇ ਤੇ ਵਾਰ ਵਾਰ ਵਰਤੇ ਪ੍ਰਤੀਕ ਉਸ ਨੂੰ ਪਸੰਦ ਨਹੀਂ ਹਨ, ਉਸ ਨੂੰ ਨਵੀਆਂ ਤਸ਼ਬੀਹਾਂ ਦੀ ਤਲਾਸ਼ ਰਹਿੰਦੀ ਹੈ। ਉਸ ਦੀਆਂ ਗ਼ਜ਼ਲਾਂ ਵਿਚਲੇ ਇਤਿਹਾਸਕ ਤੇ ਮਿਥਹਾਸਕ ਹਵਾਲੇ ਵਰਤਮਾਨ ਨਾਲ ਕਦਮਤਾਲ ਕਰਦੇ ਹਨ। ਬੀ. ਏ. ਦੀ ਤਾਲੀਮ ਹਾਸਿਲ ਕਰਨ ਉਪਰੰਤ ਉਹ ਇੰਗਲੈਂਡ ਚਲਾ ਗਿਆ ਪਰ ਏਥੇ ਆ ਕੇ ਵੀ ਉਸ ਦੀ ਗ਼ਜ਼ਲਕਾਰੀ ਵਿਚ ਖੜੋਤ ਨਹੀਂ ਆਈ। ਉਸ ਦੀ ਨਿਰੰਤਰਤਾ ਨੇ ਪੰਜਾਬੀ ਗ਼ਜ਼ਲ ਸਾਹਿਤ ਨੂੰ ਚਾਰ ਗ਼ਜ਼ਲ ਸੰਗ੍ਰਹਿ ਭੇਟ ਕੀਤੇ ਹਨ ਜਿਨ੍ਹਾਂ 'ਚੋਂ 'ਸ਼੍ਰੀ' ਉਸ ਦਾ ਤਾਜ਼ਾਤਾਰੀਨ ਗ਼ਜ਼ਲ ਸੰਗ੍ਰਹਿ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002
ਘਰਾਂ ਵਿਚ ਸ਼ਸਤਰਾਂ ਦੇ ਨਾਲ ਪਈਆਂ ਪੁਸਤਕਾਂ ਕਿਉਂ ਨੇ।
ਲਹੂ ਮਿੱਟੀ 'ਤੇ ਜੇ ਵਹਿਣਾ ਅਸਾਂ ਅੰਦਰ ਰਗਾਂ ਕਿਉਂ ਨੇ।
ਜੇ ਵਿਛੜੇ ਹਾਂ ਮਨਾਂ ਅੰਦਰ ਅਜੇ ਵੀ ਤਲਖ਼ੀਆਂ ਕਿਉਂ ਨੇ।
ਇਨ੍ਹਾਂ ਜੰਗਰ ਜਿਹੇ ਜ਼ਖ਼ਮਾਂ 'ਤੇ ਇੰਨੀਆਂ ਬਰਕਤਾਂ ਕਿਉਂ ਨੇ।
ਖ਼ੁਰਾਸਾਨਾ ਕਦੀ ਕੀਤਾ, ਕਦੀ ਦੁਰਯੋਧਨਾਂ ਕੀਤਾ,
ਤੇਰੇ ਸੰਧੂਰ ਉਪਰੇਸ਼ਨ 'ਚ ਇੰਨੀਆਂ ਖ਼ਾਮੀਆਂ ਕਿਉਂ ਨੇ।
ਤੁਰੇ ਜਾਂਦੇ ਭਲੇ ਮੁੱਖੜੇ 'ਤੇ ਨਹੁੰਦਰ ਮਾਰ ਜਾਂਦੇ ਨੇ,
ਅਸੀਸੀ ਚਿਹਰਿਆਂ ਅੰਦਰ ਅਸਾਊ ਆਦਤਾਂ ਕਿਉਂ ਨੇ।
ਇਕੱਠੇ ਕਿਉਂ ਨਹੀਂ ਵਰ੍ਹਦੇ ਛਰਾਟੇ ਰਹਿਣ ਕਿਉਂ ਕਰਦੇ,
ਅਨਾੜੀ ਆਗੂਆਂ ਵਾਂਗਰ ਇਹ ਬੱਦਲ ਥਾਂ ਕੁ ਥਾਂ ਕਿਉਂ ਨੇ।
ਜਿਨ੍ਹਾਂ ਨੇ ਸੱਚ ਵਿਖਾਉਣਾ ਸੀ ਜਿਨ੍ਹਾਂ ਕੁਝ ਕਹਿ ਸੁਣਾਉਣਾ ਸੀ,
ਉਹ ਸ਼ੀਸ਼ੇ ਹੋ ਗਏ ਕਾਲੇ ਤੇ ਅੱਖਰ ਬੇਜ਼ੁਬਾਂ ਕਿਉਂ ਨੇ।
ਤੇਰੇ ਚਿਹਰੇ 'ਤੇ 'ਸੀਹਰੇ' ਨੇ ਕਦੇ ਬਰਖਾ ਨਹੀਂ ਵੇਖੀ,
ਤੇਰੇ ਚਿਹਰੇ 'ਤੇ ਸਜੀਆਂ ਸੁਹਣਿਆਂ ਇਹ ਕਹਿਕਸ਼ਾਂ ਕਿਉਂ ਨੇ।
*
*
ਤੜਪਣਾ ਤਲਖ਼, ਤੇਜ਼ ਤਰਾਰ ਨਹੀਂ।
ਤੇਰੀ ਇਹ ਜ਼ਹਿਰ ਪਾਏਦਾਰ ਨਹੀਂ।
ਤੂੰ ਮੇਰੀ ਕਲਪਣਾ 'ਚੋਂ ਉੱਡ ਜਾ ਫਿਰ,
ਅਗਰ ਹੋਣਾ ਤੇਰਾ ਦੀਦਾਰ ਨਹੀਂ।
ਪਰ੍ਹੇ ਕਰ ਢਾਲ ਅਪਣੇ ਲਫ਼ਜ਼ਾਂ ਦੀ,
ਮੈਂ ਸੀਨਾ ਹਾਂ ਕੋਈ ਤਲਵਾਰ ਨਹੀਂ।
ਕਦੀ ਇਕ ਦੂਸਰੇ ਦੀ ਤਹਿ ਤੀਕਰ,
ਕਦੀ ਇਕ ਦੂਸਰੇ ਦੀ ਸਾਰ ਨਹੀਂ।
ਕੀ ਵਹਿਣੀ ਮੇਲ ਹੈ ਇਹ ਪਾਣੀਆਂ ਦਾ,
ਕੋਈ ਆਨੰਦ ਚਾਅ ਮਲ੍ਹਾਰ ਨਹੀਂ।
ਹਵਾ ਮਹਿਸੂਸ ਕਰਦੀ ਹੈ ਤਾਂ ਕਰੇ,
ਤੂੰ ਖ਼ੁਸ਼ਬੂ ਏਂ, ਕਿਸੇ 'ਤੇ ਭਾਰ ਨਹੀਂ।
ਮੈਂ ਤੇਰੀ ਆਤਮਾ ਦਾ ਆੜੀ ਹਾਂ,
ਮੈਂ ਤੇਰੇ ਰੂਪ ਦਾ ਫ਼ਨਕਾਰ ਨਹੀਂ।