08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭੁਲੱਕੜਨਾਮਾ ਚੋਰ

Ad Position 21
No active advertisement
ਅਜੀਤ ਡੈਸਕ 05-04-2026

ਅਸੀਂ 1951 ਵਿਚ ਪੁਰਾਣੇ ਘਰ ਵਿਚੋਂ ਨਵੇਂ ਘਰ ਵਿਚ ਆ ਗਏ। ਇਹ ਘਰ ਪਿੰਡ ਦੇ ਦਰਵਾਜ਼ੇ ਅੰਦਰ ਇਕ ਤੰਗ ਜਿਹੀ ਗਲੀ ਵਿਚ ਸੀ। ਮੇਰੇ ਬਾਈ ਜੀ ਗੁਰਦੇਵ ਸਿੰਘ ਅਤੇ ਚਾਚਾ ਛੱਜੂ ਸਿੰਘ ਲੁਧਿਆਣੇ ਹੌਜ਼ਰੀ ਦਾ ਕੰਮ ਕਰਨ ਜਾਂਦੇ ਸਨ। ਸ਼ਹਿਰ ਵਿਚ ਲੋਕਾਂ ਦੇ ਨਵੇਂ-ਨਵੇਂ ਘਰ ਬਣੇ ਦੇਖ ਕੇ ਉਨ੍ਹਾਂ ਦੇ ਮਨ ਵਿਚ ਵੀ ਆਪਣੇ ਪਿੰਡ ਵਿਚ ਇਕ ਵਧੀਆ ਘਰ ਬਣਾਉਣ ਦੀ ਇੱਛਾ ਪਨਪਣਾ ਲੱਗੀ। ਜਿਹੜੇ ਪੁਰਾਣੇ ਘਰ ਵਿਚ ਅਸੀਂ ਰੰਿਹੰਦੇ ਸੀ ਉਹ ਸਾਂਝੇੇ ਪਰਿਵਾਰ ਲਈ ਬਹੁਤ ਛੋਟਾ ਸੀ। ਕੜੀਆਂ ਅਤੇ ਸਲਵ੍ਹਾੜ ਦੀ ਛੱਤ ਵਾਲੀਆਂ ਦੋ ਛੋਟੀਆਂ, ਛੋਟੀਆਂ ਕੱਚੀਆਂ ਕੋਠੜੀਆਂ ਸਨ।
ਦੋਵਾਂ ਭਾਈਆਂ ਨੇ ਪਿੰਡ ਵਿਚ ਹੀ ਇਕ ਖੋਲ਼ਾ ਲੈ ਲਿਆ। ਉਹ ਇਕ ਸੋੌ ਵੀਹ ਵਰਗ ਗਜ਼ ਜਗਾ੍ਹ ਸੀ। ਉਸਦੇ ਵਿਚ ਦੋ ਕਮਰੇ ਬਣਾ ਲਏ ਦੋਵਾਂ ਦੇ ਪਿੱਛੇ ਛੋਟੇ-ਛੋਟੇ ਵਿਹੜੇ ਵੀ ਰੱਖ ਲਏ ਸਨ। ਇਕ ਛੋਟਾ ਜਿਹਾ ਵਿਹੜਾ ਅੱਗੇ ਵੀ ਸੀ। ਪਿਛਲੇ ਇਕ ਵਿਹੜੇ ਵਿਚ ਚੌਂਕਾ ਚੁਲ੍ਹਾ ਸੀ। ਉਸਦੇ ਤਿੰਨੇ ਪਾਸੇ ਪਿਛਲੇ ਗਵਾਂਢੀਆਂ ਦੀਆਂ ਕੰਧਾਂ ਸਨ। ਇਸ ਲਈ ਉਹ ਦਰਵਾਜ਼ਾ ਖੁੱਲ੍ਹਾ ਛੱਡਿਆ ਹੋਇਆ ਸੀ। ਉਸ ਦਰਵਾਜ਼ੇ ਨੂੰ ਪੱਲੇ ਨਹੀਂ ਸਨ ਲੱਗੇ ਹੋਏ। ਇੱਟ ਬਾਲੇ ਵਾਲੀ ਛੱਤ ਵਾਲੇ ਮਕਾਨ ਨੂੰ ਵਧੀਆ ਮੰਨਿਆ ਜਾਂਦਾ ਸੀ। ਰਾਜ ਮਿਸਤਰੀ ਮਖੌਲ, ਮਖੌਲ ਵਿਚ ਦੋ ਪੱਕੀਆਂ ਪੌੜੀਆਂ ਚੜ੍ਹਾ ਗਏ ਸਨ। ਗੱਲ ਤਾਂ ਉਨ੍ਹਾਂ ਦੀ ਵੀ ਠੀਕ ਸੀ, ਬਈ ਦੋ ਭਾਈ ਨੇ ਕੱਲ੍ਹ ਨੂੰ ਦੋਨੋਂ ਜੇ ਅੱਡ ਵਿੱਢ ਹੋ ਗਏ ਤਾਂ ਪੌੜੀ ਦਾ ਰੌਲਾ ਤਾਂ ਨਹੀਂ ਪਊਗਾ।
ਦੋਹਾਂ ਕਮਰਿਆਂ ਦੇ ਵਿਚਕਾਰ ਇਕ ਦਰਵਾਜ਼ਾ ਰੱਖਿਆ ਹੋਇਆ ਸੀ। ਮੇਰੀ ਬੀਬੀ ਨੇ ਅਤੇ ਮਾਸੀ (ਚਾਚੀ) ਦੋਵਾਂ ਨੇ ਕਮਰਿਆਂ ਵਿਚ ਰੱਖੇ ਕੰਸਾਂ ਉਤੇ ਫੁਲ ਬੂਟਿਆਂ ਦੀ ਸ਼ਾਨਦਾਰ ਕਢਾਈ ਵਾਲੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਉਤੇ ਕੱਪ ਪਲੇਟਾਂ ਕੱਚ ਦੇ ਗਿਲਾਸ਼ ਸਜਾ ਕੇ ਰੱਖੇ ਹੋਏ ਸਨ। ਬਾਈ ਜੀ ਨੇ ਕਹਿਣਾ 'ਬਹੁਤਾ ਦਿਖਾਵਾ ਨਹੀਂ ਕਰੀਦਾ ਘਰ ਦੀਆਂ ਚੀਜ਼ਾਂ ਦੀ ਕਦੇ ਨੁਮਾਇਸ਼ ਨਹੀਂ ਲਾਈਦੀ'। ਪਰ ਨਾ ਹੀ ਬੀਬੀ ਅਤੇ ਨਾ ਹੀ ਮਾਸੀ ਨੇ ਉਨ੍ਹਾਂ ਦੀਆਂ ਗੱੱਲਾਂ ਵੱਲ ਕਦੇ ਬਹੁਤਾ ਧਿਆਨ ਦਿੱਤਾ ਸੀ।
ਗਰਮੀਆਂ ਵਿਚ ਹੋਰ ਲੋਕਾਂ ਵਾਂਗ ਅਸੀ ਘਰ ਦੀ ਛੱਤ ਉਤੇ ਹੀ ਸੌਂਦੇ। ਇਕ ਕਮਰੇ ਨੂੰ ਅਸੀਂ ਅੰਦਰੋਂ ਕੁੰਡੀ ਲਾ ਦੇਣੀ। ਦੂਜੇ ਕਮਰੇ ਦੇ ਦਰਵਾਜ਼ੇ ਅੰਦਰ ਲੱਗੇ ਛਬਕੇ ਦੀ ਕੁੰਡੀ ਵਿਚ ਇਕ ਕਿੱਲੀ ਜਿਹੀ ਫਸਾਕੇ ਬਾਹਰੋਂ ਦਰਵਾਜ਼ੇ ਨੂੰ ਜਿੰਦਾ ਲਾਕੇ ਛੱਤ ਉਪਰ ਜਾ ਸੌਂਦੇ।
ਇਕ ਹਨੇਰੀ ਰਾਤ ਨੂੰ ਪੁਰੇ ਦੀ ਠੰਢੀ ਹਵਾ ਚਲਦੀ ਸੀ। ਸਾਡਾ ਗਵਾਂਢੀ ਆਪਣੇ ਕਿਸੇ ਪਰਿਵਾਰ ਦੇ ਜੀਆਂ ਨਾਲ ਗੱਲਾਂ ਕਰ ਰਿਹਾ ਸੀ 'ਅੱਜ ਤਾਂ ਪੁਰਾ ਚੱਲਦਾ। ਧਿਆਨ ਨਾਲ ਪੈਣਾ। ਚੋਰ ਅਜਿਹੀ ਰਾਤ ਦਾ ਬਹੁਤ ਫਾਇਦਾ ਉਠਾਉਂਦੇ ਹੁੰਦੇ ਨੇ। ਕਿਉਂਕਿ ਪੁਰੇ ਦੀ ਹਵਾ ਵਿਚ ਨੀਂਦ ਬਹੁਤ ਛੇਤੀ ਆ ਜਾਂਦੀ ਹੈ। ਇਸੇ ਲਈ ਅਜਿਹੀ ਰਾਤ ਨੂੰ ਚੋਰਾਂ ਦੀ ਰਾਤ ਕਹਿੰਦੇ ਹਨ'। ਉਸ ਦੀਆਂ ਗੱਲਾਂ ਸੁਣਦੇ-ਸੁਣਦੇ ਸਾਡਾ ਸਾਰਾ ਟੱਬਰ ਸੌਂ ਗਿਆ।
ਇਕ ਘੜੀ ਪਾਣੀ ਦੀ ਭਰ ਕੇ ਬੀਬੀ ਹਰ ਰਾਤ ਨੂੰ ਛੱਤ ਉਤੇ ਆਪਣੇ ਸਿਰਹਾਣੇ ਰੱਖਦੀ। ਜਿਸ ਨੂੰ ਵੀ ਪਾਣੀ ਦੀ ਪਿਆਸ ਲਗਦੀ ਉਹ ਘੜੀ ਵਿਚੋਂ ਠੰਢੇ ਪਾਣੀ ਦਾ ਗਿਲਾਸ ਭਰ ਕੇੇ ਪੀ ਲੈਂਦਾ। ਇਕ ਰਾਤ ਨੂੰ ਬੀਬੀ ਪਾਣੀ ਦੀ ਘੜੀ ਤਾਂ ਲੈ ਆਈ ਪਰ ਗਿਲਾਸ ਲਿਆਉਣਾ ਭੁਲ ਗਈ। ਸਭ ਤੋਂ ਪਹਿਲਾਂ ਬੀਬੀ ਨੂੰ ਹੀ ਪਿਆਸ ਲੱਗੀ। ਜਦ ਉਸ ਨੇ ਪਾਣੀ ਪੀਣਾ ਚਾਹਿਆ ਤਾਂ ਗਿਲਾਸ ਹੈ ਨਹੀਂ ਸੀ। ਉਸ ਨੇ ਆਪਣੇ ਸਿਰਹਾਣੇ ਹੇਠੋਂ ਚਾਬੀ ਚੁੱਕੀ। ਗਿਲਾਸ ਲੈਣ ਲਈ ਹੇਠਾਂ ਚਲੀ ਗਈ। ਜਦੋਂ ਉਹ ਜਿੰਦਾ ਖੋਲ੍ਹ ਕੇ ਦਰਵਾਜ਼ਾ ਖੋਲ੍ਹਣ ਲੱਗੀ ਤਾਂ ਖੁਲ੍ਹਿਆ ਹੀ ਨਾ। ਉਸ ਨੂੰ ਸ਼ੱਕ ਪਈ ਜਿਵੇਂ ਕਿਸੇ ਨੇ ਅੰਦਰ ਵੜਕੇ ਅੰਦਰੋਂ ਕੁੰਡਾ ਲਾ ਲਿਆ ਹੋਵੇ। ਉਸ ਨੂੰ ਅੰਦਰੋਂ ਮਾਮੂਲੀ ਖੜਕਾ ਜਿਹਾ ਵੀ ਸੁਣਿਆ। ਉਸ ਦੀ ਸ਼ੱਕ ਪੱਕੀ ਹੋ ਗਈ। ਬੀਬੀ ਡਰਦੀ, ਡਰਦੀ ਪੌੜੀਆਂ ਚੜ੍ਹੀ। ਉਹ ਬਾਈ ਜੀ ਦੇ ਮੰਜੇੇ ਕੋਲ ਜਾ ਕੇ ਬੋਲੀ 'ਤੇਲੂ ਦੇੇ ਬਾਈ ਸੁਣਦਾ ਨੀ੍ਹਂ ਮੈਨੂੰ ਲਗਦੈ ਜਿਵੇਂ ਹੇਠਾਂ ਆਪਣੇ ਅੰਦਰ ਕੋਈ ਚੋਰ ਵੜਿਆ ਹੋਵੇੇ। ਬਾਈ ਜੀ ਉਬੜਬਾਏ ਉਠਦੇੇ ਬੋਲੇ 'ਚੋਰ!' ਉਨ੍ਹਾਂ ਦੀ ਆਵਾਜ਼ ਸੁਣ ਕੇ ਚਾਚਾ ਵੀ ਜਾਗਦੀ ਸਾਰ ਬੋਲਿਆ 'ਚੋਰ ਕਿੱਥੇ ਹੈ! ਚੋਰ'? ਚਾਚੇ ਦੀ ਅਵਾਜ਼ ਸੁਣ ਕੇ ਗੁਆਂਢੀ ਵੀ ਸਾਡੀ ਛੱਤ ਉਤੇ ਆ ਗਏ'। 'ਚੱਲੋ ਹੇਠਾਂ ਚੱਲ ਕੇ ਦੇਖੀਏ ਤਾਂ ਸਈ' ਇਕ ਗਵਾਂਢੀ ਨੇ ਕਿਹਾ ਤਾਂ ਸਾਰੇ ਛੱਤ ਉਪਰੋਂ ਉਤਰਕੇ ਹੇਠਾਂ ਆ ਗਏ। ਜਦੋਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰੀ ਤਾਂ ਉਹ ਖੁੱਲ੍ਹਿਆ ਹੀ ਨਾ। ਉਸ ਦੇ ਮੂੰਹੋਂ ਵੀ ਨਿਕਲ ਗਿਆ। 'ਹਾਂ ਬਈ ਥੋਡੇ ਅੰਦਰ ਤਾਂ ਜ਼ਰੂਰ ਕੋਈ ਹੈ ਗਾ। ਮੈਨੂੰ ਲਗਦਾ ਹੋਣਗੇੇ ਵੀ ਦੋ ਜਣੇ'। ਕਿਹਾ ਜਾਂਦਾ ਕਿ ਚੋਰ ਅਤੇ ਸੱਪ ਦਾ ਭੈਅ ਬਹੁਤ ਹੁੰਦਾ ਹੈ। ਮੈਂ ਅਤੇ ਮੈਥੋਂ ਛੋਟੇ ਭੈਣ ਭਰਾ ਡਰਦੇ ਮਾਰੇ ਰੋਣ ਲੱਗ ਪਏ। ਚਾਚੇ ਨੇ ਗੁੱਸੇ ਵਿਚ ਆਕੇ ਸਾਡੇ ਦੋ ,ਦੋ ਥੱਪੜ ਜੜ ਦਿੱਤੇ। ਅਸੀਂ ਹੋਰ ਉੱਚੀ, ਉਚੀ ਰੋਂਦੇ ,ਰੋਂਦੇ ਪੌੜੀਆਂ ਦੇ ਪੌਡਿਆਂ ਉਤੇ ਬੈਠ ਗਏ। ਸੁਣਤੋ, ਸੁਣਤੋ ਸਾਰੇ ਪਿੰਡ ਵਿਚ ਸਾਡੇ ਘਰ ਚੋਰ ਹੋਣ ਦੀ ਗੱਲ ਫੈਲ ਗਈ। ਲੋਕ ਗੰਡਾਸੇ, ਬਰਛੇ ਅਤੇ ਅਤੇ ਟਕੂਏ ਚੁੱਕੀ ਸਾਡੇ ਘਰ ਵੱਲ ਨੂੰ ਆ ਰਹੇ ਸਨ। ਕਿਸੇ ਦੇ ਹੱਥ ਵਿਚ ਬੈਟਰੀ ਸੀ। ਕਿਸੇ ਦੇ ਹੱਥ ਵਿਚ ਲਾਲਟੈਣ। ਜਿਹੜਾ ਵੀ ਕੋਈ ਆਉਂਦਾ ਪਹਿਲਾਂ ਬੰਦ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ। ਜਦ ਉਹ ਨਾ ਖੁੱਲ੍ਹਦਾ ਤਾਂ ਉਹ ਕਹਿੰਦਾ 'ਬਈ ਤਾਂ ਇਹ ਕੋਈ ਪੱਕਾ ਚੋਰ ਹੈ। ਬਚ ਕੇ ਰਿਹੋ ਕਿਤੇ ਅੰਦਰੋਂ ਨਿਕਲਦੀ ਸਾਰ ਆਪਣੇ ਉਤੇ ਹਮਲਾ ਨਾ ਕਰ ਦੇਵੇ'। ਦੂਜਾ ਬੋਲਦਾ 'ਆਪਾਂ ਕਿਤੇ ਮਿੱਟੀ ਦੇ ਬਣੇ ਹੋਏ ਹਾਂ ਉਧੇੜਕੇ ਕੱਚਿਆਂ ਨੂੰ ਖਾ ਜਾਵਾਂਗੇ ਕੀ ਯਾਦ ਰੱਖਣਗੇ ਬਈ ਕਦੇ ਘੁਆੜੇ (ਕੁਹਾੜੇ ) ਵੀ ਚੋਰੀ ਕਰਨ ਗਏ ਸੀ। ਦੋ ਜਣੇ ਦੇਖਕੇ ਤਾਂ ਆਓ ਫਿਰਨੀ ਵਿਚ ਜ਼ਰੂਰ ਇਨ੍ਹਾਂ ਦੇ ਨਾਲ ਦਾ ਕੋਈ ਖੜ੍ਹਾ ਹੋਊਗਾ' 'ਕਿਤੇ ਕੋਈ ਨਹੀਂ ਖੜ੍ਹਾ ਹੋਣਾ। ਰੌਲਾ ਸੁਣ ਕੇੇ ਸਭ ਤਿੱਤਰ ਹੋ ਗਏ ਹੋਣਗੇੇ'।
ਪੁਲੀਸ ਦੇ ਇਕ ਸਾਬਕਾ ਸਿਪਾਹੀ ਨੇ ਸਾਰਿਆਂ ਨੂੰ ਚੁੱਪ ਕਰਾਕੇ ਬਾਰੀ ਰਾਹੀਂ ਅੰਦਰ ਨੂੰ ਬੈਟਰੀ ਮਾਰਕੇ ਕਿਹਾ 'ਉਹ ਭਾਈ ਜੇ ਤੂੰ ਇਸੇ ਪਿੰਡ ਦਾ ਹੈਂ ਚੁੱਪ ਕਰਕੇ ਦਰਵਾਜ਼ਾ ਖੋਲ੍ਹ ਕੇ ਹੱਥ ਉੱਪਰ ਨੂੰ ਖੜ੍ਹੇ ਕਰਕੇ ਬਾਹਰ ਆ ਜਾ ਤੈਨੂੰ ਕੋਈ ਕੁਛ ਨਹੀਂ ਕਹਿੰਦਾ' ਅੰਦਰੋਂ ਕੋਈ ਜਵਾਬ ਨਾ ਆਇਆ। ਜਦ ਨੂੰ ਪਿੰਡ ਦਾ ਚੌਕੀਦਾਰ ਆ ਗਿਆ। ਲੋਕ ਉਸ ਦੇ ਦੁਆਲੇ ਹੋ ਗਏ। ਕੋਈ ਕਹੇ 'ਤੂੰ ਰਾਤ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਦਾ। ਤੇਰੇ ਨੱੱਕ ਹੇਠ ਚੋਰ ਕਿਵੇਂ ਆ ਵੜਿਆ ਇਸ ਘਰ ਵਿਚ? ਹਾੜ੍ਹੀ ਸਾਉਣੀ ਚੌਕੀਦਾਰਾ ਇਕੱਠਾ ਕਰਕੇ ਲੈ ਜਾਨਾ।' ਚੌਕੀਦਾਰ ਨੇ ਕਿਹਾ 'ਤੁਸੀਂ ਮੇਰੇ ਸਿਰ ਭਾਂਡਾ ਨਾ ਭੰਨੋ ਅਜੇ ਥੋੜ੍ਹਾ ਚਿਰ ਪਹਿਲਾਂ ਪਿੰਡ ਦੇ ਦਰਵਾਜ਼ੇ ਕੋਲ ਹਾਕ ਮਾਰਕੇ ਮੈਂ ਸਕੂਲ ਵੱਲ ਨੂੁੰ ਗਿਆਂ। ਮਗਰੋਂ ਆ ਵੜਿਆ ਹੋਊ ਕੋਈ'। ਇਕ ਨੇ ਚੌਕੀਦਾਰ ਦਾ ਪੱਖ ਲੈਂਦਿਆਂ ਕਿਹਾ, 'ਇਹਦੀ ਹਾਕ ਤਾਂ ਪਿੰਡ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਸੁਣਦੀ ਆ। ਚੌਕੀਦਾਰ ਦਾ ਫਰਜ਼ ਹੈ ਹਾਕ ਮਾਰਕੇ ਜਗਾਉਣਾ ਜੇ ਅਗਲਾ ਸੁੱਤਾ ਹੀ ਘੋੜੇ ਵੇਚ ਕੇ ਹੋਊ ਤਾਂ ਜਾਗੂ ਕਿਵੇਂ' 'ਕੋਈ ਨਾ ਅੱਜ ਇਹਨੂੰ ਵਾੜੋ ਕਿਵੇਂ ਨਾ ਕਿਵੇਂ ਅੰਦਰ ਇਸ ਦੀ ਚੌਕੀਦਾਰੀ ਦੇਖਦੇ ਹਾਂ'। 'ਅੰਦਰ ਤਾਂ ਮੈਂ ਵੜ ਜੂੰ ਅੰਦਰ ਵੜਨ ਨੂੰ ਕੋਈ ਰਾਹ ਤਾਂ ਹੋਵੇ ਜਾਂ ਫਿਰ ਕੋਈ ਤਖਤਾ ਪੱਟ ਹੋਊ'। ਸਾਡਾ ਪਿਛਲਾ ਗੁਆਂਢੀ ਬੋਲਿਆ 'ਤਖਤਾ ਪੱਟਣ ਦੀ ਕੀ ਲੋੜ ਹੈ। ਇਨ੍ਹਾਂ ਦੇ ਪਿੱਛੇ ਜਿਹੜਾ ਵਿਹੜਾ ਉਹਨੂੰ ਕਿਹੜਾ ਤਖ਼ਤੇ ਲੱਗੇ ਹੋਏ ਨੇ। ਆ ਜਾਓ ਉੱਪਰ ਦਿਖਾਵਾਂ ਨਾਲ ਦੇ ਘਰ ਦੀ ਛੱੱਤ ਕਾਫੀ ਨੀਵੀਂ ਹੈ। ਪਹਿਲਾਂ ਇਨ੍ਹਾਂ ਦੀ ਛੱਤ ਤੋਂ ਨਾਲ ਦੇ ਘਰ ਦੀ ਛੱਤ ਉਪਰ ਉਤਰ ਜਾਵੋ। ਫਿਰ ਇਨ੍ਹਾਂ ਦੇ ਵਿਹੜੇ ਵਿਚ ਛਾਲਾਂ ਮਾਰ ਕੇ ਖੁੱਲ੍ਹੇ ਦਰਵਾਜ਼ੇ ਰਾਹੀਂ ਜਾ ਵੜੋ ਅੰਦਰ' 'ਠਹਿਰੋ ਬਈ ਠਹਿਰੋ ਚੋਰ ਨੂੰ ਇਕ ਵਾਰ ਫਿਰ ਪੁੱਛ ਲਵੋ ਬਈ ਜੇ ਤੂੰ ਪਿੰਡ ਦਾ ਤਾਂ ਬਾਹਰ ਆਜਾ' ਇਕ ਹੋਰ ਬੋਲਿਆ 'ਐਂ ਉਹ ਨੇ ਕਿਥੇੇ ਬਾਹਰ ਆਉਣਾ ਉਹ ਤਾਂ ਕੁੱਟ ਕੇੇ ਹੀ ਬਾਹਰ ਕੱਢਣਾ ਪੈਣਾ'।
ਪਿੰਡ ਦੇ ਚੌਕੀਦਾਰ ਨਾਲ ਮੇਰਾ ਚਾਚਾ ਅਤੇ ਪਿੰਡ ਦਾ ਇਕ ਹੋਰ ਬੰਦਾ ਲਾਲਟੈਣ, ਬੈਟਰੀ, ਗੰਡਾਸਾ ਅਤੇ ਇਕ ਬਰਛਾ ਲੈ ਕੇ ਪਿਛਲੇ ਕੋਠੇ ਤੋਂ ਦੀ ਹੋ ਕੇ ਕਮਰੇ ਵਿਚ ਜਾ ਵੜੇ। ਬਾਹਰ ਖੜ੍ਹੇ ਲੋਕ ਬਾਰੀਆਂ ਦੀਆਂ ਜਾਲੀਆਂ ਨਾਲ ਸਿਰ ਜੋੜ ਕੇ ਅੰਦਰਲੇ ਦ੍ਰਿਸ਼ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ। ਅੰਦਰ ਵੜੇ ਤਿੰਨਾਂ ਬੰਦਿਆਂ ਨੇ ਸੰਦੂਕ ਅਤੇ ਪੇਟੀ ਦੇ ਪਿੱਛੋਂ ਦੀ ਬੈਟਰੀ ਮਾਰ, ਮਾਰ ਕੇ ਦੇਖਿਆ। ਉਨ੍ਹਾਂ ਨੂੰ ਕੋਈ ਚੋਰ ਨਾ ਮਿਲਿਆ। ਉਹ ਡਰਦੇ-ਡਰਦੇ ਦੋਵਾਂ ਕਮਰਿਆਂ ਦਾ ਸਾਂਝਾ ਦਰਵਾਜ਼ਾ ਖੋਲ੍ਹ ਕੇ ਨਾਲ ਲਗਦੇ ਕਮਰੇ ਵਿਚ ਵੜ ਗਏ। ਉਸ ਵਿਚ ਦੋ ਮੰਜਿਆਂ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਸ ਦੀ ਤਾਲਾਸ਼ੀ ਆਸਾਨੀ ਨਾਲ ਲਈ ਗਈ। ਕੁਝ ਵੀ ਪਿੜ ਪੱਲੇ ਨਾ ਪਿਆ। ਚਾਚੇ ਦੀ ਨਜ਼ਰ ਜਦੋਂ ਬਾਹਰ ਨੂੰ ਖੁੱਲ੍ਹਦੇ ਦਰਵਾਜ਼ੇ ਉਤੇੇ ਪਈ ਤਾਂ ਉਸ ਦੀ ਕੁੰਡੀ ਲੱਗੀ ਹੋਈ ਸੀ। ਚਾਚੇ ਨੇ ਸੋਚਿਆ 'ਛੱਤ 'ਤੇ ਜਾਣ ਲੱਗਿਆਂ ਇਸ ਕੁੰਡੀ ਵਿਚ ਤਾਂ ਅਸੀਂ ਰੋਜ਼ ਕਿੱਲੀ ਫਸਾਕੇ ਜਾਂਦੇ ਹਾਂ ਤਾਂ ਕਿ ਇਹ ਕੁੰਡੀ ਆਪਣੇ ਆਪ ਨਾ ਲੱਗ ਜਾਵੇ। ਕਿੱਲੀ ਪਾਉਣ ਪਿਛੋਂ ਹੀ ਕੁੰਡਾ ਲਾਉਂਦੇ ਹੁੰਦੇ ਹਾਂ। ਝਟਕੇ ਨਾਲ ਦਰਵਾਜ਼ਾ ਲਾਉਣ ਕਰਕੇ ਛਬਕਾ ਕੁੰਡੀ ਵਿਚ ਜਾ ਲੱਗਿਆ। ਦਰਵਾਜ਼ਾ ਅੰਦਰੋਂ ਵੀ ਬੰਦ ਹੋ ਗਿਆ' ਚਾਚੇ ਨੇ ਉਹ ਕਿੱਲੀ ਬਾਰੀ ਵਿਚੋਂ ਚੁੱਕੀ। ਅੰਦਰੋਂ ਬੰਦ ਦਰਵਾਜ਼ਾ ਖੋਲ੍ਹਕੇ ਜਦੋਂ ਸਾਰੇ ਬਾਹਰ ਨਿਕਲੇ ਤਾਂ ਬਾਹਰ ਖੜ੍ਹੇ ਲੋਕ ਪੁਛਣ ਲੱਗੇ 'ਨਹੀਂ ਲੱਭਿਆ ਚੋਰ?' ਤਾਂ ਚਾਚਾ ਲੋਕਾਂ ਨੂੰ ਕਿੱਲੀ ਦਿਖਾਉਂਦਾ ਬੋਲਿਆ 'ਭਾਈ ਅੱਗੇ ਅਸੀਂ ਦਰਵਾਜ਼ੇ ਨੂੰ ਬੰਦ ਕਰਨ ਵੇਲੇ ਅੰਦਰ ਲੱਗੇ ਛਬਕੇ ਦੀ ਕੁੰਡੀ ਵਿਚ ਆਹ ਕਿੱਲੀ ਪਾ ਕੇ ਦਰਵਾਜ਼ਾ ਬੰਦ ਕਰਦੇੇ ਸੀ ਰਾਤ ਇਹ ਕਿੱਲੀ ਪਾਉਣੀ ਭੁੱਲ ਗਏ, ਦਰਵਾਜ਼ਾ ਆਪਣੇ ਆਪ ਅੰਦਰੋਂ ਬੰਦ ਹੋ ਗਿਆ। ਇਸ ਕਰਕੇ ਇਹ ਸਾਰਾ ਕੁਝ ਹੋਇਆ ਹੈ।' ਲੋਕ ਬੁੜ-ਬੁੜ ਕਰਦੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਸਨ। ਕੋਈ ਕਹਿ ਰਿਹਾ ਸੀ 'ਫੜ ਲੋ ਪੂੰਛ ਚੋਰ ਦੀ' ਕੋਈ ਕਹਿ ਰਿਹਾ ਸੀ 'ਇਨ੍ਹਾਂ ਦੀ ਕਿੱਲੀ ਨੇ ਸਾਰੇ ਪਿੰਡ ਨੂੰ ਵਕਤ ਪਾ ਦਿੱਤਾ।'

-ਮੋਬਾਈਲ : 94633-53760

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀਆਂ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *
Ad Position 24