ਨਮੀ ਦੀ ਮਾਤਰਾ
ਹਵਾ ਦਾ ਇਕ ਤੇਜ਼ ਬੁੱਲ੍ਹਾ ਆਇਆ ਲਾਗਲੀ ਡੇਕ ਤੋਂ ਪੱਤੇ ਝੜ ਮੰਡੀ 'ਚ ਪਏ ਝੋਨੇ ਦੀਆਂ ਢੇਰੀਆਂ 'ਤੇ ਡਿੱਗ ਪਏ। ਤਰਲੇ ਕਰਨ ਵਾਂਗ ਗੇਲੇ ਨੇ ਅਸਮਾਨ ਵੱਲ ਮੂੰਹ ਕਰ ਕਿਹਾ, 'ਮਾਲਕਾ ਸੁੱਖ ਰੱਖੀਂ, ਝੋਨਾ ਨਾ ਵਿਕਣ ਕਾਰਨ ਉਹ 'ਸੋਚਾਂ ਦੇ ਸਾਗਰ' ਵਿੱਚ ਰੁੜ੍ਹਦਾ ਜਾ ਰਿਹਾ ਸੀ। ਮੰਡੀ ਵਿੱਚ ਬੈਠਿਆਂ ਅੱਜ ਉਹਨੂੰ ਪੰਜਵਾਂ ਦਿਨ ਸੀ। ਆੜ੍ਹਤੀਆ ਅਤੇ ਇੰਸਪੈਕਟਰ ਉਹਦੇ ਵੱਲ ਇਉਂ ਝਾਕਦੇ ਜਿਵੇਂ ਝੋਨਾ ਵੱਢ ਉਹਨੇ ਕੋਈ ਵੱਡਾ ਗੁਨਾਹ ਕਰ ਦਿੱਤਾ ਹੋਵੇ?'
ਇੰਸਪੈਕਟਰ ਡੰਗਰ ਚੈੱਕ ਕਰਨ ਵਾਂਗ ਢੇਰੀ 'ਚ ਹੱਥ ਅੜਾਉਂਦਾ, ਦਾਣਾ ਚੱਬ 'ਨਮੀ ਦੀ ਮਾਤਰਾ' ਜ਼ਿਆਦਾ ਆਖ ਅੱਗੇ ਤੁਰ ਜਾਂਦਾ। ਗੇਲਾ ਰੋਜ਼ ਵੇਖਦਾ ਰਹਿ ਜਾਂਦਾ ਜਿਵੇਂ ਦਾਬੂ ਹੋਣ ਦਾ ਸੰਤਾਪ ਭੋਗ ਰਿਹਾ ਹੋਵੇ। ਗੇਲੇ ਨੇ ਗੱਚ ਭਰ ਆੜ੍ਹਤੀਏ ਨੂੰ ਕਿਹਾ, 'ਬਾਬੂ ਜੀ ਮੇਰਾ ਵੀ ਕੋਈ ਬੰਨ੍ਹ ਸੁਭ੍ਹ ਕਰੋ' ਮੇਰੀ ਕਣਕ ਦੀ ਬਿਜਾਈ ਲੇਟ ਹੁੰਦੀ ਆ ਮੈਂ 'ਕੱਲਾ ਕੱਲਾਪਾ ਬੰਦਾ ਜੀ। ਆੜ੍ਹਤੀਏ ਨੇ ਆਖਰੀ ਪੈਂਤੜਾ ਖੇਡਿਆ ਉਹਦੀ ਬਾਂਹ ਫੜ ਪਾਸੇ ਕਰਦਿਆਂ ਕਿਹਾ, 'ਵੇਖ ਬਈ ਗੇਲੇ ਝੋਨਾ ਤੇਰਾ ਹੈਗਾ ਭਰਾਵਾ ਗਿੱਲਾ ਸਰਕਾਰ ਦੀ ਸਖ਼ਤਾਈ ਆ, ਉਤੋਂ ਸੈਲਰ ਮਾਲਕ ਬਾਹਲਾ ਕੱਬਾ, ਆਠਾਰਾਂ ਨਮੀ ਛੱਡ ਇਕ ਗੱਟੇ ਦੇ ਹਿਸਾਬ ਨਾਲ ਭਰ ਦਿੰਨਾ ਤੇ ਮੁਹਾਚਿਰ ਹੈਗਾ ਤੇਰਾ ਤੇਈ, ਬਾਬੂ ਜੀ ਫੇਰ ਤਾਂ ਸੌ ਮਗਰ ਪੰਜ ਹੋਗੇ। ਉਹ ਤਾਂ ਭਰਾਵਾ ਤੈਨੂੰ ਪਤਾ ਈ ਆ, ਜਾਂਦੇ ਆੜ੍ਹਤੀਏ ਨੇ ਕਿਹਾ ਮੈਨੂੰ ਫੋਨ 'ਤੇ ਰਾਇ ਕਰਕੇ ਦੱਸਦੀਂ।
ਗੇਲਾ ਆੜ੍ਹਤੀਏ ਦੀ ਗੱਲ ਸੁਣ ਮਨ ਹੀ ਮਨ ਸੋਚਣ ਲੱਗਿਆ ਵਾਧੂ ਗੱਟੇ ਲੈ ਕੇ ਕੀ? ਝੋਨਾ ਸੁੱਕ ਜਾਵੇਗਾ...?
-ਪਿੰਡ ਤੇ ਡਾਕ: ਦੱਧਾਹੂਰ, ਤਹਿ ਰਾਏਕੋਟ, ਜ਼ਿਲ੍ਹਾ ਲੁਧਿਆਣਾ।
ਮਿੰਨੀ ਕਹਾਣੀਆਂ
ਅਜੀਤ ਡੈਸਕ
05-04-2026