ਦੋ ਤਿੰਨ ਦਿਨ ਦੀ ਤਿੱਪ-ਤਿੱਪ ਤੋਂ ਬਾਅਦ ਅੱਜ ਮੌਸਮ ਸਾਫ਼ ਲਗਦਾ ਸੀ। ਅੰਦਰੀਂ ਵੜੇ ਲੋਕ ਕੰਮਾਂ ਕਾਰਾਂ ਤੇ ਅਹੁਲਣ ਲੱਗੇ ਸਨ।
ਦਿਆਲਾ ਵੀ ਕਈ ਦਿਨ ਗਿਆ ਸੀ ਪਰ ਸੁੱਚੇ ਮੂੰਹ ਮੁੜਨਾ ਪਿਆ ਸੀ। ਦਿਹਾੜੀ ਮਿਲਣ ਦਾ ਕੋਈ ਸਬੱਬ ਹੀ ਨਹੀਂ ਸੀ ਬਣਿਆ। ਅੱਜ ਵੀ ਸਰੀਰ ਡਿੱਕੋਡੋਲੇ ਖਾਂਦਾ ਸੀ, ਪਰ ਫਿਰ ਵੀ ਲੇਬਰ ਚੌਕ ਵਿਚ ਹਾਜ਼ਰੀ ਦੇਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਘਰੋਂ ਤੋਰਨ ਵੇਲੇ ਭਾਨੋ ਕੁਝ ਕਹਿਣਾ ਚਾਹੁੰਦੀ ਸੀ। ਫਿਰ ਪਤਾ ਨਹੀਂ ਕੀ ਸੋਚ ਕੇ ਉਹ ਚੁੱਪ ਹੋ ਗਈ।
ਭਾਗਵਾਨੇ× ਦੱਸ ਕੀ ਗੱਲ ਐ? ਦਿਆਲੇ ਨੇ ਉਸ ਦਾ ਮਨ ਟਟੋਲਿਆ।
ਜੀ× ਮਖਾਂ× ਕੱਲ੍ਹ ਸੁਹਾਗਣਾਂ ਭਾਗਣਾਂ ਦਾ ਦਿਨ ਐ× ਜੇ ਆਉਂਦਾ ਹੋਇਆ× ਸਰਘੀ। ਉਸ ਤੋਂ ਅੱਗੇ ਬੋਲਿਆ ਨਾ ਗਿਆ।
ਦਿਆਲੇ ਨੇ ਵੀ ਕੋਈ ਜਵਾਬ ਨਾ ਦਿੱਤਾ। ਉਸ ਨੂੰ ਯਾਦ ਸੀ ਕਿ ਗ੍ਰਹਿਸਤੀ ਜੀਵਨ ਦੀ ਸ਼ੁਰੂਆਤ ਵੇਲੇ ਵੀ ਭਾਨੋ ਨੇ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਣ ਦੀ ਇੱਛਾ ਜਤਾਈ ਸੀ। ਭਾਨੀਏ× ਇਹ ਤਾਂ ਖਾਂਦੇ ਪੀਂਦੇ ਘਰਾਂ ਦੇ ਚੋਚਲੇ ਨੇ× ਤੂੰ ਮੇਰੇ ਨਾਲ ਐਂ× ਮੈਨੂੰ ਕੁਛ ਨੀ ਹੋਣ ਲੱਗਿਆ। ਫਿਰ ਚੱਲ ਸੋ ਚੱਲ। ਹੁਣ ਦੋ ਬੱਚੇ× ਬਜ਼ੁਰਗ ਮਾਂ ਪਿਉ × 'ਕੱਲਾ ਕਮਾਊ! ਦਿਆਲੇ ਦੀ ਲਗਾਤਾਰ ਢਿੱਲੀ ਮੱਠੀ ਸਿਹਤ ਰਹਿਣ ਕਰ ਕੇ ਭਾਨੋ ਦੇ ਮਨ ਨੇ ਫਿਰ ਉਬਾਲ਼ਾ ਖਾਧਾ ਸੀ ਤੇ ਉਹਨੇ ਆਪਣੇ ਸੁਹਾਗ ਦੀ ਲੰਬੀ ਉਮਰ ਦੀ ਕਾਮਨਾ ਲਈ ਵਰਤ ਰੱਖਣ ਦੀ ਸੁੱਖਣਾ ਸੁੱਖੀ ਸੀ।
ਦਿਆਲਾ ਲੇਬਰ ਚੌਕ ਵਿਚ ਪਹੁੰਚਿਆ ਹੀ ਸੀ ਕਿ ਕਾਲੇ ਬੱਦਲਾਂ ਨੇ ਆਸਮਾਨ ਨੂੰ ਢਕ ਲਿਆ। ਦਿਹਾੜੀ ਮਿਲਣ ਦੀ ਆਸ ਮੱਧਮ ਪੈਣ ਲੱਗੀ। ਜਦੋਂ ਵੀ ਕੋਈ ਸਕੂਟਰ ਜਾਂ ਕਾਰ, ਚੌਕ ਨੇੜੇ ਆ ਕੇ ਰੁਕਦਾ, ਤਾਂ ਮਜ਼ਦੂਰਾਂ ਦੀ ਭੀੜ ਦਿਹਾੜੀ ਮਿਲਣ ਦੀ ਝਾਕ ਵਿਚ ਉੱਧਰ ਨੂੰ ਉਲਾਰ ਹੋ ਜਾਂਦੀ। ਇੱਕ ਦੂਜੇ ਤੋਂ ਅੱਗੇ ਵਧ ਆਪਣੇ ਆਪ ਨੂੰ ਪੇਸ਼ ਕਰਦੀ। ਮੋਹਲੇਧਾਰ ਮੀਂਹ ਨੇ ਨਿਰਾਸ਼ਾ ਦਾ ਆਲਮ ਵਧਾ ਦਿੱਤਾ ਸੀ। ਥਾਂ-ਥਾਂ ਤੋਂ ਚੋਂਦੇ ਸ਼ੈੱਡ ਵਿਚ ਬਣੇ ਥੜ੍ਹੇ 'ਤੇ ਬਾਂਹ ਦਾ ਢਾਸਣਾ ਲਾ ਦਿਆਲਾ ਨਿਢਾਲ ਜਿਹਾ ਹੋ ਗਿਆ।
ਦੁਪਹਿਰ ਹੋ ਗਈ ਸੀ। ਉਸ ਨੇ ਸਾਈਕਲ 'ਤੇ ਟੰਗੇ ਝੋਲ਼ੇ ਵਿਚੋਂ ਰੋਟੀ ਵਿਚ ਲਪੇਟਿਆ ਅਚਾਰ ਦਾ ਟੁਕੜਾ ਕੱਢ ਕੇ ਬੁਰਕੀ ਮੂੰਹ ਵਿਚ ਪਾਈ ਅਤੇ ਸਾਹਮਣੇ ਢਾਰੇ ਵਿਚ ਰਾਮੂ ਟੀ ਸਟਾਲ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ। ਉਹ ਵੀ ਆਪਣਾ ਸਮਾਨ ਸਮੇਟ ਕੇ ਜਾ ਚੁੱਕਿਆ ਸੀ।
ਪਰਛਾਵੇਂ ਢਲਣ ਲੱਗੇ ਤਾਂ ਦਿਆਲੇ ਨੇ ਵੀ ਘਰ ਜਾਣਾ ਹੀ ਬਿਹਤਰ ਸਮਝਿਆ। ਕੰਮ ਮਿਲਣ ਦੀ ਆਸ ਤਾਂ ਖ਼ਤਮ ਹੀ ਹੋ ਚੁੱਕੀ ਸੀ। ਦੇਹਲੀ ਲੰਘਦਿਆਂ ਹੀ ਭਾਨੋ ਨੇ ਦਿਆਲੇ ਦੇ ਖਾਲੀ ਹੱਥ ਅਤੇ ਉਦਾਸ ਚਿਹਰਾ ਦੇਖਿਆ ਤਾਂ ਉਹ ਸਾਰਾ ਕੁਝ ਸਮਝ ਗਈ। ਝੋਲਾ ਫੜਦਿਆਂ, ਭਾਨੋ ਦਾ ਹੱਥ ਜਦੋਂ ਦਿਆਲੇ ਦੇ ਮੱਥੇ 'ਤੇ ਲੱਗਿਆ ਤਾਂ ਉਹ ਭੱਠ ਵਾਂਗ ਤਪਦਾ ਪਿਆ ਸੀ।
ਤੈਨੂੰ ਤਾਂ ਬਲ੍ਹਾਈਂ ਤਾਪ ਚੜ੍ਹਿਆ ਹੋਇਐ, ਕਰਮੇ ਦੇ ਬਾਪੂ× ਮੈਂ ਤੇਰੇ ਲਈ ਚਾਹ ਲੈ ਕੇ ਆਉਂਦੀ ਆਂ।
ਗਿੱਲੀਆਂ ਛਿਟੀਆਂ ਬਾਲ ਕੇ ਚੁੱਲ੍ਹੇ ਵਿਚ ਫੂਕਾਂ ਮਾਰਦੀ ਭਾਨੋ ਮਨ ਨਾਲ ਗੱਲਾਂ ਕਰ ਰਹੀ ਸੀ, ਰੱਬ ਭਲੀ ਕਰੇ× ਆਵਦੇ ਪਤੀ ਪਰਮੇਸ਼ਰ ਦੀ ਲੰਬੀ ਉਮਰ ਭਲਾ ਕੀਹਨੂੰ ਨਹੀਂ ਚਾਹੀਦੀ× ਨਾਲੇ ਸਾਰੀਆਂ ਸੁਹਾਗਣਾਂ ਥੋੜ੍ਹੋ ਕਰੂਏ ਦਾ ਵਰਤ ਰੱਖਦੀਆਂ ਨੇ।
-ਮੋਬਾਈਲ : 89684-33500