ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਦਨਾਮ ਅਗਰ ਹੋਂਗੇ ਤੋ ਕਯਾ ਨਾਮ ਨਾ ਹੋਗਾ

Ad Position 21
No active advertisement
ਅਜੀਤ ਡੈਸਕ 19-04-2026

ਹਰ ਬੰਦਾ ਚਾਹੁੰਦੈ ਕਿ ਉਸ ਦਾ ਨਾਂਅ ਹੋਵੇ, ਸਿਫਤ-ਸ਼ੁਹਰਤ ਹੋਵੇ। ਨਾਮੀ-ਕਰਾਮੀ ਹੋਣਾਂ ਤੇ ਪ੍ਰਸੰਸਾਯੋਗ ਹੋਣਾ ਜੇ ਸਭ ਦੀ ਨਹੀਂ ਤਾਂ ਬਹੁਤਿਆਂ ਦੀ ਲੋਚਾ-ਲਾਲਸਾ ਹੁੰਦੀ ਹੈ।
ਸਿਫ਼ਤ ਉਹ ਜੋ ਦੂਸਰਾ ਕਰੇ। ਇਹ ਸ੍ਰੇਸ਼ਟ ਅਤੇ ਹੱਕੀ ਸਿਫਤ ਹੁੰਦੀ ਹੈ। ਪਰ ਇਹ ਤਾਂ ਹੀ ਹੁੰਦੀ ਹੈ ਜੇ ਅਸੀਂ ਕੁਝ ਸਿਫਤ-ਲਾਇਕ ਕੀਤਾ ਹੋਵੇ।
ਪਰ ਜੇ ਕੋਈ ਦੂਸਰਾ ਨਾ ਕਰੇ ਤਾਂ ਫਿਰ ਉਸ ਨੂੰ ਸਿਫਤ ਕਰਨ ਲਈ ਮਜਬੂਰ ਕਰੋ। ਇਸ ਤਹਿਤ ਦੂਜੇ ਸਾਹਮਣੇ ਆਪਣੇ-ਆਪ ਨੂੰ ਰੱਜ ਕੇ ਨਿੰਦੋ, ਭੰਡੋ, ਬੁਰਾ ਭਲਾ ਕਹੋ। ਮਜਬੂਰਨ ਦੂਜਾ ਬੰਦਾ ਤੁਹਾਡੀ ਸਿਫਤ ਕਰਨ ਲੱਗ ਪਵੇਗਾ।
ਤੇ ਜੇ ਦੋਵੇਂ ਰਾਹ ਸੂਤ ਨਾ ਬੈਠਣ ਤਾਂ ਫਿਰ ਆਪਣੀ ਸਿਫਤ ਆਪ ਕਰੋ! ਜਾਣੀ ਆਪਣੇ ਮੂੰਹੋਂ ਮੀਆਂ ਮਿੱਠੂ! ਭਾਵ ਆਪੇ ਮੈਂ ਰੱਜੀ ਪੁਜੀ ਤੇ ਆਪੇ ਮੇਰੇ ਮਾਪੇ ਜੀਣ! ਕੁਮਹਾਰ ਵਾਂਗ ਆਪਣਾ ਭਾਂਡਾ ਆਪ ਸਲਾਹੋ।
ਇਵੇਂ ਹੀ ਨਾਮ ਕਮਾਉਣ ਦੇ ਢੰਗ-ਤਰੀਕੇ ਹਨ। ਕਈ ਆਪਣਿਆਂ ਵਡੇਰਿਆਂ ਦੀਆਂ ਨੇਕ ਕਮਾਈਆਂ ਕਾਰਨ ਨਾਮੀ-ਕਰਾਮੀ ਹੋ ਜਾਂਦੇ ਹਨ। ਹਾਂ, ਕਈ ਜਣੇ ਆਪਣੀਆਂ ਕਰਤੂਤਾਂ ਕਰਕੇ ਅਜਿਹੇ ਨਾਂਅ ਨੂੰ ਕਲੰਕਿਤ ਵੀ ਕਰ ਦਿੰਦੇ ਹਨ ਤੇ ਚੋਰ ਦੀ ਮਾਂ ਭੜੋਲੇ 'ਚ ਮੂੰਹ ਵਾਲੀ ਸਥਿਤੀ ਪੈਦਾ ਕਰ ਦਿੰਦੇ ਹਨ।
ਪਰ ਕਈ ਆਪ ਨਾਂਅ ਕਮਾਉਂਦੇ ਹਨ। ਕਈਆਂ ਨੂੰ 'ਨਾਮੀ' ਕਰਾਰ ਦੇ ਦਿੱਤਾ ਜਾਂਦੈ ਕਿਉਂਕਿ ਉਹ ਜਾਂ ਤਾਂ ਪੈਸੇ-ਟਕੇ ਵਾਲੇ ਹੁੰਦੇ ਹਨ ਤੇ ਜਾਂ ਨੇਤਾ, ਉਹ ਵੀ ਸੱਤਾਧਾਰੀ ਖੇਮੇ ਦੇ।
ਪਰ ਜੇ ਉਪਰੋਕਤ ਢੰਗਾਂ ਨਾਲ ਨਾਂਅ ਨਾ ਮਿਲੇ ਤਾਂ ਇਕ ਢੰਗ ਹੋਰ ਹੈ। ਉਹ ਹੈ ਮੰਦਕਰਮਾਂ ਨਾਲ ਡਰ ਭਾਵਨਾ ਰਾਹੀਂ ਨਾਮੀ-ਕਰਾਮੀ ਬਣਨਾ। ਅੰਗਰੇਜ਼ੀ ਸ਼ਬਦ 'ਨੋਟੋਰੀਅਸ' ਦਾ ਅਰਥ ਵੀ ਮਸ਼ਹੂਰ ਹੀ ਹੈ, ਜਿਵੇਂ 'ਫੇਮਸ' ਸ਼ਬਦ ਦਾ ਹੈ। ਹਾਂ, ਇਹ ਨਾਂਹਵਾਚੀ ਗੱਲਾਂ ਕਾਰਨ ਮਸ਼ਹੂਰ ਹੋਣ ਲਈ ਵਰਤਿਆ ਜਾਂਦਾ ਹੈ, ਕਿਸੇ ਔਗੁਣ ਜਾਂ ਮਾੜੇ ਕੰਮਾਂ ਕਾਰਨ ਮਸ਼ਹੂਰ ਹੋਣ ਲਈ। ਹਿੰਦੀ ਵਿਚ ਇਸ ਨੂੰ 'ਕੁਖਿਆਤ' ਕਹਿੰਦੇ ਹਨ, ਜੋ 'ਵਿਖਿਆਤ' ਦਾ ਵਿਰੋਧਾਰਥਕ ਸ਼ਬਦ ਹੈ। ਪਰ ਕਹਿੰਦੇ ਹਨ ਕਿ 'ਬਦਨਾਮ ਅਗਰ ਹੋਂਗੇ ਤੋ ਕਯਾ ਨਾਮ ਨਾ ਹੋਗਾ'!
ਅਜੋਕੇ ਦੌਰ 'ਚ ਬਦਨਾਮੀ 'ਚ ਬੜਾ ਨਾਂਅ ਹੈ। ਜਿੰਨੇ ਵੱਡੇ-ਵੱਡੇ ਗੈਂਗ ਹਨ ਉਨ੍ਹਾਂ ਦੇ ਮੁਖੀ ਬੜੇ 'ਮਸ਼ਹੂਰ' ਹਨ। ਚਾਹੇ ਸਾਡੇ ਦੇਸ਼ ਵਿਚਲੇ ਹੋਣ ਜਾਂ ਬਾਹਰਲੇ ਦੇਸ਼ਾਂ ਵਾਲੇ ਅਤੇ ਜਾਂ ਸਾਡੇ ਦੇਸ਼ ਵਾਲੇ ਜੋ ਬਾਹਰ ਬੈਠੇ ਕਾਰਵਾਈਆਂ ਕਰ/ਕਰਵਾ ਰਹੇ ਹਨ।
ਬਾਲੀਵੁੱਡ ਦੀਆਂ ਅਨੇਕਾਂ ਫਿਲਮਾਂ ਡੌਨਾਂ ਦੀ ਟੌਹਰ-ਟਸ਼ਨ ਦਾ ਵਿਖਿਆਨ ਕਰਦੀਆਂ ਹਨ।
ਕ੍ਰਾਂਤੀਕਾਰੀ ਕਵੀ ਅਦਮ ਗੌਂਡਵੀ ਐਵੇਂ ਤਾਂ ਨਹੀਂ ਲਿਖਦਾ-
'ਜਿਤਨੇ ਹਰਾਮਖੋਰ ਥੇ ਕੁਰਬੋ-ਜਵਾਰ ਮੇਂ,
ਪ੍ਰਧਾਨ ਬਨ ਕੇ ਆ ਗਏ ਅਗਲੀ ਕਤਾਰ ਮੇਂ'।
ਬੇਸ਼ਕ ਉਰਦੂ ਸ਼ਾਇਰ ਡਾ.ਬਸ਼ੀਰ ਬਦਰ ਕਹਿੰਦੈ ਕਿ 'ਸ਼ੁਹਰਤ ਕੀ ਬੁਲੰਦੀ ਭੀ ਪਲ ਭਰ ਕਾ ਤਮਾਸ਼ਾ ਹੈ, /ਜਿਸ ਡਾਲ ਪੇ ਬੈਠੇ ਹੋ ਵੋਹ ਟੂਟ ਭੀ ਸਕਤੀ ਹੈ', ਪਰ ਬਹੁਤੇ ਬੰਦਿਆਂ ਅੰਦਰ ਝੂਠੀ ਸ਼ੁਹਰਤ ਦੀ ਭੁੱਖ, 'ਵੱਡਾਪਣ' ਦਾ ਭਰਮ ਪਾਲਣ ਦਾ ਕੀੜਾ ਜਾਂ ਆਤਮ ਵਡਿਆਈ ਦਾ ਖਬਤ ਬਹੁਤ ਹੁੰਦੈ। ਅਮਰੀਕਾ ਵਰਗੀ ਸੁਪਰ-ਪਾਵਰ ਦਾ ਮੌਜੂਦਾ ਰਾਸ਼ਟਰਪਤੀ ਡੌਨਾਲਡ ਟਰੰਪ ਇਸ ਮਹੱਤਵ ਅਨੁਮਾਦ/ਅਹੰਕਾਰ ਦੀ ਸਭ ਤੋਂ ਵਡੀ ਮਿਸਾਲ ਹੈ। ਜੋ ਵੀ ਉਸ ਦੇ ਇਸ ਭਰਮ ਨੂੰ ਚੋਭ ਲਾਉਣ ਦੀ ਹਿਮਾਕਤ ਕਰਦੈ ਉਹ ਉਸ ਉਪਰ ਟੈਰਿਫ ਠੋਕ ਦਿੰਦੈ। ਦੂਸਰੇ ਦੇਸ਼ਾਂ ਦੇ ਇਲਾਕੇ ਮੱਲਣ ਦੀ ਤਾਕ 'ਚ ਰਹਿੰਦੈ। ਆਪਣੇ ਗੁਆਂਢੀ ਮੁਲਕ ਕੈਨੇਡਾ ਨੂੰ ਅਮਰੀਕਾ ਦਾ51ਵਾਂ ਪ੍ਰਾਂਤ ਬਣਾਉਣ ਦੀ ਗੱਲ ਕਈ ਵਾਰ ਕਹਿ ਚੁੱਕੈ। ਗ੍ਰੀਨਲੈਂਡ ਵਰਗੇ ਖੁਦ-ਮੁਖਤਿਆਰ ਖਿੱਤੇ ਨੂੰ ਹਥਿਆਉਣ ਦੇ ਐਲਾਨ ਕਰ ਚੁੱਕੇ। ਵੈਨਜ਼ੁਏਲਾ ਦੇ ਰਾਸ਼ਪਟਪਤੀ ਨਿਕੋਲਸ ਮਾਦੁਰੋ ਅਤੇ ਉਸ ਦੀ ਪਤਨੀ ਸਿਲੀਆ ਫਲੋਰੈਂਸ ਨੂੰ ਉਸ ਦੇ ਦੇਸ਼ ਤੋਂ ਚੁੱਕ ਕੇ ਅਮਰੀਕਾ 'ਚ ਕੈਦ ਕਰ ਚੁੱਕੈ। ਹੁਣ ਉਸ ਨੇ ਇਜ਼ਰਾਈਲ ਨਾਲ ਮਿਲ ਕੇ ਈਰਾਨ ਉੱਪਰ ਹਮਲਾ ਕਰ ਦਿਤਾ, ਉਥੋਂ ਦੇ ਸੁਪਰੀਮ ਲੀਡਰ ਆਇਤਉੱਲਾ ਅਲੀ ਖਾਮੇਨੇਈ ਨੂੰ ਖਤਮ ਕਰ ਦਿੱਤੈ ਅਤੇ ਦੁਨੀਆ ਨੂੰ ਤੀਸਰੇ ਵਿਸ਼ਵ ਯੁੱਧ ਦੇ ਕੰਢੇ 'ਤੇ ਖੜ੍ਹਾ ਕਰਨ ਵਾਲੇ ਪਾਸੇ ਤੁਰਿਐ। ਸਮੇਂ ਦੀ ਸਿਫਤਜ਼ਰੀਫੀ ਦੇਖੋ ਕਿ ਸੰਸਾਰ ਦਾ ਸਾਹ ਸੂਤਣ ਵਾਲਾ ਇਹ ਹੰਕਾਰੀ ਡੌਨ ਆਪਣੇ ਆਪ ਲਈ ਨੋਬਲ ਸ਼ਾਂਤੀ ਪੁਰਸਕਾਰ ਮੰਗਦੈ ਤੇ ਮੰਗਦੈ ਵੀ ਐਂ ਜਿਵੇਂ ਕੋਈ ਭਿਖਾਰੀ ਵਿਚ ਚੌਰਾਹੇ ਠੂਠਾ ਫੜ ਕੇ ਕਹਿ ਰਿਹਾ ਹੋਵੇ ਕਿ 'ਦੇ ਦਾਤਾ ਕੇ ਨਾਮ ਤੁਝ ਕੋ ਅੱਲਾ ਰੱਖੇ'!
ਇਸ ਤੋਂ ਪਹਿਲਾਂ ਇਹ ਖਬਤੀ ਟਰੰਪ ਇਕ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਭਾਸ਼ਨ ਸੁਨਾਉਣ ਲਈ ਐਂ ਖੜ੍ਹਾ ਕਰ ਚੁੱਕੈ ਜਿਵੇਂ ਕੋਈ ਖੜੂਸ ਹੈੱਡਮਾਸਟਰ ਕਿਸੇ ਨਾਲਾਇਕ ਵਿਦਿਆਰਥੀ ਨੂੰ ਕਲਾਸ 'ਚ ਖੜ੍ਹਾ ਕਰਦਾ ਹੋਵੇ!
ਬਦਨਾਮੀ ਰਾਹੀਂ ਨਾਂਅ ਕਮਾਉਣ ਦੀ ਇਕ ਹੋਰ ਬਹੁਤ ਵਡੀ ਉਦਾਹਰਨ ਪਿੱਛੇ ਜਿਹੇ ਦਿੱਲੀ ਵਿਚ ਹੋਈ ਏ.ਆਈ ਸਮਿਟ ਵੇਲੇ ਦੇਖਣ ਨੂੰ ਮਿਲੀ। ਇਕ ਨਿੱਜੀ ਵਿਸ਼ਵਵਿਦਿਆਲੇ ਵਲੋਂ ਇਕ ਅਜਿਹਾ ਰੋਬੋਟਿਕ ਕੁੱਤਾ ਪੇਸ਼ ਕੀਤਾ ਗਿਆ ਜੋ ਮਨੁੱਖ ਵਾਂਗ ਗਤੀਵਿਧੀਆਂ ਕਰਦਾ ਸੀ। ਹੱਥ ਮਿਲਾਉਂਦਾ ਤੇ ਝੁਕ-ਝੁਕ ਸਵਾਗਤ ਕਰਦਾ। ਬੜੀ ਖਿੱਚ ਦਾ ਕੇਂਦਰ ਬਣਿਆ ਰਿਹਾ ਇਹ ਕੁੱਤਾ। ਯੁੂਨੀਵਰਸਿਟੀ ਵਾਲਿਆਂ ਦਾਅਵਾ ਕੀਤਾ ਕਿ ਉਨ੍ਹਾਂ ਬਨਾਵਟੀ ਬੁੱਧੀ (ਏਆਈ) ਉਪਰ350ਕਰੋੜ ਰੁਪਏ ਨਿਵੇਸ਼ ਕੀਤੇ ਅਤੇ ਇਸ ਲਾਗਤ ਤਹਿਤ ਹੀ ਇਹ ਨਾਯਾਬ 'ਓਰੀਅਨ' ਨਾਮੀ ਰੋਬੋਟਿਕ ਕੁੱਤਾ ਬਣਾਇਆ ਗਿਆ।
ਪਰ ਇਸ ਯੁੂਨੀਵਰਸਿਟੀ ਦੀ ਉਦੋਂ ਬੜੀ ਲੱਸੀ ਹੋਈ ਜਦ ਸੋਸ਼ਲ ਮੀਡੀਆ ਉਪਰ ਇਸ ਵਰਗੇ ਕੁੱਤੇ ਚੀਨ ਵਿਚ ਬਣਾਏ ਜਾਣ ਦੇ ਹਵਾਲੇ ਮਿਲਣ ਲੱਗ ਪਏ। ਸੋਸ਼ਲ ਮੀਡੀਆ ਦੇ ਵਰਤੋਂਕਾਰਾਂ ਨੇ ਦਸਿਆ ਕਿ ਚੀਨ ਦੀ ਇਕ ਫਰਮ 'ਯੂੁਨੀਟਰੀ ਰੋਬੋਟਿਕਸ' ਨੇ ਇਸ ਨੂੰ ਯੂੁਨੀਟਰੀ ਜੀਓ-2ਮਾਡਲ ਤਹਿਤ ਤਿਆਰ ਕੀਤਾ ਹੈ ਅਤੇ ਇਹ ਆਨਲਾਈਨ2-3ਲੱਖ ਰੁਪਏ ਵਿਚ ਉਪਲਬਧ ਹੈ। ਚੀਨ ਨੇ ਵੀ ਤੁਰੰਤ ਦਸਿਆ ਕਿ ਉਸ ਦੁਆਰਾ ਬਣਾਏ ਗਏ ਅਜਿਹੇ ਰੋਬੋਟਿਕ ਕੁੱਤੇ ਆਨਲਾਈਨ ਵਿਕ ਚੁੱਕੇ/ਰਹੇ ਹਨ। ਬੇਸ਼ਕ ਇਸ ਯੂੁਨੀਵਰਿਸਟੀ ਦੀ ਪ੍ਰੋਫੈਸਰ ਨੇਹਾ ਸਿੰਘ ਨੇ ਬਥੇਰੀ ਕੋਸ਼ਿਸ਼ ਕੀਤੀ ਆਪਣੀ ਸੰਸਥਾ ਦਾ ਪੱਖ ਪੂਰਨ ਦੀ ਤੇ ਇਹ ਵੀ ਦਲੀਲ ਦਿਤੀ ਕਿ ਹਰ ਕਿਸੇ ਦਾ ਆਪੋ ਆਪਣਾ ਦ੍ਰਿਸ਼ਟੀਕੋਣ ਹੁੰਦੈ (ਯੂਅਰ ਸਿਕਸ ਕੈਨ ਬੀ ਮਾਈ ਨਾਈਨ) ਪਰ ਗੱਲ ਬਣੀ ਨਾ।
ਚੀਨੀ ਕੁੱਤੇ ਨੇ ਚੱਕ ਵਢ ਹੀ ਦਿੱਤਾ!
ਯੁੂਨੀਵਰਸਿਟੀ ਨੂੰ ਆਪਣੀ ਟਿੰਡ ਫੌੜ੍ਹੀ ਚੁੱਕ ਕੇ ਏ.ਆਈ. ਸਮਿਟ ਦਾ ਪੰਡਾਲ ਛਡਣਾ ਪਿਆ। ਪਰ ਬਾਅਦ 'ਚ ਅਧਿਕਾਰੀਆਂ ਨੇ ਇਸ ਦਾ ਠੀਕਰਾ ਸੰਬੰਧਿਤ ਅਧਿਆਪਕ ਸਿਰ ਭੰਨਦਿਆਂ ਕਿਹਾ ਕਿ ਇਹ ਸਭ ਗੱਲ ਦੀ ਸਹੀ ਵਿਆਖਿਆ ਨਾ ਕਰ ਸਕਣ ਕਾਰਨ ਹੋਇਆ।
ਪਰ ਇਸ ਨਕਲ ਨਾਲ ਸਿਰਫ ਸੰਬੰਧਿਤ ਯੁੂਨੀਵਰਸਿਟੀ ਦੀ ਹੀ ਦੁਰਗਤ ਨਹੀਂ ਹੋਈ ਸਗੋਂ ਸਾਡੇ ਦੇਸ਼ ਅਤੇ ਏ.ਆਈ. ਵਿਚ ਸਾਡੀ ਭਰੋਸੇਯੋਗਤਾ ਉੱਪਰ ਵੀ ਸਵਾਲ ਖੜ੍ਹੇ ਹੋਏ। ਆਖਰ ਇਸ ਯੁੂਨੀਵਸਿਟੀ ਦੇ ਮਾਲਿਕ ਸਾਡੇ ਦੇਸ਼ ਦੇ ਆਕਾਵਾਂ ਦੇ ਮਨਜ਼ੂਰ-ਏ-ਨਜ਼ਰ ਹੋਣਗੇ ਤਾਂ ਹੀ ਤਾਂ 'ਸਮਿਟ' ਵਿਚਲਾ ਉਨ੍ਹਾਂ ਦਾ ਪੰਡਾਲ ਚਾਰ ਆਈ. ਆਈ. ਟੀਆਂ ਦੇ ਟੋਟਲ ਪੰਡਾਲ ਨਾਲੋਂ ਵੱਡਾ ਦੱਸਿਆ ਗਿਆ ਸੀ।
ਪਰ ਵਿਸ਼ਵ ਵਿਦਿਆਲੇ ਵਾਲੇ ਬਦਨਾਮ ਹੋ ਕੇ ਖੂੁਬ ਨਾਮ ਖੱਟ ਗਏ। ਜਿਨ੍ਹਾਂ ਨੇ ਕਦੀ ਇਸ ਦਾ ਨਾਮ ਵੀ ਨਹੀਂ ਸੀ ਸੁਣਿਆ ਉਨ੍ਹਾਂ ਨੂੰ ਵੀ ਇਸ ਦਾ ਪਤਾ ਲੱਗ ਗਿਆ। ਅਖਬਾਰਾਂ 'ਚ ਦਰਜਨਾਂ ਲੇਖ, ਟੀਵੀ ਚੈਨਲਾਂ ਤੇ ਅਨੇਕਾਂ ਚਰਚਾਵਾਂ ਅਤੇ ਸੋਸ਼ਲ ਮੀਡੀਆ ਉਪਰ ਇਸ ਦੇ ਨਿਰੰਤਰ ਜ਼ਿਕਰ ਨੇ ਇਸ ਨੂੰ ਕੁੱਲ ਦੁਨੀਆ 'ਚ ਮਸ਼ਹੂਰ ਕਰ ਦਿਤਾ।
ਵਾਕਿਆ ਹੀ ਨਵਾਬ ਮੁਸਤਫ਼ਾ ਖਾਂ ਸ਼ੇਫਤਾ ਨੇ ਠੀਕ ਹੀ ਫੁਰਮਾਇਐ-
'ਹਮ ਤਾਲਿਬ-ਏ-ਸ਼ੁਹਰਤ ਹੈਂ ਹਮੇਂ ਨੰਗ ਸੇ ਕਯਾ ਕਾਮ,
ਬਦਨਾਮ ਅਗਰ ਹੋਂਗੇ ਤੋ ਕਯਾ ਨਾਮ ਨਾ ਹੋਗਾ'!

-ਫਗਵਾੜਾ। ਮੋਬਾਈਲ : 98766-55055

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਮੁਫ਼ਤ ਦੇ ਖਿਡਾਰੀ
Ad Position 24
No active advertisement