ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਉਡੀਕ ਦਾ ਸਫ਼ਰ

Ad Position 21
No active advertisement
ਅਜੀਤ ਡੈਸਕ 17-05-2026

ਕਹਾਣੀ
ਉਡੀਕ ਅਤੇ ਉਮੀਦ ਦਾ ਮਾਦਾ ਕਿੰਨਾ ਕੁ ਹੁੰਦਾ ਹੈ, ਇਹ ਉਨ੍ਹਾਂ ਅੱਖਾਂ ਤੋਂ ਪੁੱਛਣ ਦੀ ਲੋੜ ਹੈ, ਜਿਨ੍ਹਾਂ ਆਪਣੀ ਜ਼ਿੰਦਗੀ ਘਰ 'ਚ ਦਾਖਲ ਹੋਣ ਵਾਲੇ ਕੁੰਡੇ ਦੀ ਖੜਾਕ ਸੁਣਨ ਦੀ ਆਸ 'ਚ ਗੁਜ਼ਾਰ ਦਿੱਤੀ। ਕ੍ਰਿਸ਼ਨਾ ਹੁਣ ਉਡੀਕ ਦੇ ਸਾਰੇ ਬੂਹੇ ਭੇੜ ਚੁੱਕੀ ਸੀ ਜਾਂ ਕਹੋ ਉਮਰ ਦੇ ਉਸ ਪੜਾਅ 'ਤੇ ਪਹੁੰਚ ਚੁੱਕੀ ਸੀ, ਜਿਸ ਨੇ ਉਸ ਨੂੰ ਉਡੀਕ ਦੇ ਮਾਇਨੇ ਭੁਲਾ ਦਿੱਤੇ ਸਨ।
ਕ੍ਰਿਸ਼ਨਾ ਨੇ ਕਾਲੇ ਵਾਲਾਂ ਤੋਂ ਧੌਲਿਆਂ ਦਾ ਸਫ਼ਰ ਆਪਣੇ ਜੀਵਨ ਸਾਥੀ ਦੀ ਉਡੀਕ 'ਚ ਹੀ ਕੱਢਿਆ। ਹੁਣ ਉਹ ਮੁੜ ਬਚਪਨ ਦੀ ਅਵਸਥਾ 'ਚ ਪਹੁੰਚ ਗਈ ਸੀ ਜਿਥੇ ਉਹ ਕਦੇ ਆਪਣੀਆਂ ਸਾਥਣਾਂ ਦੇ ਨਾਂਅ ਲੈ ਕੇ ਯਾਦ ਕਰਦੀ, ਕਦੇ ਤੀਆਂ ਦੀਆਂ ਪੀਂਘਾਂ ਝੂਟਣ ਜਾਣ ਦੀ ਜ਼ਿਦ ਕਰਦੀ। ਕਈ ਨਾਂਅ ਅਤੇ ਉਸ ਦੇ ਮੂੰਹੋਂ ਨਿਕਲੀਆਂ ਸੱਧਰਾਂ 'ਤੇ ਉਸ ਦੇ ਚਿੱਟੇ ਵਾਲਾਂ ਵਾਲੇ ਪੁੱਤ ਅਤੇ ਬੇਟੀਆਂ ਲਈ ਵੀ ਨਵੇਂ ਹੀ ਹੁੰਦੇ। ਪਤਾ ਨਹੀਂ ਅਸੀਂ ਉਮਰ ਭਰ ਆਪਣੇ ਅੰਦਰ ਕਿਹੜੀਆਂ ਖਵਾਹਿਸ਼ਾਂ ਨੂੰ ਦਬ-ਘੁੱਟ ਕੇ ਬਹਿੰਦੇ ਹਾਂ। ਇਹ ਸੋਚ ਲੈਂਦੇ ਹਾਂ ਕਿ ਬੰਜਰ ਜ਼ਮੀਨ 'ਤੇ ਕਿਹੜਾ ਕਦੇ ਕੋਈ ਬੀਜ ਪੁੰਗਰਿਆ ਹੈ। ਪਰ ਉਹ ਬੀਜ ਕਿਹੜੇ ਵੇਲੇ ਆਪਣਾ ਹੋਣਾ ਸਾਬਤ ਕਰੇਗਾ, ਇਹ ਸਮੇਂ ਦੀ ਗੱਲ ਹੈ।
ਪੰਜ ਭਰਾਵਾਂ ਅਤੇ ਇਕ ਭੈਣ ਦੇ ਪਰਿਵਾਰ 'ਚੋਂ ਆਈ ਕ੍ਰਿਸ਼ਨਾ ਦੀ ਮਾਂ ਨੇ ਉਸ ਦੇ ਵਿਆਹ ਵੇਲੇ ਉਸ ਦੇ ਲੜ ਪਤਾ ਨਹੀਂ ਸੰਤੋਖ ਦੀ ਕਿਹੜੀ ਪੁੜੀ ਬੰਨ੍ਹ ਦਿੱਤੀ ਸੀ, ਜੋ ਸਾਰੀ ਉਮਰ ਵਰਤਣ ਅਤੇ ਹੰਢਾਉਣ ਤੋਂ ਬਾਅਦ ਵੀ ਖ਼ਤਮ ਨਹੀਂ ਹੋਈ। ਸਹੁਰੇ ਘਰ ਪਹੁੰਚੀ ਕ੍ਰਿਸ਼ਨਾ ਨੂੰ ਕੁੱਝ ਹੀ ਸਮੇਂ 'ਚ ਪਤਾ ਲੱਗ ਗਿਆ ਕਿ ਜਿਸ ਦੇ ਸਿਹਰਿਆਂ ਨਾਲ ਵਿਆਹ ਕੇ ਉਹ ਇਸ ਅਜਨਬੀ ਘਰ 'ਚ ਆਈ ਹੈ, ਉਹ ਵਿਆਹ ਕਰਵਾਉਣਾ ਹੀ ਨਹੀਂ ਸੀ ਚਾਹੁੰਦਾ। ਉਸ ਮਲੂਕੜੀ ਜਿਹੀ ਜਿੰਦ ਕੋਲ ਘਰ 'ਚ ਰਚਣ-ਵਸਣ ਤੋਂ ਇਲਾਵਾ ਪਤੀ ਨੂੰ 'ਨਾਲ ਰੱਖਣ' ਦੀ ਜ਼ਿੰਮੇਵਾਰੀ ਵੀ ਮਿਲੀ।
ਕ੍ਰਿਸ਼ਨਾ ਨੂੰ ਉਸ ਵੱਡੇ ਸਾਰੇ ਘਰ 'ਚ ਸਿਰਫ਼ ਇਕ ਸ਼ਖ਼ਸ ਨਾਲ ਮਿਲ ਕੇ ਦਿਲੀ ਸਕੂਨ ਮਿਲਦਾ ਸੀ, ਉਹ ਸੀ ਉਸ ਦੀ ਸੱਸ। ਉਂਜ ਤਾਂ ਸੱਸ-ਨੂੰਹ ਦਾ ਰਿਸ਼ਤਾ ਕੋਈ ਬਹੁਤਾ ਪਿਆਰ ਨਾਲ ਰਚਿਆ-ਮਿਚਿਆ ਨਹੀਂ ਹੁੰਦਾ ਪਰ ਇਥੇ ਸੱਸ ਆਪਣੀ ਨੂੰਹ ਦੇ ਅਣਬੋਲੇ ਦਰਦ ਪਛਾਣਦੀ ਸੀ। ਉਹ ਕਦੇ ਪਿਆਰ ਨਾਲ ਉਸ ਨੂੰ ਕੋਲ ਬਿਠਾਉਂਦੀ, ਕਦੇ ਆਪਣੇ ਸਿਰ 'ਤੇ ਤੇਲ ਲਵਾਉਂਦੀ ਤੇ ਕਦੇ ਉਸ ਦੀਆਂ ਮੀਢੀਆਂ ਗੁੰਦਦੀ। ਜਿਵੇਂ ਬੱਚਿਆਂ ਨੂੰ ਪਰਚਾਈਦਾ ਹੈ, ਉਂਜ ਹੀ ਆਈ ਛੋਟੀ ਜਿਹੀ ਨੂੰਹ ਨੂੰ ਵੀ ਪਰਚਾਉਣ ਦੀ ਕੋਸ਼ਿਸ਼ ਕਰਦੀ। ਸੱਸ ਨੂੰ ਇਹ ਵੀ ਪਤਾ ਸੀ ਕਿ ਉਸ ਵਲੋਂ ਰੱਖੇ ਜਾ ਰਹੇ ਫਹੇ ਉਨ੍ਹਾਂ ਫੱਟਾਂ ਦਾ ਇਲਾਜ ਨਹੀਂ ਹਨ ਜੋ ਕ੍ਰਿਸ਼ਨਾ ਨੂੰ ਉਸ ਦੇ ਪਤੀ ਦੀ ਬੇਰੁਖ਼ੀ ਨਾਲ ਮਿਲ ਰਹੇ ਸਨ।
ਰਿਸ਼ਤਿਆਂ ਦੇ ਪਰਦੇ 'ਚ ਕਈ ਗੱਲਾਂ ਖੁੱਲ੍ਹ ਕੇ ਬੋਲਣ ਨੂੰ ਉਸ ਵੇਲੇ ਸਮਾਜ 'ਚ ਵਰਜਤ ਸਮਝਿਆ ਜਾਂਦਾ ਸੀ। ਫਿਰ ਵੀ ਉਸ ਦੀ ਸੱਸ ਆਨੇ-ਬਹਾਨੇ ਪਤੀ ਨੂੰ ਲੁਭਾਉਣ ਦੇ ਤਰੀਕੇ ਦੱਸਦੀ ਤਾਂ ਜੋ ਉਸ ਦੇ ਪੁੱਤ ਦਾ ਘਰ ਵਸਿਆ ਰਹੇ ਅਤੇ ਆਬਾਦ ਹੋਵੇ। ਵੱਡੇ ਬਜ਼ੁਰਗਾਂ ਅਤੇ ਸਿਆਣਿਆਂ ਦੀ ਸੋਝੀ ਇਹੀ ਕਹਿੰਦੀ ਹੈ ਕਿ ਇਨਸਾਨ ਜਦੋਂ ਘਰ ਪਰਿਵਾਰ ਤੋਂ ਅਵੇਸਲਾ ਹੋਵੇ ਤਾਂ ਬੱਚੇ ਪਤੀ-ਪਤਨੀ ਨੂੰ ਜੋੜਨ ਅਤੇ ਇਕੱਠੇ ਰੱਖਣ 'ਚ ਅਹਿਮ ਕੜੀ ਬਣ ਜਾਂਦੇ ਹਨ। ਕ੍ਰਿਸ਼ਨਾ ਦੀ ਸੱਸ ਦਾ ਵੀ ਉਹੀ ਨਜ਼ਰੀਆ ਸੀ।
ਕ੍ਰਿਸ਼ਨਾ ਦਾ ਪਤੀ ਘਰ ਘੱਟ ਅਤੇ ਆਪਣੇ ਕੰਮ 'ਚ ਵਧੇਰੇ ਰੁੱਝਿਆ ਰਹਿੰਦਾ। ਉਂਜ ਉਹ ਪੜ੍ਹਨ-ਲਿਖਣ ਵਾਲਾ ਅਤੇ ਸੂਝਵਾਨ ਇਨਸਾਨ ਸੀ। ਨੇਮ ਨਾਲ ਡਾਇਰੀ ਵੀ ਲਿਖਦਾ, ਜਿਸ 'ਚ ਉਸ ਦੀ ਰੋਜ਼ਾਨਾ ਦੇ ਰੋਜ਼ਮਰ੍ਹਾ ਦੇ ਕੰਮ ਦੇ ਵੇਰਵੇ ਘੱਟ ਤੇ ਸ਼ਿਅਰੋ-ਸ਼ਾਇਰੀ ਜ਼ਿਆਦਾ ਹੁੰਦੀ। ਉਨ੍ਹਾਂ ਸ਼ਿਅਰਾਂ 'ਚ ਵੀ ਉਦਾਸੀ ਦੀ ਮਿਕਦਾਰ ਵਧੇਰੇ ਹੁੰਦੀ ਹੈ। ਇਕ ਦਿਨ ਕ੍ਰਿਸ਼ਨਾ ਆਪਣੇ ਕਮਰੇ ਦੀ ਸਾਫ਼-ਸਫਾਈ ਕਰ ਰਹੀ ਸੀ ਤਾਂ ਡਾਇਰੀ ਵੀ ਝਾੜ-ਪੂੰਝ ਕੇ ਰੱਖਣ ਲੱਗੀ। ਕਮਰੇ 'ਚ ਆਈ ਸੱਸ ਨੇ ਆਪਣੇ ਚੁੱਪ-ਚੁਪੀਤੇ ਪੁੱਤ ਦੀ ਰਮਜ਼ ਪਛਾਨਣ ਲਈ ਡਾਇਰੀ ਦੇ ਸਫ਼ੇ ਫਰੋਲੇ ਤਾਂ ਇਕ ਸ਼ਿਅਰ 'ਤੇ ਜਾ ਕੇ ਉਸ ਦੀ ਨਜ਼ਰ ਠਹਿਰ ਗਈ, ਜਿਸ 'ਚ ਲਿਖਿਆ ਸੀ:
ਚੱਲੀਏ ਅਬ ਐਸੀ ਜਗ੍ਹਾ
ਕਿ ਜਹਾਂ ਕੋਈ ਨਾ ਹੋ
ਹਮਸਫ਼ਰ ਕੋਈ ਨਾ ਹੋ
ਹਮਨਵਾ ਕੋਈ ਨਾ ਹੋ।
ਸੱਸ ਨੇ ਬਿਨਾਂ ਕੁਝ ਕਹੇ ਡਾਇਰੀ ਵਾਪਸ ਰੱਖੀ ਤੇ ਮਨ ਹੀ ਮਨ ਕੁਝ ਸੋਚ ਕੇ ਕਮਰੇ 'ਚੋਂ ਬਾਹਰ ਚਲੀ ਗਈ। ਲੱਗਾ ਬਿਨਾਂ ਪਿਓ ਦੇ ਪੁੱਤ ਨਾਲ ਸਿਰਫ਼ ਮਾਂ ਬਣ ਕੇ ਕੰਮ ਨਹੀਂ ਚੱਲੇਗਾ, ਉਸ ਨੂੰ ਪਿਓ ਵੀ ਬਣਨਾ ਪਵੇਗਾ। ਉਸ ਦਿਨ ਮਾਂ-ਪੁੱਤ ਦੀ ਆਪਸ 'ਚ ਕੀ ਗੱਲ ਹੋਈ, ਉਸ ਦਾ ਸਿਰਫ਼ ਬੰਦ ਕਮਰੇ ਦੀਆਂ ਕੰਧਾਂ ਨੂੰ ਹੀ ਪਤਾ ਸੀ ਪਰ ਉਸ ਦਿਨ ਤੋਂ ਬਾਅਦ ਕ੍ਰਿਸ਼ਨਾ ਵਿਆਹੁਤਾ ਬਣ ਗਈ।
ਸਮਾਂ ਇਸ ਸਭ ਤੋਂ ਬੇਪ੍ਰਵਾਹ ਆਪਣੀ ਤੋਰ ਤੁਰਦਾ ਰਿਹਾ। ਛੇ-ਸੱਤ ਸਾਲ 'ਚ ਕ੍ਰਿਸ਼ਨਾ ਜ਼ਿੰਦਗੀ ਦੇ ਵੇਗ ਤੋਂ ਅਤੇ ਛੱਲ-ਕਪਟਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋ ਗਈ। ਉਸ ਦੇ ਪਤੀ ਦਾ ਸਾਥ ਧੁੱਪ-ਛਾਂ ਵਾਂਗ ਉਸ ਨਾਲ ਬਣਿਆ ਰਿਹਾ। ਉਹ ਪਤੀ ਦੇ ਰੋਸੇ ਗਿਲਿਆਂ 'ਚ ਬਣੇ ਆਪਣੇ ਪਰਿਵਾਰ, ਆਪਣੇ ਤਿੰਨ ਬੱਚਿਆਂ ਨਾਲ ਮਸਰੂਫ਼ ਹੋ ਗਈ। ਜਿਵੇਂ ਰੱਬ ਦਾ ਭਾਣਾ ਉਸ ਨੇ ਸਵੀਕਾਰ ਕਰ ਲਿਆ ਹੋਵੇ।
ਕ੍ਰਿਸ਼ਨਾ ਲਗਾਤਾਰ ਹਵਾ ਦੇ ਵੇਗ ਨੂੰ ਆਪਣੀ ਮੁੱਠੀ 'ਚ ਭਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਵੇਗ ਕਿਹੜਾ ਕਿਸੇ ਦੇ ਵੱਸ 'ਚ ਆਇਆ ਹੈ। ਇਕ ਦਿਨ ਉਸ ਦਾ ਪਤੀ ਘਰੋਂ ਨਿਕਲਿਆ ਤੇ ਮੁੜ ਕਦੇ ਵਾਪਸ ਨਾ ਆਇਆ। ਆਪਣੇ ਤਿੰਨ ਜੁਆਕਾਂ ਨਾਲ ਕੱਲਮ-ਕੱਲੀ ਰਹਿ ਗਈ ਕ੍ਰਿਸ਼ਨਾ ਇਹ ਸੋਚਣ 'ਚ ਅਸਮਰੱਥ ਸੀ ਕਿ ਕਿਹੜੀ ਰਾਹ ਜ਼ਿਆਦਾ ਔਖੀ ਸੀ ਪਤੀ ਦੀ ਬੇਰੁਖ਼ੀ ਝਲਦਿਆਂ ਨਾਲ ਰਹਿਣਾ ਜਾਂ ਬਿਨਾਂ ਪਤੀ ਤੋਂ ਪਹਾੜ ਜਿੰਨੀ ਲੰਮੀ ਜ਼ਿੰਦਗੀ ਕੱਟਣਾ।
ਪੇਕਿਓਂ ਸਬਰ ਸੰਤੋਖ ਦੀ ਗੰਢ ਬੰਨ੍ਹ ਕੇ ਲਿਆਈ ਕ੍ਰਿਸ਼ਨਾ ਨੇ ਉਸ ਦਿਨ ਤੋਂ ਉਡੀਕ ਦਾ ਲੜ ਫੜ ਲਿਆ। 'ਕੱਲ੍ਹ' ਉਸ ਨੂੰ ਭਰਮਾਉਣ ਵਾਲਾ ਪਸੰਦੀਦਾ ਸ਼ਬਦ ਬਣ ਗਿਆ। ਇਸ ਸ਼ਬਦ ਦੀਆਂ ਉਹ ਰੋਜ਼ ਪੰਜ ਮਿੱਠੀਆਂ ਗੋਲੀਆਂ ਬਣਾਉਂਦੀ। ਇਕ ਆਪ ਖਾਂਦੀ, ਇਕ ਸੱਸ ਨੂੰ ਖਵਾਉਂਦੀ ਤੇ ਤਿੰਨ ਆਪਣੇ ਬੱਚਿਆਂ ਨੂੰ ਦਿੰਦੀ।
ਸੱਸ ਹੁਣ ਉਸ ਦੀ ਪੂਰੀ ਮਾਂ ਬਣ ਗਈ ਸੀ। ਦੋਵੇਂ ਸੱਸ-ਨੂੰਹ ਬਿਨਾਂ ਇਕ-ਦੂਜੇ ਨੂੰ ਕੁਝ ਕਹੇ ਘਰ ਬੁਲਾਉਣ ਦੀ ਜੁਗਤ ਲਾਉਂਦੀਆਂ। ਕ੍ਰਿਸ਼ਨਾ ਦੇ ਦੋ ਜੇਠ ਆਪਣੀ ਮਾਂ ਨੂੰ 30 ਰੁਪਏ ਮਹੀਨਾ ਭੇਜਦੇ ਸਨ। ਇਹ 60 ਰੁਪਏ ਉਨ੍ਹਾਂ ਦੇ ਪੂਰੇ ਮਹੀਨੇ ਦਾ ਸਰਮਾਇਆ ਹੁੰਦੇ ਜਿਸ ਨਾਲ ਬੱਚਿਆਂ ਦੀਆਂ ਫੀਸਾਂ ਤੇ ਘਰ ਦੇ ਹੋਰ ਖਰਚੇ ਚਲਦੇ। ਕ੍ਰਿਸ਼ਨਾ ਘਰ ਦੇ ਕੰਮਾਂ ਤੋਂ ਇਲਾਵਾ ਖੇਸ, ਦਰੀਆਂ ਬੁਣਦੀ, ਸਵੈਟਰ ਬੁਣਦੀ, ਸੇਵੀਆਂ ਵੱਟਦੀ, ਸੂਟ ਕੱਤਦੀ ਤੇ ਹੋਰ ਵੀ ਜੋ ਕੰਮ ਘਰੋਂ ਹੋ ਜਾਂਦਾ, ਕਰਦੀ।
ਕ੍ਰਿਸ਼ਨਾ ਨੇ ਖਰਚਿਆਂ ਦੀ ਕਿਰਸ ਕਰਨ ਦਾ ਵੀ ਵਲ਼ ਸਿੱਖ ਲਿਆ। ਉਹ ਗੋਭੀ ਦੇ ਡੰਡਲਾਂ ਦੀ, ਮੂਲੀ ਦੇ ਪੱਤਿਆਂ ਦੀ ਤੇ ਹੋਰ ਪਤਾ ਨਹੀਂ ਕਿਸ-ਕਿਸ ਚੀਜ਼ ਦੀ ਸਬਜ਼ੀ ਬਣਾਉਂਦੀ। ਇਥੋਂ ਤੱਕ ਕਿ ਗੁਆਂਢੀਆਂ ਦੇ ਘਰੋਂ ਆਈ ਲੱਸੀ ਤੋਂ ਪਨੀਰ ਬਣਾਉਣ ਦਾ ਵੀ ਵਲ਼ ਉਸ ਨੇ ਸਿੱਖ ਲਿਆ ਸੀ। ਦੋਵੇਂ ਨੂੰਹ-ਸੱਸ ਆਪੋ-ਆਪਣੇ ਦਰਦ ਇਕ-ਦੂਜੇ ਤੋਂ ਲੁਕਾਉਂਦੀਆਂ ਤੇ ਬੱਚਿਆਂ ਨੂੰ ਉਨ੍ਹਾਂ ਦੇ ਪਿਓ ਦੀਆਂ ਕਹਾਣੀਆਂ ਸੁਣਾਉਂਦੀਆਂ। ਬੱਚਿਆਂ ਨੂੰ ਕਹਾਣੀਆਂ 'ਚ ਵਿਚਰਦਾ ਪਿਓ ਪਰੀ ਕਥਾ ਦੇ ਰਾਜੇ ਵਾਂਗ ਲਗਦਾ। ਉਸ ਨੇ ਕਿਸੇ ਭਲੇ ਵੇਲੇ 'ਚ ਸਟੂਡੀਓ 'ਚ ਖਿਚਾਈ ਤਸਵੀਰ, ਜਿਸ 'ਚ ਉਹ, ਉਸ ਦਾ ਪਤੀ ਅਤੇ ਤਿੰਨ ਬੱਚੇ ਸਨ, ਫਰੇਮ ਕਰਵਾ ਕੇ ਕਮਰੇ 'ਚ ਲਾ ਲਈ ਤਾਂ ਜੋ ਬੱਚਿਆਂ ਨੂੰ ਪਿਓ ਦੀ ਕਮੀ ਮਹਿਸੂਸ ਨਾ ਹੋਵੇ। ਇਹ ਗੱਲ ਵੱਖਰੀ ਸੀ ਕਿ ਇਸ ਫਰੇਮ ਲਈ ਉਸ ਨੇ 5 ਮਹੀਨੇ ਛੋਟੇ-ਮੋਟੇ ਕੰਮ ਕਰਕੇ ਜੋੜੇ ਪੈਸਿਆਂ 'ਚੋਂ ਪੈਸੇ ਬਚਾਏ ਸੀ, ਕਿਉਂਕਿ ਕੁਝ ਰਕਮ ਤਾਂ ਘਰ ਦੇ ਖਰਚ 'ਚ ਲੱਗ ਜਾਂਦੀ ਸੀ।
ਤਸਵੀਰ ਵਾਲਾ ਪੁੱਤ, ਪਤੀ ਤੇ ਪਿਓ, ਉਸ ਕੋਲ ਸਾਰੀ ਉਮਰ ਰਿਹਾ। ਫਿਰ ਬਾਅਦ 'ਚ ਵੱਡੇ ਹੋਏ ਬੱਚਿਆਂ ਕੋਲ ਵੀ। ਜਿਵੇਂ ਕ੍ਰਿਸ਼ਨਾ ਦਾ ਪਤੀ ਸ਼ਾਇਦ ਇਸ ਨੂੰ ਹੀ ਆਪਣਾ ਫਰਜ਼ ਸਮਝ ਕੇ ਸੁਰਖਰੂ ਹੋ ਗਿਆ ਹੋਵੇ।
ਅਣਖ ਵਾਲੀ ਕ੍ਰਿਸ਼ਨਾ ਨੇ ਆਪਣੇ ਭੈਣ-ਭਰਾਵਾਂ ਅੱਗੇ ਵੀ ਕਦੇ ਹੱਥ ਨਹੀਂ ਸੀ ਅੱਡਿਆ, ਮਤੇ ਉਸ ਦੀ ਸੱਸ ਦੀ ਚਿੱਟੀ ਚੁੰਨੀ ਨੂੰ ਕੋਈ ਦਾਗ਼ ਨਾ ਲੱਗ ਜਾਵੇ। ਉਸ ਨੇ ਜ਼ਿੰਦਗੀ ਦੀ ਤੋਰ ਨਾਲ ਕਦਮ ਤਾਲ ਮਿਲਾਉਣਾ ਸਿੱਖ ਲਿਆ ਸੀ। ਪਰ ਜ਼ਿੰਦਗੀ ਕਿਹੜਾ ਹਰ ਵੇਲੇ ਇਕੋ ਤੋਰ ਤੁਰਦੀ ਹੈ। ਕ੍ਰਿਸ਼ਨਾ ਦੀ ਜ਼ਿੰਦਗੀ 'ਚ ਵੀ ਤਿੱਖੇ ਮੋੜ ਆਉਂਦੇ ਰਹੇ, ਖਾਸ ਤੌਰ 'ਤੇ ਉਸ ਵੇਲੇ ਜਦੋਂ ਉਸ ਦੀ ਜੇਠਾਣੀ ਉਸ ਵੱਲ ਆਉਂਦੀ। ਕ੍ਰਿਸ਼ਨਾ ਦੀ ਰਵਾਇਤਨ ਸੱਸ ਨਨਾਣ ਵਾਲਾ ਰੂਪ ਧਾਰ ਕੇ ਖੂਬ ਤਾਅਨੇ-ਮਿਹਣੇ ਦਿੰਦੀ, ਜਿਸ 'ਚ ਉਹ ਬੱਚਿਆਂ ਅਤੇ ਸੱਸ ਨੂੰ ਵੀ ਨਹੀਂ ਬਖ਼ਸ਼ਦੀ। ਦੋਵੇਂ ਸੱਸ-ਨੂੰਹ ਵੱਖਰੀਆਂ ਹੋ ਕੇ ਰੋਂਦੀਆਂ ਤੇ ਬੱਚਿਆਂ ਕੋਲ ਹੁੰਦੀਆਂ ਤੇ ਉਨ੍ਹਾਂ ਨੂੰ ਚੁੱਪ ਕਰਵਾਉਂਦੀਆਂ। ਬੱਚਿਆਂ ਨੂੰ ਚੁੰਨੀ ਦੇ ਗਿੱਲੇ ਕੋਨੇ ਕਿਥੇ ਨਜ਼ਰ ਆਉਂਦੇ ਹਨ। ਕਦੇ ਕ੍ਰਿਸ਼ਨਾ ਉਨ੍ਹਾਂ ਦੀ ਕੋਈ ਮਨਪਸੰਦ ਚੀਜ਼ ਬਣਾ ਕੇ ਦਿੰਦੀ ਤੇ ਕਦੇ ਦਾਦੀ ਉਨ੍ਹਾਂ ਨੂੰ ਸੁਪਨੇ ਲੈ ਕਹਾਣੀ ਸੰਸਾਰ 'ਚ ਲੈ ਜਾਂਦੀ। ਦਾਦੀ ਦੇ ਆਲੇ-ਦੁਆਲੇ ਲੇਟੇ ਬੱਚੇ ਕਹਾਣੀ ਦੇ ਰੋਮਾਂਚ 'ਚ ਆਪਣੇ ਹੰਝੂ ਪੂੰਝਣੇ ਵੀ ਭੁੱਲ ਜਾਂਦੇ। ਸੁੱਤੇ ਪਏ ਬੱਚਿਆਂ ਦੇ ਚਿਹਰੇ 'ਤੇ ਸੁੱਕੇ ਹੋਏ ਹੰਝੂਆਂ ਦੀ ਧਾਰ ਦੇ ਨਿਸ਼ਾਨ ਵੇਖ ਕੇ ਦਾਦੀ ਚੁੰਨੀ ਦਾ ਇਕ ਪਾਸਾ ਮੂੰਹ 'ਚ ਪਾ ਕੇ ਰੋਣ ਲੱਗ ਜਾਂਦੀ ਕਿ ਕਿਤੇ ਉਸ ਦੇ ਰੋਣ ਦੀ ਆਵਾਜ਼ ਨਾਲ ਬੱਚੇ ਜਾਗ ਨਾ ਜਾਣ ਅਤੇ ਉਨ੍ਹਾਂ ਦੀ ਤਿਲਸਮੀ ਦੁਨੀਆ 'ਚ ਖਲਲ ਨਾ ਪੈ ਜਾਵੇ।
ਜਿੰਨੇ ਦਿਨ ਕ੍ਰਿਸ਼ਨਾ ਦੀ ਜੇਠਾਣੀ ਉਥੇ ਰਹਿੰਦੀ, ਇਹ ਨਿਤ ਦਾ ਸ਼ੁਗਲ ਹੁੰਦਾ। ਰੱਬ-ਰੱਬ ਕਰਕੇ ਜਦ ਉਹ ਘਰੋਂ ਜਾਂਦੀ ਤਾਂ ਸਭ ਨੂੰ ਇੰਜ ਲਗਦਾ ਜਿਵੇਂ ਰੁਕੇ ਹੋਏ ਸਾਹ ਵਾਪਸ ਆ ਗਏ ਹੋਣ। ਜ਼ਿੰਦਗੀ ਦੀ ਰਫ਼ਤਾਰ 'ਚ ਉਸ ਜੇਠਾਣੀ ਦਾ ਆਉਣਾ-ਜਾਣਾ ਵੀ ਲੱਗਾ ਹੀ ਰਿਹਾ। ਉਸ ਦੇ ਆਉਣ 'ਤੇ ਜਾਣ ਦਾ ਫੈਸਲਾ ਉਸ ਦਾ ਹੀ ਹੁੰਦਾ ਤੇ ਹੰਝੂਆਂ ਦੀ ਗਿਣਤੀ ਜੇਠਾਣੀ ਦੇ ਰੁਕਣ ਦੀ ਮਿਆਦ 'ਤੇ ਵੀ ਕਾਫੀ ਹੱਦ ਤੱਕ ਨਿਰਭਰ ਕਰਦੀ।
ਕ੍ਰਿਸ਼ਨਾ ਦੀ ਉਡੀਕ ਬਾਦਸਤੂਰ ਜਾਰੀ ਰਹੀ। ਚੁੰਨੀ ਦੇ ਕੋਨੇ ਕਿਸੇ ਆਂਢ-ਗੁਆਂਢ ਦੇ ਆਉਣ ਨਾਲ ਵੀ ਭਿੱਜਦੇ ਰਹੇ। ਹੰਝੂਆਂ, ਰੋਸੇ, ਨਰਾਜ਼ਗੀ ਅਤੇ ਸ਼ਿਕਾਇਤਾਂ ਦਰਮਿਆਨ ਵੀ ਕ੍ਰਿਸ਼ਨਾ ਨੇ ਆਪਣੇ ਪਤੀ ਨੂੰ ਕਦੇ ਮੰਦਾ ਨਹੀਂ ਕਿਹਾ, ਨਾ ਬੱਚਿਆਂ ਅੱਗੇ, ਨਾ ਲੋਕਾਂ ਅੱਗੇ ਅਤੇ ਨਾ ਉਸ ਦੀ ਵਾਪਸੀ ਦੀ ਅਰਦਾਸ ਕਰਨ ਵੇਲੇ ਆਪਣੇ ਰੱਬ ਅੱਗੇ। ਇਥੋਂ ਤੱਕ ਕਿ ਆਪਣੇ ਤਸਵੀਰ ਵਾਲੇ ਪਤੀ ਦੀ ਸਲਾਮਤੀ ਲਈ ਕਰਵਾਚੌਥ ਦਾ ਵਰਤ ਵੀ ਰੱਖਦੀ ਰਹੀ।
ਬੱਚੇ ਆਪਣੀ ਜ਼ਿੰਦਗੀ ਦੇ ਇਕ ਤੋਂ ਬਾਅਦ ਇਕ ਪੜਾਅ ਪਾਰ ਕਰਦੇ ਰਹੇ। ਇਸ ਹੱਸਦੇ-ਰੋਂਦੇ ਸਮਿਆਂ 'ਚ ਹੀ ਉਸ ਨੇ ਆਪਣੇ ਪੁੱਤ ਤੇ ਦੋਵੇਂ ਧੀਆਂ ਦਾ ਵਿਆਹ ਵੀ ਕੀਤਾ। ਸਮੇਂ ਤੇ ਕਮੋਬੇਸ਼ ਸਾਰੀਆਂ ਜ਼ਿੰਮੇਵਾਰੀਆਂ, ਆਪਣੀ ਸਮਰੱਥਾ ਮੁਤਾਬਿਕ ਪੂਰੀਆਂ ਕੀਤੀਆਂ। ਉਹ ਆਪਣੀ ਜ਼ਿੰਦਗੀ ਦੀਆਂ ਪ੍ਰਾਪਤੀਆਂ 'ਚ ਸਿਰਫ਼ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਹੀ ਸ਼ੁਮਾਰ ਕਰਦੀ ਅਤੇ ਉਸ 'ਤੇ ਮਾਣ ਵੀ ਕਰਦੀ। ਬੱਚੇ ਆਪਣੇ ਘਰੋ-ਘਰੀ ਸੰਭਲੇ ਹੋਏ ਸਨ ਅਤੇ ਨੌਕਰੀ ਕਰਕੇ ਆਪਣੇ ਪੈਰਾਂ 'ਤੇ ਵੀ ਖੜ੍ਹੇ ਸਨ।
ਚੁੱਪ-ਚੁਪੀਤੀ ਜਿਹੀ ਕ੍ਰਿਸ਼ਨਾ ਦੀਆਂ ਭੁੱਬਾਂ ਉਸ ਦਿਨ ਪੂਰੇ ਪਿੰਡ ਨੇ ਸੁਣੀਆਂ ਜਦੋਂ ਉਸ ਦੀ ਸੱਸ ਦੀ ਮੌਤ ਹੋਈ। ਕੋਈ ਧੀ ਵੀ ਆਪਣੀ ਮਾਂ ਦੇ ਮਰਨ 'ਤੇ ਕਿਹੜੇ ਵੈਣ ਪਾਏਗੀ ਜੋ ਕ੍ਰਿਸ਼ਨਾ ਨੇ ਪਾਏ। ਉਸ ਨੇ ਖੁਦ ਨੂੰ ਬੇਆਸਰਾ ਕਰਨ ਲਈ ਰੱਬ ਨਾਲ ਵੀ ਰੋਸੇ ਪ੍ਰਗਟਾਏ ਪਰ ਤੁਰ ਜਾਣ ਵਾਲਾ ਵਿਰਲਾਪ ਸੁਣ ਕੇ ਵੀ ਕਿਥੇ ਵਾਪਸ ਆਉਂਦਾ ਹੈ। ਉਸ ਦੀ ਸੱਸ ਦੇ ਜਾਣ ਨਾਲ ਉਸ ਦੇ ਜੀਵਨ ਦਾ ਇਕ ਅਧਿਆਏ ਖ਼ਤਮ ਹੋ ਗਿਆ।
-0-
ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਕ ਹੱਦ ਤੱਕ ਸੁਰਖਰੂ ਹੋਈ ਕ੍ਰਿਸ਼ਨਾ ਹੁਣ ਬੱਚਿਆਂ ਜੋਗੀ ਸੀ। ਵੱਡੀ ਧੀ ਦਾ ਪਰਿਵਾਰ ਵੀ ਵੱਡਾ ਸੀ ਤੇ ਕ੍ਰਿਸ਼ਨਾ ਕਦੇ ਪੁੱਤ ਕੋਲ ਤੇ ਕਦੇ ਛੋਟੀ ਧੀ ਕੋਲ ਹੁੰਦੀ।
ਕ੍ਰਿਸ਼ਨਾ ਹੁਣ ਨਾਨੀ-ਦਾਦੀ ਬਣ ਗਈ ਸੀ। ਕਦੇ ਬੱਚਿਆਂ ਦੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀ, ਕਦੇ ਕੋਈ ਹੋਰ ਆਹਰ ਪਾਲ਼ੀ ਰੱਖਦੀ। ਪੂਜਾ-ਪਾਠ ਵੀ ਵਧਾ ਦਿੱਤਾ। ਰੋਜ਼ ਮੰਦਰ ਗੁਰਦੁਆਰੇ ਵੀ ਜਾਂਦੀ।
ਕ੍ਰਿਸ਼ਨਾ ਕੋਲ ਹੁਣ ਵੀ ਆਪਣੇ ਪੈਸਿਆਂ ਦੇ ਨਾਂਅ 'ਤੇ ਕੁਝ ਨਹੀਂ ਸੀ। ਹੱਥ ਅੱਡਣਾ ਉਸ ਨੂੰ ਹਾਲੇ ਵੀ ਨਹੀਂ ਆਉਂਦਾ ਸੀ। ਘੱਟ ਤੋਂ ਘੱਟ ਵਸੀਲਿਆਂ 'ਚ ਜ਼ਿੰਦਗੀ ਜੀਣ ਦੀ ਆਦੀ ਹੋ ਚੁੱਕੀ ਕ੍ਰਿਸ਼ਨਾ ਨੂੰ ਇਕ ਵਾਰ ਇਕ ਰਿਸ਼ਤੇਦਾਰ ਨੇ ਹੀ ਸਲਾਹ ਦਿੱਤੀ। ਉਸ ਨੂੰ ਉਸ ਦੇ ਪਤੀ ਜੋ ਕਦੇ ਫ਼ੌਜ 'ਚ ਕੁਝ ਚਿਰ ਰਿਹਾ ਸੀ, ਦੀ ਪੈਨਸ਼ਨ ਮਿਲ ਸਕਦੀ ਹੈ। ਮੌਤ ਤੋਂ ਬਾਅਦ ਪੈਨਸ਼ਨ ਦਾ ਹੱਕ ਪਤਨੀ ਦਾ ਹੁੰਦਾ ਹੈ। ਕ੍ਰਿਸ਼ਨਾ ਉਸ ਦੇ ਰਿਸ਼ਤੇਦਾਰ ਦੇ ਘਰੋਂ ਉਸ ਵੇਲੇ ਉਠ ਕੇ ਚਲੀ ਗਈ।
ਕ੍ਰਿਸ਼ਨਾ ਆਪਣੇ ਉਡੀਕ ਦੇ ਸਫ਼ਰ ਨੂੰ ਖ਼ਤਮ ਕਰਨ ਦੇ ਖਿਆਲ ਨਾਲ ਹੀ ਖੌਫ਼ਜ਼ਦਾ ਹੋ ਗਈ। ਘਰ ਵਾਪਸ ਆ ਕੇ ਵੀ ਉਹ ਵਾਰ-ਵਾਰ ਉਸ 'ਨਾਮੁਰਾਦ' ਵਿਚਾਰ ਨੂੰ ਦਿਮਾਗ ਤੋਂ ਝਟਕਣ ਦੀ ਕੋਸ਼ਿਸ਼ ਕਰਦੀ ਰਹੀ। ਕੁਝ ਸਮਾਂ ਇੰਜ ਹੀ ਤੌਖਲਿਆਂ 'ਚ ਲੰਘ ਗਿਆ।
ਕਹਿੰਦੇ ਨੇ ਹਕੀਕਤ ਦੇ ਫੱਟ ਬੜੇ ਡੂੰਘੇ ਹੁੰਦੇ ਹਨ। ਇਕ ਦਿਨ ਉਸ ਦੇ ਪੁੱਤ ਨੇ ਗੱਲਾਂ ਕਰਦਿਆਂ ਆਪਣੀ ਕੋਈ ਵਿੱਤੀ ਸਮੱਸਿਆ ਮਾਂ ਨਾਲ ਸਾਂਝੀ ਕੀਤੀ। ਉਸ ਦਿਨ ਬੇਵੱਸ ਮਾਂ ਕੋਲ ਆਪਣੇ ਪੁੱਤ ਨੂੰ ਧਰਵਾਸ ਦੇਣ ਲਈ ਆਪਣੇ ਪੱਲੇ ਕੋਈ ਅੱਖਰ ਵੀ ਨਜ਼ਰ ਨਾ ਆਏ। ਕ੍ਰਿਸ਼ਨਾ ਨੇ ਆਪਣੀ ਸੱਸ ਨੂੰ ਯਾਦ ਕਰਦਿਆਂ ਹੁਣ ਆਪਣੇ ਪੁੱਤ ਦਾ ਪਿਓ ਬਣਨ ਦਾ ਫੈਸਲਾ ਕੀਤਾ।
ਕ੍ਰਿਸ਼ਨਾ ਨੇ ਪੈਨਸ਼ਨ ਦੇ ਫਾਰਮ 'ਤੇ ਦਸਤਖ਼ਤ ਕਰ ਦਿੱਤੇ। ਦਫਤਰੀ ਅਮਲ ਲੰਮਾ ਸੀ। ਇਕ ਲੰਮੇ ਇੰਤਜ਼ਾਰ ਤੋਂ ਬਾਅਦ ਉਸ ਦੀ ਪੈਨਸ਼ਨ ਲੱਗ ਗਈ ਜੋ ਉਸ ਨੇ ਆਪਣੇ ਪੁੱਤ ਨੂੰ ਦੇ ਦਿੱਤੀ। ਉਸ ਨੇ ਆਪਣੀ ਮਨ ਦੀ ਕਸ਼ਮਕਸ਼ ਦੀ ਵਾਅ ਵੀ ਪੁੱਤ ਨੂੰ ਨਾ ਲੱਗਣ ਦਿੱਤੀ। ਪਰ ਆਪਣੀ ਉਡੀਕ 'ਤੇ ਕਿਸੇ ਵੀ ਕਿਸਮ ਦਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ।
-0-
ਸਾਲ-ਦਰ-ਸਾਲ ਲੰਘਦੇ ਰਹੇ। ਕ੍ਰਿਸ਼ਨਾ ਬਿਨਾਂ ਨਾਗਾ ਆਪਣੀ ਚੁੰਨੀ ਨਾਲ ਆਪਣੀ 'ਪਰਫੈਕਟ ਫੈਮਿਲੀ' ਵਾਲੀ ਤਸਵੀਰ ਸਾਫ਼ ਕਰਦੀ ਰਹੀ।
ਹੌਲ਼ੀ-ਹੌਲ਼ੀ ਉਮਰ ਦਾ ਜ਼ੋਰ ਉਸ ਦੇ ਕਾਬੂ ਤੋਂ ਬਾਹਰ ਹੋ ਗਿਆ। ਕਦੇ ਵਿਹਲੀ ਨਾ ਬੈਠਣ ਵਾਲੀ ਕ੍ਰਿਸ਼ਨ ਹੁਣ ਮੰਜੇ 'ਤੇ ਸੀ। ਮੁਸ਼ਕਿਲਾਂ, ਕਿਰਸਾਂ ਨਾਲ ਬਣਾਏ ਆਪਣੇ ਆਸ਼ਿਆਨੇ, ਆਪਣੇ ਬੱਚਿਆਂ ਨੂੰ ਵੀ ਉਹ ਕਦੇ ਪਛਾਣਦੀ ਸੀ, ਕਦੇ ਭੁੱਲ ਜਾਂਦੀ ਸੀ। ਡਾਕਟਰੀ ਭਾਸ਼ਾ 'ਚ ਇਸ ਨੂੰ ਅਲਜਾਈਮਰ ਕਿਹਾ ਜਾਂਦਾ ਹੈ। ਪਰ ਕ੍ਰਿਸ਼ਨਾ ਲਈ ਜਿਵੇਂ ਉਸ ਦੀ ਉਮੀਦ ਦੇ ਬੂਹੇ ਭੇੜਨ ਦਾ ਸਮਾਂ ਸੀ। ਪੁਰਾਣੀਆਂ ਯਾਦਾਂ, ਭੁੱਲੀਆਂ ਖੁਸ਼ੀਆਂ ਤੇ ਵਿਸਰੇ ਸਾਥਾਂ ਨੂੰ ਯਾਦ ਕਰਦੀ ਕ੍ਰਿਸ਼ਨਾ ਨੇ ਪੁੱਤ ਦੇ ਕਮਰੇ 'ਚ ਲੱਗੀ ਤਸਵੀਰ 'ਤੇ ਝਾਤ ਮਾਰੀ ਅਤੇ ਕਿਹਾ, 'ਵੇਖੀਂ! ਕਾਕੇ ਦੇ ਦੁੱਧ ਦਾ ਟਾਈਮ ਹੋ ਗਿਆ ਈ।'
ਕੋਲ ਬੈਠੇ ਧੀਆਂ ਤੇ ਪੁੱਤ ਕੁਝ ਵੀ ਨਾ ਕਹਿ ਸਕੇ ਅਤੇ ਕ੍ਰਿਸ਼ਨਾ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲੈਂਦਿਆਂ ਇਸ ਫ਼ਾਨੀ ਦੁਨੀਆ ਤੋਂ ਅਤੇ ਆਪਣੇ ਤਸਵੀਰ ਵਾਲੇ ਪਤੀ ਤੋਂ ਰੁਖ਼ਸਤੀ ਲੈ ਲਈ।

-ਈਮੇਲ : upma.dagga@gmail.com

Ad Position 22
No active advertisement
ਪਿਛਲੀ ਖ਼ਬਰ 17-05-26 ਅਗਲੀ ਖ਼ਬਰ 16-05-26 Girl's
Ad Position 24
No active advertisement