ਇਕ ਦਿਨ ਮੈਨੂੰ ਸ਼ਾਇਰ ਸ਼ੇਰ ਜੰਗ ਕਣੇਚਵੀ ਦਾ ਫੋਨ ਆਇਆ 'ਇਕ ਮੁੰਡੇ ਦੀ ਚੀਜ਼ ਗੁਆਚੀ ਅੱਜ ਲੈ ਲੋ ਭਲਕੇ ਲੈ ਲੋ ਪਰਸੋਂ ਨੂੰ ਖੂਹ ਦੇ ਥੱਲੇ' ਮੈਂ ਕਿਹਾ 'ਤੂੰ ਇਹ ਕੀ ਬੁਝਾਰਤ ਜਿਹੀ ਪਾ ਦਿੱਤੀ ਕੁਝ ਖੁਲ੍ਹਕੇ ਦੱਸ?' ਕਹਿੰਦਾ 'ਇਥੇ ਆਓਗੇ ਤਾਂ ਦੱਸ ਦਿਆਂਗਾ' ਸ਼ੇਰ ਜੰਗ ਕਣੇਚਵੀ ਸਾਹਨੇਵਾਲ ਰੋਡ 'ਤੇ ਕਬਾੜ ਦੀ ਦੁਕਾਨ ਕਰਦਾ ਸੀ। ਬਚਪਨ ਵਿਚ ਪੋਲੀਓ ਹੋਣ ਕਰਕੇ ਉਹ ਦੋਹਾਂ ਲੱਤਾਂ ਤੋਂ ਅਪਾਹਜ ਸੀ। ਸ਼ਾਇਰ ਬੜਾ ਕਮਾਲ ਦਾ ਸੀ। ਤਰੰਨਮ ਵਿਚ ਕਵਿਤਾ ਕਹਿੰਦਾ ਸੀ। ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀਆਂ ਮੀਟਿੰਗਾਂ ਵਿਚ ਸਾਡੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸਨ।
ਇਕ ਦਿਨ ਸਵੇਰੇ ਫਿਰ ਉਸ ਦਾ ਫੋਨ ਆਇਆ 'ਅੱਜ ਦਾ ਅਜੀਤ ਅਖ਼ਬਾਰ ਪੜ੍ਹ ਪਤਾ ਲੱਗ ਜਾਏਗਾ ਤੇਰੀ ਕਿਹੜੀ ਚੀਜ ਗੁਆਚੀ ਹੈ?' ਜਿਉੁਂ ਹੀ ਮਂੈ ਫਟਾਫਟ ਅਖ਼ਬਾਰ ਦੇ ਪੰਨੇ ਪਲਟੇੇ। ਇਕ ਖ਼ਬਰ ਉਤੇ ਮੇਰੀ ਨਜ਼ਰ ਪਈ ਜੋ ਕੁਝ ਇਸ ਤਰਾਂ੍ਹ ਸੀ 'ਤੇਲੂ ਰਾਮ ਕੁਹਾੜਾ ਦੇ ਘਰੋਂ ਕਬਾੜੀਏ ਨੂੰ ਵੇਚੀਆਂ ਕਿਤਾਬਾਂ ਅਤੇ ਰਸਾਲੇ ਜੌਹਰੀ ਕਬਾੜੀਏ ਕੋਲ ਪੁੱਜੀਆਂ। ਜਿਨ੍ਹਾਂ ਵਿਚ ਤੇਲੂ ਰਾਮ ਕੁਹਾੜਾ ਦੀਆਂ ਸਾਹਿਤਕਾਰਾਂ ਵਲੋਂ ਆਈਆਂ ਚਿੱਠੀਆਂ ਵੀ ਸਨ। ਉਹ ਜੌਹਰੀ ਹੈ ਸਾਹਨੇਵਾਲ ਡੇਹਲਂੋ ਰੋਡ ਤੇ ਕਬਾੜ ਦੀ ਦੁਕਾਨ ਕਰਦਾ ਪੰਜਾਬੀ ਦਾ ਇਕ ਸ਼ਾਇਰ ਸ਼ੇਰਜੰਗ ਕਣੇਚਵੀ' ਖਬਰ ਲਾਈ ਸੀ ਸਾਡੇ ਸਾਂਝੇ ਮਿੱਤਰ ਸ਼ਾਇਰ ਹਰਜੀਤ ਢਿਲੋਂ ਨੇ। 'ਮੇਰੀਆਂ ਕਿਤਾਬਾਂ ਰਿਸਾਲੇ ਕਿਸਨੇ ਵੇਚੇ ਨੇ?' ਇਸ ਗੱਲ ਦੀ ਘਰ ਵਿਚ ਪੁੱਛ-ਗਿੱਛ ਸ਼ੁਰੂ ਹੋ ਗਈ। ਆਖਰ ਬੇਬੇ ਬੋਲੀ 'ਇਹ ਤੇਰਾ ਖਿਲਾਰਾ ਤਾਂ ਚੌਵੀ ਘੰਟੇ ਖਿਲਰਿਆ ਪਿਆ ਰਹਿੰਦਾ' ਮੈਂ ਆਪਣੀ ਅਨਪੜ੍ਹ ਮਾਂ ਨੂੰ ਗੁੱਸੇ ਹੋਣ ਲੱਗਿਆ ਇਹ ਗੱਲ ਭੁੱਲ ਹੀ ਗਿਆ ਕਿ ਉਸ ਨੇ ਅਨਪੜ੍ਹ ਹੁੰਦਿਆਂ ਵੀ ਸਾਨੂੰ ਸਾਰਿਆਂ ਨੂੰ ਪੜ੍ਹਾਉਣ ਵਿੱੱਚ ਕਈ ਕਸਰ ਨਾ ਛੱਡੀ। ਫਿਰ ਮੈਂ ਆਪਣੇ ਆਪ 'ਤੇ ਵੀ ਗੁੱਸੇ ਹੋਇਆ ਕਿ ਤੇਲੂ ਰਾਮਾ ਇਹ ਗਲਤੀ ਤਾਂ ਤੇਰੀ ਹੈ ਤੂੰ ਆਪਣੀਆਂ ਪੜ੍ਹਨ ਵਾਲੀਆਂ ਕਿਤਾਬਾਂ ਨੂੰ ਹਿਸਾਬ ਨਾਲ ਚਿਣ ਕੇ ਨਹੀਂ ਰੱਖਦਾ' ਇਹ ਵਿਚਾਰਧਾਰਾ ਮੇਰੇ ਮਨ ਵਿਚ ਚੱਲ ਹੀ ਰਹੀ ਸੀ ਸ਼ੇਰ ਜੰਗ ਕਣੇਚਵੀ ਦਾ ਫੋਨ ਫਿਰ ਆ ਗਿਆ 'ਕਦੋਂ ਆਉਣਾ ਆਪਣਾ ਸਮਾਨ ਲੈਣ?' 'ਅੱਜ ਹੀ ਆਉਂਦਾ ਹਾਂ' ਫੋਨ ਬੰਦ ਕਰਕੇ ਮੈਂ ਆਪਣੀ ਪਤਨੀ ਨੂੰ ਕਿਹਾ 'ਚੱਲੋ ਤਿਆਰ ਹੋਵੋ। ਪਹਿਲਾਂ ਆਪਾਂ ਭੈਣ ਨੂੰ ਲੁਹਾਰੇ ਮਿਲਣ ਜਾਵਾਂਗੇ। ਮੁੜਦੇ ਹੋਏ ਸ਼ੇਰ ਜੰਗ ਕਣੇਚਵੀ ਤੋਂ ਆਪਣੀਆਂ ਕਿਤਾਬਾਂ ਫੜਾਂਗੇ। ਫਿਰ ਜੀਵਨ ਕਪਿਲਾ ਦੀ ਦੁਕਾਨ ਤੋਂ ਸੌਦਾ ਪੱੱਤਾ ਵੀ ਖਰੀਦ ਲਿਆਵਾਂਗੇ'। ਕੋਲ ਖੜ੍ਹੀ ਬੇਬੇ ਬੋਲੀ 'ਐਨਾ ਸੌਦਾ ਪੱਤਾ ਯਾਦ ਕਿਵੇਂ ਰਹਿ ਜਾਊ'? ਮੈਂ ਕਿਹਾ 'ਜਿਹੜਾ ਕੁਛ ਭੁਲ ਗਿਆ ਮਨਜੀਤ ਯਾਦ ਕਰਾਈ ਜਾਊਗੀ।'
ਜਦੋਂ ਅਸੀਂ ਸਾਹਨੇਵਾਲ ਤੋਂ ਡੇਹਲੋਂ ਵਾਲੀ ਸੜਕ ਪੈ ਕੇ ਸ਼ੇਰ ਜੰਗ ਕਣੇਚਵੀ ਦੀ ਦੁਕਾਨ ਅੱਗਿਓਂ ਲੰਘਣ ਲੱਗੇ। ਉਸ ਨੇ ਸਾਨੂੰ ਦੇਖਕੇ ਹੱਥ ਖੜ੍ਹਾ ਕਰਕੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਸਕੂਟਰ ਰੋਕ ਲਿਆ 'ਤੁਸੀ ਅੱਗੇ ਲੰਘ ਚੱਲੇ। ਮੇਰੇ ਕੋਲ ਰੁੱਕਣਾ ਭੁਲ ਗਏ?' ਮੈਂ ਸਕੂਟਰ ਉਤੇ ਬੈਠੇ ਨੇ ਜਵਾਬ ਦਿੱਤਾ 'ਮੁੜਕੇ ਆਉਂਦੇ ਹਾਂ ਲੁਹਾਰੇ ਭੈਣ ਕੋਲ ਜਾ ਆਈਏ' 'ਠੀਕ ਹੈ' ਉਸ ਨੇ ਕਿਹਾ ਤਾਂ ਅਸੀਂ ਜਦੇ ਲੁਹਾਰੇ ਵੱਲ ਨੂੰ ਚੱਲ ਪਏ।
ਸੜਕ ਕਾਫੀ ਟੁੱਟੀ ਹੋਈ ਸੀ। ਜਦੋਂ ਟੁੱਟੀ ਸੜਕ ਤੋਂ ਸਕੂਟਰ ਲੰਘਦਾ ਮਨਜੀਤ ਝਟਕਾ ਜਿਹਾ ਲੱਗਣ ਤੇ ਬੋਲਦੀ 'ਚਲੇ ਹੀ ਜਾਣਾ ਹੈ। ਤੁਸੀਂ ਸਕੂਟਰ ਹੌਲੀ ਚਲਾਓ। ਦਸ ਮਿੰਟ ਮਗਰੋਂ ਚਲੇ ਜਾਵਾਂਗੇ ਕਾਹਲੀ ਨਾ ਕਰੋ। ' ਮੇਰਾ ਕਾਹਲਾਪਣ ਅਤੇ ਉਸ ਦਾ ਧੀਮਾਪਣ ਦੋਹਾਂ ਦੇ ਆਪਾ ਵਿਰੋਧੀ ਸੁਭਾਅ, ਪਰ ਅਜਿਹੇ ਸੁਭਾਵਾਂ ਕਰਕੇ ਵੀ ਕਦੇ ਸਾਡੀ ਕੁੰਡੀ ਨਹੀਂ ਸੀ ਫਸੀ। ਜਦੋਂ ਮੈਂ ਕਹਿੰਦਾ 'ਜੇ ਮੈਂ ਕਾਹਲੀ ਨਾ ਕਰਾਂ ਤਾਂ ਆਥਣ ਤੱਕ ਮੇਰੇ ਅੱਧੇ ਕੰਮ ਹੋਣ ਤੋਂ ਰਹਿ ਜਾਣ ਤਾਂ ਉਸ ਨੇ ਕਹਿਣਾ 'ਗੱਲ ਤਾਂ ਥੋਡੀ ਵੀ ਠੀਕ ਹੈ' ਜਦੋਂ ਅਸੀਂ ਨਹਿਰ ਦੀ ਪਟੜੀ ਪਏ ਤਾਂ ਸਕੂਟਰ ਬਹੁਤ ਅਰਾਮ ਨਾਲ ਜਾ ਰਿਹਾ ਸੀ। ਦੱਖਣੀ ਬਾਈ ਪਾਸ ਉਹਨਾਂ ਦਿਨਾਂ ਵਿਚ ਬਣਿਆ ਨਹੀਂ ਸੀ। ਨਹਿਰ ਦੀ ਪਟੜੀ ਕੱਚੀ ਸੀ। ਪਰ ਸਾਫ ਸੀ। ਪਤਾ ਨਾ ਲੱਗਿਆ ਕਦੋਂ ਲੁਹਾਰੇ ਦਾ ਪੁਲ ਆ ਗਿਆ। ਪੁਲ ਦੇ ਨਾਲ, ਨਾਲ ਕੋਈ ਦੁਕਾਨ ਵੀ ਨਹੀਂ ਸੀ ਹੁੰਦੀ। ਜਦੋਂ ਅਸੀਂ ਲੁਹਾਰੇ ਦਾ ਪੁਲ ਪਾਰ ਕਰਨ ਲੱਗੇ ਮੈਂ ਮਨਜੀਤ ਨੂੰ ਕਿਹਾ 'ਦਿਮਾਗ ਵਿੱੱਚ ਸ਼ੇਰ ਜੰਗ ਦੀ ਦੁਕਾਨ 'ਤੇ ਪਈਆਂ ਕਿਤਾਬਾਂ ਹੀ ਘੁੰਮੀ ਜਾਂਦੀਆਂ ਨੇ। ਆਪਾਂ ਭੈਣ ਨੂੰ ਕੁਸ਼ ਲਿਆਉਣਾ ਹੀ ਭੁੱਲ ਗਏ' ਉਹ ਹੱਸਕੇੇ ਬੋਲੀ 'ਇਹ ਕਿਹੜਾ ਕੋਈ ਨਵੀਂ ਗੱਲ ਹੈ। ਮੈਂ ਤਾਂ ਜਦੋਂ ਦੀ ਥੋਡੇ ਨਾਲ ਵਿਆਹੀ ਹੋਈ ਆਈਂ ਹਾਂ ਇਹੋ ਕੁਝ ਦੇਖੀ ਜਾਂਦੀ ਹਾਂ, ਚੱਲੋ ਕੋਈ ਨਾ ਆਪਾਂ ਪੈਸੇ ਦੇ ਦਿਆਂਗੇ। '
ਭੈਣ ਨੂੰ ਮਿਲ ਕੇ ਅਸੀਂ ਛੇਤੀ ਹੀ ਸ਼ੇਰ ਜੰਗ ਕਣੇਚਵੀ ਕੋਲ ਪਹੁੰਚ ਗਏ। ਉਸ ਨੇ ਸਾਨੂੰ ਬੈਠਣ ਵੀ ਨਾ ਦਿੱਤਾ ਜਦੇ ਹੀ ਠੰਢੇ ਦੀਆਂ ਬੋਤਲਾਂ ਮੰਗਵਾ ਲਈਆਂ। ਠੰਢਾ ਪੀ ਕੇ ਮੈਂ ਕਿਹਾ 'ਲਿਆ ਬਈ ਸਾਡਾ ਸਮਾਨ' 'ਐਡੀ ਵੀ ਕਾਹਲੀ ਕਾਹਦੀ ਹੈ? ਸਮਾਨ ਕਿਵੇਂ ਦੇ ਦੇਵਾਂ ਮੇਰੀਆਂ ਕਵਿਤਾਵਾਂ ਸੁਣੇ ਬਿਨ੍ਹਾਂ ਥੋਨੂੰ ਮੈਂ ਕਿਵਂੇ ਜਾਣ ਦਊਂਗਾ'। ਉਸ ਨੇ ਆਪਣੀ ਨਵੀਂ ਪੁਸਤਕ 'ਕਬਰਾਂ ਵਿਚੋਂ ਉਠੀਆਂ ਬਾਹਾਂ' ਵਿਚ ਦਰਜ ਆਪਣੀਆਂ ਕੁਝ ਕਵਿਤਾਵਾਂ ਕੰਨ ਤੇ ਹੱਥ ਰੱਖ ਕੇ ਸੁਣਾਈਆਂ ਤਾਂ ਅਸੀਂ ਆਪਣੇ ਘਰ ਨੂੰ ਜਾਣਾ ਭੁਲ ਗਏ। ਆਖਰ ਮੈਂ ਕਿਹਾ 'ਲਿਆ ਫਿਰ ਸਾਡਾ ਸਮਾਨ' ਉਸ ਨੇ ਆਪਣੇ ਗੱਲੇ ਵਿਚੋਂ ਉਹ ਲਿਫਾਫਾ ਕੱਢਿਆ ਜਿਸ ਵਿਚ ਉਸ ਨੇ ਮੇਰੀਆਂ ਚਿੱਠੀਆਂ ਸੰਭਾਲ ਕੇ ਰੱਖੀਆਂ ਸਨ। ਉਹ ਲਿਫਾਫਾ, ਨਾਲ ਹੀ ਕਿਤਾਬਾਂ ਅਤੇ ਰਿਸਾਲਿਆਂ ਨਾਲ ਭਰਿਆ ਪਲਾਸਟਿਕ ਦਾ ਵੱਡਾ ਸਾਰਾ ਲਿਫਾਫਾ ਉਸ ਨੇ ਮੈਨੂੰ ਫੜਾਇਆ।
ਅਸੀਂ ਜਿਹੜੇ ਹੱਥ ਲੁਹਾਰੇ ਤੋਂ ਆਏ ਉਸੇ ਹੱਥ ਸ਼ੇਰ ਜੰਗ ਦੀ ਦੁਕਾਨ ਦੇ ਸਾਹਮਣੇੇ ਇਕ ਕੰਧ ਨਾਲ ਆਪਣਾ ਸਕੂਟਰ ਖੜ੍ਹਾ ਕਰਕੇ ਆਏ ਸੀ। ਮੈਂ ਸਕੂਟਰ ਦੇ ਵਿਚਕਾਰ ਲਿਫਾਫਾ ਰੱਖਿਆ। ਸੜਕ ਦੇ ਕਿਨਾਰੇ ਨਾਲ ਸਕੂਟਰ ਲਾ ਕੇ ਸਟਾਰਟ ਕਰਨ ਲੱਗਿਆ ਉਹ ਸਟਾਰਟ ਨਾ ਹੋਵੇ। ਮੈਂ ਸਕੂਟਰ ਟੇਢਾ ਕੀਤਾ। ਫਿਰ ਸਿੱਧਾ ਕਰਕੇ ਕਿੱਕ ਮਾਰੀ ਸਕੂਟਰ ਸਟਾਰਟ ਹੋ ਗਿਆ। ਮੈਂ ਉਸ ਦੀ ਰੇਲ ਬਣਾ ਕੇ ਲੈ ਗਿਆ ਜੀਵਨ ਕੁਮਾਰ ਕਪਿਲਾ ਦੀ ਦੂਕਾਨ ਅੱਗੇ।
ਜੀਵਨ ਕਪਿਲਾ ਦੁਕਾਨ ਦੇੇ ਬਾਹਰ ਹੀ ਖੜ੍ਹਾ ਸੀ। ਉਸ ਨੇ ਮੈਨੂੰ ਕਿਹਾ 'ਲਿਆਓ ਸੌਦਿਆਂ ਵਾਲੀ ਪਰਚੀ' 'ਸੌਦਿਆਂ ਵਾਲੀ ਪਰਚੀ? ਉਹ ਤਾਂ ਘਰ ਵਾਲੀ ਦੇ ਪਰਸ ਵਿਚ ਹੈ' ਉਹ ਫਿਰ ਬੋਲਿਆ 'ਘਰ ਵਾਲੀ ਕਿੱਥੇ ਹੈ' ਮੈਂ ਇਕ ਦਮ ਘਬਰਾਕੇ ਕਿਹਾ 'ਉਹ ਕਿੱਥੇ ਗਈ ਉਹ ਮੇਰੇ ਮਗਰ ਤਾਂ ਬੈਠੀ ਸੀ। '
ਮੈਂ ਇਕਦਮ ਸਕੂਟਰ ਸਟਾਰਟ ਕਰਕੇ ਡੇਹਲੋਂ ਰੋਡ ਵੱਲ ਨੂੰ ਚੱਲ ਪਿਆ। ਉਦੋਂ ਅਜੇ ਰੇਲਵੇ ਦਾ ਪੁਲ ਨਹੀਂ ਸੀ ਬਣਿਆ। ਚੌਕ ਵਿਚ ਟਰੈਫਿਕ ਹੋਣ ਕਰਕੇ ਮੈਨੂੰ ਕੁਝ ਚਿਰ ਰੁਕਣਾ ਪਿਆ। ਇਹ ਰੁਕਣ ਵਾਲੇ ਪਲਾਂ ਵਿਚ ਮਨ ਬਹੁਤ ਬੇਚੈਨ ਹੋ ਗਿਆ। ਸਕੂਟਰ ਉਤੇ ਬੈਠਾ ਮੈਂ ਸੱਜੇ, ਖੱਬੇ, ਅੱਗੇ ਵੱਲ ਨੂੰ ਦੇਖਦਾ ਬਹੁਤ ਹੀ ਧੀਮੀ ਚਾਲ ਜਾ ਰਿਹਾ ਸੀ। ਸਿਨੇਮਾ ਲੰਘ ਕੇ ਦੂਰੋਂ ਜਦੋਂ ਤੁਰੀ ਆਉਂਦੀ ਮਨਜੀਤ ਉਤੇ ਮੇਰੀ ਨਜ਼ਰ ਪਈ ਤਾਂ ਮੇਰੀ ਜਾਨ ਵਿਚ ਜਾਨ ਆਈ। ਜਦ ਮੈਂ ਮਨਜੀਤ ਦੇ ਅੱਗੇ ਜਾ ਕੇ ਸਕੂਟਰ ਰੋਕਿਆ ਤਾਂ ਉਹ ਵੀ ਰੁਕ ਗਈ ਉਹ ਬੋਲੀ ਕੁਝ ਵੀ ਨਾ। ਪਰ ਇਕ ਟੱਕ ਮੇਰੇ ਵੱਲ ਝਾਕਦੀ ਰਹੀ। ਉਸ ਦੇ ਬੁਲ੍ਹਾਂ ਉਤੇ ਸਿਕਰੀ ਸੀ, ਅੱਖਾਂ ਵਿਚ ਹੰਝੂ, ਗਿਲਾ ਅਤੇ ਸ਼ਿਕਵਾ ਸੀ। 'ਆ ਜਾ ਬੈਠ ਜਾ ਸਕੂਟਰ ਉਤੇ।' ਉਹ ਬੋਲੀ 'ਐਨੀ ਵੀ ਕੀ ਕਾਹਲੀ ਪਈ ਸੀ ਮੈਂ ਆਪਣੇ ਸੈਂਡਲ ਦੀ ਬੱਧਰੀ ਕਸਣ ਲਈ ਹੇਠਾਂ ਬੈਠ ਗਈ। ਤੁਸੀਂ ਸਕੂਟਰ ਦਾ ਜਹਾਜ਼ ਬਣਾ ਕੇ ਉਡ ਗਏ', 'ਮੈਂ ਸੋਚਿਆ ਤੂੰ ਸਕੂਟਰ ਉਤੇ ਬੈਠ ਗਈ' ਫਿਰ ਜਿਵੇਂ ਉਸ ਦੇ ਅੰਦਰੋਂ ਇਕ ਸ਼ਿਕਵਾ ਬਾਹਰ ਆਇਆ 'ਆਹ ਦੂਜਾ ਮੌਕਾ ਜਦੋਂ ਮੈਂਨੂੰ ਭੁਲਕੇ ਆਪ ਚਲਦੇ ਬਣੇ। ਇਕ ਵਾਰ ਰਾਣਵਾਂ ਦੇ ਰਾਹ ਵਿਚ ਵੀ ਇਵੇਂ ਭੁਲਕੇ ਛੱਡ ਗਏ ਸੀ। ਜਦੋਂ ਜਿਉਂਦੇ ਜੀ ਮੈਨੂੰ ਯਾਦ ਨਹੀਂ ਕਰਦੇ ਮਰੀ ਨੂੰ ਕਿੱਥੇ ਯਾਦ ਕਰਨਾ' ਮੈਂ ਕਿਹਾ ਹੁਣ ਬਹਿ ਜਾ ਸਕੂਟਰ 'ਤੇ ਉਹ ਓਪਰਾ ਜਿਹਾ ਮੁਸਕਰਾ ਕੇ ਸਕੂਟਰ ਉਤੇ ਬੈਠ ਗਈ।
-ਮੋਬਾਈਲ : 94633-53760