03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

31-01-26

Ad Position 21
repet_subhas-goyals [Copy P29]
ਅਜੀਤ ਡੈਸਕ 31-01-2026

 ਸੋਚਾਂ ਦੇ ਖੰਭ
ਲੇਖਕ : ਮਨਪ੍ਰੀਤ ਕਲੇਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ: 98152-98459

ਸ਼ਾਇਰ ਮਨਪ੍ਰੀਤ ਕਲੇਰ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਸੋਚਾਂ ਦੇ ਖੰਭ' ਨਾਲ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਆਪਣੇ ਕਾਵਿ-ਪ੍ਰਵਚਨਾਂ ਦੀ ਤੰਦ ਸੂਤਰ ਆਪਣੇ ਭੂਮਕਈ ਸਵੈ-ਕਥਨ ਅਸਾਡੇ ਹੱਥ ਫੜਾ ਰਿਹਾ ਹੈ, ਜਦੋਂ ਉਹ ਕਹਿੰਦਾ ਹੈ ''ਇਹ ਕਵਿਤਾਵਾਂ ਦਾ ਸੰਗ੍ਰਹਿ ਮੇਰੇ ਮਨ ਦੀ ਪੜਚੋਲ ਹੈ ਇਹ ਖ਼ੁਦ ਨਾਲ ਲੜਾਈ ਦੀ ਦਾਸਤਾਨ, ਇਕ ਅਧੂਰੀ ਤਸੱਲੀ ਦੀ ਪਹੁੰਚ ਅਤੇ ਕਈ ਵਾਰੀ ਆਉਣ ਵਾਲੀ ਉਹ ਰੌਸ਼ਨੀ ਜੋ ਕਿ ਬੇਨੀਂਦ ਰਾਤ ਤੋਂ ਬਾਅਦ ਦੀ ਸਵੇਰ ਲੈ ਕੇ ਆਉਂਦੀ ਹੈ। ਇੰਝ ਸ਼ਾਇਰ ਵਾਈ.ਬੀ. ਯੀਟਸ ਦਾ ਇਹ ਕਥਨ ਤਸਦੀਕ ਕਰ ਦਿੰਦਾ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਲੜਦੇ ਝਗੜਦੇ ਹੋ ਤਾਂ ਕੁਝ ਵੀ ਪੱਲੇ ਨਹੀਂ ਪੈਂਦਾ, ਪਰ ਜਦੋਂ ਤੁਸੀਂ ਆਪਣੇ ਆਪ ਨਾਲ ਲੜਦੇ ਹੋ ਤਾਂ ਕਵਿਤਾ ਪੈਦਾ ਹੁੰਦੀ ਹੈ। ਸ਼ਾਇਰ ਆਪਣੇ ਸਵੈ-ਕਥਨ ਵਿਚ ਇਹ ਵੀ ਕਹਿੰਦਾ ਹੈ ਕਿ ਪੁਸਤਕ ਦੀ ਹਰ ਇਕ ਕਵਿਤਾ ਉਸ ਦੇ ਆਪਣੇ ਇਕਲਾਪੇ ਅਤੇ ਅਣ ਕਹੀਆਂ ਗੱਲਾਂ ਦੀ ਗਵਾਹੀ ਹੈ। ਇਥੇ ਇਕ ਅੰਗਰੇਜ਼ੀ ਸ਼ਾਇਰ ਦੀ ਕਾਵਿ-ਸਤਰ ਤਸਦੀਕ ਹੋ ਰਹੀ ਹੈ ਕਿ 8eard me&od}es are sweet those unheard are sweeter ਅਰਥਾਤ ਗੀਤ ਤਾਂ ਮਿੱਠੇ ਹੁੰਦੇ ਹੀ ਹਨ ਅਤੇ ਜੋ ਗੀਤ ਅਣਸੁਣੇ ਹੁੰਦੇ ਹਨ ਉਹ ਹੋਰ ਵੀ ਮਿੱਠੇ ਹੁੰਦੇ ਹ। ਸਾਰੇ ਕਾਵਿ-ਸੰਗ੍ਰਹਿ ਵਿਚ ਸ਼ਾਇਰ ਨੇ ਆਪਣੇ ਸਵੈ-ਕਥਨ ਨੂੰ ਬਾਖੂਬੀ ਨਿਭਾਇਆ ਹੈ। ਕਿਤਾਬ ਦੇ ਨਾਮਕਰਨ 'ਸੋਚਾਂ ਦੇ ਖੰਭ' ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪਰਿੰਦਿਆਂ ਦੇ ਖੰਭਾਂ ਦੀ ਉਡੀਕ ਤਾਂ ਇਕ ਨਿਸਚਿਤ ਉਚਾਈ ਤੱਕ ਹੀ ਹੁੰਦੀ ਹੈ ਪਰ ਸੋਚਾਂ ਦੇ ਖੰਭਾਂ ਦੀ ਉਡਾਨ ਦਿਸਹੱਦਿਆਂ ਤੋਂ ਉਤਾਂਹ ਜਾ ਕੇ ਨੀਲੇ ਅੰਬਰ ਨੂੰ ਛੂਹਣ ਤੱਕ ਚਲੀ ਜਾਂਦੀ ਹੈ। ਸ਼ਾਇਰ ਦੀਆਂ ਕਵਿਤਾਵਾਂ ਵਿਚ ਅਧਿਆਤਮੀ ਸੁਰ ਤਾਂ ਹੈ ਹੀ ਤੇ ਨਾਲ ਹੀ ਨਾਲ ਤਰੰਗਤੀ ਮੁਹੱਬਤ ਦੇ ਪਹਾੜੀ ਨਦੀ ਦੇ ਵਹਿਣ ਵਾਂਗ ਵੀ ਹੈ ਜਿਥੇ ਪਹਾੜੀ ਨਦੀ ਪੱਥਰਾਂ ਦੀਆਂ ਰੁਕਾਵਟਾਂ ਨਾਲ ਖਹਿੰਦੀ ਮੈਦਾਨਾਂ ਤੱਕ ਪਹੁੰਚਦੀ ਹੈ। ਇਸੇ ਤਰ੍ਹਾਂ ਮੁਹੱਬਤ ਦਾ ਪਾਂਧੀ ਸੰਯੋਗ, ਵਿਯੋਗ, ਰੋਸੇ, ਮਨ ਮਨਾਉਣੀਆਂ ਅਤੇ ਭਟਕਣ ਦੇ ਚੱਕਰਵਿਊ 'ਚੋਂ ਨਿਕਲ ਕੇ ਵਸਲ ਤੱਕ ਪਹੁੰਚਣ ਲਈ ਸ਼ਬਦਾਂ ਦੇ ਹੁਜਰੇ ਦੀ ਠਾਹਰ ਭਾਲਦਾ ਹੈ। ਸ਼ਾਇਰ ਪੈਗੰਬਰ ਦਾ ਨਾਇਬ ਹੁੰਦਾ ਹੈ। ਸ਼ਾਇਰ ਕਹਿੰਦਾ ਹੈ ਕਿ ਮੁਹੱਬਤੀ ਨਿਸ਼ਾਨੇ 'ਤੇ ਪਹੁੰਚਣ ਲਈ ਦੀਵੇ ਦੀ ਬੱਤੀ ਦੇ ਨਾਲ ਦੀਵੇ ਵਿਚ ਪਏ ਤੇਲ ਵਾਂਗ ਸੜਨਾ ਪੈਂਦਾ ਹੈ। ਸ਼ਾਇਰ ਵਿਕਾਸਸ਼ੀਲ ਦੇਸ਼ ਦੇ ਘੜੰਮ ਸਿਆਸੀ ਚੌਧਰੀਆਂ ਜੋ ਪੰਜੇ, ਤੱਕੜੀ ਅਤੇ ਕਮਲ ਦੇ ਫੁੱਲ ਦੇ ਭੌਰੇ ਬਣਨ ਦੇ ਅਲੰਬਰਦਾਰ ਬਣੇ ਫਿਰਦੇ ਹਨ, ਉਹ ਹਰ ਪੰਜ ਸਾਲਾਂ ਬਾਅਦ ਭੋਲੀ-ਭਾਲੀ ਜਨਤਾ ਨੂੰ ਲਾਰਿਆਂ ਦਾ ਕਲੋਰੋਫਾਰਮ ਸੁੰਘਾ ਕੇ ਸੱਤਾ ਦੇ ਗਲਿਆਰਿਆਂ 'ਤੇ ਕਾਬਜ਼ ਹੋ ਜਾਂਦਾ ਹੈ, ਉਨ੍ਹਾਂ ਦੇ ਬਖੀਏ ਉਧੇੜ ਕੇ ਚੌਰਾਹੇ 'ਚ ਨੰਗਿਆਂ ਕਰ ਦਿੰਦਾ ਹੈ। ਭਾਵੇਂ ਇਹ ਸਿਆਸੀ ਚੌਧਰੀ ਆਪਣੇ ਆਕਾਵਾਂ ਦੇ ਕਹਿਣ ਤੇ ਜ਼ਬਾਨ ਬੰਦ ਕਰਾਉਣ ਤੱਕ ਚਲੇ ਜਾਂਦੇ ਹਨ, ਪਰ ਸ਼ਾਇਰ ਬਾਬਾ ਨਜ਼ਮੀ ਦੇ ਕਹਿਣ ਅਨੁਸਾਰ ਉੱਗਣ ਵਾਲੇ ਤਾਂ ਪੱਥਰਾਂ ਦਾ ਸੀਨਾ ਪਾੜ ਕੇ ਵੀ ਉੱਗ ਪੈਂਦੇ ਹਨ ਤੇ ਇੰਝ ਜ਼ੁਬਾਨ ਬੰਦ ਨਹੀਂ ਕੀਤੀ ਜਾ ਸਕਦੀ। ਸ਼ਾਇਰ ਆਪਣੀ ਨਜ਼ਮ ਪੱਥਰ ਵਿਚ ਸੁਰਜੀਤ ਪਾਤਰ ਅਤੇ ਮਮਤਾ ਦੀ ਮੂਰਤ ਮਾਂ ਬਾਰੇ ਲਿਖੀਆਂ ਨਜ਼ਮਾਂ ਵਿਚ ਪ੍ਰੋ. ਮੋਹਨ ਸਿੰਘ ਦੇ ਪਰਛਾਵਿਆਂ ਦੀ ਝਲਕ ਪੈਂਦੀ ਹੈ। ਸ਼ਾਇਰ ਕੋਈ ਬੱਝਵਾਂ ਤਖੱਯਲ ਪੇਸ਼ ਨਹੀਂ ਕਰਦਾ ਸਗੋਂ ਪਰੰਪਰਕ ਆਦਰਸ਼ ਦੀ ਹੀ ਪ੍ਰਕਰਮਾ ਕਰ ਰਿਹਾ ਹੈ। ਸ਼ਾਇਰ ਨੂੰ ਚਾਹੀਦਾ ਹੈ ਕਿ ਪਰੰਪਰਕ ਆਦਰਸ਼ ਨੂੰ ਤਲਾਂਜਲੀ ਦੇ ਕੇ ਧਰਾਤਲੀ ਯਥਾਰਥ ਨਾਲ ਜੁੜਨ ਲਈ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰੇ ਤਾਂ ਨਿਸਚੇ ਹੀ ਨਿਕਟ ਭਵਿੱਖ ਵਿਚ ਹੋਰ ਬਿਹਤਰ ਪ੍ਰਗਟਾਵੇ ਦੀ ਸ਼ਾਇਰੀ ਦਾ ਸ਼ਬਦ ਸ਼ਿਲਪੀ ਬਣਨ ਦੀ ਸੰਭਾਵਨਾ ਬਣਾ ਸਕੇਗਾ।

-ਭਗਵਾਨ ਢਿੱਲੋਂ
ਮੋਬਾਈਲ : 98143-78254

 


ਸੁਰਖ਼-ਆਬ
ਲੇਖਕ : ਗੁਲ ਆਬ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 95012-61646

ਜਦੋਂ ਕੋਈ ਕਵੀ ਆਪਣੀ ਕਵਿਤਾ ਦੀ ਆਧਾਰ ਭੂਮੀ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਗ੍ਰਹਿਣ ਕਰਦਾ ਹੈ ਤਾਂ ਉਹ ਕਵਿਤਾ ਅਸਰ-ਅੰਦਾਜ਼ ਵੀ ਹੁੰਦੀ ਹੈ ਤੇ ਪਾਠਕ ਦੇ ਮਨ 'ਤੇ ਆਪਣੀ ਛਾਪ ਵੀ ਛੱਡਦੀ ਹੈ। ਜੇਕਰ ਕਵਿਤਾ ਕਿਰਤੀ ਹੱਥਾਂ ਦੁਆਰਾ ਸਿਰਜੀ ਗਈ ਹੋਵੇ ਤਾਂ ਇਸ ਦਾ ਪੁੰਗਾਰਾ ਪੀੜ੍ਹੀਆਂ ਮਾਣਦੀਆਂ ਹਨ ਕਿਉਂਕਿ ਇਹ ਕਵਿਤਾ ਜ਼ਿੰਦਗੀ ਦੀਆਂ ਵਿਸੰਗਤੀਆਂ ਅਤੇ ਵਿਰੋਧਾਂ ਨੂੰ ਪਕੜਨ ਕਰਕੇ ਪ੍ਰੇਰਣਾਦਾਇਕ ਵੀ ਬਣਦੀ ਹੈ। ਜਦੋਂ ਅਸੀਂ ਗੁਲ ਆਬ ਦੀ ਕਾਵਿ-ਪੁਸਤਕ 'ਸੁਰਖ਼-ਆਬ' ਬਾਰੇ ਚਰਚਾ ਕਰਦੇ ਹਾਂ ਤਾਂ ਇਸ ਵਿਚ ਸ਼ਾਮਿਲ ਕਵਿਤਾਵਾਂ ਬੇਸ਼ੱਕ ਛੋਟੇ ਆਕਾਰ ਦੀਆਂ ਹਨ ਪਰ ਜਦੋਂ ਪਾਠਕ ਇਨ੍ਹਾਂ ਨੂੰ ਪੜ੍ਹਦਾ ਹੈ ਤਾਂ ਇਨ੍ਹਾਂ ਵਿਚਲੇ ਵੱਡੇ ਅਰਥ ਅਤੇ ਇਨ੍ਹਾਂ ਕਵਿਤਾਵਾਂ ਦਾ ਸੁਹਜਾਤਮਿਕ ਆਪਾ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ। ਇਸ ਪੁਸਤਕ ਵਿਚ ਭਾਵੇਂ ਲੰਮੀਆਂ ਕਵਿਤਾਵਾਂ ਵੀ ਸ਼ਾਮਿਲ ਹਨ ਪਰ ਉਨ੍ਹਾਂ ਵਿਚਲੀ ਸੁਰ ਵੀ ਸਾਧਨਹੀਣ ਧਿਰ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਦੁਸ਼ਵਾਰੀਆਂ ਦਾ ਜ਼ਿਕਰ ਕਰਦੀ ਹੈ। ਜੇਕਰ ਪੁਸਤਕ ਵਿਚ ਸ਼ਾਮਿਲ ਟੱਪਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਵੀ ਕਿਰਤ ਦੀ ਮਹੱਤਤਾ ਅਤੇ ਕਿਰਤੀ ਲੋਕਾਂ ਦਾ ਸਿਰੜ ਹੀ ਪੇਸ਼ ਹੋਇਆ ਨਜ਼ਰੀਂ ਪੈਂਦਾ ਹੈ :
ਮੇਰੇ ਹੱਥਾਂ ਬਣਾਈਆਂ ਇੱਟਾਂ
ਕਿ ਇੱਟਾਂ ਨਾਲ ਮਹਿਲ ਬਣਗੇ...
ਅਸੀਂ ਸ਼ੋ ਰੂਮ ਹੱਥਾਂ ਨਾਲ ਬਣਾ ਕੇ
ਖ਼ਰੀਦਦਾਰੀ ਸੇਲ ਤੋਂ ਕਰੀ।
ਕਵੀ ਦੀ ਇਹ ਲੋਚਾ ਹੈ ਕਿ ਜੋ ਵੀ ਸਿਰਜਿਆ ਜਾਵੇ ਉਹ ਆਮ ਲੋਕਾਂ ਲਈ ਹੋਵੇ ਤੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਸਿਰਜਿਆ ਜਾਵੇ, ਜਿਸ ਵਿਚ ਕਿਰਤ ਦੀ ਮਹੱਤਤਾ ਵੀ ਅਤੇ ਕਿਰਤ ਦੀ ਲੁੱਟ ਦੀ ਨਿਸ਼ਾਨਦੇਹੀ ਦੇ ਕਾਰਨ ਵੀ ਹੋਣ। ਗੁਲ ਆਬ ਦੀਆਂ 'ਸੁਰਖ-ਆਬ' ਵਰਗੀਆਂ ਇਹ ਕਵਿਤਾਵਾਂ ਖ਼ੂਬਸੂਰਤ ਅਤੇ ਸੁਹਜ ਭਰਪੂਰ ਹਨ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

 


ਚੰਗੀਆਂ ਗੱਲਾਂ
ਲੇਖਕ : ਪਰਮਜੀਤ ਸਿੰਘ ਨਿੱਕੇ ਘੁੰਮਣ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 48
ਸੰਪਰਕ : 97816-46008

ਸ. ਪਰਮਜੀਤ ਸਿੰਘ ਨਿੱਕੇ ਘੁੰਮਣ ਬਹੁ-ਵਿਧਾਈ ਸਾਹਿਤਕਾਰ ਹੈ। ਇਕ ਚੰਗਾ ਅਧਿਆਪਕ ਹੋਣ ਦੇ ਨਾਲ ਨਾਲ ਸਾਹਿਤ ਸਿਰਜਣਾ ਵੀ ਕਰ ਰਿਹਾ ਹੈ ਅਤੇ ਉਸ ਦੀ ਕਲਮ ਨਿਰੰਤਰ ਚਲਦੀ ਹੋਈ ਪੌੜੀ ਦਰ ਪੌੜੀ ਮੰਜ਼ਿਲ ਵੱਲ ਵਧ ਰਹੀ ਹੈ। ਉਸ ਨੇ ਕਹਾਣੀ, ਕਵਿਤਾ, ਨਿਬੰਧ ਅਤੇ ਇਕਾਂਗੀ ਆਦਿ ਵਿਧਾਵਾਂ ਤੇ ਬਰਾਬਰ ਹੱਥ ਅਜ਼ਮਾਇਆ ਹੈ। ਲੇਖਕ ਨੇ ਹੁਣ ਤੱਕ ਇਕ ਬਾਲ ਕਾਵਿ ਸੰਗ੍ਰਹਿ, ਇਕ ਕਹਾਣੀ ਸੰਗ੍ਰਹਿ, ਇਕ ਕਾਵਿ ਸੰਗ੍ਰਹਿ ਅਤੇ ਇਕ ਪੁਸਤਕ ਦਾ ਅਨੁਵਾਦ ਵੀ ਕੀਤਾ ਹੈ। ਲੇਖਕ ਦੀ ਪਹਿਲੀ ਪੁਸਤਕ ਬਾਲ ਚਿਰਾਗ 2022 ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਇਹ ਹੱਥਲੀ ਪੁਸਤਕ ਲੇਖਕ ਦੀ ਦੂਜੀ ਬਾਲ ਪੋਥੀ ਹੈ ਜਿਸ ਵਿਚ 28 ਰੰਗ ਬਰੰਗੀਆਂ ਬਾਲ ਕਵਿਤਾਵਾਂ ਦਾ ਗੁਲਦਸਤਾ ਬਾਲਾਂ ਲਈ ਲਿਖਿਆ ਹੈ। ਲੇਖਕ ਨੇ ਆਪਣੀਆਂ ਕਵਿਤਾਵਾਂ ਵਿਚ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦੀਆਂ ਅਤੇ ਰੁੱਖਾਂ ਦੀ ਵਡਿਆਈ ਦੇ ਸੋਹਿਲੇ ਗਾਏ ਹਨ। ਅੱਜ ਪ੍ਰਦੂਸ਼ਣ ਦੇ ਯੁੱਗ ਵਿਚ ਰੁੱਖ ਸਾਡੇ ਅਹਿਮ ਸੰਗੀ ਸਾਥੀ ਹਨ। ਰੁੱਖਾਂ ਦੀ ਸਾਂਭ ਸੰਭਾਲ ਕਰਨੀ ਅਤੇ ਬੱਚਿਆਂ ਨੂੰ ਰੁੱਖਾਂ ਬਾਬਤ ਜਾਣੂੰ ਕਰਾਉਣਾ ਬਹੁਤ ਜ਼ਰੂਰੀ ਹੈ। ਮਾਂ ਕਵਿਤਾ ਵੀ ਇਕ ਚੰਗਾ ਸੁਨੇਹਾ ਦੇਂਦੀ ਹੈ ਬੱਚਿਆਂ ਨੂੰ। ਹੋਰ ਕਵਿਤਾਵਾਂ ਵੀ ਲੇਖਕ ਨੇ ਖੂਬਸੂਰਤ ਲਿਖੀਆਂ ਹਨ ਜਿਵੇਂ ਕਿ ਮਿਹਨਤ ਕਰਿਓ ਬੱਚਿਓ, ਆਓ ਬੱਚਿਓ ਸ਼ੋਰ ਘਟਾਈਏ, ਚੀਨੀ ਡੋਰ ਹੈ ਬੜੀ ਖਰਾਬ, ਦਿਵਾਲੀ, ਜਲ ਬਚਾਈਏ, ਕੰਪਿਊਟਰ, ਨਾਲ ਕਿਤਾਬਾਂ ਪਾ ਲਾਓ ਯਾਰੀ, ਅਣਜੰਮੀ ਧੀ ਦੀ ਪੁਕਾਰ, ਦੋ ਮਿੱਤਰ ਅਤੇ ਰਿੱਛ, ਬਿੱਲੀ ਤੇ ਚੂਹਾ ਅਤੇ ਪਿਆਸਾ ਕਾਂ। ਕਵਿਤਾਵਾਂ ਦੇ ਨਾਲ ਚਿੱਤਰ ਵੀ ਲਾਏ ਹੁੰਦੇ ਤਾਂ ਕਵਿਤਾਵਾਂ ਦੀ ਖੂਬਸੂਰਤੀ ਹੋਰ ਵਧ ਜਾਣੀ ਸੀ। ਇਕ ਵਿਸ਼ੇ 'ਤੇ ਇਕ ਹੀ ਕਵਿਤਾ ਲਿਖੀ ਜਾਏ ਤਾਂ ਬੱਚਿਆਂ ਵਿਚ ਪੜ੍ਹਨ ਦੀ ਰੁਚੀ ਹੋਰ ਵਧ ਜਾਏਗੀ। ਇਕ ਚੰਗੀ ਪੁਸਤਕ ਦੀ ਆਮਦ ਲਈ ਲੇਖਕ ਅਤੇ ਪ੍ਰਕਾਸ਼ਕ ਨੂੰ ਵਧਾਈਆਂ।

-ਬਲਵਿੰਦਰ ਸਿੰਘ ਜੰਮੂ
ਮੋਬਾਈਲ : 094196-36562

 


ਮੇਰੇ ਹਿੱਸੇ ਦੀ ਧੁੱਪ
ਲੇਖਕ : ਸਤਪਾਲ ਸਾਹਲੋਂ
ਪ੍ਰਕਾਸ਼ਕ : ਰੌਸ਼ਨ ਕਲਾ ਕੇਂਦਰ, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98156-55071

ਗ਼ਜ਼ਲ ਸੰਗ੍ਰਹਿ 'ਮੇਰੇ ਹਿੱਸੇ ਦੀ ਧੁੱਪ' ਦਾ ਸ਼ਾਇਰ ਸਤਪਾਲ ਸਾਹਲੋਂ ਇਕ ਮਿਸ਼ਨਰੀ ਕਲਮਕਾਰ ਹੈ ਤੇ ਉਸ ਦੀ ਕਲਮ ਨਿਮਨ ਕਹੇ ਜਾਂਦੇ ਵਰਗ ਦੇ ਸੰਘਰਸ਼ਾਂ ਦੀ ਗਵਾਹ ਰਹੀ ਹੈ। ਉਸ ਨੇ ਸਾਹਿਤਕ ਪੱਤਰਕਾਰੀ ਵੀ ਕੀਤੀ ਹੈ ਤੇ ਇਕ ਖ਼ਾਸ ਉਦੇਸ਼ ਲਈ ਵੀਡੀਓ ਫ਼ਿਲਮਾਂ ਵੀ ਬਣਾਈਆਂ ਹਨ। ਕਈ ਧਾਰਮਿਕ ਸੰਸਥਾਵਾਂ ਨਾਲ ਜੁੜੇ ਸਤਪਾਲ ਸਾਹਲੋਂ ਨੇ ਸਮਾਜਿਕ ਕਾਰਜਾਂ ਵਿਚ ਯੋਗਦਾਨ ਪਾਉਂਦੇ ਹੋਏ ਆਪਣੀ ਗ਼ਜ਼ਲਕਾਰੀ ਵੀ ਜਾਰੀ ਰੱਖੀ ਹੈ। ਕੁੱਝ ਗੀਤ ਸੰਗ੍ਰਹਿਾਂ ਤੋਂ ਬਾਅਦ 'ਮੇਰੇ ਹਿੱਸੇ ਦੀ ਧੁੱਪ' ਉਸਦੀ ਗ਼ਜ਼ਲਾਂ ਦੀ ਦੂਜੀ ਪੁਸਤਕ ਹੈ। ਇਨ੍ਹਾਂ ਗ਼ਜ਼ਲਾਂ ਵਿਚ ਜਿੱਥੇ ਉਹ ਆਪਣੀ ਮੁਹੱਬਤ ਨੂੰ ਮੁਖ਼ਾਤਿਬ ਹੈ ਓਥੇ ਮੰਦੇ ਹਾਲ ਜੂਨ ਹੰਢਾ ਰਹੀ ਅਵਾਮ ਦੇ ਦਰਦਾਂ ਨੂੰ ਉਹ ਤਰਜੀਹੀ ਤੌਰ 'ਤੇ ਜ਼ੁਬਾਨ ਦਿੰਦਾ ਦਿਖਾਈ ਦਿੰਦਾ ਹੈ। ਉਹ ਸੌਖੀਆਂ ਬਹਿਰਾਂ ਵਿਚ ਸਾਦਾ ਗ਼ਜ਼ਲ ਕਹਿਣ ਦਾ ਹਾਮੀ ਹੈ। ਉਸ ਅਨੁਸਾਰ ਉਹ ਟੁੱਟਦੇ ਤਾਰਿਆਂ ਨੂੰ ਪਿਆਰ ਕਰਦਾ ਹੈ ਤੇ ਉਹ ਦਿਲੋਂ ਉਨ੍ਹਾਂ ਦਾ ਹਮਦਰਦ ਹੈ। ਬੇਇਤਬਾਰੀ ਦੁਨੀਆ ਕਾਰਨ ਉਸ ਨੇ ਨੁਕਸਾਨ ਉਠਾਏ ਹਨ ਪਰ ਫਿਰ ਵੀ ਉਹ ਲੋਕਾਈ ਦੀਆਂ ਪੀੜਾਂ ਦਾ ਹਮਸਫ਼ਰ ਹੈ। ਉਸ ਦੀਆਂ ਗ਼ਜ਼ਲਾਂ ਵਿਚ ਜੂਝਦੇ ਲੋਕਾਂ ਲਈ ਹੱਲਾਸ਼ੇਰੀ ਹੈ ਤੇ ਉਸ ਦਾ ਵਿਸ਼ਵਾਸ ਹੈ ਕਿ ਤਕਦੀਰਾਂ ਹਿੰਮਤ ਨਾਲ ਹੀ ਬਦਲਦੀਆਂ ਹਨ। ਉਸ ਦਾ ਯਕੀਨ ਹੈ ਕਿ ਇਕ ਕਤਰਾ ਵੀ ਸਮੁੰਦਰ ਬਣ ਸਕਦਾ ਹੈ ਤੇ ਰੁੱਤਾਂ ਬਦਲਦਿਆਂ ਦੇਰ ਨਹੀਂ ਲਗਦੀ। ਗ਼ਜ਼ਲਕਾਰ ਨੂੰ ਲੋਕ ਪੁਤਲੇ ਦਿਖਾਈ ਦਿੰਦੇ ਹਨ ਤੇ ਤਖ਼ਤਾਂ ਵਾਲਿਆਂ ਨੇ ਉਨ੍ਹਾਂ ਨੂੰ ਕਾਨਾ ਕਾਨਾ ਕਰ ਛੱਡਿਆ ਹੈ। ਸੱਜਣ ਦਾ ਉਹ ਹਰ ਗ਼ਮ ਸੀਨੇ ਲਾਉਣ ਦੀ ਇੱਛਾ ਰੱਖਦਾ ਹੈ ਤੇ ਸੋਚਦਾ ਹੈ ਕਿ ਉਸ ਨੂੰ ਤੱਤੀ ਹਵਾ ਨਾ ਲੱਗੇ। ਵਿੱਛੜੇ ਸੱਜਣ ਲਈ ਉਹ ਹਾਲੇ ਵੀ ਦਿਲ ਵਿਚ ਖਿੱਚ ਰੱਖਦਾ ਹੈ ਤੇ ਉਸ ਦੀਆਂ ਯਾਦਾਂ ਨੂੰ ਆਪਣਾ ਸਰਮਾਇਆ ਸਮਝਦਾ ਹੈ। ਇੰਝ ਸਾਹਲੋਂ ਦੀਆਂ ਗ਼ਜ਼ਲਾਂ ਵਿਚ ਜਿੱਥੇ ਮੁਹੱਬਤ ਦੀ ਰਾਗਣੀ ਹੈ ਓਥੇ ਲੋਕ ਪੀੜਾਂ ਦੀ ਮੰਜ਼ਰਕਸ਼ੀ ਵੀ ਹੈ। 'ਮੇਰੇ ਹਿੱਸੇ ਦੀ ਧੁੱਪ' ਗ਼ਜ਼ਲ ਸੰਗ੍ਰਹਿ ਸਤਪਾਲ ਸਾਹਲੋਂ ਦੇ ਗ਼ਜ਼ਲ ਸਫ਼ਰ ਲਈ ਸ਼ੁੱਭ ਹੈ ਤੇ ਇਸ ਨੇ ਗ਼ਜ਼ਲਕਾਰ ਦੇ ਕੱਲ੍ਹ ਨੂੰ ਮਜ਼ਬੂਤ ਕਰਨ ਦਾ ਸਬੱਬ ਬਣਨਾ ਹੈ। ਤਮਾਮ ਗ਼ਜ਼ਲਾਂ ਦੀ ਜ਼ਬਾਨ ਆਮ ਫ਼ਹਿਮ ਹੈ ਤੇ ਹਰ ਤਰ੍ਹਾਂ ਦਾ ਪਾਠਕ ਇਨ੍ਹਾਂ ਨੂੰ ਮਾਣ ਸਕਦਾ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਹਉਕਾ
ਸਾਹ ਨਹੀਂ ਹੁੰਦਾ
ਕਵੀ : ਕੁਲਵਿੰਦਰ ਕੁੱਲਾ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98154-29964

ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਸਾਡੇ ਚਿੰਤਨ ਅਤੇ ਚੇਤਨਾ ਨੂੰ ਜਗਾਉਂਦੀਆਂ ਹਨ। ਇਨ੍ਹਾਂ ਵਿਚ ਕਵੀ ਦੇ ਨਿੱਜੀ ਅਤੇ ਸਮਾਜਕ ਅਨੁਭਵ ਹਨ। ਸੰਵੇਦਨਾ ਭਰਪੂਰ ਨਜ਼ਮਾਂ ਦੀਆਂ ਕੁਝ ਝਲਕਾਂ ਦੇਖੋ
-ਮਹਾਂਸਾਗਰ ਦੇ ਪਾਣੀਆਂ 'ਤੇ
ਤੈਰਦੀ ਹਉਮੈ ਵੱਲ ਦੇਖ ਕੇ
ਮੇਰਾ ਨਿਮਰ ਹੋਣਾ ਚੁਭਦਾ ਹੈ ਮੈਨੂੰ।
-ਨਾ ਭਰ ਏਨਾ ਡੂੰਘਾ ਹਉਕਾ
ਨਾ ਹੱਸ ਏਨਾ ਉੱਚਾ ਹਾਸਾ
ਸਾਹ ਵੀ ਲੈ ਕਿ ਪਤਾ ਨਾ ਲੱਗੇ
ਕਦੇ ਕਦੇ ਗਲੇ 'ਚ ਫਸ ਜਾਂਦਾ
ਹਉਕਾ, ਹਾਸਾ ਤੇ ਸਾਹ ਵੀ
ਹੋਰ ਗੱਲਾਂ ਸਮੇਤ।
-ਉਦਾਸ ਹੋਣਾ
ਮਤਲਬ ਤੁਹਾਡੇ
ਹਾਸਿਆਂ ਦਾ ਗੁਆਚ ਜਾਣਾ
ਕਾਇਨਾਤੀ ਸੰਗੀਤ ਦਾ
ਵੈਰਾਗ ਵਿਚ ਵਟ ਜਾਣਾ।
-ਜਿਨ੍ਹਾਂ ਨੂੰ ਪਿਆਰ ਕਰੀਏ
ਉਨ੍ਹਾਂ 'ਚੋਂ ਗੁਣ ਦੋਸ਼ ਨਹੀਂ ਲੱਭਦੇ।
ਡੂੰਘੇ ਪਲਵਲਿਆਂ ਅਤੇ ਭਾਵਨਾਵਾਂ ਦੇ ਪ੍ਰਵਾਹ ਵਾਲੀਆਂ ਇਨ੍ਹਾਂ ਕਵਿਤਾਵਾਂ ਦਾ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

 

ਸੁਖ਼ਨ ਦੇ ਵਾਰਿਸ
ਸੰਪਾਦਕ : ਅੰਤਰ-ਰਾਸ਼ਟਰੀ ਸਾਹਿਤਕ ਸਾਂਝਾਂ
ਪ੍ਰਕਾਸ਼ਕ : ਬਸੰਤ ਸੁਹੇਲ ਪਬਲੀਕੇਸ਼ਨਜ਼, ਫਗਵਾੜਾ
ਮੁੱਲ : 650 ਰੁਪਏ, ਸਫ਼ੇ :434
ਸੰਪਰਕ : 98885-56801

ਨਵ-ਪ੍ਰਕਾਸ਼ਿਤ ਪੁਸਤਕ 'ਸੁਖ਼ਨ ਦੇ ਵਾਰਿਸ' ਇੱਕ ਅਜਿਹਾ ਅੰਤਰ-ਰਾਸ਼ਟਰੀ ਸਾਂਝਾ ਕਾਵਿ-ਸੰਗ੍ਰਹਿ, ਜੋ ਵੱਖ-ਵੱਖ ਮੁਲਕਾਂ ਅਤੇ ਸੱਭਿਆਚਾਰਾਂ ਵਿਚ ਵਸਦੇ ਪੰਜਾਬੀ ਸ਼ਾਇਰਾਂ ਦੀਆਂ ਭਾਵਨਾਵਾਂ ਅਤੇ ਸੋਚਾਂ ਦਾ ਪ੍ਰਤੀਬਿੰਬ ਹੈ। ਇਹ ਸੰਗ੍ਰਹਿ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬੀਅਤ ਦੀ ਰੂਹ ਦੁਨੀਆ ਦੇ ਹਰ ਕੋਨੇ ਵਿਚ ਜ਼ਿੰਦਾ ਹੈ।
ਇਸ ਸੰਗ੍ਰਹਿ ਨੂੰ ਸੰਪਾਦਕੀ ਮੰਡਲ, ਜਿਸ ਵਿਚ ਚਰਨ ਸਿੰਘ (ਕੈਨੇਡਾ), ਰਮਿੰਦਰ ਵਾਲੀਆ (ਕੈਨੇਡਾ), ਡਾ.ਮਨਦੀਪ ਸਿੰਘ, ਭੂਪਿੰਦਰ ਸਿੰਘ ਸੱਗੂ (ਯੂ.ਕੇ.), ਸੰਧੂ ਵਰਿਆਣਵੀ ਅਤੇ ਸਾਬੀ ਈਸਪੁਰੀ ਸ਼ਾਮਿਲ ਹਨ, ਨੇ ਬਹੁਤ ਲਗਨ ਨਾਲ ਤਿਆਰ ਕੀਤਾ ਹੈ। ਇਸ ਸੰਗ੍ਰਹਿ ਵਿਚ ਭਾਰਤ ਅਤੇ ਵਿਦੇਸ਼ਾਂ 'ਚ ਵਸਦੇ 88 ਪੰਜਾਬੀ ਸ਼ਾਇਰਾਂ ਦੀਆਂ ਚਾਰ-ਚਾਰ ਰਚਨਾਵਾਂ ਨੂੰ ਅਤੇ ਇਕ-ਇਕ ਪੰਨੇ 'ਤੇ ਉਨ੍ਹਾਂ ਦੇ ਨਾਂਅ, ਫੋਟੋ, ਪਤਾ ਅਤੇ ਫੋਨ ਨੰਬਰ ਸਮੇਤ ਛਾਪਿਆ ਗਿਆ ਹੈ। ਇਸ ਪੁਸਤਕ ਵਿਚ ਨਵੇਂ ਲੇਖਕਾਂ ਦੇ ਨਾਲ-ਨਾਲ ਸਮਰੱਥ ਲੇਖਕਾਂ ਨੂੰ ਵੀ ਸ਼ਾਮਿਲ ਕੀਤਾ ਹੈ। ਇਹ ਕਵੀਆਂ ਦਾ ਇਕੱਠ, ਅੱਜ ਦੇ ਸਮਾਜ ਦੀਆਂ ਗੁੰਝਲਦਾਰ ਪਰਤਾਂ ਨੂੰ ਕਵਿਤਾ ਦੇ ਸ਼ੀਸ਼ੇ ਵਿਚੋਂ ਪੇਸ਼ ਕਰਦਾ ਹੈ।
ਇਹ ਕਿਤਾਬ ਕੇਵਲ ਕਵਿਤਾਵਾਂ ਦਾ ਸਮੂਹ ਨਹੀਂ, ਸਗੋਂ ਇਹ ਮਨੁੱਖੀ ਰਿਸ਼ਤਿਆਂ ਦੀ ਬਦਲਦੀ ਤਸਵੀਰ ਪੇਸ਼ ਕਰਦੀ ਹੈ। ਅੱਜ ਦੇ ਦੌਰ ਵਿਚ ਜਿੱਥੇ ਗਰਜ਼ਦੀ ਖ਼ਾਤਰ ਲੋਕ ਰਿਸ਼ਤੇ ਬਦਲ ਲੈਂਦੇ ਹਨ, ਜਿੱਥੇ ਮਤਲਬ ਲਈ ਸ਼ੀਤਲਤਾ ਵਿਚ ਤਾਪ ਬਦਲਦਾ ਦੇਖਿਅ ਜਾਂਦਾ ਹੈ, ਉੱਥੇ ਇਹ ਕਵਿਤਾਵਾਂ ਦਿਲ ਦੇ ਡੂੰਘੇ ਜ਼ਖ਼ਮਾਂ ਦੀ ਗੱਲ ਵੀ ਕਰਦੀਆਂ ਹਨ ਅਤੇ ਨਾ ਲਹੀ 'ਬੋਹੜ ਦੀ ਠੰਢੀ ਛਾਂ' ਵਰਗੇ ਪਿਆਰ, ਵਿਸ਼ਵਾਸ ਅਤੇ ਸੱਚੀ ਸਾਂਝ ਦੀ ਭਾਲ ਵੀ ਕਰਦੀਆਂ ਹਨ। ਕਵੀ ਇਸ ਸੰਗ੍ਰਹਿ ਰਾਹੀਂ, ਸਰਵਣ ਵਰਗੇ ਪੁੱਤਰਾਂ ਦੀ ਘਾਟ ਅਤੇ ਨਿੱਜੀ ਤੌਰ 'ਤੇ ਝੱਲੇ 'ਘਰੋਂ ਬੇਘਰ' ਹੋਣ ਵਰਗੇ ਦਰਦ ਨੂੰ ਵੀ ਬਿਆਨ ਕਰਦੇ ਹਨ।
'ਸੁਖ਼ਨ ਦੇ ਵਾਰਿਸ' ਸੱਚਮੁੱਚ ਹੀ ਉਨ੍ਹਾਂ ਸ਼ਬਦਾਂ ਦਾ ਵਿਰਸਾ ਹੈ, ਜਿਨ੍ਹਾਂ ਨੂੰ ਅੱਜ ਦੇ ਸੰਦਰਭ ਵਿਚ ਸਮਝਣ ਦੀ ਲੋੜ ਹੈ। ਇਹ ਸੰਗ੍ਰਹਿ ਹਰ ਉਸ ਪਾਠਕ ਲਈ ਜ਼ਰੂਰੀ ਹੈ, ਜੋ ਦਿਲ ਦੀ ਗੱਲ ਸੁਣਨਾ ਅਤੇ ਸਮਾਜਿਕ ਸੱਚਾਈਆਂ ਨੂੰ ਕਵਿਤਾ ਦੇ ਸ਼ੀਸ਼ ੇਵਿਚੋਂ ਦੇਖਣਾ ਚਾਹੁੰਦਾ ਹੈ।
ਇਹ ਪੁਸਤਕ ਮਾਂ-ਬੋਲੀ ਪੰਜਾਬੀ ਦੇ ਅਗਲੇਰੇ ਵਾਰਿਸਾਂ ਨੂੰ ਸਮਰਪਿਤ ਕੀਤੀ ਗਈ ਹੈ। ਅੰਤਰ-ਰਾਸ਼ਟਰੀ ਸਾਹਿਤਕ ਸਾਝਾਂ ਦਾ ਇਹ ਵਧੀਆ ਉੱਦਮ ਹੈ। ਆਸ ਕਰਦਾ ਹਾਂ ਕਿ ਇਸ ਉੱਦਮ ਨਾਲ ਇਕ ਨਵਾਂ ਪਾਠਕ ਵਰਗ ਵੀ ਜ਼ਰੂਰ ਪੈਦਾ ਹੋਵੇਗਾ।

-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਆਕਾਸ਼ੀ ਲਾਲਟੈਨ ਕਿਵੇਂ ਉੱਡਦੀ ਹੈ?
Ad Position 24