ਦਸ ਪਾਤਿਸ਼ਾਹੀਆਂ
ਲੇਖਿਕਾ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 100
ਸੰਪਰਕ : 98728-98599

ਪਰਮਜੀਤ ਕੌਰ ਸਰਹਿੰਦ ਲੇਖਿਕਾ ਨੇ ਇਹ ਪੁਸਤਕ ਸ਼ਰਧਾਵੱਸ ਲਿਖੀ ਹੈ। ਮਨੋਰਥ ਇਹ ਹੈ ਨਵੀਂ ਪੀੜ੍ਹੀ (ਵਿਸ਼ੇਸ਼ ਕਰਕੇ ਪ੍ਰਵਾਸ) ਸਿੱਖੀ ਜੀਵਨ ਜਾਂਚ ਤੋਂ ਜਾਣੂ ਹੋ ਸਕੇ। ਇਸੇ ਕਰਕੇ ਸਰਲ ਪੰਜਾਬੀ ਵਿਚ ਰਚੀ ਗਈ ਹੈ। ਹਰ ਗੁਰੂ ਸਾਹਿਬਾਨ ਜੀ ਦੇ ਮਾਤਾ ਪਿਤਾ, ਜਨਮ ਸਥਾਨ, ਜਨਮ ਮਿਤੀ, ਜਨਮ ਸਾਲ ਦੱਸਿਆ ਗਿਆ ਹੈ ਕਿਹੜੇ ਸਾਹਿਬਾਨ ਨੇ ਕਦੋਂ ਗੁਰਿਆਈ ਗੱਦੀ ਸੰਭਾਲੀ? ਕਦੋਂ ਕਿਹੜੇ ਗੁਰੂ ਜੀ ਦੀ ਸ਼ਾਦੀ ਹੋਈ, ਕਿੰਨੇ ਬੱਚੇ ਹੋਏ, ਕਿੰਨੇ ਸ਼ਬਦਾਂ ਵਿਚ ਕਿਹੜੀ ਕਿਹੜੀ ਬਾਣੀ ਲਿਖੀ; ਕਿਹੜੇ ਕਿਹੜੇ ਮੁਲਕਾਂ/ਇਲਾਕਿਆਂ ਦੀ ਯਾਤਰਾ ਕੀਤੀ? ਮਾਨਵਤਾ ਦੇ ਭਲੇ ਲਈ ਕਿਹੜੇ-ਕਿਹੜੇ ਸੰਦੇਸ਼ ਦਿੱਤੇ? ਕਿਹੜੇ-ਕਿਹੜੇ ਸਥਾਨਾਂ 'ਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸ਼ੋਬਨੀਕ ਹਨ। ਕਦੋਂ ਅਤੇ ਕਿਵੇਂ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਸਰੋਵਰ, ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਹੋਈ? ਕਿਹੜੇ-ਕਿਹੜੇ ਗੁਰੂ ਸਾਹਿਬਾਨਾਂ ਨੇ ਮਾਨਵਤਾ ਦੀ ਸੁਰੱਖਿਆ ਲਈ ਮੁਗ਼ਲਾਂ ਦੇ ਜ਼ੁਲਮਾਂ ਦਾ ਵਿਰੋਧ ਕਰਕੇ, ਕੁਰਬਾਨੀਆਂ/ਸ਼ਹੀਦੀਆਂ ਦਿੱਤੀਆਂ? ਅਡੋਲ ਰਹਿ ਕੇ, ਵਾਹਿਗੁਰੂ ਜੀ ਦਾ ਭਾਣਾ ਮੰਨ ਕੇ ਸ਼ਹੀਦ ਹੋਏ। ਅਜਿਹੀਆਂ ਸ਼ਹੀਦੀਆਂ ਨਾਲ ਸਿੱਖੀ ਦੀ ਪੱਕੀ ਨੀਂਹ ਰੱਖੀ ਗਈ। ਕਿਹੜੇ-ਕਿਹੜੇ ਵਿਰੋਧੀਆਂ ਨੇ ਬਾਦਸ਼ਾਹ ਜਹਾਂਗੀਰ ਦੇ ਨਿੱਜੀ ਹਿਤਾਂ ਲਈ, ਕੰਨ ਭਰ ਕੇ ਲਾਹੌਰ ਵਿਖੇ ਪੰਜਵੇਂ ਪਾਤਿਸ਼ਾਹ (ਬਾਣੀ ਦੇ ਬੋਹਿਥ) ਨੂੰ ਤੱਤੀ ਤਵੀ, ਤੱਤੀ ਰੇਤ, ਤੱਤੀ ਦੇਗ਼ 'ਚ ਉਬਾਲ ਕੇ ਸ਼ਹੀਦ ਕਰਵਾਇਆ। ਪਰ ਆਪ ਜੀ ਨੇ ਜ਼ੁਲਮੀਆਂ ਦੀ ਮੰਗ ਪਰਵਾਨ ਨਹੀਂ ਕੀਤੀ। ਇਹ ਸ਼ਬਦ ਉਚਰਦੇ ਰਹੇ :
ਤੇਰਾ ਕੀਆ ਮੀਠਾ ਲਾਗੈ॥
ਹਰਿ ਨਾਮੁ ਪਦਾਰਥੁ ਨਾਨਕ ਮਾਗੈ॥
(ਅੰਗ : 28)
ਜਦੋਂ ਕਸ਼ਮੀਰੀ ਪੰਡਤਾਂ ਨੇ ਮੁਗ਼ਲਾਂ ਦੇ ਜ਼ੁਲਮਾਂ ਤੋਂ ਸੁਰੱਖਿਆ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਕਿਹਾ ਅਜਿਹਾ ਕਾਰਜ ਕਿਸੇ ਮਹਾਂਪੁਰਖ ਦੇ ਬਲੀਦਾਨ ਨਾਲ ਹੋ ਸਕਦਾ ਹੈ। ਨੌਵੇਂ ਪਾਤਿਸ਼ਾਹ ਦੇ ਇਹ ਬੋਲ ਸੁਣ ਕੇ ਕੋਲ ਬੈਠੇ 9 ਸਾਲਾਂ ਦੀ ਉਮਰ ਦੇ ਬਾਲ ਗੋਬਿੰਦ ਰਾਏ ਨੇ ਕਿਹਾ, ''ਗੁਰੂ ਪਿਤਾ ਜੀ, ਆਪ ਜੀ ਤੋਂ ਵੱਡਾ ਮਹਾਂਪੁਰਖ ਕੌਮ ਹੈ?'' ਗੁਰੂ ਸਾਹਿਬ ਦਿੱਲੀ ਗਏ, ਉਨ੍ਹਾਂ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ। ਉਸੇ ਸਮੇਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉੱਬਲਦੇ ਪਾਣੀ ਪਾ ਕੇ, ਸਤੀ ਦਾਸ ਨੂੰ ਰੂੰ ਵਿਚ ਲਪੇਟਿਆ ਅਤੇ ਸਾੜਿਆ ਗਿਆ। ਸਿੱਕਾਂ ਨੇ ਸਿਦਕ ਨਾ ਹਾਰਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ 'ਬਚਿੱਤਰ ਨਾਟਕ' ਵਿਚ ਇਉਂ ਉਚਾਰਿਆ :
ਤੇਗ ਬਹਾਦਰ ਸੀ ਕ੍ਰਿਆ॥
ਕਰੀ ਨਾ ਕਿਨਹੂੰ ਆਨ॥ (ਅੰਗ : 60)
ਭਾਈ ਜੈਤਾ ਜੀ ਨੇ ਸੀਸ ਨੂੰ ਬੁੱਕਲ ਵਿਚ ਲੁਕਾ ਕੇ ਅਨੰਦਪੁਰ ਸਾਹਿਬ ਪਹੁੰਚਾਇਆ। ਲੱਖੀ ਸ਼ਾਹ ਵਣਜਾਰੇ ਨੇ ਆਪਣੇ ਗੱਡੇ ਵਿਚ ਛੁਪਾ ਕੇ ਪਾਵਨ ਧੜ ਨੂੰ ਆਪਣੇ ਘਰ ਜਾ ਕੇ ਧੜ ਦਾ ਅੰਤਿਮ ਸੰਸਕਾਰ ਕੀਤਾ। ਇਤਿਹਾਸ ਵਿਚ ਲੱਖੀ ਸ਼ਾਹ ਵਣਜਾਰੇ ਦਾ ਬਹੁਤ ਆਦਰਯੋਗ ਸਥਾਨ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤੇ ਨੂੰ 'ਰੰਗਰੇਟਾ ਗੁਰੂ ਕਾ ਬੇਟਾ' (ਅੰਗ : 62) ਕਹਿ ਕੇ ਸਨਮਾਨਿਆ ਹੈ। ਅੰਗ : 62 ਵੱਡੇ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ) ਨੇ ਚਮਕੌਰ ਦੀ ਗੜ੍ਹੀ ਵਿਚ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਪ੍ਰਾਪਤ ਕੀਤੀ। ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਵਜ਼ੀਰ ਖਾਂ ਨੇ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ। ਉਨ੍ਹਾਂ ਦੋਵਾਂ (ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ) ਨੇ ਵੀ ਧਰਮ ਨਹੀਂ ਹਾਰਿਆ। ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਾਜਿਆ। ਆਪ ਵੀ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇੰਝ 13 ਅਪ੍ਰੈਲ, 1699 ਨੂੰ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਨਾਂਦੇੜ ਵਿਖੇ ਬੰਦਾ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਪੰਜਾਬ ਭੇਜਿਆ, ਜਿਸ ਨੇ ਚੱਪੜਚਿੜੀ ਦੇ ਸਥਾਨ 'ਤੇ ਵਜ਼ੀਰ ਖਾਂ ਨੂੰ ਮਾਰ ਮੁਕਾਇਆ। ਆਪ ਵੀ ਬੰਦਾ ਬਹਾਦਰ ਨੇ ਆਪਣੇ 4 ਸਾਲਾਂ ਦੇ ਪੁੱਤਰ ਅਜੈ ਸਿੰਘ ਨਾਲ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਵੀ ਲਿਖਿਆ ਸੀ। ਇਹ ਤਾਂ ਕੇਵਲ ਮੁੱਖ ਘਟਨਾਵਾਂ ਹਨ। ਦਸਾਂ ਪਾਤਿਸ਼ਾਹੀਆਂ ਦਾ ਪੂਰਾ ਇਤਿਹਾਸ ਸਥਾਨ ਅਨੁਭਵ ਕਾਰਜ ਪੇਸ਼ ਕਰਨਾ ਅਸੰਭਵ ਹੈ। ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਪਾਠਕਾਂ ਦੀ ਸੰਤੁਸ਼ਟੀ ਪੁਸਤਕ ਪੜ੍ਹ ਕੇ ਹੀ ਹੋ ਸਕਦੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਪੰਜਾਬੀ ਕਾਇਦਾ
ਲੇਖਕ : ਰਾਬਿੰਦਰ ਸਿੰਘ ਰੱਬੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 36
ਸੰਪਰਕ : 89689-46129

ਨਵੀਂ ਪੀੜ੍ਹੀ ਵਿਚ ਮਾਤ-ਭਾਸ਼ਾ ਪ੍ਰਤੀ ਚੇਤਨਾ ਪੈਦਾ ਕਰਨ ਦੇ ਮਨੋਰਥ ਹਿਤ ਸਮੇਂ-ਸਮੇਂ 'ਤੇ ਬਾਲ ਪੁਸਤਕਾਂ ਦਾ ਪ੍ਰਕਾਸ਼ਨ ਹੁੰਦਾ ਰਹਿੰਦਾ ਹੈ। ਇਸੇ ਸੰਦਰਭ ਵਿਚ ਰਾਬਿੰਦਰ ਸਿੰਘ ਰੱਬੀ ਰਚਿਤ ਨਵ-ਪ੍ਰਕਾਸ਼ਿਤ 'ਪੰਜਾਬੀ ਕਾਇਦਾ' ਜ਼ਿਕਰਯੋਗ ਹੈ ਜਿਸ ਵਿਚ ਕਵੀ ਨੇ ਪੰਜਾਬੀ ਵਰਣਮਾਲਾ, ਭੁਲਾਵੇਂ ਅੱਖਰ, ਗਾਣਾ ਵਰਣਮਾਲਾ ਦਾ, ਵਰਣਮਾਲਾ ਦਾ ਗੀਤ, ਮੁਹਾਰਨੀ, ਮੁਕਤਾ ਸ਼ਬਦ ਮਾਤਰਾ ਵਾਲੇ ਸ਼ਬਦ, ਸਿਹਾਰੀ, ਬਿਹਾਰੀ, ਔਂਕੜ ਆਦਿ ਵਿਸ਼ਿਆਂ ਬਾਰੇ ਤਫ਼ਸੀਲ ਨਾਲ ਚਰਚਾ ਕੀਤੀ ਹੈ। ਕਵੀ ਦਾ ਤੌਖ਼ਲਾ ਹੈ ਕਿ ਪੰਜਾਬ ਦੀ ਨਵੀਂ ਪਨੀਰੀ ਪੰਜਾਬੀ ਭਾਸ਼ਾ ਤੋਂ ਦਰਕਿਨਾਰ ਹੁੰਦੀ ਜਾ ਰਹੀ ਹੈ। ਇਸ ਸਥਿਤੀ ਵਿਚ ਪੰਜਾਬੀ ਬਾਲਾਂ ਦੀ ਚੇਤਨਾ ਨੂੰ ਹਲੂਣਾ ਦੇਣਾ ਵਰਤਮਾਨ ਸਮੇਂ ਦੀ ਜ਼ਰੂਰਤ ਹੈ। ਲੇਖਕ ਨੇ ਇਸ ਪੁਸਤਕ ਵਿਚ ਮੁਢਲੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਮਾਤ ਭਾਸ਼ਾ ਪ੍ਰਤੀ ਜਾਣ-ਪਛਾਣ ਕਰਵਾਉਣ ਲਈ ਵਰਨਮਾਲਾ ਦੇ ਅੱਖਰਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਹੋਂਦ ਵਿਚ ਆਉਣ ਵਾਲੇ ਸ਼ਬਦਾਂ ਦਾ ਉਚਿਤ ਇਸਤੇਮਾਲ ਵੀ ਕੀਤਾ ਹੈ। ਇਨ੍ਹਾਂ ਵਿਚ ਦੋ ਤੋਂ ਲੈ ਕੇ ਛੇ-ਛੇ ਅੱਖਰਾਂ ਵਾਲੇ ਸ਼ਬਦ ਵੀ ਹਨ ਜਿਨ੍ਹਾਂ ਵਿਚ ਉਰਦੂ ਸ਼ਬਦਾਵਲੀ ਵੀ ਸ਼ਾਮਿਲ ਹੈ। ਪੁਸਤਕ ਦੇ ਅੰਤ ਵਿਚ ਹਿੰਦਸਿਆਂ ਅਤੇ ਸ਼ਬਦਾਂ ਵਿਚ ਗਿਣਤੀ ਵੀ ਦਰਸਾਈ ਗਈ ਹੈ। ਕਿਤੇ-ਕਿਤੇ 'ੲ' ਨੂੰ ਦੁਲਾਵਾਂ ਵੀ ਲੱਗ ਗਈ ਹੈ ਜੋ ਵਿਆਕਰਣਿਕ ਦ੍ਰਿਸ਼ਟੀ ਤੋਂ ਦਰੁਸਤ ਨਹੀਂ। ਬਜ਼ੁਰਗ ਵਲੋਂ ਛੋਟੇ ਬੱਚੇ ਨੂੰ ਗੁਰਮੁਖੀ ਲਿਪੀ ਸਿਖਾਉਣ ਨਾਲ ਸੰਬੰਧਿਤ ਟਾਈਟਲ ਦਿਲਚਸਪ ਅਤੇ ਆਕਰਸ਼ਕ ਹੈ। ਰੰਗਦਾਰ ਰੂਪ ਵਿਚ ਛਪੀ ਇਸ ਪੁਸਤਕ ਦਾ ਸਿੱਖਿਆ ਅਤੇ ਬਾਲ ਸਾਹਿਤ ਵਿਚ ਸਵਾਗਤ ਹੈ। ਰੱਬੀ ਕੋਲੋਂ ਮਾਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਾਲੀਆਂ ਅਜਿਹੀਆਂ ਭਾਸ਼ਾਈ ਪੁਸਤਕਾਂ ਦੀ ਹੋਰ ਉਡੀਕ ਰਹੇਗੀ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਭਾਰਤ ਦੇ ਓਲੰਪਿਕ ਤਗਮੇ
ਲੇਖਕ : ਮਨਦੀਪ ਸਿੰਘ ਸੁਨਾਮ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ: 150 ਰੁਪਏ, ਸਫ਼ੇ : 76
ਸੰਪਰਕ : 94174-79449

ਮਨਦੀਪ ਸਿੰਘ ਸੁਨਾਮ ਸਿੱਖਿਆ ਵਿਭਾਗ ਵਿਚ ਜਿਤੇ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਰਿਹਾ ਹੈ, ਉੱਥੇ ਉਹ ਇਕ ਸਮਰੱਥ ਖੇਡ ਲੇਖਕ ਵੀ ਹੈ। ਵਿਚਾਰ ਅਧੀਨ ਪੁਸਤਕ 'ਭਾਰਤ ਦੇ ਉਲੰਪਿਕ ਤਗਮੇ' ਤੋਂ ਪਹਿਲਾਂ ਉਹ ਬਤੌਰ ਖੇਡ ਲੇਖਕ ਆਪਣੀਆਂ ਚਾਰ ਪੁਸਤਕਾਂ ਜੋ ਖੇਡਾਂ ਦੇ ਖੇਤਰ ਬਾਰੇ ਲਿਖੀਆਂ ਗਈਆਂ ਹਨ, ਨੂੰ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ। ਹਥਲੀ ਪੁਸਤਕ 'ਭਾਰਤ ਦੇ ਉਲੰਪਿਕ ਤਗਮੇ' ਵੀ ਮਨਦੀਪ ਸਿੰਘ ਸੁਨਾਮ ਦੀ ਛੋਟੇ ਆਕਾਰ ਵਾਲੀ ਪਰ ਮਹੱਤਵਪੂਰਨ ਖੋਜ-ਪੁਸਤਕ ਹੈ, ਜਿਸ ਵਿਚ ਲੇਖਕ ਨੇ 1900 ਈ. ਤੋਂ ਜਦੋਂ ਤੋਂ ਭਾਰਤ ਨੇ ਉਲੰਪਿਕ ਖੇਡਾਂ ਵਿਚ ਭਾਗ ਲੈਣਾ ਸ਼ੁਰੂ ਕੀਤਾ ਸੀ ਤੋਂ ਆਪਣੀ ਗੱਲ ਸ਼ੁਰੂ ਕਰਕੇ 2024 ਦੀਆਂ ਉਲੰਪਿਕ ਖੇਡਾਂ ਤੱਕ ਭਾਰਤੀ ਖਿਡਾਰੀਆਂ ਦੁਆਰਾ ਉਲੰਪਿਕ ਵਿਚ ਪ੍ਰਾਪਤ ਕੀਤੇ ਤਗਮਿਆਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਸਤੁਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਪੁਸਤਕ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਭਾਰਤੀ ਖਿਡਾਰੀਆਂ ਨੇ ਪ੍ਰਾਪਤ ਕੀਤੇ ਤਗਮਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਮਹਿਜ਼ ਪੇਸ਼ਕਾਰੀ ਨਹੀਂ ਸਗੋਂ ਇਹ ਸਾਰੀ ਜਾਣਕਾਰੀ ਤੱਥਾਤਮਿਕ ਹੈ ਅਤੇ ਲੇਖਕ ਨੇ ਬਾਕਾਇਦਾ ਆਪਣਾ ਪ੍ਰਤੀਕਰਮ ਵੀ ਪੇਸ਼ ਕੀਤਾ ਹੈ। ਮਨਦੀਪ ਸਿੰਘ ਸੁਨਾਮ ਨੇ ਭਾਰਤ ਦੁਆਰਾ ਹਾਕੀ ਵਿਚ ਜਿੱਤੇ ਮੈਡਲਾਂ ਬਾਰੇ ਕਾਫ਼ੀ ਬਹੁਮੁੱਲੀ ਜਾਣਕਾਰੀ ਦਿੱਤੀ ਹੈ ਜਿਵੇਂ 'ਐਮਸਟਰਡਮ', 'ਲਾਸ ਏਂਜਲਸ', 'ਲੰਡਨ' ਉਲੰਪਿਕ ਤੋਂ ਲੈ ਕੇ ਪੈਰਿਸ ਉਲੰਪਿਕ 2024 ਤੱਕ ਲੇਖਕ ਨੇ ਜਾਣਕਾਰੀ ਏਨੇ ਸੁਆਦਲੇ ਢੰਗ ਨਾਲ ਪ੍ਰਸਤੁਤ ਕੀਤੀ ਹੈ ਕਿ ਪਾਠਕ ਕਿਧਰੇ ਵੀ ਪੜ੍ਹਦਿਆਂ ਅੱਕਦਾ ਥੱਕਦਾ ਨਹੀਂ। ਲੇਖਕ ਨੇ ਹਾਕੀ ਤੋਂ ਇਲਾਵਾ ਅਥਲੈਟਿਕਸ ਅਤੇ ਹੋਰ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੀਆਂ ਤਸਵੀਰਾਂ ਲਾ ਕੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਆਪਣੀ ਗੱਲ ਸਪੱਸ਼ਟ ਕੀਤੀ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਆਪਣੀਆਂ ਅੱਖਾਂ ਨਾਲ ਖੇਡਾਂ ਦੇ ਦ੍ਰਿਸ਼ ਸਾਕਾਰ ਕਰਕੇ ਮਾਣਦਾ ਹੈ। ਪੁਸਤਕ ਵਿਚੋਂ ਮਨਦੀਪ ਸਿੰਘ ਸੁਨਾਮ ਦੀ ਮਿਹਨਤ ਝਲਕਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਲਹਿੰਦੇ ਸੂਰਜ ਦੀ ਸੁਰਖੀ
ਲੇਖਕ : ਗੁਰਨਾਮ ਢਿਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 170 ਰੁਪਏ, ਸਫ਼ੇ : 114
ਸੰਪਰਕ : 94638-36591

ਇੰਗਲੈਂਡ ਵਾਸੀ ਚਰਚਿਤ ਸ਼ਾਇਰ ਗੁਰਨਾਮ ਢਿੱਲੋਂ ਦੀ ਇਹ ਪੁਸਤਕ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾ ਕਵੀ ਦੀਆਂ 14 ਕਾਵਿ ਕਿਤਾਬਾਂ ਤੇ ਦੋ ਸਮਾਲੋਚਨਾ ਦੀਆ ਪੁਸਤਕਾਂ ਛਪ ਚੁਕੀਆਂ ਹਨ। ਸਵੈ-ਜੀਵਨੀ ਮੂਲਕ ਲੇਖਾਂ ਦੀ ਕਿਤਾਬ ਓੜਕਿ ਸਚਿ ਰਹੀ ਚਰਚਿਤ ਕਿਤਾਬ ਹੈ। ਉਹ ਪਿਛਲੇ 55 ਸਾਲਾਂ ਤੋਂ ਕਵਿਤਾ ਦੀ ਛਹਿਬਰ ਲਾ ਰਿਹਾ ਹੈ। ਉਸ ਦਾ ਪਹਿਲਾ ਕਾਵਿ-ਸੰਗ੍ਰਹਿ 1970 ਵਿਚ 'ਅੱਗ ਦੇ ਬੀਜ' ਛਪਿਆ ਸੀ। ਜੂਝਦੇ ਸੂਰਜ, ਦਰਦ ਦੀ ਲਾਟ, ਦਰਦ ਦੇ ਰੰਗ, ਤੇਰੇ ਨਾਂਅ ਦਾ ਮੌਸਮ ਕਾਵਿ-ਸੰਗ੍ਰਹਿ ਹਨ। ਸਮਕਾਲੀ ਪੰਜਾਬੀ ਕਾਵਿ-ਸਿਧਾਂਤਕ ਪਰਿਪੇਖ ਉਸ ਦੀ ਆਲੋਚਨਾ ਦੀ ਕਿਤਾਬ ਹੈ। ਹਥਲੀ ਕਾਵਿ ਕਿਤਾਬ ਵਿਚ ਤਤਕਰੇ ਅਨੁਸਾਰ 58 ਕਵਿਤਾਵਾਂ ਹਨ, ਪਰ ਅੰਦਰ ਗਿਣਤੀ 59 ਹੈ। ਕਵਿਤਾ ਨਿਸ਼ਾਨੀ (ਪੰਨਾ 71 ਤਤਕਰੇ ਵਿਚ ਸ਼ਾਮਿਲ ਨਹੀਂ ਹੈ। ਪੰਨਾ 39-77 ਦੀਆਂ 38 ਕਵਿਤਾਵਾਂ 5, 7 ਲਾਈਨਾਂ ਦੀਆਂ ਮਿੰਨੀ ਕਾਵਿ ਰਚਨਾਵਾਂ ਹਨ। ਇਨ੍ਹਾਂ ਛੋਟੀਆਂ ਕਵਿਤਾਵਾਂ ਵਿਚ ਇਕ ਖਿਆਲ ਉਭਰਦਾ ਹੈ
ਦਿਲ ਦੀ ਧੜਕਣ ਸਾਂਝੀ ਕਰੀਏ,
ਐਸਾ ਮੌਕਾ ਮੇਲ ਹੈ ਕਿਥੇ,
ਪਾਣੀ ਪਾਣੀ ਹੋ ਗਏ ਰਿਸ਼ਤੇ,
ਸੁਖ ਕਰਨ ਦੀ ਵਿਹਲ ਹੈ ਕਿਥੇ (ਵਿਹਲ ਪੰਨਾ 76)
ਰਾਤ ਸਾਰੀ,
ਕੋਇਲ ਇਕ ਰੋਂਦੀ ਰਹੀ
ਸੁਬ੍ਰਾ ਦੇ ਨੈਣਾ 'ਚੋਂ ਖੂਨ ਛਲਕਦੇ
(ਖੂਨ ਪੰਨਾ 77)
ਕਵਿਤਾਵਾਂ ਕਲਗੀ, ਸਿਦਕ, ਗਾਫਲ, ਮਾਣ, ਲੁੱਡੀ, ਨਿਸ਼ਾਨੀ ਦੇ ਵਿਸ਼ੇ ਜਿੱਤ ਹਾਰ, ਮੁਹੱਬਤ ਦੇ ਮਾਨਵੀ ਸਰੂਪ ਹਨ। ਸ਼ਾਇਰ ਨੂੰ ਨਫ਼ਰਤ ਸ਼ਬਦ 'ਤੇ ਸਖ਼ਤ ਗਿਲ੍ਹਾ ਹੈ। ਇਸ ਵਿਚ ਹਾਕਮਾਂ ਦੀ ਫ਼ਿਤਰਤ ਵੀ ਸ਼ੁਮਾਰ ਹੈ। ਨੀਰੋ ਕਵਿਤਾ ਦੇ ਬੋਲ ਹਨ ਨਫ਼ਰਤ ਦੀ ਅੱਗ ਵਿਚ ਅੱਜ ਮਚ ਰਿਹਾ ਦੇਸ਼, ਕਵਿਤਾ ਕਲਮ ਦਾ ਕਾਮਾ ਵਿਚ ਲਿਖਦਾ ਹੈ ਅੱਖਰ ਅੱਖਰ ਪੜ੍ਹਦਾ ਰਹਿੰਨਾ ਸਿਖਦਾ ਰਹਿੰਨਾ
ਲੇਲਿਆ ਦੀ ਰਖਵਾਲੀ ਖਾਤਰ,
ਉੱਦਮ ਸਦੀਵੀ ਕਰਦਾ ਰਹਿੰਨਾ।
ਇਹ ਕਵੀ ਦਾ ਨਿੱਜੀ ਸਾਹਿਤਕ ਕਰਮ ਹੈ।
ਸ਼ਾਇਰ ਕਿਸੇ ਵੀ ਨਿੱਕੀ ਵੱਡੀ ਘਟਨਾ (ਸਮਾਜਿਕ ਇਤਿਹਾਸਕ) ਨੂੰ ਕਵਿਤਾ ਰੂਪ ਦਿੰਦਾ ਹੈ। ਕਵਿਤਾਵਾਂ ਮਿੱਠਾ ਮਹੁਰਾ, ਗੁਰਬਤ, ਜ਼ਖਮ, ਫਾਰ ਸੇਲ, ਲਾਟੂ ਕਵਿਤਾਵਾਂ ਵਿਚ ਉਹ ਵੰਨ-ਸੁਵੰਨੇ ਅਲੰਕਾਰਾਂ, ਪ੍ਰਤੀਕਾਂ ਦੀ ਵਰਤੋਂ ਨਾਲ ਕਾਵਿਕ ਸੁਹਜ ਪੈਦਾ ਕਰਦਾ ਹੈ। ਕਵਿਤਾਵਾ ਹਿੰਦ ਦਾ ਚੌਕੀਦਾਰ, ਸ਼ਹਿਨਸ਼ਾਹ ਦਾ ਹੁਕਮ, 2024 ਦੀ ਦੀਵਾਲੀ, ਫਿਲਸਤੀਨ, ਪੁਲਵਾਮਾ, ਬੰਦੀ ਛੋੜ ਦਿਵਸ ਸ਼ਾਇਰ ਤੇ ਕਵਿਤਾ, ਅੰਦਰੂਨੀ ਲੜਾਈ, ਨਵਾਂ ਸਾਲ-1, 2 ਇਸ ਕਿਸਮ ਦੀਆਂ ਕਵਿਤਾਵਾਂ ਹਨ। ਕਿਤਾਬ ਦੇ ਦੂਸਰੇ ਭਾਗ ਵਿਚ 25 ਬਿਹਤਰੀਨ ਗ਼ਜ਼ਲਾਂ ਹਨ ਇਨ੍ਹਾਂ ਵਿਚ ਲੰਮੀ ਬਹਿਰ ਦੀਆ ਗਜ਼ਲਾਂ ਦਾ ਨਿਵੇਕਲਾ ਰੰਗ ਹੈ। ਸ਼ਾਇਰ ਗ਼ਜ਼ਲਾਂ ਦਾ ਹੁਨਰੀ ਕਵੀ ਹੈ। ਗ਼ਜ਼ਲਾਂ ਵਧੇਰੇ ਮਨ ਮੋਹ ਲੈਣ ਵਾਲੀਆਂ ਹਨ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਤਾਬ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ।
-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160
ਚਿੰਕੀ ਦੀ ਚਾਕਲੇਟ
ਲੇਖਕ : ਹਰਿੰਦਰ ਸਿੰਘ ਗੋਗਨਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 64
ਸੰਪਰਕ : 98723-25960

ਵੱਡ-ਅਕਾਰੀ, ਐਟਲਸ ਸਾਈਜ਼ ਗਲੇਜ਼ਡ ਪੇਪਰ 'ਤੇ ਤਸਵੀਰਾਂ ਸਮੇਤ ਛਪੀ ਹਰਿੰਦਰ ਸਿੰਘ ਗੋਗਨਾ ਦੀ ਇਹ ਸੱਜਰੀ ਬਾਲ ਕਹਾਣੀ ਪੁਸਤਕ ਹੈ, ਜਿਸ ਵਿਚ 20 ਕਹਾਣੀਆਂ ਸ਼ਾਮਿਲ ਹਨ। ਦੋ ਕੁ ਸਫਿਆਂ ਦੀ ਕਹਾਣੀ 'ਤੇ ਇਕ ਪੰਨੇ 'ਤੇ ਗੁਲਾਬੀ ਰੰਗ ਦਾ ਢੁਕਵਾਂ ਚਿੱਤਰ ਛਾਪਿਆ ਗਿਆ ਹੈ। ਇਸ ਪੁਸਤਕ ਤੋਂ ਪਹਿਲਾਂ ਸ੍ਰੀ ਗੋਗਨਾ ਦੀਆਂ ਗਿਆਰਾਂ ਬਾਲ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅਖ਼ਬਾਰਾਂ ਤੇ ਰਸਾਲਿਆਂ ਵਿਚ ਸ੍ਰੀ ਗੋਗਨਾ ਨੇ ਬਾਲ ਸਾਹਿਤ ਰਚਨਾਵਾਂ ਨਾਲ ਰਾਬਤਾ ਬਣਾਇਆ ਹੋਇਆ ਹੈ। ਇਹ ਕਹਾਣੀਆਂ ਵਰਤਮਾਨ-ਕਾਲ ਨਾਲ ਸੰਬੰਧਿਤ ਹਨ, ਜਿਨ੍ਹਾਂ 'ਚ ਬੱਚੇ, ਮਾਪੇ, ਬਜ਼ੁਰਗ ਅਤੇ ਅਧਿਆਪਕ ਬੱਚਿਆਂ ਨਾਲ ਵਿਸ਼ੇ ਸੰਬੰਧੀ ਗੱਲਬਾਤ ਕਰਦੇ ਹਨ। ਕੋਈ ਭਾਰੂ ਬੋਝ ਨਹੀਂ ਪਾਇਆ ਗਿਆ। ਜੋ ਕੁਝ ਸਾਡੇ ਸਮਾਜ ਭਾਵ ਆਲੇ-ਦੁਆਲੇ ਵਾਪਰਿਆ ਹੈ, ਉਨ੍ਹਾਂ ਨੂੰ ਕਹਾਣੀ ਵਿਧੀ ਰਾਹੀਂ ਬੱਚਿਆਂ ਨੂੰ ਰੌਚਕ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਤੇ-ਕਿਤੇ ਵਾਕ-ਬਣਤਰ ਲੰਬੀ ਜ਼ਰੂਰ ਹੈ ਪ੍ਰੰਤੂ ਵਿਸ਼ੇ 'ਤੇ ਕੇਂਦਰਿਤ ਰਹਿੰਦੀ ਹੈ। ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਆਦਤ, ਮੋਬਾਈਲ ਦੀ ਢੁਕਵੀਂ ਵਰਤੋਂ, ਪਾਣੀ ਦੀ ਸਾਂਭ-ਸੰਭਾਲ, ਪੁਸਤਕਾਂ ਪੜ੍ਹਨ ਦੀ ਮਹੱਤਤਾ, ਮਿਹਨਤ ਦਾ ਫਲ, ਰੁੱਖ ਲਾਉਣ ਦੀ ਮਹੱਤਤਾ, ਚੰਗੀ ਸੋਚ ਰੱਖਣੀ, ਪ੍ਰਦੂਸ਼ਣ ਦੀ ਸਮੱਸਿਆ ਬਾਰੇ ਸੁਚੇਤ ਕਰਨਾ, ਬਜ਼ੁਰਗਾਂ ਦੀਆਂ ਨਸੀਹਤਾਂ ਅਪਣਾਉਣੀਆਂ, ਫਾਸਟ-ਫੂਡ ਤੋਂ ਪ੍ਰਹੇਜ਼ ਕਰਨਾ, ਇਮਾਨਦਾਰੀ ਦਾ ਫਲ, ਬਿਜਲੀ ਦੀ ਬੱਚਤ ਕਰਨੀ, ਤਿਉਹਾਰਾਂ ਨੂੰ ਉਸਾਰੂ ਢੰਗ ਨਾਲ ਮਨਾਉਣਾ, ਪੰਛੀਆਂ ਦੀ ਆਜ਼ਾਦੀ ਆਦਿਕ ਵਿਸ਼ੇ ਇਨ੍ਹਾਂ ਕਹਾਣੀਆਂ 'ਚ ਪਰੋਏ ਗਏ ਹਨ। ਮਾਪਿਆਂ ਦੀ ਆਪਣੇ ਬੱਚਿਆਂ ਪ੍ਰਤੀ ਫਿਕਰਮੰਦੀ ਅੱਜ ਦੀ ਚਿੰਤਾ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਸਾਂਝੇ ਫੁੱਲ
ਅਨੁਵਾਦਕ :
ਰਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਮਾਨ ਬੁੱਕ ਸਟੋਰ ਪਬਲੀਕੇਸ਼ਨ, ਬਠਿੰਡਾ
ਮੁੱਲ 300 ਰੁਪਏ, ਸਫ਼ੇ : 182
ਸੰਪਰਕ : 78142-49655

'ਸਾਂਝੇ ਫੁੱਲ' ਪੁਸਤਕ ਰਵਿੰਦਰ ਸਿੰਘ ਸੋਢੀ ਦੀ ਅਨੁਵਾਦਕ ਪੁਸਤਕ ਹੈ। ਇਸ ਪੁਸਤਕ ਵਿਚ 25 ਦੇ ਕਰੀਬ ਕਹਾਣੀਆਂ ਹਨ, ਜੋ ਕਿ ਪੰਜਾਬੀ ਵਿਚ ਅਨੁਵਾਦ ਕੀਤੀਆਂ ਹੋਈਆਂ ਹਨ। ਇਹ ਸਾਰੀਆਂ ਕਹਾਣੀਆਂ ਅੰਗਰੇਜ਼ੀ ਭਾਸ਼ਾ ਵਿਚ ਹਨ। ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਦਾ ਕੰਮ ਔਖਾ ਹੁੰਦਾ ਹੈ, ਪਰ ਲੇਖਕ ਨੇ ਪੰਜਾਬੀ ਵਿਚ ਇੰਜ ਅਨੁਵਾਦ ਕੀਤਾ ਕਿ ਪੜ੍ਹ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਸ ਤਰ੍ਹਾਂ ਇਹ ਕਹਾਣੀਆਂ ਪੰਜਾਬੀ ਵਿਚ ਹੀ ਲਿਖੀਆਂ ਹੋਈਆਂ ਹੋਣ। ਇਸ ਪੁਸਤਕ ਵਿਚ ਵਿਚਲੀਆਂ ਕਹਾਣੀਆਂ ਵਿਚ ਔਰਤ ਮਰਦ ਦੇ ਰਿਸ਼ਤੇ, ਔਰਤਾਂ ਦੀਆਂ ਸਮੱਸਿਆਵਾਂ, ਕਹਾਣੀਆਂ ਪਿਛਲੇ ਪਾਤਰਾਂ ਦੀ ਸੂਝ ਬੂਝ, ਗ਼ਰੀਬੀ ਦਾ ਸੰਤਾਪ ਆਦਿ ਵਿਸ਼ਿਆਂ ਨੂੰ ਖੂਬ ਉਭਾਰਿਆ ਗਿਆ ਹੈ। ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਇੱਕ ਖ਼ਾਸ ਸੰਦੇਸ਼ ਦਿੰਦੀਆਂ ਹਨ। ਕਹਾਣੀਆਂ ਪੜ੍ਹ ਕੇ ਲੱਗਦਾ ਹੈ ਜਿਵੇਂ ਇਹ ਪਾਤਰ ਸਾਡੇ ਆਸ-ਪਾਸ ਹੀ ਘੁੰਮਦੇ ਹੋਣ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੀ ਜ਼ਿੰਦਗੀ ਵਿਚ ਵੀ ਵਾਪਰਦੀਆਂ ਹਨ। ਪੁਸਤਕ ਵਿਚਲੀ ਕਹਾਣੀ 'ਸੁੰਨੇ ਰਾਹਾਂ ਦੇ ਪਾਂਧੀ' ਵਿਚ ਤੀਜੇ ਲਿੰਗ ਬਾਰੇ ਦਰਸਾਇਆ ਹੈ ਕਿ ਇਨ੍ਹਾਂ ਨੂੰ ਸਮਾਜ ਵਲੋਂ ਦੁਰਕਾਰਿਆ ਜਾਂਦਾ ਹੈ। ਜੋ ਕਿ ਬਹੁਤ ਗ਼ਲਤ ਹੈ। 'ਹਾਦਸਾ' ਕਹਾਣੀ ਵਿਚ ਹਿੰਦੂ ਮੁਸਲਮਾਨ ਪਰਿਵਾਰਾਂ ਦੀ ਨੇੜਤਾ ਦਿਖਾਈ ਗਈ ਹੈ। ਇੱਕ ਹਿੰਦੂ ਪਰਿਵਾਰ ਵਲੋਂ ਮੁਸਲਮਾਨ ਪਰਿਵਾਰ ਦੇ ਬੱਚੇ ਦਾ ਪਾਲਣ ਪੋਸ਼ਣ ਕੀਤਾ ਹੋਇਆ ਦਿਖਾਇਆ ਗਿਆ ਹੈ। ਧਰਮ ਵੱਖ-ਵੱਖ ਹੋਣ 'ਤੇ ਵੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਉਨ੍ਹਾਂ ਦਾ ਆਪਣਾ ਹੀ ਬੱਚਾ ਹੋਵੇ। ਇਸ ਕਹਾਣੀ ਵਿਚ ਹਿੰਦੂ ਮੁਸਲਮਾਨ ਪਰਿਵਾਰਾਂ ਦੀ ਏਕਤਾ ਦਿਖਾਈ ਗਈ ਹੈ। 'ਚੁੱਪ ਦੀ ਚੀਕ' ਕਹਾਣੀ ਗ਼ਰੀਬੀ 'ਤੇ ਆਧਾਰਿਤ ਹੈ ਤੇ ਇਸ ਵਿਚ ਹੋਣਹਾਰ ਪੁੱਤਰ ਦੀ ਮੌਤ 'ਤੇ ਮਾਂ ਦੇ ਅੰਦਰ ਜੋ ਚੀਕਾਂ ਦਾ ਗੁਬਾਰ ਦੱਬਿਆ ਹੁੰਦਾ ਹੈ। ਉਸ ਦਾ ਵਰਨਣ ਇਸ ਕਹਾਣੀ ਵਿਚ ਕੀਤਾ ਗਿਆ ਹੈ। 'ਪਤਾ ਨਹੀਂ' ਕਹਾਣੀ 'ਇੱਕ ਮਾਂ ਦੇ ਔਖੇ ਹੋ ਕੇ ਧੀ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਸੰਬੰਧੀ ਹੈ। 'ਉਹ ਸਭ ਦੇਖਦਾ ਹੈ' ਕਹਾਣੀ ਵਿਚ ਦੱਸਿਆ ਗਿਆ ਹੈ ਜੋ ਮਰਦ ਆਪਣੀਆਂ ਚਲਾਕੀਆਂ ਨਾਲ ਔਰਤਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ, ਫਿਰ ਬਾਅਦ ਵਿਚ ਕਿਸ ਤਰ੍ਹਾਂ ਉਨ੍ਹਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਇਸ ਕਹਾਣੀ ਵਿਚ ਦਿਖਾਇਆ ਗਿਆ ਹੈ। ਇਸ ਤਰ੍ਹਾਂ ਪੁਸਤਕ ਵਿਚਲੀਆਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਹਨ ਜਿਵੇਂ 'ਖੂਨ ਦੇ ਰਿਸ਼ਤੇ', 'ਸਮਾਂ ਬਦਲ ਗਿਆ ਹੈ', 'ਕੌਣ ਲਿਖੇ ਸਾਡੇ ਲੇਖ', 'ਉਹ ਅਸਲੀ ਇਨਸਾਨ ਹੈ', 'ਪਤਾ ਨਹੀਂ', 'ਕੀ ਉਹ ਆਏਗਾ' ਆਦਿ ਕਹਾਣੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਿਰਜਣਾਤਮਿਕਤਾ ਦੀ ਪੇਸ਼ਕਾਰੀ ਬਾਰੇ ਪਤਾ ਚੱਲਦਾ ਹੈ। ਪੁਸਤਕ ਵਿਚਲੀਆਂ ਕਹਾਣੀਆਂ ਵਿਚ ਲੇਖਕ ਦੀ ਅਨੁਵਾਦ ਕਰਨ ਦੀ ਮੁਹਾਰਤ ਬਾਰੇ ਪਤਾ ਚੱਲਦਾ ਹੈ। ਸਾਰੀਆਂ ਕਹਾਣੀਆਂ ਹੀ ਮਨੁੱਖੀ ਜੀਵਨ ਨੂੰ ਅੱਗੇ ਲੈ ਕੇ ਜਾਣ ਅਤੇ ਪ੍ਰੇਰਨਾ ਦੇਣ ਵਾਲੀਆਂ ਹਨ। ਭਾਸ਼ਾ ਪੱਖੋਂ ਵੀ ਇਹ ਕਹਾਣੀਆਂ ਕਲਾਤਮਿਕ, ਰਚਨਾਤਮਿਕ ਹਨ। ਪੁਸਤਕ ਦੇ ਆਉਣ 'ਤੇ ਲੇਖਕ ਨੂੰ ਬਹੁਤ ਬਹੁਤ ਮੁਬਾਰਕ। .
-ਇੰਦਰਪ੍ਰੀਤ ਕੌਰ, ਲੁਧਿਆਣਾ
ਮੋਬਾਈਲ : 98886-90280