ਇਬਾਦਤ ਤੋਂ ਸ਼ਹਾਦਤ ਤੱਕ
ਲੇਖਕ : ਬਲਤੇਜ ਸਿੰਘ ਬਠਿੰਡਾ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 134
ਸੰਪਰਕ : 98143-03534

'ਇਬਾਦਤ ਤੋਂ ਸ਼ਹਾਦਤ ਤੱਕ' ਬਲਤੇਜ ਸਿੰਘ ਬਠਿੰਡਾ ਦਾ ਰਚਿਆ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਵਿਚ ਕਵੀ ਨੇ 86 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਰਚਨਾਵਾਂ ਵਿਚ ਪੰਜਾਬ ਦੇ ਪਲੀਤ ਹੋ ਚੁੱਕੇ ਪੌਣ, ਪਾਣੀ, ਧਰਤੀ, ਅਸਮਾਨ, ਪਲੀਤ ਹੋ ਚੁੱਕੀ ਸਿਆਸਤ, ਆਪ ਮੁਹਾਰੀ ਹੋਈ ਨੌਜਵਾਨ ਪੀੜ੍ਹੀ, ਨਸ਼ਿਆਂ ਵਿਚ ਪੰਜਾਬ ਦੀ ਰੁਲਦੀ ਜਵਾਨੀ, ਆਰਥਿਕਤਾ ਅਤੇ ਤੰਗੀਆਂ ਤੁਰਸ਼ੀਆਂ ਦੀ ਭੰਨੀ ਕਿਸਾਨੀ, ਖ਼ੁਦਕੁਸ਼ੀਆਂ ਦੇ ਰਾਹ ਪਈ ਹੇਠਲੀ ਕਿਸਾਨੀ, ਬੇਰੁਜ਼ਗਾਰੀ, ਨੌਜਵਾਨਾਂ ਦਾ ਪੱਛਮੀ ਚਕਾਚੌਂਧ ਵੱਲ ਲਗਾਤਾਰ ਖਿੱਚਿਆ ਜਾਣਾ, ਕੁੜੀਆਂ, ਔਰਤਾਂ ਨਾਲ ਨਿੱਤ ਹੁੰਦੇ ਕੁਕਰਮਾਂ ਨੂੰ ਬੜੀ ਨਿਡਰਤਾ ਨਾਲ ਚਿੱਤਰਿਆ ਗਿਆ ਹੈ। ਪੁਸਤਕ ਦੇ ਸਿਰਲੇਖ ਵਾਲੀ ਕਵਿਤਾ 'ਇਬਾਦਤ ਤੋਂ ਸ਼ਹਾਦਤ ਤੱਕ' ਬਹੁਤ ਹੀ ਭਾਵਪੂਰਤ ਅਤੇ ਪ੍ਰਭਾਵਸ਼ਾਲੀ ਰਚਨਾ ਹੈ-
'ਬੰਦਾ ਸਿੰਘ ਬਹਾਦਰ, ਸ਼ਿਕਾਰ ਤੇ ਵੈਰਾਗ ਦੀ ਗੱਲ।
ਅਨੰਤ ਦੀ ਭਾਲ ਵਿਚ ਭਟਕੇ, ਸੰਨਿਆਸ ਦੀ ਗੱਲ।
ਮਰਦ ਅਗੰਮੜੇ ਨੇ ਖੰਡੇ ਦੀ ਧਾਰ 'ਚੋਂ ਸਿਰਜੇ,
ਅਣਖੀ ਮਰਦ ਦਲੇਰ, ਸਿੰਘ ਸਰਦਾਰ ਦੀ ਗੱਲ।
ਮੈਦਾਨੇ ਜੰਗ 'ਚ ਚਲਦੀ, ਤੇਜ਼ ਕਟਾਰ ਦੀ ਗੱਲ।'
ਸੰਵੇਦਨਸ਼ੀਲਤਾ ਨੂੰ ਪ੍ਰਣਾਇਆ ਕਵੀ ਪੁਰਾਤਨ ਪੰਜਾਬ ਦੇ ਆਪਸੀ ਪਿਆਰ, ਭਰਾਤਰੀ ਭਾਵ ਅਤੇ ਧੀ ਭੈਣ ਦੀ ਸਾਂਝ ਵਾਲ਼ੇ ਸਾਂਝੇ ਪੰਜਾਬੀ ਸਭਿਆਚਾਰ ਨੂੰ ਮੁੜ ਲੋਚਦਾ ਹੋਇਆ ਇਸ ਕਾਵਿ-ਸੰਗ੍ਰਹਿ ਦੀ ਪਹਿਲੀ ਕਵਿਤਾ 'ਰਾਹ ਮੁੱਕ ਗਏ' ਵਿਚ ਲਿਖਦਾ ਹੈ-
'ਇਸ ਦਿਲ ਵਿਚੋਂ ਜਿਵੇਂ ਉਮਾਹ ਮੁੱਕ ਗਏ,
ਸਾਡੇ ਪਿੰਡ ਦੇ ਕੱਚੇ ਰਾਹ ਮੁੱਕ ਗਏ।
ਨਾ ਚਾਅ ਇੱਥੇ ਕੋਈ ਤੀਆਂ ਦੇ,
ਨਾ ਚਾਅ ਇੱਥੇ ਕੋਈ ਧੀਆਂ ਦੇ।
ਇੱਥੇ ਖ਼ੁਸ਼ੀਆਂ ਚਿਹਰੇ ਖਿਲਦੇ ਨਾ,
ਦਰਿਆ ਦਿਲ ਸੱਜਣ ਮਿਲਦੇ ਨਾ।
ਇੱਥੇ ਬੇੜੀਆਂ ਸਣੇ ਮਲਾਹ ਮੁੱਕ ਗਏ,
ਸਾਡੇ ਪਿੰਡ ਦੇ ਕੱਚੇ ਰਾਹ ਮੁੱਕ ਗਏ।'
'ਕੁੜੀਆਂ' ਕਵਿਤਾ ਪੜ੍ਹਦਿਆਂ ਹਰ ਪਾਠਕ ਦੇ ਸੀਨੇ ਵਿਚੋਂ ਇੱਕ ਟੀਸ ਉੱਠਦੀ ਹੈ ਕਿ ਪੈਲਸਾਂ ਦੀਆਂ ਸਟੇਜਾਂ ਉੱਤੇ ਨੱਚਦੀਆਂ ਨੌਜਵਾਨ ਮੁਟਿਆਰਾਂ ਦੇ ਚਿਹਰੇ ਉੱਤਲੀ ਮੁਸਕਾਨ ਦੇ ਹੇਠਾਂ ਲੁਕੇ ਦਰਦ ਨੂੰ ਪਛਾਨਣ ਦੀ ਲੋੜ ਹੈ-
'ਲੋਕਾਂ ਦੇ ਲਈ ਗਾਣ ਇਹ ਕੁੜੀਆਂ,
ਅੱਧ ਨੰਗੀਆਂ ਨਚਾਣ ਇਹ ਕੁੜੀਆਂ।
ਟੱਬਰ ਦਾ ਢਿੱਡ ਭਰਨ ਦੀ ਖ਼ਾਤਰ,
ਜਿਸਮ ਨੂੰ ਦੇਖ ਦਿਖਾਣ ਇਹ ਕੁੜੀਆਂ।
ਲੱਚਰ ਬੋਲ ਤੇ ਤਿੱਖੀਆਂ ਨਜ਼ਰਾਂ,
ਬਿਨ ਬੋਲੇ ਸਹਿ ਜਾਣ ਇਹ ਕੁੜੀਆਂ।
ਕੰਡਿਆਂ ਦੇ ਸੰਗ ਰਹਿਣਾ ਸਿੱਖਿਆ,
ਅੰਦਰੋਂ ਲਹੂ ਲੁਹਾਣ ਇਹ ਕੁੜੀਆਂ।'
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਲਾਲ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਦੀ ਸ਼ਹੀਦੀ ਸੰਸਾਰ ਭਰ ਵਿਚ ਲਾਸਾਨੀ ਹੈ। ਕਵੀ ਬਲਤੇਜ ਸਿੰਘ ਸਰਹਿੰਦ ਵਿਖੇ ਧਰਮ, ਹੱਕ, ਸੱਚ ਅਤੇ ਸਮਾਜ ਵਿਚ ਉੱਚੀਆਂ ਅਤੇ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਸਥਾਪਤ ਕਰਨ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਲਾਲਾਂ ਦੀ ਅਨੋਖੀ ਦਾਸਤਾਨ ਨੂੰ 'ਸੱਚ ਦੀ ਖ਼ਾਤਿਰ' ਕਵਿਤਾ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਸ਼ਰਧਾਂਜਲੀ ਅਰਪਿਤ ਕਰਦਾ ਹੈ-
ਲਹੂ ਮਾਸ ਦਾ ਲੱਗਾ ਗਾਰਾ
ਮਹਿਲ ਸਿੱਖੀ ਦਾ ਘੜਦੇ ਦੇਖੇ।
ਸੱਚ ਨੂੰ ਫ਼ਾਂਸੀ ਦੇਣ ਲਈ,
ਕਾਜ਼ੀ ਫ਼ਤਵੇ ਪੜ੍ਹਦੇ ਦੇਖੇ।
ਸਿੱਖੀ ਸਿਦਕ ਦੇ ਆਵੇ ਅੰਦਰ,
ਲਾਲ ਗੁਰਾਂ ਦੇ ਰੜ੍ਹਦੇ ਦੇਖੇ।
ਕਵੀ ਨੇ ਬਹੁਤ ਸਾਰੀਆਂ ਕਵਿਤਾਵਾਂ ਵਿਚ ਸਿੱਖ ਫ਼ਿਲਾਸਫ਼ੀ, ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਨੂੰ ਬਾਖ਼ੂਬੀ ਚਿੱਤਰਿਆ ਹੈ। ਉਹ ਪੰਜਾਬੀਆਂ ਦੇ ਹਰਮਨ ਪਿਆਰੇ ਮਹਾਂ ਨਾਇਕ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਉਪਕਾਰਾਂ ਨੂੰ ਸਿਜਦਾ ਕਰਦਾ ਹੋਇਆ ਲਿਖਦਾ ਹੈ-
ਭੁੱਲਾਂ ਕਿਵੇਂ ਤੇਰੇ ਉਪਕਾਰ ਦਾਤਾ,
ਤੂੰ ਤਾਂ ਚਿੜੀਆਂ ਤੋਂ ਬਾਜ ਤੁੜਾ ਗਿਆ ਏਂ।
ਪਿਤਾ ਵਾਰਿਆ ਹਿੰਦ ਲਈ ਵਿਚ ਦਿੱਲੀ,
ਪੁੱਤਰ ਨੀਹਾਂ ਦੇ ਵਿਚ ਚਿਣਵਾ ਗਿਆ ਏਂ।
ਲਾੜੀ ਮੌਤ ਦਾ ਪੁੱਤਰਾਂ ਦੇ ਬੰਨ੍ਹ ਗਾਨਾ,
ਕੀਤਾ ਕੌਮ ਨਾਲ਼ ਕੌਲ ਨਿਭਾ ਗਿਆ ਏਂ।'
ਇਸ ਪ੍ਰਕਾਰ ਬਲਤੇਜ ਸਿੰਘ ਬਠਿੰਡਾ ਨੇ 'ਇਬਾਦਤ ਤੋਂ ਸ਼ਹਾਦਤ ਤੱਕ' ਕਾਵਿ-ਸੰਗ੍ਰਹਿ ਵਿਚ ਜਿੱਥੇ ਸਿੱਖ ਵਿਰਸੇ ਦੇ ਵੱਖ-ਵੱਖ ਰੰਗਾਂ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਚਿੱਤਰਿਆ ਹੈ, ਉੱਥੇ ਨਾਲ ਦੀ ਨਾਲ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਵੀ ਆਪਣੀ ਕਲਮ ਦੇ ਘੇਰੇ ਵਿਚ ਲਿਆ ਹੈ। ਮੈਂ ਬਲਤੇਜ ਸਿੰਘ ਨੂੰ ਉਸ ਦੇ ਪਲੇਠੇ ਕਾਵਿ-ਸੰਗ੍ਰਹਿ ਲਈ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਪੰਜਾਬੀ ਸਾਹਿਤ ਵਿਚ ਇਸ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਨੂੰ ਵੀ ਆਖਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਹੀਰ ਰਾਂਝਾ
(ਮਰਦਾਂ ਦਾ ਗਿੱਧਾ ਨਾਟ-ਰੂਪ)
ਲੇਖਕ : ਦਲਬਾਰ ਸਿੰਘ
ਪ੍ਰਕਾਸ਼ਕ : ਸ਼ਿਲਾਲੇਖ ਪਬਲੀਸ਼ਰਜ਼, ਦਿੱਲੀ
ਮੁੱਲ : 300 ਰੁਪਏ, ਸਫ਼ੇ : 140
ਸੰਪਰਕ : 99154-99705

ਦਲਬਾਰ ਸਿੰਘ ਨ ੇਇਸ ਪੁਸਤਕ ਰਾਹੀਂ ਪ੍ਰਗਟ ਕਰ ਦਿੱਤਾ ਹੈ ਕਿ ਸਾਧਾਰਨ ਸਮਝੇ ਜਾਂਦੇ ਪਿੰਡ ਵਿਚੋਂ ਪੈਦਾ ਹੋਇਆ ਇਕ ਨਾਚ ਵਿਸ਼ਵ-ਪੱਧਰ 'ਤੇ ਆਪਣੀ ਵਿਲੱਖਣ ਪਛਾਣ ਸਥਾਪਿਤ ਕਰ ਸਕਦਾ ਹੈ। ਇਸ ਪੁਸਤਕ ਤੋਂ ਪਹਿਲਾਂ ਵੀ ਉਸ ਨੇ ਪੰਜਾਬ, ਪੰਜਾਬੀਅਤ ਅਤੇ ਵਿਸ਼ੇਸ਼ਕਰ ਮਾਲਵੇ ਦੇ ਖੇਤਰ ਦੇ ਲੋਕ ਸੱਭਿਆਚਾਰ ਨੂੰ ਵਿਸ਼ਵ-ਪੱਧਰ 'ਤੇ ਪ੍ਰਸਿੱਧ ਕਰ ਦਿੱਤਾ ਹੈ। ਹਥਲੀ ਪੁਸਤਕ (ਨਾਟ-ਰੂਪ) ਨੂੰ ਢੁੱਕਵਾਂ ਸਰੂਪ ਪੈਦਾ ਕਰਨ ਲਈ ਇਸ ਦੇ 22 ਦ੍ਰਿਸ਼ ਸਿਰਜੇ ਹਨ। ਇਹ ਸਾਰੇ ਦ੍ਰਿਸ਼ ਰਾਂਝੇ ਅਤੇ ਹੀਰ ਤੋਂ ਇਲਾਵਾ ਇਨ੍ਹਾਂ ਨਾਲ ਸੰਬੰਧਿਤ ਰਹੇ ਪਾਤਰਾਂ ਨੂੰ ਕਾਵਿਕ-ਸ਼ੈਲੀ ਰਾਹੀਂ ਪ੍ਰਗਟ ਕੀਤਾ ਹੈ। ਦ੍ਰਿਸ਼ ਤਖ਼ਤ ਹਜ਼ਾਰਾ ਮੌਜੂਦਾ ਘਰ, ਰਾਂਝੇ ਦਾ ਖੇਤਾਂ ਵਿਚ ਅਤੇ ਮਸੀਤ ਵਿਚ ਜਾਣਾ ਜਾਂ ਉਸ ਦਾ ਝਨਾ ਕਿਨਾਰੇ ਜਾਂ ਹੀਰ ਦੇ ਬਾਗ ਵਿਚ ਜਾਣਾ, ਚੂਚਕ ਦੇ ਘਰ ਪੁੱਜਣਾ, ਬੇਲੇ ਵਿਚ ਡੰਗਰ ਚਾਰਨੇ ਅਜਿਹੇ ਦ੍ਰਿਸ਼ ਹਨ ਜਿਨ੍ਹਾਂ ਵਿਚ ਹੁਸਨ ਇਸ਼ਕ ਦਾ ਵਰਨਣ ਖ਼ੂਬ ਲੁਭਾਵਣਾ ਮਿਲਦਾ ਹੈ। ਇਸ ਨਾਟ-ਰੂਪ ਦੀ ਤਕਨੀਕ ਸੂਤਰਧਾਰ ਦੇ ਰਾਹੀਂ ਜੋ ਕਿ ਬੋਲੀਕਾਰ ਵੀ ਹੈ ਖ਼ੂਬ ਨਿੱਭਦੀ ਹੈ। ਤਕਨੀਕ ਪੱਖੋਂ ਹਰ ਦ੍ਰਿਸ਼ ਵਿਚ ਪਹਿਲਾਂ ਪਾਤਰਾਂ ਦੇ ਨਾਂਅ ਦਿੱਤੇ ਹਨ, 'ਫੇਡ ਇਨ' ਵਿਚ ਸੂਤਰਧਾਰ ਦਾ ਪ੍ਰਵੇਸ਼ ਹੋਣ ਵਾਲੀ ਤਕਨੀਕ ਦਿਲ-ਲੁਭਾਉਣੀ ਹੈ। ਸੈਦੇ ਦੇ ਵਿਆਹ ਦਾ ਦ੍ਰਿਸ਼ ਅਤੇ ਸਮੁੱਚੀ ਪੰਜਾਬੀਅਤ ਦੀ ਪਛਾਣ ਬਣਾਉਣ ਵਾਲੇ ਚਿੰਨ੍ਹ ਜਿਵੇਂ ਜੰਞ ਬੰਨ੍ਹਣੀ ਤੇ ਛੁਡਾਉਣੀ, ਹੀਰ ਤੇ ਸੈਦੇ ਦਾ ਛੱਟੀਆਂ ਖੇਡਣਾਂ, ਕੰਗਣਾ ਖੇਡਣਾ, ਜੋਗੀ ਦਾ ਬਾਗ ਵਿਚ ਡੇਰਾ ਆਦਿ ਨਾਲ ਸੰਬੰਧਿਤ ਦ੍ਰਿਸ਼ ਸਜੀਵ ਰੂਪ ਵਿਚ ਪ੍ਰਗਟ ਹੁੰਦੇ ਹੋਏ ਪ੍ਰਤੀਤ ਹੁੰਦੇ ਹਨ। ਰਾਂਝੇ ਦਾ ਜੋਗੀ ਬਣ ਕੇ ਪਹੁੰਚਣਾ, ਜੋਗੀ ਦਾ ਭਿੱਖਿਆ ਮੰਗਣ ਜਾਣਾ, ਹੀਰ ਅਤੇ ਸਹਿਤੀ ਦਾ ਬੋਲ-ਉਚਾਰੂ, ਹੀਰ ਅਤੇ ਜੋਗੀ ਦਾ ਉੱਧਲ ਜਾਣਾ ਜਿਸ ਕਦਰ ਦਲਬਾਰ ਸਿੰਘ ਨੇ ਇਸ ਗਿੱਧੇ ਦੀਆਂ ਬੋਲੀਆਂ ਰਾਹੀਂ ਕੀਤਾ ਹੈ ਜਾਂ ਮੌਕਾ ਸਿਰਜਿਆ ਹੈ ਆਦਿ ਬੜਾ ਰੌਚਕ ਹੈ। ਇਸ ਨਾਟ-ਰੂਪ ਦੀ ਧਰਾਤਲ ਭੂਮੀ ਵਾਰਿਸ ਦੀ ਪ੍ਰਸਿੱਧ ਰਚਨਾ ਹੀਰ ਅਤੇ ਮਾਲਵੇ ਦੇ ਪ੍ਰਸਿੱਧ ਬੋਲੀਆਂ ਸਿਰਜਕ ਹਜ਼ੂਰਾ ਸਿੰਘ ਦੀਆਂ ਰਚਨਾਵਾਂ ਨੂੰ ਪਿਛੋਕੜ ਵਿਚ ਰੱਖਿਆ ਹੈ। ਪੁਸਤਕ ਦਾ ਸਾਰਾ ਬ੍ਰਿਤਾਂਤ ਦਲਬਾਰ ਸਿੰਘ ਦੀ ਮੌਲਿਕ ਸਿਰਜਣਾ ਦਾ ਪ੍ਰਤੱਖ ਪ੍ਰਮਾਣ ਬਣਿਆ ਹੈ। ਇਸ ਲੇਖਕ ਦੀ ਇਸ ਪੇਸ਼ਕਾਰੀ ਵਿਚ ਲਗਨ, ਮਿਹਨਤ, ਸਿਦਕ ਅਤੇ ਕਿਰਤੀ-ਸੰਘਰਸ਼ ਰਾਹੀਂ 'ਪ੍ਰੀਤ' ਕਹਾਣੀ ਨੂੰ ਸੰਪੂਰਨਤਾ ਪ੍ਰਦਾਨ ਕੀਤੀ ਹੈ। ਇਸ ਨਾਟ-ਰੂਪ ਦਾ ਅੰਤ ਨਾ ਤਾਂ ਸੁਖਾਂਤ ਅਤੇ ਨਾ ਹੀ ਦੁਖਾਂਤ ਵਿਚ ਹੈ। ਸੂਤਰਧਾਰ ਦੀ ਭੂਮਿਕਾ ਬਹੁਤ ਕਮਾਲ ਦੀ ਹੈ। ਇਸ ਪੇਸ਼ਕਾਰੀ ਦੇ ਪਾਤਰ ਬੋਲੀ ਦੇ ਹਾਵਾਂ-ਭਾਵਾਂ ਨੂੰ ਅੱਗੇ-ਪਿੱਛੇ ਆ ਕੇ ਪ੍ਰਗਟਾਉਂਦੇ ਹਨ। ਇਸ ਸਾਰੀ ਰਚਨਾ ਦੀ ਸਿਰਜਣਾ ਦੀ ਮੁਕੰਮਲਤਾ ਬਾਬਤ ਦਲਬਾਰ ਸਿੰਘ ਸੂਤਰਧਾਰ ਦੇ ਰੂਪ ਵਿਚ ਇਸ ਤਰ੍ਹਾਂ ਹੈ
ਦੋ ਹਜ਼ਾਰ ਤੇ ਚਵੀ ਵੀਰਨੋ
ਸਾਲ ਈਸਵੀ ਭਾਈ।
ਪੱਚੀ ਸਤੰਬਰ ਬੁੱਧਵਾਰ ਨੂੰ
ਕਾਪੀ ਪੂਰ ਚੜ੍ਹਾਈ।
ਜਦ ਤਕ ਕਾਮੇ ਜਿੱਤ ਨਹੀਂ
ਜਾਂਦੇ ਚਲਦੀ ਰਹੂ ਲੜਾਈ।
ਹੀਰ ਤੇ ਰਾਂਝੇ ਨੂੰ ਰਲ
ਮਿਲ ਦੇਓ ਵਧਾਈ।
ਨਿਰਸੰਦੇਹ, ਇਸ ਅਨਮੋਲ ਪੁਸਤਕ ਰਾਹੀਂ ਦਲਬਾਰ ਸਿੰਘ ਨੇ ਜੋ ਪੰਜਾਬੀਆਂ 'ਤੇ ਅਹਿਸਾਨ ਚੜ੍ਹਾਇਆ ਹੈ, ਉਸ ਦਾ ਕੋਈ ਜਵਾਬ ਨਹੀਂ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਲਹੂ-ਲੁਹਾਣ
ਲੇਖਕ : ਅੰਮ੍ਰਿਤਪਾਲ ਸਿੰਘ ਸ਼ੈਦਾ
ਪ੍ਰਕਾਸ਼ਕ : ਸ਼ਬਦਾਂਜਲੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98552-32575

ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਇੱਕੋ ਜਿਹੀ ਮੁਹਾਰਤ ਰੱਖਣ ਵਾਲੇ ਅੰਮ੍ਰਿਤਪਾਲ ਸਿੰਘ ਸ਼ੈਦਾ ਗ਼ਜ਼ਲ ਵਿਧਾ ਦੇ ਅਜਿਹੇ ਹਰਮਨ-ਪਿਆਰੇ ਹਸਤਾਖ਼ਰ ਹਨ, ਜਿਨ੍ਹਾਂ ਦੀ ਰਗ-ਰਗ ਵਿਚ ਗ਼ਜ਼ਲੀਅਤ ਵਿਆਪਕ ਹੈ। ਉਨ੍ਹਾਂ ਕੋਲ ਅਸੀਮ ਸ਼ਬਦ ਭੰਡਾਰ ਵੀ ਹੈ ਅਤੇ ਸਹਿਜ ਸੰਵਾਦ ਰਚਾਉਣ ਦਾ ਮਿਕਨਾਤੀਸੀ ਹੁਨਰ ਵੀ। ਭਾਸ਼ਾ ਵਿਭਾਗ ਪੰਜਾਬ ਵਿਚ ਨੌਕਰੀ ਕਰਦਿਆਂ ਉਨ੍ਹਾਂ ਨੇ ਜ਼ਿੰਦਗੀ ਦੇ ਬਹੁਤ ਸਾਰੇ ਉਤਰਾਅ-ਚੜ੍ਹਾਅ ਵੀ ਦੇਖੇ ਹਨ, ਜਿਨ੍ਹਾਂ ਦੀ ਝਲਕ ਉਨ੍ਹਾਂ ਦੇ ਸ਼ਿਅਰਾਂ ਵਿਚੋਂ ਸਹਿਜੇ ਹੀ ਦੇਖੀ ਜਾ ਸਕਦੀ ਹੈ:
ਕੌਰਵਾਂ ਦੇ ਹੱਥ ਆਇਐ /ਜਦ ਤੋਂ ਫ਼ੈਸ਼ਨ ਦਾ ਚਿਰਾਗ਼,
ਖ਼ੁਦ ਹੀ ਫ਼ੈਸ਼ਨ-ਪ੍ਰੇਡ ਵਿਚ /ਹਰ ਦ੍ਰੋਪਦੀ ਨੰਗੀ ਮਿਲੀ।
ਅੰਮ੍ਰਿਤਪਾਲ ਸਿੰਘ ਸ਼ੈਦਾ ਵਿਸ਼ਵ ਭਰ ਵਿਚ ਹੱਕ-ਸੱਚ ਲਈ ਜੂਝ ਰਹੀ ਸਮੁੱਚੀ ਮਾਨਵਤਾ ਲਈ ਹਮਦਰਦੀ ਦੀ ਭਾਵਨਾ ਰੱਖਦੇ ਹਨ ਅਤੇ ਹਰ ਤਰ੍ਹਾਂ ਦੇ ਹਕੂਮਤੀ ਜਬਰ ਦਾ ਪੁਰਜ਼ੋਰ ਵਿਰੋਧ ਕਰਦਿਆਂ ਅਮਨ-ਚੈਨ ਦੀ ਕਾਮਨਾ ਕਰਦੇ ਹਨ। ਦੇਸ਼-ਦੇਸ਼ਾਂਤਰਾਂ ਦੀ ਹੱਦਬੰਦੀ ਉਨ੍ਹਾਂ ਦੇ ਸਰਬੱਤ ਦੇ ਭਲੇ ਦੇ ਮਾਨਵਵਾਦੀ ਸਿਧਾਂਤ ਲਈ ਕੋਈ ਅੜਚਨ ਨਹੀਂ ਬਣਦੀ। ਬਹੁਤੇ ਕਲਮਕਾਰਾਂ ਵਾਂਗ ਉਹ ਨਿਰਪੱਖ ਰਹਿਣ ਦਾ ਦੰਭ ਵੀ ਨਹੀਂ ਕਰਦੇ ਬਲਕਿ ਲਕੀਰ ਖਿੱਚ ਕੇ ਪਾਲੇ ਦੇ ਇੱਕ ਪਾਸੇ ਖੜ੍ਹੇ ਦਿਖਾਈ ਦਿੰਦੇ ਹਨ। ਹੱਥਲੇ ਗ਼ਜ਼ਲ-ਸੰਗ੍ਰਹਿ 'ਲਹੂ-ਲੁਹਾਣ' ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ਕਲਮ ਤੋਂ ਤਿੰਨ ਗ਼ਜ਼ਲ-ਸੰਗ੍ਰਹਿ, ਛੇ ਸੰਪਾਦਿਤ-ਸੰਗ੍ਰਹਿ, ਬੈਂਜਾਮਿਨ ਫ਼੍ਰੈਂਕਲਿਨ ਦੀ ਸਵੈ-ਜੀਵਨੀ ਅਤੇ ਚਾਰ ਲਿਪੀਅੰਤਰ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਗ਼ਜ਼ਲਕਾਰੀ ਸਮਾਜ, ਪ੍ਰਬੰਧ ਅਤੇ ਹਕੂਮਤ ਦੇ ਆਪਸੀ ਸੰਬੰਧਾਂ ਦੀ ਕਸ਼ਮਕਸ਼ ਨੂੰ ਅਰਥ ਪ੍ਰਦਾਨ ਕਰਦੀ ਹੋਈ ਨਪੀੜੇ ਜਾ ਰਹੇ ਲੋਕਾਂ ਦੀ ਆਵਾਜ਼ ਬਣਨ ਲਈ ਕਾਵਿਕਤਾ ਦੇ ਵੰਨ-ਸੁਵੰਨੇ ਰੰਗਾਂ ਰਾਹੀਂ ਵਿਗਸਣ ਦੀ ਸਹਿਜ ਪ੍ਰਕਿਰਿਆ ਹੈ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਇਹ ਖ਼ੂਬਸੂਰਤ ਪੁਸਤਕ ਵਿਚਾਰਕ ਪੱਖ ਦੇ ਨਾਲ-ਨਾਲ ਰੂਪਕ ਪੱਖ ਤੋਂ ਵੀ ਬੇਹੱਦ ਪਿਆਰੀ ਅਤੇ ਮਿਆਰੀ ਹੈ। ਉਮੀਦ ਹੈ ਕਿ ਉਨ੍ਹਾਂ ਦੀ ਇਹ ਸੁਚੱਜੀ ਕੋਸ਼ਿਸ਼ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਨਵੇਂ ਦਿਸਹੱਦਿਆਂ ਦੀ ਸਿਰਜਣਾ ਕਰੇਗੀ।
-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027
ਦਸਮੇਸ਼ ਪਿਤਾ ਬਖਸ਼ਿਸ
ਪਵਿੱਤਰ ਗੰਗਾ ਸਾਗਰ
ਸੁੱਚੀ ਸੇਵਾ-ਸੰਭਾਲ
ਲੇਖਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 184
ਸੰਪਰਕ : 94170-49417

ਡਾ. ਗੁਰਦੇਵ ਸਿੰਘ ਸਿੱਧੂ ਖਾਮੋਸ਼ੀ ਨਾਲ ਖਰਾ ਅਤੇ ਟਕਸਾਲੀ ਕੰਮ ਕਰਨ ਵਾਲਾ ਇਕ ਅਣਥੱਕ ਖੋਜੀ ਅਤੇ ਆਲੋਚਕ ਹੈ। ਉਸ ਨੇ ਆਪਣਾ ਕੰਮ 'ਮਾਲਵੇ ਦੇ ਕਿੱਸਾ ਕਾਵਿ' ਦੀ ਤਲਾਸ਼, ਵਿਸ਼ਲੇਸ਼ਣ ਅਤੇ ਮੁਲਾਂਕਣ ਤੋਂ ਸ਼ੁਰੂ ਕੀਤਾ ਸੀ, ਫਿਰ ਗ਼ਦਰ ਲਹਿਰ ਦੀ ਕਵਿਤਾ ਦੀ ਸਾਂਭ-ਸੰਭਾਲ, ਵਿਸ਼ਲੇਸ਼ਣ ਅਤੇ ਮਹੱਤਵ ਬਾਰੇ ਮੋਨੋਗ੍ਰਾਫ਼ ਲਿਖੇ, ਗ਼ਦਰੀ ਸੂਰਮਿਆਂ ਦੀ ਸ਼ਨਾਖ਼ਤ ਅਤੇ ਕਾਰਜ-ਸ਼ੈਲੀ ਨੂੰ ਜਨਤਕ ਕੀਤਾ। ਇਸ ਦੇ ਨਾਲ ਹੀ ਪੰਜਾਬੀ ਦੀ ਸਭ ਤੋਂ ਲੋਕਪ੍ਰਿਆ ਤੇ ਵਿਸ਼ਵਾਸਯੋਗ ਅਖ਼ਬਾਰ 'ਅਜੀਤ' ਦੇ ਧਰਮ ਤੇ ਵਿਰਸਾ ਅੰਕ ਲਈ ਨਿਰੰਤਰ ਫੀਚਰ ਲਿਖਦਾ ਰਿਹਾ। ਹਥਲੀ ਪੁਸਤਕ ਵਿਚ ਉਸ ਨੇ ਦਸ਼ਮੇਸ਼ ਪਿਤਾ ਦੁਆਰਾ ਅਨੰਦਪੁਰ ਸਾਹਿਬ ਦੀ ਗੜ੍ਹੀ ਨੂੰ ਛੱਡਣ ਉਪਰੰਤ, ਪਰਿਵਾਰ-ਵਿਛੋੜੇ ਅਤੇ ਸਿੰਘ ਸੂਰਮਿਆਂ ਦੀ ਵੱਡੀ ਗਿਣਤੀ ਵਿਚ ਸ਼ਹਾਦਤ ਤੋਂ ਬਾਅਦ ਰਾਇ ਕੱਲ੍ਹਾ (ਰਾਏਕੋਟੀ) ਦੀ ਸੇਵਾ ਭਾਵਨਾ ਉੱਪਰ ਪ੍ਰਸੰਨ ਹੋ ਕੇ ਜਿਹੜਾ 'ਗੰਗਾ ਸਾਗਰ', ਉਸ ਨੂੰ ਕੁਝ ਹੋਰ ਦਾਤਾਂ ਸਮੇਤ, ਬਖਸ਼ਿਸ਼ ਕੀਤਾ ਸੀ, ਉਸ ਦੇ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਨੇ ਜਿਸ ਕਦਰ ਇਸ ਪਵਿੱਤਰ 'ਗੰਗਾ ਸਾਗਰ' ਦੀ ਪੂਰੀ ਨਿਸ਼ਠਾ ਨਾਲ ਸੇਵਾ-ਸੰਭਾਲ ਕੀਤੀ ਹੈ, ਉਸ ਦਾ ਸੁਹਿਰਦ ਵਰਨਣ ਹੋਇਆ ਹੈ। ਗੁਰੂ ਸਾਹਿਬ ਨੇ ਸਮੇਂ-ਸਮੇਂ ਆਪਣੀਆਂ ਹੋਰ ਵੀ ਕਈ ਦਾਤਾਂ ਸਿੰਘ-ਸੂਰਮਿਆਂ ਦੇ ਪਰਿਵਾਰਾਂ ਨੂੰ ਦਿੱਤੀਆਂ, ਪਰ ਕਿਸੇ ਵੀ ਧਿਰ ਨੇ ਉਨ੍ਹਾਂ ਦਾ ਰਾਇ ਕੱਲ੍ਹਾ ਦੇ ਪਰਿਵਾਰਜਨਾਂ ਵਰਗਾ ਮੁੱਲ ਨਹੀਂ ਪਾਇਆ ਅਤੇ ਇਸ ਤਰ੍ਹਾਂ ਬਹੁਤ ਸਾਰੀਆਂ ਅਨਮੋਲ ਬਖਸ਼ਿਸ਼ਾਂ ਰੁਲ-ਖੁਲ ਗਈਆਂ। ਸਭ ਜਾਣਦੇ ਹਨ ਕਿ ਅਸੀਂ ਪੰਜਾਬੀ ਜਾਂ ਭਾਰਤੀ ਲੋਕ ਆਪਣੇ ਵਿਰਸੇ ਦਾ ਕਿੰਨਾ ਕੁ ਸਿਮਰਨ ਕਰਦੇ ਹਾਂ? ਪੰਜਾਬੀਆਂ ਦੀ ਇਸੇ ਫ਼ਿਤਰਤ ਤੋਂ ਆਹਤ ਹੋ ਕੇ ਡਾ. ਸਿੱਧੂ ਨੇ ਇਸ ਬੇਨਜ਼ੀਰ ਪੋਥੀ ਦੀ ਰਚਨਾ ਕੀਤੀ ਹੈ। ਇਸ ਪੁਸਤਕ ਦੇ ਚਾਰ ਅਧਿਆਇ ਹਨ। 1. ਪਵਿੱਤਰ 'ਗੰਗਾ ਸਾਗਰ' ਬਾਰੇ ਪ੍ਰਾਪਤ ਹਵਾਲੇ 2. 'ਅਜੀਤ' ਅਖ਼ਬਾਰ ਵਿਚ ਸਮੇਂ-ਸਮੇਂ ਪ੍ਰਕਾਸ਼ਿਤ ਹੋਏ ਲੇਖ 3. ਇਸ ਬਖਸ਼ਿਸ਼ ਬਾਰੇ ਰਾਏ ਅਜ਼ੀਜ਼ ਉੱਲਾ ਦੇ ਉਦਗਾਰ, 4. ਸੇਵਕ-ਪਰਿਵਾਰ ਦਾ ਕੁਰਸੀਨਾਮਾ ਅਤੇ ਅੰਗਰੇਜ਼ੀ-ਪੰਜਾਬੀ ਭਾਸ਼ਾ ਵਿਚ ਉਪਲਬਧ 'ਗੰਗਾ ਸਾਗਰ' ਬਾਰੇ ਮਿਲਦੀਆਂ ਰਚਨਾਵਾਂ। ਇਹ ਪਵਿੱਤਰ ਪੋਥੀ 'ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ' ਵਲੋਂ ਬੜੀ ਰੀਝ ਅਤੇ ਨੀਝ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਫ਼ੋਮਾ ਗੋਰਦਇਏਵ
ਇਕ ਸਹਿਮਿਆ ਹੋਇਆ ਆਦਮੀ
ਮੂਲ : ਮੈਕਸਿਮ ਗੋਰਕੀ
ਅਨੁਵਾਦਕ : ਭੁਪਿੰਦਰ ਸਿੰਘ ਮਲਿਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300, ਸਫ਼ੇ : 286
ਸੰਪਰਕ : 98151 85501

ਮੈਕਸਿਮ ਗੋਰਕੀ ਰੂਸੀ ਸਾਹਿਤ ਦਾ ਪ੍ਰਸਿੱਧ ਲੇਖਕ ਸੀ ਜਿਸ ਦੇ ਸਭ ਤੋਂ ਪਹਿਲੇ ਨਾਵਲ ਫੋਮਾ ਗੋਰਦਇਏਵ ਇਕ ਸਹਿਮਿਆ ਹੋਇਆ ਆਦਮੀ (1899) ਵੱਲ ਪਾਠਕਾਂ ਦਾ ਜ਼ਿਆਦਾ ਧਿਆਨ ਨਹੀਂ ਗਿਆ। ਇਸ ਨਾਵਲ ਨੂੰ ਪੰਜਾਬੀ ਵਿਚ ਭੁਪਿੰਦਰ ਸਿੰਘ ਮਲਿਕ ਨੇ ਅਨੁਵਾਦ ਕਰਕੇ ਵੱਡਾ ਕਾਰਜ ਕੀਤਾ ਹੈ। ਨਾਵਲ ਦਾ ਕੇਂਦਰੀ ਪਾਤਰ ਅਮੀਰ ਵਪਾਰੀ ਖਾਨਦਾਨ ਵਿਚ ਪੈਦਾ ਹੋ ਕੇ ਵੀ ਆਪਣੀ ਅੰਦਰਲੀ ਗਰੀਬੀ 'ਤੇ ਰੁਦਨ ਕਰਦਾ ਹੈ। ਉਸ ਨੂੰ ਸਰਮਾਏਦਾਰੀ ਪ੍ਰਬੰਧ ਅੰਦਰ ਆਪਣਾ ਆਪ ਘੁਟਣ ਭਰਿਆ ਤੇ ਅਜਨਬੀ ਬੋਧ ਵਾਲਾ ਜਾਪਦਾ ਹੈ। ਸਾਰਾ ਨਾਵਲ ਇਕ ਸੰਵੇਦਨਸ਼ੀਲ ਮਨੁੱਖ ਦੇ ਇਸੇ ਸਹਿਮ ਦਾ ਪ੍ਰਗਟਾਵਾ ਹੈ ਜਿਸਨੂੰ ਮੈਕਸਿਮ ਗੋਰਕੀ ਨੇ ਔਰਤ ਮਰਦ ਸੰਬੰਧਾਂ, ਪਰਿਵਾਰਕ ਸੰਕਟਾਂ, ਵਪਾਰਕ ਚਾਲਬਾਜ਼ੀਆਂ ਸਮੇਤ ਪੂੰਜੀਵਾਦੀ ਸੱਤਾ ਤੇ ਮਨੁੱਖ ਦੀ ਆਜ਼ਾਦ ਹਸਤੀ ਦੇ ਭੇੜ ਵਿਚ ਪ੍ਰਸਤੁਤ ਕੀਤਾ ਹੈ। ਰਾਜਸੀ ਸੱਤਾ ਅਤੇ ਪੂੰਜੀ ਦੇ ਗੱਠਜੋੜ ਨਾਲ ਮਿਹਨਤਕਸ਼ ਵਰਗਾਂ ਦਾ ਹੁੰਦਾ ਘਾਣ ਇਸ ਨਾਵਲ ਦੀ ਕੇਂਦਰੀ ਧੁਨੀ ਹੈ। ਮਾਈਕਨ ਵਰਗੇ ਪਾਤਰ ਅਮੀਰ ਵਪਾਰੀ ਸ਼੍ਰੇਣੀ ਦੇ ਪ੍ਰਤੀਨਿਧ ਹਨ ਜੋ ਕਿ ਗਰੀਬਾਂ ਨੂੰ ਜੋਕਾਂ ਵਾਂਗ ਚਿੰਬੜੇ ਹਨ ਜਦਕਿ ਲੂੰਬਾ ਵਰਗੀ ਨਾਰੀ ਪਾਤਰ ਕ੍ਰਾਂਤੀਕਾਰੀ ਸੋਚ ਵਾਲੀ ਅਤੇ ਔਰਤਾਂ ਪ੍ਰਤੀ ਚੇਤੰਨ ਨੀਝ ਰੱਖਣ ਵਾਲੀ ਹੈ। ਫੋਮਾ ਗੋਰਦੇਇਵ ਦਾ ਦੋਸਤ ਯੋਜਵ ਵੀ ਫੋਮਾ ਵਾਂਗ ਹੀ ਜ਼ਿੰਦਗੀ ਤੋਂ ਬੇਦਖਲੀ ਦੇ ਅਹਿਸਾਸਾਂ ਵਾਲਾ ਹੈ ਪਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਅਧਿਕਾਰਾਂ ਪ੍ਰਤੀ ਲਾਮਬੰਦ ਕਰਦਾ ਸੰਘਰਸ਼ਸ਼ੀਲ ਪਾਤਰ ਹੈ। ਨਾਵਲ ਦੇ ਅੰਤ ਵਿਚ ਫੋਮਾ ਗੋਰਦੇਇਵ ਦੇ ਮਰਹੂਮ ਪਿਤਾ ਦੇ ਵਪਾਰੀ ਦੋਸਤ ਮਾਈਕਨ ਨੂੰ ਸ਼ਹਿਰ ਦਾ ਮੇਅਰ ਬਣਾਉਣ ਦਾ ਐਲਾਨ ਹੁੰਦਾ ਹੈ ਤਾਂ ਫੋਮਾ ਆਪਣੇ ਭਾਸ਼ਣ ਵਿਚ ਵਪਾਰੀਆਂ ਤੇ ਪੂੰਜੀਪਤੀਆਂ ਨੂੰ ਸਮਾਜ ਦਾ ਖੂਨ ਚੂਸਣ ਵਾਲੇ, ਧੋਖੇਬਾਜ਼, ਮੱਕਾਰ ਤੇ ਕਮੀਨੇ ਸਿੱਧ ਕਰਦਾ ਹੈ। ਉਸ ਦੇ ਪਾਤਰ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ, ਸਗੋਂ ਫੋਮਾ ਇਕ ਸਾਧੂ ਨਾਲ ਸੰਵਾਦ ਕਰਦਾ ਅਜਿਹੇ ਜੀਵਨ ਤੋਂ ਨਿਰਲੇਪਤਾ ਚਾਹੁੰਦਾ ਹੈ ਜੋ ਤਮਾਮ ਕਿਸਮ ਦੇ ਘਿਣਾਉਣੇ ਵਿਤਕਰਿਆਂ ਨਾਲ ਭਰਿਆ ਹੈ। ਅਨੁਵਾਦਕ ਨੂੰ ਇਸ ਕਾਰਜ ਲਈ ਵਧਾਈ ਹੈ। ਪ੍ਰਿੰਟਿੰਗ ਦੌਰਾਨ ਕਈ ਸਫਿਆਂ 'ਤੇ ਅੱਖਰ ਗਾਇਬ ਹੋ ਗਏ ਹਨ ਪਰ ਕਿਤਾਬ ਦੀ ਛਪਾਈ ਤੇ ਦਿੱਖ ਪ੍ਰਭਾਵਸ਼ਾਲੀ ਹੈ।
-ਡਾ. ਜੇ. ਬੀ. ਸੇਖੋਂ
ਮੋਬਾਈਲ : 94175-86028