ਗਿੱਦੜਬਾਹਾ, 23 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਇਲਾਕੇ ਵਿਚ ਬੀਤੀ ਰਾਤ ਹੋਈ ਹਲਕੀ ਬਾਰਿਸ਼ ਨਾਲ ਜਿੱਥੇ ਸੁੱਕੀ ਠੰਢ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ, ਉੱਥੇ ਹੀ ਕਣਕ ਤੇ ਸਰੋ੍ਹਾ ਦੀਆਂ ਫ਼ਸਲਾਂ ਨੂੰ ਵੀ ਇਸ ਬਾਰਿਸ਼ ਨਾਲ ਕਾਫ਼ੀ ਲਾਭ ਮਿਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਮੋਹਣ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਗਿੱਦੜਬਾਹਾ ਨੇ ਦੱਸਿਆ ਕਿ ਅੱਜ ਗਿੱਦੜਬਾਹਾ ਇਲਾਕੇ ਵਿਚ 2 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਆਪਣੀ ਟੀਮ ਸ਼ਿੰਦਰਪਾਲ ਸਿੰਘ ਏ.ਐੱਸ.ਆਈ. ਤੇ ਲਵਪ੍ਰੀਤ ਸਿੰਘ ਏ.ਟੀ.ਐੱਮ. ਨਾਲ ਗਿੱਦੜਬਾਹਾ ਇਲਾਕੇ ਦੇ ਪਿੰਡਾਂ ਵਿਚ ਕਣਕ, ਸਰ੍ਹੋਂ ਤੇ ਹੋਰਨਾਂ ਫ਼ਸਲਾਂ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਹਲਕੀ ਬਾਰਿਸ਼ ਨਾਲ ਜਿੱਥੇ ਕਣਕ ਤੇ ਸਰ੍ਹੋਂ ਦੀ ਫ਼ਸਲ ਨੂੰ ਫ਼ਾਇਦਾ ਪਹੁੰਚਿਆ ਹੈ, ਉੱਥੇ ਹੀ ਹਰੇ ਚਾਰੇ ਨੂੰ ਕਾਫ਼ੀ ਫ਼ਾਇਦਾ ਮਿਲੇਗਾ | ਉਨ੍ਹਾਂ ਦੱਸਿਆ ਕਿ ਅੱਜ ਦੇ ਨਿਰੀਖਣ ਦੌਰਾਨ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਦਰੁਸਤ ਹਾਲਤ ਵਿਚ ਮਿਲੀ, ਜਦੋਂਕਿ ਗਿੱਦੜਬਾਹਾ ਇਲਾਕੇ ਵਿਚ ਕਿਸੇ ਵੀ ਪਾਸੇ ਗੜ੍ਹੇਮਾਰੀ ਦੀ ਕੋਈ ਸੂਚਨਾ ਨਹੀਂ ਹੈ | ਫ਼ਸਲਾਂ ਦੇ ਨਾਲ ਨਾਲ ਇਸ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਸੁੱਕੀ ਠੰਡ ਕਾਰਨ ਹੋਣ ਵਾਲੀਆਂ ਗਲੇ ਖ਼ਰਾਬ ਅਤੇ ਖੰਘ ਆਦਿ ਵੀ ਕਾਫ਼ੀ ਰਾਹਤ ਮਿਲਣ ਦੇ ਆਸਾਰ ਹਨ |