ਫਗਵਾੜਾ, 25 ਫਰਵਰੀ (ਹਰਜੋਤ ਸਿੰਘ ਚਾਨਾ)- ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ (ਆਰ.ਈ.ਸੀ.), ਫਗਵਾੜਾ ਵੱਲੋਂ ਕਰਵਾਈ ਗਈ ਸਵ. ਭਰਪੂਰ ਸਿੰਘ ਬੋਗਲ ਯਾਦਗਾਰੀ ਦੋ ਰੋਜ਼ਾ ਸਪੋਰਟਸ ਮੀਟ 2026 ਦੀ ਸਮਾਪਤੀ ਅਕਾਲ ਸਟੇਡੀਅਮ ਵਿਖੇ ਹੋਈ | ਸਮਾਗਮ ਦੇ ਆਖ਼ਰੀ ਦਿਨ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿਚ ਭਰਪੂਰ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਹੁਸ਼ਿਆਰਪੁਰ ਹਲਕੇ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਆਪਣੇ ਸੰਬੋਧਨ 'ਚ ਡਾ. ਚੱਬੇਵਾਲ ਨੇ ਨੌਜਵਾਨ ਖਿਡਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੇਡਾਂ ਸਿਹਤਮੰਦ ਤੇ ਪ੍ਰਗਤੀਸ਼ੀਲ ਸਮਾਜ ਦੀ ਨੀਂਹ ਹਨ ਤੇ ਨੌਜਵਾਨਾਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ | ਉਨ੍ਹਾਂ ਪ੍ਰਬੰਧਕਾਂ ਦੇ ਯਤਨਾਂ ਦੀ ਵੀ ਪ੍ਰਸੰਸਾ ਕੀਤੀ | ਇਸ ਮੌਕੇ ਰੰਗਲਾ ਪੰਜਾਬ ਵਿਕਾਸ ਫ਼ੰਡ ਵਿਚੋਂ ਸਪੋਰਟਸ ਵੈੱਲਫੇਅਰ ਲਈ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ | ਖੇਡ ਮੁਕਾਬਲਿਆਂ 'ਚ ਟਰੈਕ ਇਵੈਂਟਸ ਤਹਿਤ 100 ਮੀਟਰ, 200 ਮੀਟਰ ਦੌੜਾਂ, ਰਿਲੇ ਦੌੜ ਤੇ ਲੰਮੀ ਦੂਰੀ ਦੀਆਂ ਦੌੜਾਂ ਹੋਈਆਂ, ਜਦਕਿ ਫੀਲਡ ਇਵੈਂਟਸ ਵਿਚ ਲੰਬੀ ਛਾਲ, ਉੱਚੀ ਛਾਲ, ਸ਼ਾਟ ਪੁੱਟ ਤੇ ਡਿਸਕਸ ਥਰੋ ਸ਼ਾਮਲ ਸਨ | ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ | ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ | ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਕਿਹਾ ਕਿ ਕੌਂਸਲ ਹਮੇਸ਼ਾ ਹੀ ਵਿਦਿਆਰਥੀਆਂ 'ਚ ਖੇਡ ਪ੍ਰਤਿਭਾ ਨੂੰ ਉਭਾਰਨ ਲਈ ਪ੍ਰਤੀਬੱਧ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਆਰ.ਈ.ਸੀ. ਦੇ ਵਿਦਿਆਰਥੀ ਰਾਜ ਤੇ ਰਾਸ਼ਟਰੀ ਪੱਧਰ 'ਤੇ ਸੰਸਥਾ ਦਾ ਨਾਂਅ ਰੌਸ਼ਨ ਕਰ ਰਹੇ ਹਨ | ਉਨ੍ਹਾਂ ਭਵਿੱਖ ਵਿਚ ਵੀ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਆਪ ਹਲਕਾ ਇੰਚਾਰਜ ਹਰਜੀ ਮਾਨ, ਡਾ. ਵਿਓਮਾ ਭੋਗਲ ਢੱਟ ਡਾਇਰੈਕਟਰ ਰਾਮਗੜ੍ਹੀਆ ਐਜੂਕੇਸ਼ਨਲ ਇੰਸਟੀਚਿਊਟ ਤੇ ਰਵਨੀਸ਼ ਸਿੰਘ ਭੋਗਲ ਕਾਲੜਾ, ਇੰਜ. ਗਗਨਦੀਪ ਸਿੰਘ ਢੱਟ, ਗਗਨਦੀਪ ਸਿੰਘ ਕਾਲੜਾ, ਪਿ੍ੰ. ਨਵੀਨ ਢਿੱਲੋਂ, ਪਿ੍ੰ. ਮਨਜੀਤ ਸਿੰਘ, ਗੁਰਮਿੰਦਰ ਸਿੰਘ ਬਾਹੜਾ, ਮੁਕੇਸ਼ ਕਾਂਤ ਚੀਫ਼ ਅਕਾੳਾੂਟੈਂਟ, ਪ੍ਰੇਮ ਪਾਲ ਪੱਬੀ, ਸੁਖਜੀਤ ਸਿੰਘ ਬਾਂਸਲ, ਭੁਪਿੰਦਰ ਕੌਰ ਬਾਂਸਲ, ਮੇਅਰ ਰਾਮਪਾਲ ਉੱਪਲ, ਗੁਰਦੀਪ ਸਿੰਘ, ਪ੍ਰਦੀਪ ਧੀਮਾਨ ਸਮੇਤ ਕਈ ਪ੍ਰਮੁੱਖ ਸ਼ਾਮਿਲ ਸਨ |