ਸੁਲਤਾਨਪੁਰ ਲੋਧੀ, 25 ਫ਼ਰਵਰੀ (ਪ.ਪ. ਰਾਹੀਂ)- ਮਾਸਟਰ ਕੇਡਰ ਯੂਨੀਅਨ ਅਤੇ ਬੀ.ਐੱਡ ਅਧਿਆਪਕ ਫ਼ਰੰਟ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ, ਸਰਪ੍ਰਸਤ ਸੁਖਦੇਵ ਸਿੰਘ ਸੰਧੂ, ਪ੍ਰਧਾਨ ਸਰਤਾਜ ਸਿੰਘ ਅਗਵਾਈ ਹੇਠ ਹੋਈ | ਇਸ ਮੌਕੇ ਮਾਸਟਰ ਨਰੇਸ਼ ਕੋਹਲੀ ਨੇ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਅਪਣਾਈ ਜਾ ਰਹੀ ਨੀਤੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ 20 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਤਨਦੇਹੀ ਨਾਲ ਆਪਣੀ ਸੇਵਾਵਾਂ ਦੇ ਰਹੇ ਸਮਗਰ ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਤੇ 31000 ਰੁਪਏ ਪ੍ਰਤੀ ਮਹੀਨਾ ਕੱਟ ਲਾਉਣ ਖ਼ਿਲਾਫ਼ ਵਿਰੋਧ ਜਤਾਉਣ ਤੇ ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਵੱਲੋਂ ਚੰਡੀਗੜ੍ਹ ਵੱਲ ਕੀਤੇ ਮਾਰਚ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਹੈ | ਤਨਖ਼ਾਹ ਕਟੌਤੀ ਖ਼ਿਲਾਫ਼ ਸੰਘਰਸ਼ ਕਰਦੇ ਸਮਗਰ ਸਿੱਖਿਆ ਅਭਿਆਨ ਦਫ਼ਤਰੀ ਤੇ ਮਿਡ ਡੇ ਮੀਲ ਕਰਮਚਾਰੀਆਂ ਨੂੰ ਅਖੌਤੀ ਇਨਕਲਾਬੀ ਸਰਕਾਰ ਵੱਲੋਂ ਪੁਲਸੀਆ ਡੰਡੇ ਤੇ ਜਲ ਤੋਪਾਂ ਨਾਲ ਨਿਵਾਜਣ ਦੀ ਮਾਸਟਰ ਕੇਡਰ ਯੂਨੀਅਨ ਸਖ਼ਤ ਨਿਖੇਧੀ ਕਰਦੀ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਤੇ ਟੈੱਟ ਵਰਗਾ ਤਾਨਾਸ਼ਾਹੀ ਕਾਨੂੰਨ ਮੁਲਾਜ਼ਮ ਤੇ ਥੋਪਣ ਦੀ ਵੀ ਮਾਸਟਰ ਕੇਡਰ ਯੂਨੀਅਨ ਤੇ ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਨੇ ਨਿੰਦਾ ਕੀਤੀ | ਇਸ ਮੌਕੇ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਧਰਮਿੰਦਰ ਮੱਲੀ, ਸੰਦੀਪ ਸਿੰਘ ਦੁਰਗਾਪੁਰ, ਸਰਤਾਜ ਸਿੰਘ, ਨਿਰਮਲ ਸਿੰਘ ਚੰਦੀ ਬੂਲਪੁਰ, ਤਰਲੋਚਨ ਸਿੰਘ, ਪਰਮਿੰਦਰ ਸਿੰਘ, ਨਰੇਸ਼ ਕੁਮਾਰ, ਸੂਰਤ ਸਿੰਘ, ਸਮੀਰ ਕੁਮਾਰ, ਲਾਲੀ ਖਿੰਡਾ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |