ਫਗਵਾੜਾ, 8 ਮਾਰਚ (ਹਰਜੋਤ ਸਿੰਘ ਚਾਨਾ)-'ਆਪ' ਆਗੂ ਦੇ ਘਰ 'ਤੇ ਹੋਈ ਫਾਇਰਿੰਗ ਦੇ ਮਾਮਲੇ ਦੀ ਜਾਂਚ ਲਈ ਪੁਲਿਸ ਵਲੋਂ ਗੈਂਗਸਟਰ ਵਿਰਿੰਦਰ ਪ੍ਰਤਾਪ ਸਿੰਘ ਉਰਫ਼ ਕਾਲਾ ਰਾਣਾ ਨੂੰ ਪੁਲਿਸ ਨੇ 4 ਮਾਰਚ ਨੂੰ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਫਗਵਾੜਾ ਲਿਆਂਦਾ ਸੀ ਤੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਸੀ ਤੇ ਮੁੜ ਇਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ ਤੇ ਕੁਲ ਚਾਰ ਦਿਨਾਂ ਦੇ ਪੁਲਿਸ ਰਿਮਾਂਡ ਮਗਰੋਂ ਅੱਜ ਮੁੜ ਅਦਾਲਤ 'ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਜਾਂਚ ਏਜੰਸੀ ਦਾ ਪੱਖ ਸੁਣਿਆ | ਸਿਟੀ ਪੁਲਿਸ ਨੇ ਇਥੇ ਇਕ ਪ੍ਰਮੁੱਖ ਮਿਠਾਈ ਦੀ ਦੁਕਾਨ 'ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਉਸ ਦੇ ਰਿਮਾਂਡ ਦੀ ਮੰਗ ਕੀਤੀ ਤੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਇਸ ਦੀ ਪੁਸ਼ਟੀ ਐਸ. ਐਚ. ਓ. ਸਿਟੀ ਊਸ਼ਾ ਰਾਣੀ ਨੇ ਕੀਤੀ | ਗੈਂਗਸਟਰ ਕਾਲਾ ਰਾਣਾ ਵਲੋਂ ਵਕੀਲ ਸੁਮਿਤ ਕੌਸ਼ਲ, ਜਗਪਾਲ ਮੈਣੀ ਅਦਾਲਤ 'ਚ ਪੇਸ਼ ਹੋਏ | ਵਰਨਣਯੋਗ ਹੈ ਕਿ ਕਾਲਾ ਰਾਣਾ ਨੂੰ 27 ਨਵੰਬਰ ਨੂੰ ਫਗਵਾੜਾ ਨੇੜਲੇ ਪਿੰਡ ਦਰਵੇਸ਼ 'ਚ 'ਆਪ' ਆਗੂ ਦਲਜੀਤ ਰਾਜੂ ਦੇ ਘਰ 'ਤੇ ਅੱਧੀ ਰਾਤ ਹੋਈ ਫਾਇਰਿੰਗ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ | ਇਸ ਘਟਨਾ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਰਾਜਨੀਤਿਕ ਆਗੂ ਦੇ ਘਰ 'ਤੇ ਕਈ ਗੋਲੀਆਂ ਚਲਾਈਆਂ ਸਨ ਤੇ ਬਾਅਦ 'ਚ ਮੌਕੇ ਤੋਂ ਫ਼ਰਾਰ ਹੋ ਗਏ ਸਨ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਤੇ ਪੁਲਿਸ ਵਲੋਂ ਗੈਂਗਸਟਰ ਕਾਲਾ ਪਾਸੋਂ ਪੁੱਛਗਿੱਛ ਲਈ ਉਸ ਨੂੰ ਲਿਆਂਦਾ ਗਿਆ ਸੀ ਤੇ ਹੁਣ ਉਸ ਕੇਸ 'ਚ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੰੂ ਸਿਟੀ ਵਿਖੇ ਦਰਜ ਕੇਸ 'ਚ ਸ਼ਾਮਿਲ ਕੀਤਾ ਹੈ |