ਵੈਸਾਖੀ ਮੂਲ ਰੂਪ ਵਿਚ ਤਾਂ ਮੌਸਮੀ ਤਬਦੀਲੀ ਦੀ ਖੁਸ਼ੀ ਨੂੰ ਮਨਾਉਣ ਵਾਲਾ ਤਿਉਹਾਰ ਸੀ ਪਰ ਸਮੇਂ-ਸਮੇਂ ਇਸ ਨਾਲ ਕਈ ਇਤਿਹਾਸਕ ਮਹੱਤਵ ਵਾਲੀਆਂ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਘਟਨਾਵਾਂ ਜੁੜਦੀਆਂ ਗਈਆਂ। ਸਿੱਖ ਧਰਮ ਵਿਚ ਵੈਸਾਖੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੋਜੀ ਤੇ ਵਿਸਮਾਦੀ ਛੋਹ ਦਾ ਸਦਕਾ ਸਿੱਖਾਂ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਤਿਉਹਾਰ ਹੋ ਨਿਬੜਿਆ ਹੈ। ਉਂਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੈਸਾਖੀ ਸਮੇਂ ਰੁੱਤ ਪਰਿਵਰਤਨ ਦੇ ਸਬੰਧ ਵਿਚ ਮਹਿਸੂਸੇ ਆਤਮਿਕ ਹੁਲਾਸ ਨੂੰ ਆਪਣੀ ਵਿਸਮਾਦੀ ਭਾਵਨਾ ਨਾਲ ਇਨ੍ਹਾਂ ਮਨਮੋਹਣੇ ਸ਼ਬਦਾਂ ਵਿਚ ਬਿਆਨਿਆ ਹੈ :
ਵੈਸਾਖੁ ਭਲਾ ਸਾਚਾ ਵੇਸ ਕਰੇ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ॥
ਨਾਨਕ ਵੈਸਾਖੀ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥ (ਪੰਨਾ 1108)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕਰਨ ਵਾਸਤੇ ਵੈਸਾਖੀ ਦੇ ਦਿਹਾੜੇ ਦੀ ਹੀ ਚੋਣ ਕੀਤੀ। ਖ਼ਾਲਸੇ ਦੀ ਸਾਜਨਾ ਦਾ ਅਲੌਕਿਕ ਕਾਰਨਾਮਾ ਅਕਾਲ ਪੁਰਖ ਦੇ ਹੁਕਮ ਤੇ ਇੱਛਾ ਸਦਕਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸੰਮਤ 1756 (1699 ਈ:) ਵਿਚ ਵੈਸਾਖੀ ਵਾਲੇ ਦਿਨ ਵਾਪਰਿਆ। ਖ਼ਾਲਸੇ ਦੀ ਸਾਜਨਾ ਦਸਮ ਪਾਤਸ਼ਾਹ ਜੀ ਦਾ ਇਕ ਕ੍ਰਾਂਤੀਕਾਰੀ ਕਦਮ ਸੀ, ਜਿਸ ਨੇ ਦੁਨੀਆ ਦੇ ਧਾਰਮਿਕ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਸਿੱਖੀ ਧਾਰਨ ਲਈ ਸਿਰ ਦੇਣ ਦੀ ਸ਼ਰਤ ਰੱਖੀ ਸੀ, ਉਸੇ 'ਸਿਰੁ ਧਰਿ ਤਲੀ ਗਲੀ ਮੇਰੀ ਆਉ' ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਦਸਮ ਪਾਤਸ਼ਾਹ ਜੀ ਨੇ ਖ਼ਾਲਸਾ ਸਾਜਨਾ ਸਮੇਂ ਭਰੇ ਦੀਵਾਨ ਵਿਚ ਸਿੱਖਾਂ ਕੋਲੋਂ ਸੀਸ ਦੀ ਮੰਗ ਕੀਤੀ। ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਨ ਵਿਚੋਂ ਪੰਜ ਸਿੰਘ ਆਪਣਾ ਸੀਸ ਗੁਰੂ ਚਰਨਾਂ ਵਿਚ ਭੇਟ ਕਰਨ ਲਈ ਉੱਠੇ। ਇਹ ਸਿੱਖ ਸਨ-ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਹਿੰਮਤ ਚੰਦ, ਭਾਈ ਮੋਹਕਮ ਚੰਦ ਤੇ ਭਾਈ ਸਾਹਿਬ ਚੰਦ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਨਵੇਂ ਬਸਤਰ ਤੇ ਸ਼ਸਤਰ ਪਹਿਨਾਏ। ਖੰਡੇ ਬਾਟੇ ਦੀ ਪਾਹੁਲ ਹੱਥੀਂ ਤਿਆਰ ਕਰਕੇ ਉਨ੍ਹਾਂ ਨੂੰ ਛਕਾਈ ਅਤੇ ਆਪਣੇ ਪਿਆਰਿਆਂ ਦੀ ਪਦਵੀ ਦਿੱਤੀ। ਇਨ੍ਹਾਂ ਸਭਨਾਂ ਦੇ ਨਾਵਾਂ ਨਾਲ ਸਿੰਘ ਪਦ ਲਾਇਆ ਗਿਆ। ਇਨ੍ਹਾਂ ਦੇ ਨਵੇਂ ਨਾਂਅ ਰੱਖੇ ਗਏ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ। ਇਨ੍ਹਾਂ ਦਾ ਪੁਰਾਣਾ ਕੁਲ ਵਰਣ ਨਾਸ਼ ਕਰਕੇ ਖ਼ਾਲਸੇ ਦਾ ਰੂਪ ਬਖ਼ਸ਼ਿਆ। ਫਿਰ ਇਨ੍ਹਾਂ ਤੋਂ ਆਪ ਖੰਡੇ ਦੀ ਪਾਹੁਲ ਛਕ ਕੇ ਗੁਰੂ ਚੇਲੇ ਦਾ ਫਰਕ ਮਿਟਾ ਦਿੱਤਾ। ਭਾਈ ਗੁਰਦਾਸ ਜੀ ਨੇ ਲਿਖਿਆ : ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ। (ਵਾਰ 41:1)
ਖਾਲਸਾ ਸਾਜਨਾ ਦਾ ਜਿਥੇ ਵੱਡਾ ਇਤਿਹਾਸਕ ਮਹੱਤਵ ਹੈ, ਉਥੇ ਹੀ ਖ਼ਾਲਸੇ ਦਾ ਸਿਧਾਂਤਕ ਪੱਖ ਵੀ ਖਾਸ ਅਹਿਮੀਅਤ ਰੱਖਦਾ ਹੈ। ਖ਼ਾਲਸਾ ਇਕ ਆਦਰਸ਼ ਪੁਰਖ ਹੈ। ਇਸ ਨੂੰ ਗੁਰਬਾਣੀ ਵਿਚ ਸਚਿਆਰ, ਗੁਰਮੁਖ, ਬ੍ਰਹਮ ਗਿਆਨੀ ਕਿਹਾ ਗਿਆ ਹੈ। ਖ਼ਾਲਸਾ ਇਕ ਸਰਵ ਪੱਖੀ, ਸਰਬ ਪ੍ਰਕਾਰ ਦੇ ਸਦ ਗੁਣਾਂ ਨਾਲ ਭਰਪੂਰ, ਆਤਮ ਵਿਸ਼ਵਾਸ, ਸਵੈ ਨਿਰਭਰ ਤੇ ਸੰਪੂਰਨ ਮਨੁੱਖ ਹੈ। ਖ਼ਾਲਸਾ ਸੰਤ ਵੀ ਹੈ, ਸਿਪਾਹੀ ਵੀ, ਖ਼ਾਲਸਾ ਗੁਰੂ ਵੀ ਹੈ ਤੇ ਸਿੱਖ ਵੀ, ਖ਼ਾਲਸਾ ਗ੍ਰਹਿਸਤੀ ਵੀ ਹੈ ਤੇ ਯੋਗੀ ਵੀ, ਖ਼ਾਲਸਾ ਭਗਤ ਵੀ ਹੈ, ਸੂਰਬੀਰ ਵੀ ਹੈ ਤੇ ਦਾਤਾਰ ਵੀ ਹੈ, ਖ਼ਾਲਸਾ ਦ੍ਰਿੜ੍ਹ ਵੀ ਹੈ ਤੇ ਨਿਮਰ ਵੀ ਹੈ, ਖ਼ਾਲਸਾ ਨਿਰਭੈ ਵੀ ਹੈ ਤੇ ਨਿਰਵੈਰ ਵੀ ਹੈ। ਖ਼ਾਲਸਾ ਹਰ ਪ੍ਰਕਾਰ ਦੇ ਗਿਆਨ ਦਾ, ਸ਼ਕਤੀਆਂ ਦਾ ਭੰਡਾਰ ਹੈ, ਇਸ ਲਈ ਨਿਰੰਜਨ ਰੂਪ ਹੈ। ਇਹ ਇਕ ਅਜਿਹੀ ਸ਼ਖ਼ਸੀਅਤ ਹੈ, ਜਿਸ ਬਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫ਼ਰਮਾਇਆ ਹੈ :
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ (ਪੰਨਾ 469)
ਖ਼ਾਲਸਾ ਸਿੱਧਾ ਪਰਮਾਤਮਾ ਨਾਲ ਸਬੰਧਤ ਹੈ। ਹਰਿ ਤੋਂ ਬਿਨਾਂ ਉਹ ਕਿਸੇ ਦੇ ਅਧੀਨ ਨਹੀਂ, ਕਿਸੇ ਦਾ ਮੁਹਤਾਜ ਨਹੀਂ। ਉਹ ਸ਼ਬਦ ਦੀ ਨਿਰੰਜਨੀ ਜੋਤ ਦਾ ਪੂਜਕ ਹੈ। ਖ਼ਾਲਸਾ ਅਕਾਲ ਪੁਰਖ ਦੇ ਹੁਕਮ ਵਿਚ ਹੈ, ਇਸ ਲਈ ਇਸ ਨੂੰ ਧੁਰੋਂ ਸਰਦਾਰੀ ਪ੍ਰਾਪਤ ਹੈ। ਖ਼ਾਲਸਾ ਕਿਸੇ ਪ੍ਰਕਾਰ ਦੇ ਕਰਮ ਕਾਂਡ, ਵਹਿਮ-ਭਰਮ ਨੂੰ ਨਹੀਂ ਮੰਨਦਾ। ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਪ੍ਰਤੱਖ ਗਿਆਨ ਜਗਮਗਾਉਂਦਾ ਹੈ ਅਤੇ ਜਿਸ ਦੇ ਮਨ ਵਿਚੋਂ ਅਗਿਆਨਤਾ ਦਾ ਭਰਮ ਮਿਟ ਜਾਂਦਾ ਹੈ, ਉਹ ਹੀ ਅਸਲ ਵਿਚ ਖ਼ਾਲਸਾ ਹੈ :
ਜਾਗਤਿ ਜੋਤਿ ਜਪੈ ਨਿਸਿ ਬਾਸੁਰ
ਏਕੁ ਬਿਨਾ ਮਨਿ ਨੈਕ ਨ ਮਾਨੈ।
ਪੂਰਨ ਪ੍ਰੇਮ ਪ੍ਰਤੀਤਿ ਸਜੈ ਬ੍ਰਤ
ਗੋਰ ਮੜ੍ਹੀ ਮਠ ਭੂਲ ਨਾ ਮਾਨੈ।
ਤੀਰਥ ਦਾਨ ਦਯਾ ਤਪ ਸੰਜਮ
ਏਕੁ ਬਿਨਾਂ ਨਹਿ ਏਕ ਪਛਾਨੈ।
ਪੂਰਨ ਜੋਤਿ ਜਗੈ ਘਟ ਮੈ ਤਬ ਖ਼ਾਲਸ
ਤਾਹਿ ਨਖਾਲਿਸ ਜਾਨੈ। (ਤੇਤੀ ਸਵੱਯੇ)
ਖਾਲਸੇ ਦੀ ਉਪਮਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਹੁਤ ਕੁਝ ਕਿਹਾ ਹੈ। ਖ਼ਾਲਸੇ ਨੂੰ ਆਪਣਾ ਰੂਪ, ਆਪਣਾ ਇਸ਼ਟ, ਆਪਣਾ ਪਿੰਡ ਪਰਾਨ ਤੇ ਸਤਿਗੁਰੂ ਪੂਰਾ ਆਖ ਕੇ ਖ਼ਾਲਸੇ ਦੀ ਉਪਮਾ ਵਰਣਨ ਤੋਂ ਬਾਹਰ ਦੱਸੀ ਹੈ। ਅਖੀਰ ਵਿਚ ਇਹ ਵੀ ਕਿਹਾ ਹੈ ਕਿ ਇਸ ਦੇ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਮੈਂ ਇਹ ਪਾਰਬ੍ਰਹਮ ਤੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਸਾਖੀ ਰੱਖ ਕੇ ਕਹਿ ਰਿਹਾ ਹਾਂ:
ਖਾਲਸਾ ਮੇਰੋ ਰੂਪ ਹੈ ਖਾਸ। ਖ਼ਾਲਸੇ ਮਹਿ ਹੌ ਕਰੌ ਨਿਵਾਸ।
ਖਾਲਸਾ ਮੇਰੋ ਇਸ਼ਟ ਸੁਹਿਰਦ। ਖ਼ਾਲਸਾ ਮੇਰੋ ਕਹੀਅਤਿ ਬਿਰਦ।
ਖਾਲਸਾ ਮੇਰੋ ਪਿੰਡ ਪਰਾਨ। ਖ਼ਾਲਸਾ ਮੇਰੀ ਜਾਨ ਕੀ ਜਾਨ।
ਖਾਲਸਾ ਮੇਰੋ ਸਤਿਗੁਰ ਪੂਰਾ। ਖ਼ਾਲਸਾ ਮੇਰੋ ਸਜਨ ਸੂਰਾ।
ਸੇਸ ਰਸਨ ਸਾਰਦ ਸੀ ਬੁਧ। ਤਦਪ ਨ ਉਪਮਾ ਬਰਨਤ ਸੁਧ।
ਯਾ ਮੈ ਰੰਚ ਨ ਮਿਥਿਆ ਭਾਖੀ।
ਪਾਰਬ੍ਰਹਮ ਗੁਰ ਨਾਨਕ ਸਾਖੀ। (ਸਰਬਲੋਹ ਗ੍ਰੰਥ)
ਖ਼ਾਲਸੇ ਦਾ ਉਦੇਸ਼ ਸਿਰਫ ਆਪਣੇ ਲਈ ਜਿਊਣਾ ਨਹੀਂ ਹੈ। ਇਹ ਇਕ ਮਹਾਨ ਪਰਉਪਕਾਰੀ ਯੋਧਾ ਵੀ ਹੈ। ਇਸ ਨੇ ਧਰਤੀ 'ਤੇ ਮਜ਼ਲੂਮਾਂ ਦੀ ਸਹਾਇਤਾ ਕਰਨੀ ਹੈ ਤੇ ਜ਼ਾਲਮਾਂ ਦਾ ਵਿਰੋਧ ਕਰਨਾ ਹੈ। ਖ਼ਾਲਸੇ ਨੇ ਅਜਿਹਾ ਹੀ ਕੀਤਾ। ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀ ਸਿੱਖ ਯੋਧਿਆਂ ਨੇ ਹਾਥੀ-ਘੋੜਿਆਂ ਦੀ ਸੈਨਾ ਨੂੰ ਮਿੱਟੀ ਵਿਚ ਰੋਲ ਦਿੱਤਾ ਅਤੇ 12 ਮਈ 1710 ਈ: ਨੂੰ ਸਰਹਿੰਦ ਦੀ ਧਰਤੀ 'ਤੇ ਸਿੱਖ ਰਾਜ ਦਾ ਖ਼ਾਲਸਾਈ ਪਰਚਮ ਲਹਿਰਾ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਵਰਗੇ ਯੋਧੇ ਖ਼ਾਲਸਾ ਪੰਥ ਵਿਚ ਪੈਦਾ ਹੋਏ, ਜਿਨ੍ਹਾਂ ਨੇ ਬਦੇਸ਼ੀ ਜਰਵਾਣਿਆਂ ਨੂੰ ਬਾਹਰ ਧਕੇਲ ਦਿੱਤਾ। ਸਰਦਾਰ ਹਰੀ ਸਿੰਘ ਨਲੂਆ ਵਰਗੇ ਜਰਨੈਲ ਹੋਏ, ਜਿਨ੍ਹਾਂ ਤੋਂ ਖੂੰਖਾਰ ਪਠਾਣ ਵੀ ਭੈਅ ਖਾਂਦੇ ਸਨ। ਉਸ ਇਲਾਕੇ ਦੀਆਂ ਇਸਤਰੀਆਂ ਅਜੇ ਵੀ ਆਪਣੇ ਬੱਚਿਆਂ ਨੂੰ 'ਹਰੀਆ ਰਾਗਲੇ' ਕਹਿ ਕੇ ਰੋਣ ਤੋਂ ਚੁੱਪ ਕਰਾਉਂਦੀਆਂ ਹਨ। ਉਨ੍ਹਾਂ ਅੰਦਰ ਇਹ ਗੁਰਮਤਿ ਦੀ ਹੀ ਤਾਕਤ ਸੀ। ਖ਼ਾਲਸੇ ਨੇ ਅਨੇਕਾਂ ਬੇਮਿਸਾਲ ਜੰਗਾਂ ਲੜੀਆਂ ਪਰ ਉਨ੍ਹਾਂ ਨੂੰ ਸਿੱਖ ਇਤਿਹਾਸ ਦਾ ਅੰਗ ਹੋਣ ਕਰਕੇ ਦੂਜੀਆਂ ਕੌਮਾਂ ਨੇ ਪੂਰੀ ਤਰ੍ਹਾਂ ਨਹੀਂ ਜਾਣਿਆ। ਇਸ ਦੇ ਮੁਕਾਬਲੇ 'ਤੇ ਅੰਗਰੇਜ਼ ਰਾਜ ਸਮੇਂ ਸਾਰਾਗੜ੍ਹੀ ਦੇ ਸਾਕੇ ਨੂੰ ਅੰਗਰੇਜ਼ ਅਫ਼ਸਰਾਂ ਨੇ ਅੱਖੀਂ ਵੇਖਿਆ ਅਤੇ ਵਾਇਰਲੈੱਸ 'ਤੇ ਕੰਨੀਂ ਸੁਣਿਆ ਸੀ। ਬਰਤਾਨੀਆ ਦੀ ਸਰਕਾਰ ਨੇ ਖ਼ਾਲਸੇ ਦੀ ਇਸ ਬੀਰਤਾ, ਕੁਰਬਾਨੀ ਤੇ ਨਿਰਭੈਤਾ ਦੀ ਆਪਣੀ ਪਾਰਲੀਮੈਂਟ ਵਿਚ ਸ਼ਲਾਘਾ ਕੀਤੀ।
ਵੱਖਰੀ ਪਛਾਣ ਕਿਸੇ ਵੀ ਧਰਮ ਦੀ ਹੋਂਦ ਲਈ ਬਹੁਤ ਜ਼ਰੂਰੀ ਪੱਖ ਹੁੰਦਾ ਹੈ। ਖ਼ਾਲਸੇ ਦੇ ਮਹਾਨ ਉਦੇਸ਼ ਨੂੰ ਮੁੱਖ ਰੱਖ ਕੇ ਇਸ ਨੂੰ ਸਾਰੇ ਜਗਤ ਤੋਂ ਨਿਰਾਲਾ ਰੂਪ ਦਿੱਤਾ ਗਿਆ ਹੈ। ਖ਼ਾਲਸੇ ਦਾ ਸਰੂਪ, ਸਿਧਾਂਤ, ਕਾਰਜ ਤੇ ਨਿਸ਼ਾਨਾ ਵਿਲੱਖਣ, ਵਿਸ਼ੇਸ਼ ਅਤੇ ਨਿਆਰਾ ਹੈ। ਇਸ ਦੇ ਨਿਆਰੇ ਰਹਿਣ ਵਿਚ ਹੀ ਪਰਮਾਤਮਾ ਦੀਆਂ ਸਭ ਬਰਕਤਾਂ ਤੇ ਸ਼ਕਤੀਆਂ ਹਨ।
ਚੜ੍ਹਦੀ ਕਲਾ ਦਾ ਗੁਣ ਖ਼ਾਲਸੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਇਤਿਹਾਸ ਗਵਾਹ ਹੈ ਕਿ ਬਹੁਤ ਸੰਕਟ ਦੇ ਸਮੇਂ ਵੀ ਸਿੱਖਾਂ ਨੇ ਕਦੀ ਹੌਸਲਾ ਨਹੀਂ ਛੱਡਿਆ। ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਤੇ ਬਹੁਤ ਅਸਾਵੀਆਂ ਲੜਾਈਆਂ ਵਿਚ ਘੱਟ ਗਿਣਤੀ ਵਿਚ ਹੁੰਦਿਆਂ ਵੀ ਬੀਰਤਾ ਨਾਲ ਕਈ ਗੁਣਾਂ ਵੱਧ ਦੁਸ਼ਮਣ ਦਾ ਮੁਕਾਬਲਾ ਕੀਤਾ। ਛੋਟੇ ਘੱਲੂਘਾਰੇ ਅਤੇ ਵੱਡੇ ਘੱਲੂਘਾਰੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਦੇ ਬਾਵਜੂਦ ਉਨ੍ਹਾਂ ਦੇ ਸੰਘਰਸ਼ ਵਿਚ ਕੋਈ ਢਿੱਲ ਨਹੀਂ ਆਈ। ਉਨ੍ਹਾਂ ਨੇ ਅੱਗੇ ਤੋਂ ਵੀ ਵੱਧ ਸ਼ਕਤੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਤੇ ਫਤਹਿ ਹਾਸਲ ਕੀਤੀ। ਇਸ ਤਰ੍ਹਾਂ ਅਤੀ ਔਖੇ ਹਾਲਾਤ ਵਿਚ ਵੀ ਚੜ੍ਹਦੀ ਕਲਾ ਵਿਚ ਰਹਿੰਦਿਆਂ ਸਾਹਮਣਾ ਕਰਨ ਦੀ ਦਾਤ ਸਿਰਫ ਤੇ ਸਿਰਫ ਖ਼ਾਲਸੇ ਨੂੰ ਹੀ ਪ੍ਰਾਪਤ ਹੈ।
ਖ਼ਾਲਸਾ ਆਚਾਰ, ਵਿਹਾਰ, ਸਦਾਚਾਰ, ਸੀਲ-ਸੰਜਮ, ਤਿਆਗ, ਕੁਰਬਾਨੀ, ਭਗਤੀ, ਸ਼ਕਤੀ, ਚੜ੍ਹਦੀ ਕਲਾ ਦੇ ਸਦਗੁਣਾਂ ਨਾਲ ਭਰਪੂਰ ਹੈ। ਇਸ ਲਈ ਖ਼ਾਲਸੇ ਨੇ ਹਮੇਸ਼ਾ ਹੀ ਆਪਣੇ ਸੁਭਾਅ ਅਤੇ ਗੁਣਾਂ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਲੜਾਈ ਲੜੀ ਹੈ। ਜ਼ਾਲਮ ਅਤੇ ਜ਼ੁਲਮ ਦਾ ਅੰਤ ਖ਼ਾਲਸਾ ਸਦਾ ਕਰਦਾ ਆਇਆ ਹੈ।
ਵਰਤਮਾਨ ਸਮੇਂ ਵਿਚ ਸਾਡੀ ਨੌਜਵਾਨੀ ਅਤੇ ਬੱਚਿਆਂ ਨੂੰ ਆਪਣੀਆਂ ਅਮੀਰ ਪਰੰਪਰਾਵਾਂ ਨਾਲ ਜੋੜੀ ਰੱਖਣ ਲਈ ਖ਼ਾਲਸਾ ਸਾਜਨਾ ਦਿਵਸ ਇਕ ਅਵਸਰ ਹੈ। ਇਸ ਮੌਕੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਕੌਮੀ ਵਿਰਸੇ ਤੋਂ ਇਨ੍ਹਾਂ ਨੂੰ ਜਾਣੂ ਕਰਵਾਉਣ ਲਈ ਹੰਭਲਾ ਮਾਰਨਾ ਹੈ। ਅੱਜ ਨਸ਼ਾ, ਪਤਿਤਪੁਣਾ, ਵਹਿਮ-ਭਰਮ, ਪਖੰਡ, ਦਿਖਾਵਾ, ਜਾਤ-ਪਾਤ, ਧੜੇਬੰਦੀ, ਇਖਲਾਕ ਵਿਚ ਗਿਰਾਵਟ ਅਤੇ ਹੋਰ ਅਜਿਹੀਆਂ ਅਨੇਕਾਂ ਸਮੱਸਿਆਵਾਂ ਸਾਡੇ ਸਾਹਮਣੇ ਹਨ। ਇਨ੍ਹਾਂ ਸਭਨਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਸੰਯੁਕਤ ਉਪਰਾਲੇ ਬੇਹੱਦ ਲਾਜ਼ਮੀ ਹਨ। ਇਸ ਕਾਰਜ ਲਈ ਵਿਦਵਾਨ, ਅਧਿਆਪਕ, ਵਿਦਿਆਰਥੀ, ਨਿੱਕੇ, ਵੱਡੇ, ਬਜ਼ੁਰਗ, ਮਾਵਾਂ, ਭੈਣਾਂ, ਬੇਟੀਆਂ ਸਭ ਨੂੰ ਆਪੋ-ਆਪਣਾ ਫਰਜ਼ ਪਛਾਨਣਾ ਪਵੇਗਾ। ਅੱਜ ਲੋੜ ਹੈ ਪੰਥਕ ਸੰਸਥਾਵਾਂ, ਸਿੱਖ ਸੰਪਰਦਾਵਾਂ, ਸਭਾ ਸੁਸਾਇਟੀਆਂ, ਸਿਆਸੀ ਅਤੇ ਧਾਰਮਿਕ ਆਗੂਆਂ ਨੂੰ ਇਕਜੁੱਟ ਹੋ ਕੇ ਉੱਦਮ ਕਰਨ ਦੀ, ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲ ਕੇ ਆਪਣੀਆਂ ਮਹਾਨ ਪਰੰਪਰਾਵਾਂ ਅਨੁਸਾਰ ਸਿੱਖੀ ਸਰੂਪ ਅਤੇ ਚੰਗੇ ਕਿਰਦਾਰ ਵਾਲੇ ਬਣਾ ਸਕੀਏ।
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।