1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਇਕ ਨਵੇਂ ਇਨਕਲਾਬ ਦਾ ਆਗਾਜ਼ ਹੋਇਆ ਸੀ। ਇਕ ਐਸਾ ਇਨਕਲਾਬ, ਜਿਸ ਨੇ ਨਿਜ਼ਾਮ ਬਦਲ ਦਿੱਤਾ ਸੀ, ਸੱਤਾ ਦੇ ਸਮੀਕਰਨ ਬਦਲ ਦਿੱਤੇ ਸਨ ਅਤੇ ਇਤਿਹਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ।
ਸੁਆਮੀ ਵਿਵੇਕਾਨੰਦ ਨੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਮਹੱਤਵ ਨੂੰ ਕਲਮਬੰਦ ਕਰਦਿਆਂ ਇਸ ਸੱਚਾਈ ਦਾ ਬਿਆਨ ਇਸ ਤਰ੍ਹਾਂ ਕੀਤਾ ਹੈ-ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖਾਂ ਨੂੰ ਦੀਛਾ (ਅੰਮ੍ਰਿਤ ਦੀ ਦਾਤ) ਦਿੱਤੀ ਸੀ, ਜਿਸ ਨਾਲ ਉਨ੍ਹਾਂ ਵਿਚ ਸ਼ਕਤੀ ਦਾ ਸੰਚਾਰ ਹੋ ਗਿਆ ਸੀ। ਹਰ ਇਕ ਦੀਛਤ ਮਨੁੱਖ ਵਿਚ ਸਵਾ ਲੱਖ ਮਨੁੱਖਾਂ ਦੀ ਸ਼ਕਤੀ ਸੰਚਰਿਤ ਹੋ ਗਈ ਸੀ। ਭਾਰਤ ਵਿਚ, ਉਸ ਦੇ ਇਤਿਹਾਸ ਵਿਚ, ਇਸ ਵਰਗਾ ਕੋਈ ਹੋਰ ਦ੍ਰਿਸ਼ਟਾਂਤ ਵਿਰਲਾ ਹੀ ਮਿਲੇਗਾ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ। ਖ਼ਾਲਸਾ ਪੰਥ ਦੀ ਸਿਰਜਣਾ ਦੇ ਘਟਨਾਕ੍ਰਮ ਦੀ ਤਫ਼ਸੀਲ ਸਾਰਾ ਵਿਸ਼ਵ ਜਾਣਦਾ ਹੈ। ਇਸ ਇਤਿਹਾਸਕ ਵਿਸਾਖੀ ਵਾਲੇ ਦਿਨ ਹਜ਼ਾਰਾਂ ਸੰਗਤਾਂ ਦੇ ਇਕੱਠ ਸਾਹਮਣੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਤਾਂ ਉਨ੍ਹਾਂ ਦੇ ਚਿਹਰੇ 'ਤੇ ਅਦੁੱਤੀ ਜਲਾਲ ਸੀ ਅਤੇ ਹੱਥ ਵਿਚ ਨੰਗੀ ਤਲਵਾਰ। ਆਪਣੇ ਮਨ-ਮੰਦਿਰ ਵਿਚ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਉਨ੍ਹਾਂ ਆਪਣੀ ਉੱਮਤ ਪਾਸੋਂ ਇਕ ਸਿਰ ਦੀ ਮੰਗ ਕੀਤੀ। ਸਾਰਾ ਇਕੱਠ ਇਹ ਵਿਚਿੱਤਰ ਮੰਗ ਸੁਣ ਕੇ ਇਕ ਵਾਰ ਤ੍ਰਬਕ ਗਿਆ, ਸਨਸਨੀ ਛਾ ਗਈ ਪਰ ਇਕ ਸਿੱਖ ਉੱਠਿਆ ਤੇ ਉਸ ਨੇ ਆਪਣਾ-ਆਪ ਗੁਰੂ ਜੀ ਦੀ ਭੇਟ ਕਰ ਦਿੱਤਾ। ਗੁਰੂ ਸਾਹਿਬ ਉਸ ਨੂੰ ਨਾਲ ਲੱਗੇ ਤੰਬੂ ਵਿਚ ਲੈ ਗਏ। ਥੋੜ੍ਹੀ ਦੇਰ ਬਾਅਦ ਖੂਨ ਨਾਲ ਲਿਬੜੀ ਕਿਰਪਾਨ ਲੈ ਕੇ ਤੰਬੂ ਤੋਂ ਬਾਹਰ ਆਏ ਅਤੇ ਇਕ ਹੋਰ ਸਿਰ ਦੀ ਮੰਗ ਕੀਤੀ। ਦੂਜੀ ਵਾਰ ਫਿਰ ਸੰਗਤ ਵਿਚ ਸਨਸਨੀ ਛਾ ਗਈ ਪਰ ਇਸ ਵਾਰ ਵੀ ਇਕ ਗੁਰੂ ਦਾ ਸਿੱਖ ਤੁਰ ਪਿਆ ਆਪਣਾ ਸੀਸ ਭੇਟ ਕਰਨ ਲਈ। ਇਸ ਤਰ੍ਹਾਂ ਪੰਜ ਵਾਰ ਗੁਰੂ ਸਾਹਿਬ ਨੇ ਸੰਗਤਾਂ ਦੇ ਇਕੱਠ ਵਿਚ ਕੁਰਬਾਨੀ ਦੀ ਮੰਗ ਕੀਤੀ ਅਤੇ ਪੰਜੇ ਵਾਰ ਗੁਰੂ ਦੀ ਸੰਗਤ ਪ੍ਰੀਖਿਆ 'ਚੋਂ ਪਾਸ ਹੋਈ। ਆਖਰ ਗੁਰੂ ਜੀ ਆਪਣੇ ਪੰਜਾਂ ਸਿੱਖਾਂ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਨਾਲ ਤੰਬੂ 'ਚੋਂ ਬਾਹਰ ਨਿਕਲੇ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ ਇਨ੍ਹਾਂ ਪੰਜਾਂ ਮਰਜੀਵੜਿਆਂ ਨੂੰ ਅੰਮ੍ਰਿਤ ਪਾਨ ਕਰਾ ਕੇ 'ਪੰਜਾਂ ਪਿਆਰਿਆਂ' ਦਾ ਖ਼ਿਤਾਬ ਦਿੱਤਾ।
ਜਦੋਂ ਪੰਜਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਕ ਹੋਰ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਕਿਹਾ। ਅੰਮ੍ਰਿਤ ਤਿਆਰ ਹੋ ਜਾਣ 'ਤੇ ਗੁਰੂ ਸਾਹਿਬ ਆਪਣੇ ਹੀ ਸਿੱਖਾਂ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਹੋ ਗਏ ਅਤੇ ਬੇਨਤੀ ਕੀਤੀ ਕਿ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ੋ। ਬੜੀ ਹੈਰਾਨੀ ਨਾਲ ਪੰਜਾਂ ਪਿਆਰਿਆਂ ਨੇ ਅੰਮ੍ਰਿਤ-ਦਾਤੇ ਗੁਰੂ ਵੱਲ ਸਵਾਲੀਆ ਨਿਗਾਹਾਂ ਨਾਲ ਤੱਕਿਆ। ਗੁਰੂ ਸਾਹਿਬ ਨੇ ਉਨ੍ਹਾਂ ਦੀਆਂ ਸ਼ੰਕਾਵਾਂ ਨਿਵਿਰਤ ਕਰਦਿਆਂ ਫ਼ਰਮਾਇਆ ਕਿ ਖ਼ਾਲਸਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਪ੍ਰਗਟ ਹੋਇਆ ਹੈ ਅਤੇ ਉਨ੍ਹਾਂ ਦਾ ਵੀ ਇਸ ਵਿਚ ਸ਼ਾਮਿਲ ਹੋਣਾ ਲਾਜ਼ਮੀ ਹੈ। ਖ਼ਾਲਸਾ ਉਨ੍ਹਾਂ ਦੀ ਜਾਤੀ ਜਮਾਤ ਨਹੀਂ, ਸਗੋਂ ਅਕਾਲ ਪੁਰਖ ਦੀ ਫੌਜ ਹੈ ਅਤੇ ਉਹ ਆਪ ਇਸ ਫੌਜ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਸ ਤਰ੍ਹਾਂ 'ਆਪੇ ਗੁਰ ਚੇਲਾ' ਕਹਾਉਣ ਵਾਲੇ ਗੁਰੂ ਨੇ 'ਪੰਜਾਂ ਪਿਆਰਿਆਂ' ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪਣੇ-ਆਪ ਨੂੰ ਖ਼ਾਲਸੇ ਵਿਚ ਅਭੇਦ ਕਰ ਲਿਆ।
ਇਤਿਹਾਸਕ ਸਾਖੀ ਹੈ ਕਿ ਇਸ ਸਾਰੇ ਵਰਤਾਰੇ ਤੋਂ ਬਾਅਦ ਹਜ਼ਾਰਾਂ ਸਿੱਖ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖ਼ਾਲਸਾ ਜਥੇਬੰਦੀ ਵਿਚ ਸ਼ਾਮਿਲ ਹੋ ਗਏ। ਸਰ ਮੁਹੰਮਦ ਲਤੀਫ ਦੀ 'ਹਿਸਟਰੀ ਆਫ ਪੰਜਾਬ' ਅਨੁਸਾਰ ਪਹਿਲੇ 15 ਦਿਨਾਂ ਵਿਚ ਹੀ 80 ਹਜ਼ਾਰ ਤੋਂ ਵੱਧ ਲੋਕ ਅਨੰਦਪੁਰ ਪੁੱਜ ਚੁੱਕੇ ਸਨ ਅਤੇ ਗੁਰੂ ਸਾਹਿਬ ਦਾ ਮਾਰਗ ਅਪਣਾਉਣ ਲਈ ਤਤਪਰਤਾ ਨਾਲ ਆਪਣਾ-ਆਪ ਪੇਸ਼ ਕਰ ਰਹੇ ਸਨ। ਸੱਚਮੁੱਚ, ਇਤਿਹਾਸ ਦੀ ਸੰਜੀਦਗੀ ਨਾਲ ਘੋਖ ਕਰੀਏ ਤਾਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ 'ਪੰਜ ਪਿਆਰਿਆਂ' ਦਾ ਸੰਕਲਪ ਸਿੱਖ ਪਰੰਪਰਾ ਦਾ ਇਕ ਅਦੁੱਤੀ ਕਿਸਮ ਦਾ ਸੰਕਲਪ ਹੈ ਅਤੇ ਕੋਈ ਅਤਿਕਥਨੀ ਨਹੀਂ ਕਿ ਇਹੋ ਜਿਹੇ ਇਨਕਲਾਬੀ ਸੰਕਲਪ ਦੀ ਹੋਰ ਕੋਈ ਮਿਸਾਲ ਸਾਨੂੰ ਦੁਨੀਆ ਦੇ ਇਤਿਹਾਸ 'ਚੋਂ ਨਹੀਂ ਮਿਲਦੀ।
ਇਸ ਇਤਿਹਾਸਕ ਹਕੀਕਤ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜਿਹੜਾ ਇਤਿਹਾਸਕ ਚਮਤਕਾਰ 1699 ਦੀ ਵਿਸਾਖੀ ਨੂੰ ਹੋਇਆ ਸੀ, ਉਸ ਦੇ ਪਿਛੋਕੜ ਵਿਚ ਸਮੁੱਚੀ ਗੁਰੂ ਪਰੰਪਰਾ ਖੜ੍ਹੀ ਸੀ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਨਿਰੰਤਰਤਾ ਨਾਲ ਇਸ ਖ਼ਾਲਸਾ ਪੰਥ ਦੀ ਸਿਰਜਣਾ ਦਾ ਕਾਰਜ ਚੱਲ ਰਿਹਾ ਸੀ, ਜਿਸ ਨੂੰ ਅੰਤਿਮ ਛੋਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ। ਅਮਲੀ ਰੂਪ ਵਿਚ ਗੁਰੂ ਨਾਨਕ ਦੇਵ ਜੀ ਦੇ ਮਾਰਗ ਨੂੰ ਹੀ 'ਪੰਜ ਪਿਆਰੇ' ਸਿਰਜ ਕੇ ਪ੍ਰਤੱਖ ਰੂਪ ਵਿਚ ਪ੍ਰਗਟ ਕੀਤਾ ਗਿਆ ਸੀ।
ਇਸ ਸਾਰੇ ਸੰਦਰਭ ਵਿਚ ਇਕ ਉਚੇਚਾ ਨੁਕਤਾ ਸਾਂਝਾ ਕਰਨਾ ਚਾਹੁੰਦਾ ਹਾਂ। ਖ਼ਾਲਸਾ ਪੰਥ ਦੀ ਸਿਰਜਣਾ ਦੇ ਪ੍ਰਸੰਗ ਵਿਚ ਇਕ ਸਵਾਲ ਬਹੁਤ ਅਹਿਮ ਹੈ ਕਿ ਖ਼ਾਲਸਾ ਹੋਣ ਲਈ ਕਿਨ੍ਹਾਂ ਵਿਸ਼ੇਸ਼ ਗੁਣਾਂ ਦੀ ਜ਼ਰੂਰਤ ਹੁੰਦੀ ਹੈ? ਕੌਣ ਖ਼ਾਲਸਾ ਹੋ ਸਕਦਾ ਹੈ? ਰਵਾਇਤੀ ਲਿਖਤਾਂ ਵਿਚੋਂ ਇਸ ਸਵਾਲ ਦੇ ਜਵਾਬ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਇਸ ਹਵਾਲੇ ਨਾਲ 'ਪ੍ਰੇਮ ਸੁਮਾਰਗ ਗ੍ਰੰਥ' ਦੀ ਇਹ ਇਬਾਰਤ ਦੇਖਣ ਵਾਲੀ ਹੈ-ਖ਼ਾਲਸਾ ਉਹ ਹੈ ਜਿਹੜਾ 'ਲੋਭ ਨ ਕਰੈ, ਅਹੰਕਾਰ ਨ ਕਰੈ, ਬਹੁਤ ਮੋਹ ਨ ਕਰੈ, ਨਿੰਦਿਆ ਨ ਕਰੈ, ਅਰੁ ਅਸੁੱਭ ਭੀ ਨ ਬੋਲੈ। ਅਰੁ ਐਸਾ ਸੱਤ ਭੀ ਨ ਬੋਲੈ, ਜੋ ਕਿਸੈ ਦਾ ਬੁਰਾ ਹੁੰਦਾ ਹੋਵੈ। ਅਰੁ ਜੋ ਕਿਛੁ ਕਰੈ, ਸੁਮਤਿ ਹੀ ਕਰੈ। ਦੁਖਾਵੈ ਕਿਸੇ ਕੇ ਨਾਹੀ। ਮੁਖ ਤੇ ਮਿੱਠਾ ਬੋਲੈ। ਜੇ ਕੋਈ ਬੁਰਾ ਭਲਾ ਕਹੈ, ਮਨ ਬਿਖੈ ਲਿਆਵੈ ਨਾਹੀਂ। ਭਾਵੈਂ ਕੋਈ ਆਦਰੁ ਕਰੈ, ਭਾਵੈਂ ਕੋਈ ਅਨਾਦਰੁ ਕਰੈ, ਹਰਖ ਸੋਗ ਕਿਸੀ ਬਾਤ ਕਾ ਨਾ ਕਰੈ। ਪਰਾਏ ਦਰਬ ਕਉ ਅੰਗੀਕਾਰੁ ਨ ਕਰੈ, ਧਰਮ ਕੀ ਕੀਰਤਿ ਕਰ ਖਾਇ। ਦਾਤਾ ਗੁਰੁ ਬਾਬਾ ਅਕਾਲ ਪੁਰਖੁ ਹੈ, ਹੋਰਤਿ ਕਿਤੈ ਵਲਿ ਦੇਖੈ ਨਾਹੀ। ਮਟ, ਮੜ੍ਹੀ, ਦੇਵੀ, ਦੇਵਤਾ, ਬੁੱਤ, ਤੀਰਥ, ਬਰਤ, ਪੂਜਾ-ਅਰਚਾ, ਮੰਤ੍ਰ, ਜੰਤ੍ਰ ਪੀਰ ਪੁਰਸ਼, ਬ੍ਰਾਹਮਣ, ਪੁੱਛਿ ਨ ਲੇਵੈ। ਤਰਪਣ ਗਾਇਤ੍ਰੀ ਸੰਧਿਆ ਹੋਰਤਿ ਕਿਤੈ ਵਲਿ ਦੇਖੈ ਨਾਹੀ। ਮਨ ਆਪਣਾ ਸ੍ਰੀ ਅਕਾਲ ਪੁਰਖੁ ਜੀ ਕੇ ਚਰਨਾਬਿੰਦ ਬਿਖੈ ਰਖੈ।'
ਵਿਸਾਖੀ ਦੇ ਮਹਾਨ ਇਤਿਹਾਸਕ ਦਿਨ 'ਤੇ ਜਿਸ ਖ਼ਾਲਸੇ ਦੀ ਸਿਰਜਣਾ ਹੋਈ ਸੀ, ਉਸ ਦੀ ਵਿਲੱਖਣਤਾ ਹੀ ਸੀ। ਫਲਸਫੇ ਮੁਤਾਬਿਕ 'ਖ਼ਾਲਸਾ' ਸ਼ਬਦ ਨੂੰ ਕਿਸ ਤਰ੍ਹਾਂ ਪਰਿਭਾਸ਼ਤ ਕੀਤਾ ਜਾਂਦਾ ਹੈ। 'ਖ਼ਾਲਸਾ' ਕਿਸ ਨੂੰ ਕਿਹਾ ਜਾ ਸਕਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਗੁਰਮਤਿ ਮਾਰਤੰਡ ਅਨੁਸਾਰ 'ਖਾਲਿਸ ਦਾ ਅਰਥ ਹੈ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ। ਇਸੇ ਭਾਵ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਅੰਮ੍ਰਿਤੀਏ ਸਿੰਘਾਂ ਦਾ ਨਾਓ ਖ਼ਾਲਸਾ ਰੱਖਿਆ ਹੈ, ਜੋ ਨਿਰਮਲ ਸ਼ਬਦ ਦਾ ਅਨੁਵਾਦ ਹੈ।' ਇਤਿਹਾਸਕ ਲਿਖਤਾਂ ਦੱਸਦੀਆਂ ਹਨ ਕਿ 'ਖ਼ਾਲਸਾ' ਸ਼ਬਦ ਤਤਕਾਲੀਨ ਸਮੇਂ ਵਿਚ ਉਸ ਜਾਇਦਾਦ ਲਈ ਵਰਤਿਆ ਜਾਂਦਾ ਸੀ, ਜਿਸ ਉੱਪਰ ਕਿਸੇ ਜਗੀਰਦਾਰ ਦਾ ਕੋਈ ਹੱਕ ਨਹੀਂ ਹੁੰਦਾ, ਸਗੋਂ ਜਿਹੜੀ ਸਿੱਧੇ ਰੂਪ ਵਿਚ ਬਾਦਸ਼ਾਹ ਦੇ ਅਧਿਕਾਰ ਵਿਚ ਹੁੰਦੀ ਹੈ। ਅੱਜ ਵੀ ਮਹਿਕਮਾ ਮਾਲ ਦੇ ਦਸਤਾਵੇਜ਼ਾਂ ਮੁਤਾਬਿਕ 'ਖ਼ਾਲਸਾ' ਦਾ ਭਾਵ ਸਰਕਾਰੀ ਜ਼ਮੀਨ ਹੈ। ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਇਹੋ ਹੈ ਕਿ ਸਿੱਖ ਪਰੰਪਰਾ ਵਿਚ ਖ਼ਾਲਸਾ ਸ਼ਬਦ ਆਮ ਤੌਰ 'ਤੇ ਇਨ੍ਹਾਂ ਅਰਥਾਂ ਵਿਚ ਹੀ ਵਰਤਿਆ ਗਿਆ ਹੈ।
ਭਾਈ ਗੁਰਦਾਸ ਜੀ ਦਾ ਇਹ ਕਥਨ 'ਗੁਰ ਸੰਗਤ ਕੀਨੀ ਖਾਲਸਾ' ਇਸੇ ਸਿਧਾਂਤ ਨੂੰ ਉਜਾਗਰ ਕਰਦਾ ਹੈ ਕਿ ਬਾਦਸ਼ਾਹ ਦੀ ਸਾਰੀ ਜਾਇਦਾਦ ਵਾਂਗ ਸਿੱਖ ਸੰਗਤ ਸਿੱਧੇ ਰੂਪ ਵਿਚ ਗੁਰੂ ਨਾਲ ਤੇ ਫਿਰ ਅਕਾਲ ਪੁਰਖ ਨਾਲ ਜੁੜ ਕੇ ਖ਼ਾਲਸਾ ਹੋ ਗਈ ਸੀ। ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਦਸਮ ਪਿਤਾ ਦੇ ਹੁਕਮਨਾਮਿਆਂ ਵਿਚ ਕਈ ਥਾਵਾਂ 'ਤੇ 'ਸੰਗਤ ਮੇਰਾ ਖਾਲਸਾ ਹੈ' ਵਾਕ ਲਿਖਿਆ ਮਿਲਦਾ ਹੈ, ਜਿਹੜਾ ਸਾਫ਼ ਦੱਸਦਾ ਹੈ ਕਿ ਖ਼ਾਲਸਾ ਸਿੱਧੇ ਰੂਪ ਵਿਚ ਗੁਰੂ ਨਾਲ ਜੁੜੀ ਸੰਗਤ ਵੱਲ ਸੰਕੇਤ ਕਰਦਾ ਹੈ। ਕਵੀ ਸੈਨਾਪਤੀ ਸ੍ਰੀ ਗੁਰੂ ਸੋਭਾ ਵਿਚ ਅੰਕਤ ਹੇਠਲੀਆਂ ਸਤਰਾਂ ਧਿਆਨਯੋਗ ਹਨ, ਜਿਨ੍ਹਾਂ ਵਿਚ ਦਸਮ ਪਾਤਸ਼ਾਹ ਨੇ ਐਲਾਨੀਆ ਤੌਰ 'ਤੇ ਮਸੰਦ ਵਿਵਸਥਾ ਖ਼ਤਮ ਕਰਕੇ ਸਿੱਧੇ ਰੂਪ ਵਿਚ ਸਿੱਖ ਸੰਗਤ ਨੂੰ ਆਪਣਾ ਖ਼ਾਲਸਾ ਕਰਾਰ ਦਿੱਤਾ ਸੀ-
ਆਗੈ ਜਿਨ ਕੇ 'ਨਾਇਬ' ਹੋਤੇ,
ਨਾਵ ਮਸੰਦ ਸਗਲ ਥੇ ਜੇਤੇ।
ਸੇ ਸਤਿਗੁਰ ਕੀਏ ਦੂਰ ਸਭ,
ਪਰਮ ਜੋਤਿ ਨਿਜ ਧਾਰਿ।
ਸਕਲ ਸਿਖ ਭਏ 'ਖਾਲਸਾ'
ਸੁਨੀਐ ਸਾਚ ਬਿਚਾਰ।
ਕਵੀ ਸੈਨਾਪਤੀ ਦੇ ਵਿਚਾਰ ਵਿਚ ਖ਼ਾਲਸਾ ਆਪਣੇ ਨਿਰਧਾਰਤ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਪ੍ਰਾਣਾਂ ਦੀ ਆਹੂਤੀ ਦੇਣ ਤੋਂ ਵੀ ਕੋਈ ਸੰਕੋਚ ਨਹੀਂ ਕਰਦਾ। ਨਿਰਮੋਹ ਗੜ੍ਹ ਦੀ ਲੜਾਈ ਦਾ ਜ਼ਿਕਰ ਕਰਦਿਆਂ ਕਵੀ ਸੈਨਾਪਤੀ ਦਾ ਕਥਨ ਹੈ ਕਿ ਪ੍ਰਾਣ ਦੇਣ ਲਈ ਤੱਤਪਰ ਰਹਿਣ ਵਾਲਾ ਹੀ ਖ਼ਾਲਸਾ ਅਖਵਾ ਸਕਦਾ ਹੈ : ਪ੍ਰਾਨ ਦਿਯੈ ਹੁਇਆ ਖਾਲਸਾ, ਪੂਰਨ ਤਾਕੇ ਭਾਗ।
ਆਪਣੀ ਇਕ ਹੋਰ ਰਚਨਾ ਵਿਚ ਕਵੀ ਸੈਨਾਪਤੀ ਨੇ ਖ਼ਾਲਸੇ ਦੀਆਂ ਖਾਸੀਅਤਾਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ-
ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿਖ ਸਹੀ,
ਨਾ ਮਾਨੇਗਾ ਹੁਕਮ ਸੋ ਤੋ ਹੋਵੇਗਾ ਬੇਹਾਲਸਾ।
ਪਾਂਚ ਕੀ ਕੁਸੰਗਤ ਤਜਿ ਸੰਗਤਿ ਸੋ ਪ੍ਰੀਤ ਕਰੇ,
ਦਯਾ ਓ ਧਰਮ ਧਾਰਿ ਤਿਆਗੇ ਸਬ ਲਾਲਸਾ।
ਹੁਕਾ ਨਾ ਪੀਵੈ ਸੀਸ ਦਾੜ੍ਹੀ ਨਾ ਮੂੰਡਾਵੈ,
ਸੋ ਤੋ ਵਾਹਗੁਰੂ ਵਾਹਗੁਰੂ ਵਾਹਗੁਰੂ ਜੀ ਕਾ ਖਾਲਸਾ।
ਆਪਣੀ ਇਸ ਚਰਚਾ ਨੂੰ ਦਸਮ ਪਿਤਾ ਦੇ ਇਸ ਸਵੱਯੇ ਨਾਲ ਸਮਾਪਤ ਕਰਨਾ ਚਾਹੁੰਦਾ ਹਾਂ। ਸਵੱਯੇ ਵਿਚ ਖ਼ਾਲਸੇ ਕਹਾਉਣ ਵਾਲੇ ਵਿਅਕਤੀ ਦੀ ਅੰਦਰਲੀ ਰਹਿਤ ਨੂੰ ਕਲਮਬੰਦ ਕੀਤਾ ਗਿਆ ਹੈ ਅਤੇ ਇਹ ਵਾਜਏ ਕੀਤਾ ਹੈ ਕਿ ਖ਼ਾਲਸਾ ਕਿਸ ਨੂੰ ਕਿਹਾ ਜਾਂਦਾ ਹੈ-
ਜਾਗਤ ਜੋਤਿ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ।
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਭੂਲ ਨਾ ਮਾਨੈ।
ਤੀਰਥ ਦਾਨ ਦਯਾ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ।
ਪੂਰਨ ਜੋਤ ਜਗੈ ਘਟ ਮੈ ਤਬ ਖਾਲਸਾ ਤਾਹਿ ਨਿਖਾਲਸ ਜਾਨੈ।
ਇਸ ਤਰ੍ਹਾਂ ਇਤਿਹਾਸਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਭਰਮ-ਭੇਖ ਤੋਂ ਨਿਆਰੇ ਰਹਿ ਕੇ, ਆਪਣੇ ਚਿੱਤ ਨੂੰ ਹਮੇਸ਼ਾ ਅਕਾਲ ਪੁਰਖ ਦੇ ਚਰਨਾਂ ਵਿਚ ਰੱਖ ਕੇ ਜੀਵਨ ਜਿਉਣ ਵਾਲੇ ਮਨੁੱਖ ਖ਼ਾਲਸਾ ਕਹੇ ਜਾਂਦੇ ਹਨ। ਦੂਜੇ ਪਾਸੇ ਇਤਿਹਾਸਕ ਨਜ਼ਰੀਏ ਤੋਂ ਦੇਖੀਏ ਤਾਂ ਪੂਰੇ ਸਮਰਪਣ ਭਾਵ ਨਾਲ ਗੁਰੂ ਦੀ ਪੂਰੀ ਮਾਲਕੀ ਸਵੀਕਾਰਨ ਵਾਲੇ ਸਿੱਖ ਖ਼ਾਲਸਾ ਹੋ ਜਾਂਦੇ ਹਨ। ਉਨ੍ਹਾਂ ਨਾਲ 'ਗੁਰ ਸੰਗਤ ਕੀਨੀ ਖਾਲਸਾ' ਅਤੇ 'ਸਕਲ ਸਿੱਖ ਭਏ ਖਾਲਸਾ' ਵਾਲੀ ਹਕੀਕਤ ਵਾਪਰ ਜਾਂਦੀ ਹੈ।
**
ਖ਼ਾਲਸਾ ਪੰਥ ਦੀ ਸਿਰਜਣਾ-ਇਤਿਹਾਸਕ ਪ੍ਰਸੰਗ
ਅਜੀਤ ਡੈਸਕ
13-04-2017