ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2017

ਵਿਸਾਖੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ

Ad Position 21
No active advertisement
ਅਜੀਤ ਡੈਸਕ 13-04-2017

ਤਲਵੰਡੀ ਸਾਬੋ ਬਠਿੰਡਾ ਸ਼ਹਿਰ ਤੋਂ 30 ਕੁ ਕਿਲੋਮੀਟਰ 'ਤੇ ਵਸਿਆ ਇਕ ਇਤਿਹਾਸਕ ਕਸਬਾ ਹੈ। ਇਹ ਖਾਲਸਾ ਪੰਥ ਦੇ ਪੰਜ ਤਖ਼ਤਾਂ ਵਿਚੋਂ ਇਕ ਹੈ। ਇਸ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਇਸ ਧਰਤੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਾਹਦਰ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕਰੀਬਨ 9 ਕੁ ਮਹੀਨੇ ਇਥੇ ਠਹਿਰੇ ਸਨ। ਇਕ ਦਿਨ ਲਾਹੌਰ ਦਾ ਰਹਿਣ ਵਾਲਾ ਮਿਸਤਰੀ ਉਦੇ ਸਿੰਘ ਆਪਣੇ ਹੱਥ ਦੀ ਬਣੀ ਬੰਦੂਕ ਗੁਰੂ ਜੀ ਨੂੰ ਭੇਟ ਕਰਨ ਲਈ ਆਇਆ ਤੇ ਗੁਰੂ ਜੀ ਨੇ ਪਰਖ਼ ਕਰਨ ਲਈ ਨਿਸ਼ਾਨਾ ਸਾਧਿਆ। ਇਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ 'ਮੈਂ ਇਸ ਬੰਦੂਕ ਦਾ ਨਿਸ਼ਾਨਾ ਦੇਖਣਾ ਹੈ, ਕੋਈ ਹੈ ਜੋ ਮੇਰਾ ਨਿਸ਼ਾਨਾ ਬਣੇ?' ਤਦ ਭਾਈ ਡਲੇ ਦਾ ਕੋਈ ਸੈਨਿਕ ਅੱਗੇ ਨਾ ਆਇਆ ਪਰ ਸਿੱਖ ਸੰਗਤਾਂ ਵਿਚੋਂ ਦੋ ਪਿਉ-ਪੁੱਤ ਬੀਰ ਸਿੰਘ ਅਤੇ ਧੀਰ ਸਿੰਘ ਛਾਤੀਆਂ ਤਾਣ ਕੇ ਖਲੋ ਗਏ। ਗੁਰੂ ਜੀ ਨੇ ਗੋਲੀ ਉਪਰੋਂ ਦੀ ਲੰਘਾ ਦਿੱਤੀ। ਇਸ ਤਰ੍ਹਾਂ ਉਨ੍ਹਾਂ ਨੇ ਡੱਲੇ ਦਾ ਮਾਣ ਤੋੜਿਆ ਅਤੇ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਾਜਿਆ। ਇਸੇ ਦੌਰਾਨ ਹੀ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਭਾਈ ਮਨੀ ਸਿੰੰਘ ਦਿੱਲੀ ਤੋਂ ਲੈ ਕੇ ਤਲਵੰਡੀ ਸਾਬੋ ਪੁੱਜੇ, ਤਾਂ ਮਾਤਾ ਸਾਹਿਬਾਨ ਨੇ ਪੁੱਛਿਆ ਕਿ ਪਾਤਸ਼ਾਹ ਚਾਰੇ ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ? ਤਾਂ ਗੁਰੂ ਜੀ ਨੇ ਧੀਰਜ ਦਿੰਦਿਆਂ ਸਿੱਖ ਸੰਗਤਾਂ ਵੱਲ ਇਸ਼ਾਰਾ ਕਰਕੇ ਫ਼ਰਮਾਇਆ ਕਿ 'ਇਨ ਪੁਤਰਨ ਕੇ ਸੀਸ ਪੇ ਵਾਰ ਦਿਤੇ ਸੁਤ ਚਾਰ, ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ।'
ਇਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਵਾਇਆ, ਜਿਸ ਨੂੰ ਸਿੱਖ ਸੰਗਤਾਂ ਵਿਚ ਦਮਦਮੇ ਵਾਲਾ ਸਰੂਪ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਜਾਣ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਜਥੇਦਾਰ ਵਜੋਂ ਬਾਬਾ ਦੀਪ ਸਿੰਘ ਨੂੰ ਸੌਂਪੀ। ਇਸ ਤਰ੍ਹਾਂ ਬਾਬਾ ਦੀਪ ਸਿੰਘ ਇਸ ਤਖ਼ਤ ਦੇ ਪਹਿਲੇ ਜਥੇਦਾਰ ਬਣੇ। ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਵਾਲੀ ਪਾਵਨ ਬੀੜ ਦੇ ਚਾਰ ਉਤਾਰੇ ਕਰਵਾਏ, ਜੋ ਬਾਅਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਜੇ ਗਏ।
ਵਿੱਦਿਅਕ ਪੱਖ ਤੋਂ ਗੁਰਦੁਆਰਾ ਜੰਡ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ 'ਗੁਰੂ ਕਾਂਸੀ' ਦੇ ਸੰਕਲਪ ਨੂੰ ਸਕਾਰ ਕਰਦਾ ਹੈ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਵਿਦਿਆਲਾ ਚਲਾਇਆ ਜਾ ਰਿਹਾ ਹੈ। ਇਸ ਪਾਵਨ ਧਰਤੀ 'ਤੇ ਯੂਨੀਵਰਸਿਟੀ ਕੈਂਪਸ ਗੁਰੂ ਕਾਂਸੀ ਕਾਲਜ , ਗੁਰੂ ਗੋਬਿੰਦ ਸਿੰਘ ਗੁਰੂ ਕਾਂਸੀ ਯੂਨੀਵਰਸਿਟੀ ਅਤੇ ਅਕਾਲ ਐਕਡਮੀ ਯੂਨੀਵਰਸਿਟੀ, ਪੌਲੀਟੈਕਨਿਕ ਕਾਲਜ, ਯਾਦਵਿੰਦਰਾ ਕਾਲਜ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਸਫਲਤਾਪੂਰਵਕ ਚੱਲ ਰਹੇ ਹਨ। ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ ਕੁਝ ਦੁਰਲੱਭ ਵਸਤਾਂ ਵੀ ਮੌਜੂਦ ਹਨ। 1706 ਈ: ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ 'ਤੇ ਹਜ਼ਾਰਾਂ ਸਿੱਖ ਸੰਗਤਾਂ ਨੂੰ ਇਸ ਅਸਥਾਨ 'ਤੇ ਅੰਮ੍ਰਿਤਪਾਨ ਕਰਵਾਇਆ ਸੀ। ਇਸ ਲਈ ਉਸ ਸਮੇਂ ਤੋਂ ਹੀ ਇਥੇ ਵਿਸਾਖੀ ਦਾ ਜੋੜ ਮੇਲਾ ਭਰਦਾ ਆ ਰਿਹਾ ਹੈ, ਜਿਥੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਤਖ਼ਤ ਸਾਹਿਬ 'ਤੇ ਮੱਥਾ ਟੇਕਦੇ ਹਨ। ਅੱਜ ਵੀ ਵਿਸਾਖੀ ਵਾਲੇ ਦਿਨ ਸਿੱਖ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਂਦਾ ਹੈ। ਵਿਸਾਖੀ ਵਾਲੇ ਦਿਨ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫੰਰਸਾਂ ਕੀਤੀਆਂ ਜਾਂਦੀਆਂ ਹਨ। ਵਿਸਾਖੀ ਤੋਂ ਹਫਤਾ ਪਹਿਲਾਂ ਝੂਲੇ, ਚੰਡੋਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆ ਹਨ।
ਇਸ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤਾਂ ਜਿਵੇਂ ਜਲੇਬੀਆਂ, ਪਕੌੜੇ, ਗੰਨੇ ਦਾ ਜੂਸ ਆਦਿ ਦੀਆਂ ਦੁਕਾਨਾਂ 'ਤੇ ਭੀੜ ਜਮ੍ਹਾਂ ਹੋਈ ਹੁੰਦੀ ਹੈ। ਦੂਰੋਂ-ਦੂਰੋਂ ਲੋਕ ਇਸ ਮੇਲੇ ਨੂੰ ਦੇਖਣ ਆਉਂਦੇ ਹਨ। ਏਨੀ ਭੀੜ ਹੁੰਦੀ ਹੈ ਕਿ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਹੁੰਦੀ, ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਥਾਂ-ਪੁਰ-ਥਾਂ ਲੰਗਰ ਲਗਾਏ ਜਾਂਦੇ ਹਨ। ਇਸ ਦਿਨ ਨੌਜਵਾਨਾਂ ਵਿਚ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਇਸ ਮੇਲੇ ਦਾ ਦ੍ਰਿਸ਼ ਦੇਖਣਯੋਗ ਹੁੰਦਾ ਹੈ। ਇਸਤਰੀਆਂ ਅਤੇ ਮਰਦ ਰੰਗ-ਬਰੰਗੇ ਅਤੇ ਨਵੇਂ ਕੱਪੜੇ ਪਾ ਕੇ ਮੇਲਾ ਦੇਖਣ ਆਉਂਦੇ ਹਨ। ਮੇਲੇ ਵਿਚ ਕਵੀਸ਼ਰ ਆਪਣੀ ਕਵੀਸ਼ਰੀ ਨਾਲ ਮੇਲੇ ਦੀ ਰੌਣਕ ਵਿਚ ਵਾਧਾ ਕਰਦੇ ਹਨ। ਇਸ ਪਾਵਨ ਧਰਤੀ 'ਤੇ ਵਿਸਾਖੀ ਦੇ ਮੇਲੇ ਵਾਲੇ ਦਿਨ ਸੰਗਤਾਂ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ ਅਤੇ ਦਰਬਾਰ ਸਾਹਿਬ ਮੱਥਾ ਟੇਕਦੀਆਂ ਹਨ।

-ਪਿੰਡ ਤੇ ਡਾਕ: ਬਹਿਮਣ ਦੀਵਾਨਾ, ਤਹਿ: ਤੇ ਜ਼ਿਲ੍ਹਾ ਬਠਿੰਡਾ।

Ad Position 22
No active advertisement
ਪਿਛਲੀ ਖ਼ਬਰ ਡਾ: ਬੀ. ਆਰ. ਅੰਬੇਡਕਰ ਦਾ ਭਾਰਤੀ ਸਮਾਜ ਬਾਰੇ ਵਿਚਾਰਧਾਰਕ ਦ੍ਰਿਸ਼ਟੀਕੋਣ ਅਗਲੀ ਖ਼ਬਰ ਪੱਕੀ ਕਣਕ ਵਿਸਾਖੀ ਆਈ
Ad Position 24
No active advertisement