ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2017

ਡਾ: ਬੀ. ਆਰ. ਅੰਬੇਡਕਰ ਦਾ ਭਾਰਤੀ ਸਮਾਜ ਬਾਰੇ ਵਿਚਾਰਧਾਰਕ ਦ੍ਰਿਸ਼ਟੀਕੋਣ

Ad Position 21
No active advertisement
ਅਜੀਤ ਡੈਸਕ 13-04-2017

'ਜਾਤ-ਪਾਤ ਦਾ ਬੀਜ ਨਾਸ਼' ਪੁਸਤਕ ਵਿਚ ਜਾਤੀ ਪ੍ਰਥਾ ਦੇ ਖ਼ਾਤਮੇ ਦੀ ਲੋੜ ਬਾਰੇ ਅਤੇ ਇਕ ਚੰਗਾ ਸਮਾਜ ਉਸਾਰਨ ਦੀ ਲੋੜ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ: ਭੀਮ ਰਾਓ ਅੰਬੇਡਕਰ ਨੇ ਭਾਰਤੀ ਸਮਾਜ ਦੇ ਵੰਡ-ਪਾਊ ਵਿਚਾਰਾਂ ਤੇ ਜਾਤੀ ਪ੍ਰਥਾ 'ਤੇ ਆਧਾਰਿਤ ਸਮਾਜ ਨੂੰ ਬਦਲ ਕੇ ਜਾਤੀ ਰਹਿਤ ਸਮਾਜ ਉਸਾਰਨ ਦੀ ਦਿਸ਼ਾ ਵੱਲ ਯਤਨਸ਼ੀਲ ਹੋਣ ਲਈ ਪ੍ਰੇਰਿਆ ਅਤੇ ਕਿਹਾ ਕਿ ਇਹ ਮਨੁੱਖਤਾ ਦੇ ਭਲੇ ਲਈ ਬਿਹਤਰ ਹੋਵੇਗਾ। ਉਨ੍ਹਾਂ ਆਜ਼ਾਦੀ, ਸਮਾਨਤਾ ਅਤੇ ਭਰਾਤਰੀ ਭਾਵਨਾ 'ਤੇ ਆਧਾਰਿਤ ਸਮਾਜ ਵਾਲੇ ਵਿਚਾਰ ਨੂੰ ਮਾਨਤਾ ਦਿੱਤੀ। ਡਾ: ਅੰਬੇਡਕਰ ਲਿਖਦੇ ਹਨ, 'ਲੋਕਤੰਤਰ ਕੇਵਲ ਸਰਕਾਰ ਦਾ ਰੂਪ ਹੀ ਨਹੀਂ, ਇਹ ਮੁੱਢਲੇ ਤੌਰ 'ਤੇ ਇਕੱਠੇ ਹੋ ਕੇ ਰਹਿਣ ਅਤੇ ਆਪਸੀ ਮਿਲਵਰਤਨ ਦੇ ਤਜਰਬੇ ਦਾ ਸਲੀਕਾ ਹੈ। ਅਸਲ ਵਿਚ ਇਹ ਆਪਣੇ ਸਾਥੀ ਨਾਗਰਿਕਾਂ ਪ੍ਰਤੀ ਸਤਿਕਾਰ ਅਤੇ ਮਾਣ ਵਾਲਾ ਵਤੀਰਾ ਹੈ।' ਡਾ: ਅੰਬੇਡਕਰ ਲਿਖਦੇ ਹਨ ਕਿ ਜਾਤੀ ਪ੍ਰਥਾ ਨੂੰ ਖ਼ਤਮ ਕੀਤੇ ਬਿਨਾਂ ਭਾਰਤ ਇਕ ਸਮਾਜਿਕ ਸੰਗਠਨ ਵਜੋਂ ਨਹੀਂ ਉੱਭਰ ਸਕਦਾ। ਵੱਖ-ਵੱਖ ਜਾਤੀਆਂ ਵਿਚ ਆਪਸੀ ਮਿਲਵਰਤਨ ਦੀ ਭਾਵਨਾ ਪੈਸਾ ਨਹੀਂ ਹੁੰਦਾ ਅਤੇ ਇਕ-ਦੂਜੇ ਲਈ ਸਤਿਕਾਰ ਨਹੀਂ ਉਪਜਦਾ, ਉਹ ਇਕ-ਦੂਜੇ ਦੇ ਵਿਰੋਧ ਵਿਚ ਖੜ੍ਹੀਆਂ ਰਹਿੰਦੀਆਂ ਹਨ। ਇਨ੍ਹਾਂ ਦੀ ਹੋਂਦ ਕਰਕੇ ਭਾਰਤ ਇਕ ਕੌਮ ਵਜੋਂ ਨਹੀਂ ਉੱਭਰ ਸਕਿਆ। ਜਾਤੀ ਪ੍ਰਥਾ ਜਾਂ ਚਤੁਰਵਾਦ ਦਾ ਵਿਚਾਰ ਮਨੁੱਖ ਦੀ ਬਿਹਤਰੀ ਕਰਨ ਦੀ ਬਜਾਏ ਮਨੁੱਖਤਾ ਦੇ ਭਲੇ ਦੇ ਵਿਚਾਰ ਲਈ ਅੜਿੱਕਾ ਬਣਿਆ ਰਿਹਾ। ਜਾਤੀ ਭਾਵਨਾ ਮਨੁੱਖਤਾ ਦੀ ਸਹਿਹੋਂਦ ਵਾਲੀ ਭਾਵਨਾ ਦੇ ਵਿਰੋਧ ਵਿਚ ਰਹੀ ਹੈ। ਜਾਤੀ ਰਹਿਤ ਸਮਾਜ ਹੋਣ 'ਤੇ ਹੀ ਇਸ ਨੂੰ ਆਪਣੀ ਰੱਖਿਆ ਲਈ ਤਾਕਤ ਮਿਲੇਗੀ। ਤਦ ਹੀ ਇਹ ਇਕ 'ਕੌਮ' ਬਣ ਸਕੇਗਾ। ਇਸ ਲਈ ਜ਼ਰੂਰੀ ਹੈ ਕਿ ਸਮਾਜ ਨੂੰ ਵਿਗਿਆਨਕ ਸੋਚ ਅਤੇ ਵਿਵੇਕ ਦੇ ਮਾਰਗ 'ਤੇ ਪਾਇਆ ਜਾਵੇ। ਲੋਕਤੰਤਰੀ ਅਤੇ ਅਗਾਂਹਵਧੂ ਸਮਾਜ ਲਈ ਜ਼ਰੂਰੀ ਹੈ ਕਿ ਜਾਤ-ਪਾਤ ਨੂੰ ਖ਼ਤਮ ਕੀਤਾ ਜਾਵੇ।
ਡਾ: ਅੰਬੇਡਕਰ ਦਾ ਵਿਚਾਰ ਹੈ ਕਿ ਜਿੰਨਾ ਚਿਰ ਦੇਸ਼ ਅੰਦਰ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਤੀ ਨਹੀਂ ਹੁੰਦੀ, ਓਨਾ ਚਿਰ ਭਾਰਤ ਕਦੇ ਵੀ ਸਹੀ ਅਰਥਾਂ ਵਿਚ ਲੋਕਤੰਤਰੀ ਮੁਲਕ ਕੇਵਲ ਬਾਹਰੀ ਦਿਖਾਵੇ ਵਾਲਾ ਲੋਕਤੰਤਰ ਹੀ ਹੋਵੇਗਾ। ਡਾ: ਅੰਬੇਡਕਰ ਨੇ 25 ਨਵੰਬਰ, 1948 ਨੂੰ ਸੰਵਿਧਾਨ ਘਾੜਨੀ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ, 'ਸੰਵਿਧਾਨ ਨੂੰ ਬਣਾਉਣ ਦਾ ਸਾਡਾ ਮਕਸਦ ਦੋ ਤਰ੍ਹਾਂ ਦਾ ਹੈ-ਪਹਿਲਾ ਹੈ ਰਾਜਨੀਤਕ ਲੋਕਤੰਤਰ ਦੇ ਰੂਪ ਨੂੰ ਲਾਗੂ ਕਰਨਾ ਅਤੇ ਦੂਜਾ ਆਰਥਿਕ ਲੋਕਤੰਤਰ ਨੂੰ ਲਾਗੂ ਕਰਨਾ ਹੈ ਅਤੇ ਇਹ ਨਿਰਧਾਰਤ ਕਰਨਾ ਹੈ ਕਿ ਜਿਹੜੀ ਵੀ ਸਰਕਾਰ ਬਣੇ, ਉਹ ਆਰਥਿਕ ਲੋਕਤੰਤਰ ਲਿਆਉਣ ਲਈ ਕੰਮ ਕਰੇ। ਨਿਰਦੇਸ਼ਕ ਸਿਧਾਂਤਾਂ ਦੀ ਬਹੁਤ ਮਹੱਤਤਾ ਹੈ, ਜੋ ਦੱਸਦੇ ਹਨ ਕਿ ਸਾਡਾ ਆਦਰਸ਼ ਹੈ ਆਰਥਿਕ ਲੋਕਤੰਤਰ।'
ਇਹ ਦੇਖਿਆ ਗਿਆ ਹੈ ਕਿ ਰਾਜਨੀਤਕ ਵਿਵਸਥਾ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਜਦੋਂ ਕਿ ਆਰਥਿਕ, ਸਮਾਜਿਕ ਵਿਵਸਥਾ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ। ਦੇਸ਼ ਵਿਚ ਦੌਲਤ ਤਾਂ ਪੈਦਾ ਹੋ ਰਹੀ ਹੈ ਪਰ ਇਸ ਦੀ ਵੰਡ ਦਾ ਪ੍ਰਬੰਧ ਠੀਕ ਨਹੀਂ, ਜੋ ਲੋੜਾਂ ਦੀ ਬਰਾਬਰਤਾ ਅਨੁਸਾਰ ਵੰਡ ਦੇ ਵਿਚਾਰ ਦੇ ਅਨੁਕੂਲ ਨਹੀਂ। ਸਿੱਟੇ ਵਜੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਦੇਣ ਦੀ ਲੋੜ ਹੈ ਅਤੇ ਦੇਸ਼ ਦੀ ਖੁਸ਼ਹਾਲੀ ਵਿਚ ਉਨ੍ਹਾਂ ਨੂੰ ਭਾਈਵਾਲ ਬਣਾਉਣ ਦੀ ਲੋੜ ਹੈ। ਫਿਰਕਾਪ੍ਰਸਤੀ ਅਤੇ ਧਾਰਮਿਕ ਅੰਧ-ਵਿਸ਼ਵਾਸ ਦੇ ਹਨੇਰੇ ਵਿਚੋਂ ਲੋਕਾਂ ਨੂੰ ਕੱਢਣਾ ਹੋਵੇਗਾ। ਵਿਗਿਆਨਕ ਸੋਚ ਤੇ ਵਿਵੇਕ 'ਤੇ ਆਧਾਰਿਤ ਸਿੱਖਿਆ ਪ੍ਰਬੰਧ ਨੂੰ ਉਸਾਰਨ ਦੀ ਲੋੜ ਹੈ। ਸਹਿਣਸ਼ੀਲਤਾ ਦਾ ਮਾਹੌਲ ਸਿਰਜਣ ਵੱਲ ਧਿਆਨ ਦੇਣਾ ਹੋਵੇਗਾ। ਅੰਤਰਜਾਤੀ ਵਿਆਹ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਅਤੇ ਜਾਤੀ ਆਧਾਰਿਤ ਮਾਨਸਿਕਤਾ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਹੋਵੇਗਾ। ਦੇਸ਼ ਨੇ ਕਈ ਸਾਲ ਪਹਿਲਾਂ ਰਾਜਨੀਤਕ ਆਜ਼ਾਦੀ ਪ੍ਰਾਪਤ ਕਰ ਲਈ ਸੀ। ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਜਿਥੇ ਸਰਹੱਦਾਂ ਦੀ ਪੂਰੀ ਚੌਕਸੀ ਨਾਲ ਰਾਖੀ ਕਰਨ ਦੀ ਲੋੜ ਹੈ, ਉਥੇ ਦੇਸ਼ ਅੰਦਰ ਸਮਾਜਿਕ ਅਤੇ ਲੋਕਤੰਤਰ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਦੀ ਲੋੜ ਹੈ। ਡਾ: ਭੀਮ ਰਾਓ ਅੰਬੇਡਕਰ ਦਾ ਸਾਰਾ ਜੀਵਨ ਇਸ ਵਿਚਾਰ ਨੂੰ ਸਮਰਪਿਤ ਰਿਹਾ ਕਿ ਭਾਰਤ ਜਾਤੀ ਰਹਿਤ ਸਮਾਜ ਵਾਲਾ ਦੇਸ਼ ਬਣੇ, ਜਿਥੇ ਹਰੇਕ ਨਾਗਰਿਕ ਦਾ ਮਨ ਸੁਤੰਤਰ ਹੋਵੇ। ਉਹ ਸਮਾਜ ਨੂੰ ਬੀਤੇ ਸਮਿਆਂ ਦੀ ਵਿਤਕਰੇ ਭਰੀ ਅਣਮਨੁੱਖੀ ਵਿਵਸਥਾ 'ਚੋਂ ਕੱਢ ਕੇ ਇਸ ਨੂੰ ਮਾਨਵੀ ਕਦਰਾਂ-ਕੀਮਤਾਂ ਵਾਲੀ ਵਿਵਸਥਾ ਦੇ ਰਸਤੇ ਪਾਉਣਾ ਚਾਹੁੰਦੇ ਸਨ। ਉਹ ਕਿਸੇ ਵਿਸ਼ੇਸ਼ ਫਿਰਕੇ ਜਾਂ ਵਰਗ ਦੇ ਵਿਰੁੱਧ ਨਹੀਂ ਸਨ ਪਰ ਡਾ: ਅੰਬੇਡਕਰ ਉਨ੍ਹਾਂ ਵਿਚਾਰਾਂ ਤੋਂ ਸਮਾਜ ਨੂੰ ਮੁਕਤ ਕਰਨਾ ਚਾਹੁੰਦੇ ਸਨ, ਜਿਨ੍ਹਾਂ ਦੇਸ਼ ਨੂੰ ਲੰਮਾ ਸਮਾਂ ਗੁਲਾਮ ਰਹਿਣ ਅਤੇ ਸਮਾਜ ਨੂੰ ਵੰਡਣ 'ਚ ਹਿੱਸਾ ਪਾਇਆ। ਉਹ ਸਾਰੇ ਭਾਰਤੀਆਂ ਦੀ ਭਾਈਵਾਲੀ ਵਾਲਾ ਸਮਾਜ ਉਸਾਰਨ ਦੇ ਹੱਕ ਵਿਚ ਸਨ।
ਡਾ: ਅੰਬੇਡਕਰ ਦਾ ਜੀਵਨ ਕੁਰਬਾਨੀਆਂ, ਸੰਘਰਸ਼ ਅਤੇ ਗਿਆਨ, ਮੁੱਖ ਤੌਰ 'ਤੇ ਭਾਵੇਂ ਉਸ ਸਮੇਂ ਦੇ ਛੇ ਕਰੋੜ ਲੋਕਾਂ ਨੂੰ ਯੁੱਗਾਂ-ਯੁੱਗਾਂ ਦੀ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਅਤੇ ਉਨ੍ਹਾਂ ਦੇ ਜੀਵਨ ਵਿਚ ਇਕ ਨਵੀਂ ਸ਼ੁਰੂਆਤ ਕਰਨ ਵਾਸਤੇ ਸੀ ਪਰ ਉਨ੍ਹਾਂ ਦਾ ਮੁੱਖ ਮਕਸਦ ਇਸ ਦੇਸ਼ ਵਾਸਤੇ ਸਭ ਲਈ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਸੀ। ਡਾ: ਅੰਬੇਡਕਰ ਨੇ ਇਸ ਦੇਸ਼ ਅੰਦਰ ਦੱਬੀ-ਕੁਚਲੀ ਮਨੁੱਖਤਾ ਨੂੰ 'ਆਜ਼ਾਦ' ਕਰਾਉਣ ਲਈ ਆਪਣਾ ਮਹਾਨ ਯੋਗਦਾਨ ਪਾਇਆ। ਇਸ ਲਈ ਅੱਜ ਸਮੁੱਚੇ ਭਾਰਤੀਆਂ ਨੂੰ ਉਨ੍ਹਾਂ ਦੇ ਜੀਵਨ, ਚਰਿੱਤਰ ਅਤੇ ਮਿਸ਼ਨ ਨੂੰ ਠੀਕ ਅਰਥਾਂ ਵਿਚ ਸਮਝਣਾ ਬਹੁਤ ਜ਼ਰੂਰੀ ਹੋਵੇਗਾ। ਡਾ: ਅੰਬੇਡਕਰ ਦੇ ਵਿਚਾਰ ਮਨੁੱਖ ਦੀ ਮਨੁੱਖ ਰਾਹੀਂ ਹਰ ਤਰ੍ਹਾਂ ਦੀ ਲੁੱਟ-ਖਸੁੱਟ ਦੇ ਵਿਰੁੱਧ ਅਤੇ ਮਨੁੱਖਤਾ ਦੇ ਹੱਕ ਵਿਚ ਹਨ।
ਡਾ: ਅੰਬੇਡਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਣੇ। ਉਸ ਸਮੇਂ ਦੀ ਅਰਥ ਅਵਸਥਾ ਨੂੰ ਚੰਗੀ ਤਰ੍ਹਾਂ ਸਮਝਦਿਆਂ ਖੋਜ-ਪੱਤਰ ਪ੍ਰਕਾਸ਼ਿਤ ਕੀਤੇ। ਉਹ ਇਕ ਸਫ਼ਲ ਕਾਨੂੰਨ ਵਿਗਿਆਨੀ ਵੀ ਸਨ। ਉਨ੍ਹਾਂ ਧਰਮ ਅਤੇ ਸਦਾਚਾਰਕ ਕੀਮਤਾਂ ਅਤੇ ਮਨੁੱਖ ਦੀ ਹੋਂਦ ਬਾਰੇ ਮਹਾਨ ਵਿਚਾਰ ਲੇਖਾਂ ਅਤੇ ਭਾਸ਼ਣਾਂ ਰਾਹੀਂ ਪੇਸ਼ ਕੀਤੇ। ਉਹ ਚਾਹੁੰਦੇ ਸਨ ਕਿ ਦੇਸ਼ ਆਜ਼ਾਦ ਹੋਵੇ ਅਤੇ ਆਜ਼ਾਦੀ ਦਾ ਸੂਰਜ ਸਭ ਲਈ ਚੜ੍ਹੇ।

-ਸਾਬਕਾ ਐੱਮ.ਪੀ. (ਲੋਕ ਸਭਾ)।
ਮੋਬਾ: 98153-94605

Ad Position 22
No active advertisement
ਪਿਛਲੀ ਖ਼ਬਰ ਜਲ੍ਹਿਆਂਵਾਲਾ ਬਾਗ਼ ਸਾਕੇ ਵਿਚ ਮਾਰੇ ਗਏ ਲੋਕਾਂ ਤੋਂ ਆਮ ਜਨਤਾ ਅਨਜਾਣ ਅਗਲੀ ਖ਼ਬਰ ਵਿਸਾਖੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ
Ad Position 24
No active advertisement