ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2017

ਜਲ੍ਹਿਆਂਵਾਲਾ ਬਾਗ਼ ਸਾਕੇ ਵਿਚ ਮਾਰੇ ਗਏ ਲੋਕਾਂ ਤੋਂ ਆਮ ਜਨਤਾ ਅਨਜਾਣ

Ad Position 21
No active advertisement
ਅਜੀਤ ਡੈਸਕ 13-04-2017

ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ ਅੱਜ 98 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ 'ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਲ ਕੀਤਾ ਗਿਆ ਹੈ, ਕਈ ਫ਼ਿਲਮਾਂ ਵੀ ਬਣਾਈਆ ਜਾ ਚੁੱਕੀਆਂ ਹਨ, ਪਰ ਇਸ ਸਭ ਦੇ ਬਾਵਜੂਦ ਲੋਕਾਂ ਦੇ ਪਾਸ ਉਹੀ ਜਾਣਕਾਰੀਆਂ ਪਹੁੰਚ ਸਕੀਆਂ ਹਨ, ਜੋ ਆਪਣੇ-ਆਪ ਵਿਚ ਅਧੂਰੀਆਂ ਮਹਿਸੂਸ ਹੁੰਦੀਆਂ ਹਨ ਜਾਂ ਜਿਨ੍ਹਾਂ 'ਤੇ ਪੂਰੀ ਤਰ੍ਹਾਂ ਨਾਲ ਖੋਜ ਨਹੀਂ ਕੀਤੀ ਜਾ ਸਕੀ। ਇਸ ਲੇਖ ਵਿਚ ਉਨ੍ਹਾਂ ਲੋਕਾਂ ਦੁਆਰਾ ਦਿੱਤੀਆਂ ਜਾਣਕਾਰੀਆਂ 'ਤੇ ਚਰਚਾ ਕਰ ਰਹੇ ਹਾਂ, ਜੋ ਇਸ ਕਾਂਡ ਦੇ ਚਸ਼ਮਦੀਦ ਗਵਾਹ ਹੀ ਨਹੀਂ, ਸਗੋਂ ਇਸ ਕਾਂਡ ਦੇ ਭੋਗੀ ਵੀ ਰਹੇ ਹਨ।
98 ਸਾਲ ਪਹਿਲਾਂ ਜਦੋਂ ਜਨਰਲ ਆਰ.ਈ.ਐਚ. (ਰਿਨਾਲਡ ਏਡਵਰਡ ਹੈਨਰੀ) ਡਾਇਰ ਦੁਆਰਾ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਹਜ਼ਾਰਾਂ ਬੇਗੁਨਾਹਾਂ ਦੇ ਨਾਲ ਖੂਨੀ ਖੇਡ ਖੇਡਿਆ ਜਾ ਰਿਹਾ ਸੀ, ਤਾਂ ਉਸ ਸਮੇਂ ਬਾਗ਼ ਤੋਂ ਥੋੜ੍ਹੀ ਦੂਰੀ 'ਤੇ ਇਕ 14 ਸਾਲਾਂ ਦਾ ਬਾਲਕ ਵੀ ਬੇਵੱਸ ਹੋਈ ਖੜ੍ਹੇ ਬਾਗ਼ ਵਿਚੋਂ ਆ ਰਹੀਆਂ ਜ਼ਖ਼ਮੀਆਂ ਦੀਆਂ ਚੀਕਾਂ ਸੁਣ ਰਿਹਾ ਸੀ।
ਇਸ ਕਾਂਡ ਦੇ ਇਸ ਚਸ਼ਮਦੀਦ ਗਵਾਹ ਸੇਠ ਰਾਧਾ ਕ੍ਰਿਸ਼ਨ ਦੇ ਜੀਵਨ 'ਤੇ ਪੁਸਤਕ ਲਿਖਦਿਆਂ ਮੈਨੂੰ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਮਿਲੀਆਂ, ਜੋ ਨਾ ਤਾਂ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਹਨ ਅਤੇ ਨਾ ਹੀ ਆਮ ਜਨਤਾ ਦੀ ਜ਼ਬਾਨ 'ਤੇ ਹਨ। ਜਲ੍ਹਿਆਂਵਾਲਾ ਬਾਗ਼ ਵਿਚ ਹੋਏ ਖ਼ੂਨ-ਖ਼ਰਾਬੇ ਦੇ ਸਮੇਂ ਰਾਧਾ ਕ੍ਰਿਸ਼ਨ ਦੀ ਉਮਰ 14 ਵਰ੍ਹੇ ਸੀ। ਉਹ ਉਸ ਸਮੇਂ ਬਾਗ਼ ਤੋਂ ਥੋੜ੍ਹੇ ਜਿਹੇ ਕਦਮਾਂ ਦੀ ਦੂਰੀ 'ਤੇ ਚੌਕ ਫ਼ਵਾਰਾ ਵਿਚ ਬੇਵੱਸ ਹੋਈ ਖੜ੍ਹੇ ਬਾਗ਼ ਵਿਚੋਂ ਆ ਰਹੀਆਂ ਜ਼ਖ਼ਮੀਆਂ ਦੀਆਂ ਚੀਕਾਂ ਸੁਣ ਰਹੇ ਸਨ। ਸੇਠ ਰਾਧਾ ਕ੍ਰਿਸ਼ਨ ਨੇ ਆਪਣੀ ਡਾਇਰੀ ਵਿਚ ਲਿਖਿਆ ਹੈ-'ਮੈਂ ਉਸ ਮੰਦਭਾਗੇ ਦਿਨ ਸ਼ਾਮ ਸਾਢੇ ਚਾਰ ਵਜੇ ਚੌਕ ਫ਼ਵਾਰਾ ਵਿਚ ਖੜ੍ਹਾ ਸਾਂ। ਜਨਰਲ ਡਾਇਰ ਅਤੇ ਉਸ ਦਾ ਚਹੇਤਾ ਕੈਪਟਨ ਬ੍ਰਿਗਸ ਦੋਵੇਂ ਸਭ ਤੋਂ ਅੱਗੇ ਵਾਲੀ ਕਾਰ ਵਿਚ ਬੈਠੇ ਹੋਏ ਸਨ। ਉਨ੍ਹਾਂ ਦੇ ਪਿੱਛੇ ਦੋ ਬਖਤਰਬੰਦ ਜੀਪਾਂ ਅਤੇ ਇਕ ਪੁਲਿਸ ਕਾਰ ਸੀ, ਜਿਸ ਵਿਚ ਡੀ.ਐਸ.ਪੀ. ਪਲੂਮਰ ਅਤੇ ਸੁਪਰਿੰਟੈਂਡੈਂਟ ਆਫ਼ ਪੁਲਿਸ ਰਹਿਲ ਬੈਠੇ ਸਨ। ਇਨ੍ਹਾਂ ਕਾਰਾਂ ਦੇ ਪਿੱਛੇ ਪੈਦਲ ਸਿਪਾਹੀ ਤੇਜ਼ ਰਫ਼ਤਾਰ ਦੌੜ ਕੇ ਆ ਰਹੇ ਸਨ। ਸਭ ਤੋਂ ਅੱਗੇ ਇਕ ਰਸਤਾ ਦੱਸਣ ਵਾਲਾ ਸਿਪਾਹੀ ਮੋਟਰਸਾਈਕਲ 'ਤੇ ਜਾ ਰਿਹਾ ਸੀ। ਇਹ ਸੈਨਿਕ ਜਲੂਸ ਹਾਲ ਬਾਜ਼ਾਰ ਦੇ ਵਿਚੋਂ ਦੀ ਹੁੰਦਾ ਹੋਇਆ ਚੌਕ ਫ਼ਵਾਰਾ ਵਿਚ ਪਹੁੰਚਿਆ ਸੀ। ਸਭ ਕਾਰਾਂ ਸਹਿਤ ਉਹ ਜੀਪ, ਜਿਸ 'ਤੇ ਮਸ਼ੀਨਗੰਨ ਲਗਾਈ ਗਈ ਸੀ, ਨੂੰ ਚੌਕ ਵਿਚ ਹੀ ਖੜ੍ਹਾ ਕਰਨਾ ਪਿਆ, ਕਿਉਂਕਿ ਅੱਗੇ ਰਸਤਾ ਬਹੁਤ ਤੰਗ ਸੀ। ਜਦੋਂ ਬਾਗ਼ ਵਿਚ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਦੂਸਰੇ ਲੋਕਾਂ ਦੀ ਤਰ੍ਹਾਂ ਮੈਂ ਵੀ ਬਾਜ਼ਾਰ ਵੱਲ ਭੱਜਿਆ ਅਤੇ ਲੁਕ ਗਿਆ। ਸੈਨਿਕਾਂ ਦੇ ਬਾਗ਼ ਵਿਚੋਂ ਚਲੇ ਜਾਣ ਦੇ ਬਾਅਦ ਹੋਰਨਾਂ ਲੋਕਾਂ ਦੀ ਤਰ੍ਹਾਂ ਮੈਂ ਵੀ ਜ਼ਖਮੀਆਂ ਨੂੰ ਪਾਣੀ ਪਿਆਉਣ ਜਾਂ ਕਿਸੇ ਪ੍ਰਕਾਰ ਦੀ ਹੋਰ ਸਹਾਇਤਾ ਦੇਣ ਦੀ ਹਿੰਮਤ ਨਾ ਕਰ ਸਕਿਆ।
ਜਨਰਲ ਡਾਇਰ ਦੇ ਸੈਨਿਕਾਂ ਦੁਆਰਾ ਚਲਾਈਆਂ ਗੋਲੀਆਂ ਦੇ ਬਾਅਦ ਬਾਗ਼ ਦੀ ਭੂਮੀ 'ਤੇ ਲਾਸ਼ਾਂ ਦੇ ਢੇਰ ਲੱਗ ਗਏ। ਬਾਗ਼ ਵਿਚੋਂ ਸੈਨਿਕਾਂ ਦੇ ਜਾਣ ਦੇ ਬਾਅਦ ਡਰੇ ਤੇ ਸਹਿਮੇ ਹੋਏ ਕੁਝ ਲੋਕ ਬਾਗ਼ ਵਿਚੋਂ ਨਿਕਲੇ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਗੋਲੀ ਕਿਥੇ ਲੱਗੀ ਹੈ। ਇਸ ਲਈ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਕਾਂਡ ਦੇ ਅਗਲੇ ਦਿਨ ਬਾਗ਼ ਦੇ ਨਾਲ ਲੱਗਦੀ ਨੀਵੀਂ ਗਲੀ ਅਤੇ ਹੋਰਨਾਂ ਗਲੀਆਂ ਵਿਚੋਂ ਮਿਲੀਆਂ। ਸਮੇਂ 'ਤੇ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਬਹੁਤ ਸਾਰੇ ਲੋਕ ਮਾਰੇ ਗਏ। ਬਹੁਤ ਸਾਰੇ ਲੋਕ ਲਾਸ਼ਾਂ ਦੇ ਹੇਠਾਂ ਦੱਬੇ ਰਹੇ। ਉਨ੍ਹਾਂ ਨੂੰ ਪਾਣੀ ਪਿਆਉਣ ਵਾਲਾ ਵੀ ਕੋਈ ਨਹੀਂ ਸੀ।'
ਅੰਮ੍ਰਿਤਸਰ ਫਲੋਰ ਐਂਡ ਜਨਰਲ ਮਿਲ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਅਤੇ ਪੰਜਾਬ ਵਪਾਰ ਮੰਡਲ ਦੇ ਉਪ-ਪ੍ਰਧਾਨ ਲਾਲਾ ਗਿਰਧਾਰੀ ਲਾਲ ਜੋ ਕਿ 13 ਅਪ੍ਰੈਲ 1919 ਦੀ ਸਵੇਰ 11.30 ਵਜੇ ਕਲਕੱਤਾ ਮੇਲ ਰਾਹੀਂ ਅੰਮ੍ਰਿਤਸਰ ਪਹੁੰਚੇ ਸਨ, ਦੁਆਰਾ ਦਰਜ ਕਰਵਾਇਆ ਗਿਆ ਬਿਆਨ ਇਸ ਪ੍ਰਕਾਰ ਹੈ-'ਜਦੋਂ ਮੈਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਚੋਂ ਬਾਹਰ ਨਿਕਲਿਆਂ ਤਾਂ ਉਥੇ ਨਾ ਕੋਈ ਕੁਲੀ ਸੀ ਅਤੇ ਨਾ ਹੀ ਕੋਈ ਸਵਾਰੀ। ਮੈਂ ਵੇਖਿਆ ਪੈਦਲ ਚੱਲਣ ਵਾਲਿਆਂ ਲਈ ਜੋ ਪੁਲ ਸੀ, ਉਸ 'ਤੇ ਗੋਰੇ ਸੈਨਿਕ ਪਹਿਰਾ ਦੇ ਰਹੇ ਸਨ। ਉਹ ਹਰ ਕਿਸੇ ਦੇ ਸਮਾਨ ਦੀ ਚੰਗੀ ਤਰ੍ਹਾਂ ਨਾਲ ਤਲਾਸ਼ੀ ਲੈ ਰਹੇ ਸਨ। ਜੇਕਰ ਕਿਸੇ ਨੂੰ ਉਹ ਖੂੰਡੀ ਜਾਂ ਸੋਟੀ ਲੈ ਕੇ ਚੱਲਦਾ ਵੇਖਦੇ ਤਾਂ ਤੁਰੰਤ ਉਸ ਦੀ ਖੂੰਡੀ ਜ਼ਬਤ ਕਰ ਲਈ ਜਾਂਦੀ। ਜਦੋਂ ਮੈਂ ਸ਼ਹਿਰ ਵਿਚ ਪਹੁੰਚਿਆਂ ਤਾਂ ਪਤਾ ਚੱਲਿਆ ਕਿ ਇਕ ਰਾਤ ਪਹਿਲਾਂ ਹੀ ਪੂਰੇ ਸ਼ਹਿਰ ਦੀ ਬਿਜਲੀ-ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਮੇਰਾ ਘਰ ਜਲ੍ਹਿਆਂਵਾਲਾ ਬਾਗ਼ ਦੇ ਬਿਲਕੁਲ ਪਾਸ ਹੀ ਸੀ। ਉਸ ਸ਼ਾਮ ਮੈਂ ਬਾਗ਼ ਵਿਚ ਸੈਂਕੜੇ ਲੋਕਾਂ ਨੂੰ ਸੈਨਿਕਾਂ ਦੀਆਂ ਗੋਲੀਆਂ ਨਾਲ ਇਧਰ-ਉਧਰ ਮਰਦਿਆਂ ਵੇਖਿਆ। ਜ਼ਿਆਦਾਤਰ ਸੈਨਿਕ ਉਨ੍ਹਾਂ ਰਸਤਿਆਂ ਵਲ ਗੋਲੀਆਂ ਚਲਾ ਰਹੇ ਸਨ ਜਿਧਰੋਂ ਲੋਕ ਬਾਹਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਲੋਕ ਭੱਜਦੀ ਭੀੜ ਦੇ ਪੈਰਾਂ ਵਿਚ ਆ ਕੇ ਕੁਚਲੇ ਗਏ। ਜੋ ਲੋਕ ਜ਼ਮੀਨ 'ਤੇ ਲੇਟ ਗਏ ਸਨ, ਉਨ੍ਹਾਂ 'ਤੇ ਵੀ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਸੈਨਿਕਾਂ ਦੇ ਬਾਗ਼ ਵਿਚੋਂ ਚਲੇ ਜਾਣ ਦੇ ਬਾਅਦ ਮੈਂ ਪੂਰੇ ਬਾਗ਼ ਦਾ ਚੱਕਰ ਲਗਾ ਕੇ ਵੇਖਿਆ। ਹਰ ਜਗ੍ਹਾ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਕਿਸੇ ਦੀ ਖੋਪੜੀ ਵਿਚ ਗੋਲੀ ਲੱਗੀ ਸੀ ਤਾਂ ਕਿਸੇ ਦੀ ਅੱਖ, ਨੱਕ ਜਾਂ ਲੱਤ-ਪੈਰ 'ਤੇ। ਮੇਰਾ ਅੰਦਾਜ਼ਾ ਹੈ ਕਿ ਉਸ ਸਮੇਂ ਬਾਗ਼ ਵਿਚ ਇਕ ਹਜ਼ਾਰ ਤੋਂ ਵਧੇਰੇ ਲਾਸ਼ਾਂ ਸਨ।'
ਵਾਕਿਆ ਹੀ 13 ਅਪ੍ਰੈਲ 1919 ਦੇ ਦਿਨ ਜਲ੍ਹਿਆਂਵਾਲਾ ਬਾਗ਼ ਵਿਚ ਜਨਰਲ ਡਾਇਰ ਦੁਆਰਾ ਨਿਹੱਥੇ ਭਾਰਤੀਆਂ 'ਤੇ ਜ਼ੁਲਮ ਢਾਹੁਣ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ, ਉਸ ਸਭ ਦੀ ਰੜਕ ਸ਼ਾਇਦ ਹੀ ਕਦੇ ਘੱਟ ਹੋ ਸਕੇ। ਦੁੱਖ ਇਸ ਗੱਲ ਦਾ ਹੈ ਕਿ ਉਸ ਕਾਂਡ ਵਿਚ ਮਾਰੇ ਗਏ ਲੋਕ ਅੱਜ ਵੀ ਆਮ ਜਨਤਾ ਲਈ ਅਗਿਆਤ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਲ੍ਹਿਆਂਵਾਲਾ ਬਾਗ਼ ਕਾਂਡ ਵਿਚ ਮਾਰੇ ਜਾਣ ਜਾਂ ਸ਼ਹੀਦ ਹੋਣ ਵਾਲੇ ਨਾਗਰਿਕਾਂ ਨੂੰ ਅਗਿਆਤ ਨਾ ਰਹਿਣ ਦੇਵੇ, ਸਗੋਂ ਉਨ੍ਹਾਂ ਦੇ ਨਾਂਅ ਅਤੇ ਤਸਵੀਰਾਂ ਸਨਮਾਨ ਸਹਿਤ ਬਾਗ਼ ਵਿਚ ਲਗਾਈਆਂ ਜਾਣ, ਕਿਉਂਕਿ ਅੱਜ ਲੋਕ ਉਪਰੋਕਤ ਯਾਦਗਾਰ 'ਤੇ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਅਗਿਆਤ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਤਾਂ ਭੇਟ ਕਰ ਰਹੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਉਹ ਸ਼ਰਧਾਂਜਲੀ ਦੇਣ ਤਾਂ ਕਿਸ ਨੂੰ ਦੇਣ?
ਹਰੇਕ ਭਾਰਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਉਪਰੋਕਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਜ਼ਰੂਰ ਕਰੇ, ਜਿਨ੍ਹਾਂ ਦੇ ਨਾਂਅ ਹੋਰਨਾ ਸ਼ਹੀਦਾਂ ਦੀ ਤਰ੍ਹਾਂ ਜਨਤਾ ਦੀ ਜ਼ਬਾਨ 'ਤੇ ਭਾਵੇਂ ਨਹੀਂ ਹਨ, ਪਰ ਉਹ ਸ਼ਹੀਦ ਆਜ਼ਾਦੀ ਦੇ ਭਵਨ ਦੀ ਨੀਂਹ ਦੇ ਉਨ੍ਹਾਂ ਪੱਥਰਾਂ ਦੀ ਤਰ੍ਹਾਂ ਹਨ, ਜੋ ਉਪਰੋਂ ਵਿਖਾਈ ਨਹੀਂ ਦਿੰਦੇ, ਪਰ ਇਹ ਸੱਚ ਹੈ ਕਿ ਉਨ੍ਹਾਂ ਦੀ ਨੀਂਹ ਰੂਪੀ ਸ਼ਹਾਦਤ ਦੇ ਬਗ਼ੈਰ ਆਜ਼ਾਦ ਭਾਰਤ ਦੀ ਇਹ ਇਮਾਰਤ ਕਦੇ ਖੜ੍ਹੀ ਨਹੀਂ ਹੋ ਸਕਦੀ ਸੀ।

-ਅੰਮ੍ਰਿਤਸਰ। ਫੋਨ : 9356127771, 7837849764
www.facebook.com/kochhar.asr

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ (ਦਸੂਹਾ) ਪਾਤਸ਼ਾਹੀ ਛੇਵੀਂ ਅਗਲੀ ਖ਼ਬਰ ਡਾ: ਬੀ. ਆਰ. ਅੰਬੇਡਕਰ ਦਾ ਭਾਰਤੀ ਸਮਾਜ ਬਾਰੇ ਵਿਚਾਰਧਾਰਕ ਦ੍ਰਿਸ਼ਟੀਕੋਣ
Ad Position 24
No active advertisement