ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2018

ਖ਼ਾਲਸਾ ਪੰਥ ਦੀ ਸਿਰਜਣਾ ਦਾ ਉਦੇਸ਼

Ad Position 21
No active advertisement
ਅਜੀਤ ਡੈਸਕ 14-04-2018

ਸੰਨ 1699 ਦੀ ਵਿਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿਰਜੇ ਖਾਲਸਾ ਪੰਥ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇਕ ਨਿਵੇਕਲਾ ਅਧਿਆਇ ਸਿਰਜ ਗਿਆ। ਇਹ ਗੁਰੂ ਸਾਹਿਬ ਦੀ ਇਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ। ਗੁਰੂ ਸਾਹਿਬ ਵਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ 'ਤੇ ਪਹੁੰਚਾ ਦਿੱਤਾ। ਜੇਕਰ ਇਹ ਆਖ ਲਈਏ ਕਿ ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦਾ ਦਿਨ ਜ਼ੁਲਮ, ਬੇਇਨਸਾਫੀ, ਵਿਤਕਰੇ, ਜਬਰ, ਝੂਠ, ਪਾਖੰਡ, ਅਨਿਆਂ ਆਦਿ ਵਿਰੁਧ ਇਕ ਸੰਘਰਸ਼ ਦਾ ਬਿਗਲ ਬਣਿਆ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਧਾਰਮਿਕ ਇਤਿਹਾਸ ਅੰਦਰ ਇਹ ਦਿਨ ਅਨੋਖਾ ਨਜ਼ਾਰਾ ਪੇਸ਼ ਕਰਨ ਵਾਲਾ ਵੀ ਹੈ, ਕਿਉਂਕਿ ਇਸ ਦਿਨ ਜਿਥੇ ਇਕ ਪਾਸੇ ਗੁਰੂ ਜੀ ਵਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਨਿਹਾਲ ਹੋ ਰਹੇ ਹਨ, ਉਥੇ ਹੀ ਦੂਸਰੇ ਪਾਸੇ ਗੁਰੂ ਸਾਹਿਬ ਨੂੰ ਵੀ ਅੰਮ੍ਰਿਤ ਛਕਾ ਰਹੇ ਹਨ। ਇਸ ਨਾਲ ਗੁਰੂ ਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ ਜਿਸ ਵਿਚ ਗੁਰੂ-ਚੇਲੇ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਭਾਈ ਗੁਰਦਾਸ ਜੀ ਇਸ ਦਾ ਖੂਬਸੂਰਤ ਚਿਤਰਨ ਕਰਦੇ ਹਨ, 'ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥'
ਖ਼ਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖਾਲਸਾ ਝੂਠ, ਬੇਈਮਾਨੀ, ਵਲ਼-ਫਰੇਬ ਤੋਂ ਦੂਰ ਮਨੁੱਖਤਾ ਦਾ ਹਮਦਰਦ ਹੈ। ਖਾਲਸਾ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਪੰਜ-ਕਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਹੀ ਸੱਚਾ ਤੇ ਧਰਮੀ ਜੀਵਨ ਜਿਊਣਾ ਖ਼ਾਲਸੇ ਦਾ ਨੇਮ ਹੈ। ਉੱਚੀ-ਸੁੱਚੀ ਜੀਵਨ-ਜਾਚ ਦਾ ਅਨੁਸਾਰੀ ਹੋਣਾ ਹੀ ਖ਼ਾਲਸੇ ਦਾ ਪਰਮ ਧਰਮ ਕਰਤੱਵ ਹੈ।
ਖ਼ਾਲਸਾ ਸਾਜਣਾ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਇਸ ਕਾਰਜ ਦੀ ਸੰਪੂਰਨਤਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਰਾਜਸੀ, ਸਮਾਜਿਕ ਤੇ ਧਾਰਮਿਕ ਪੜਚੋਲ ਤੋਂ ਪਿੱਛੋਂ 1699 ਈ. ਦੀ ਵਿਸਾਖੀ ਨੂੰ ਵੱਡੇ ਇਕੱਠ ਲਈ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ। ਆਪ ਜੀ ਦੇ ਇਸ ਸੱਦੇ 'ਤੇ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ, ਜਿਥੇ ਸੰਗਤਾਂ ਦੇ ਭਾਰੀ ਇਕੱਠ ਵਿਚ ਪਾਤਸ਼ਾਹ ਜੀ ਨੇ ਖ਼ਾਲਸੇ ਦੀ ਸਾਜਣਾ ਕੀਤੀ। ਆਪ ਜੀ ਨੇ ਵਾਰੀ ਵਾਰੀ ਪੰਜ ਸੀਸ ਮੰਗੇ, ਜਿਸ 'ਤੇ ਖਰਾ ਉੱਤਰਦਿਆਂ ਪੰਜ ਮਰਜੀਵੜਿਆਂ ਨੇ ਆਪਣੇ ਸੀਸ ਭੇਟ ਕੀਤੇ। ਸਤਿਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਉਪਾਧੀ ਬਖ਼ਸ਼ਿਸ਼ ਕੀਤੀ। ਇਹ ਪੰਜ ਪਿਆਰੇ ਵੱਖ-ਵੱਖ ਇਲਾਕਿਆਂ, ਫਿਰਕਿਆਂ ਨਾਲ ਸਬੰਧਤ ਸਨ। ਗੁਰੂ ਸਾਹਿਬ ਨੇ ਇਨ੍ਹਾਂ ਦੇ ਨਾਮ ਨਾਲ 'ਸਿੰਘ' ਲਗਾਾਇਆ ਅਤੇ ਬਚਨ ਕੀਤਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ, ਤੁਹਾਡੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖ਼ਤਮ ਤੇ ਅੱਜ ਤੋਂ ਤੁਸੀਂ ਵਾਹਿਗੁਰੂ ਜੀ ਦਾ ਖ਼ਾਲਸਾ ਹੋ। ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਣਾ ਆਤਮਿਕ ਏਕਤਾ ਤੇ ਇਕਸੁਰਤਾ, ਸਮਾਜਿਕ ਬਰਾਬਰੀ ਅਤੇ ਸਦਭਾਵਨਾ ਦੀ ਪ੍ਰਤੀਕ ਮੰਨੀ ਜਾਂਦੀ ਹੈ।
ਖ਼ਾਲਸੇ ਦੀ ਸਾਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਮਹਾਨ ਕਾਰਜ ਸੀ, ਜਿਸ ਨੂੰ ਵਿਦਵਾਨਾਂ ਨੇ ਇਕ ਕ੍ਰਾਂਤੀਕਾਰੀ ਤੇ ਇਤਿਹਾਸਕ ਕਦਮ ਦੱਸਿਆ। ਡਾ: ਗੰਡਾ ਸਿੰਘ ਅਨੁਸਾਰ 'ਗਊਆਂ ਸ਼ੇਰ ਬਣ ਗਈਆਂ ਅਤੇ ਵੱਢ ਖਾਣੇ ਜਾਨਵਰਾਂ ਦਾ ਹੁਣ ਕੋਈ ਖ਼ਤਰਾ ਨਾ ਰਿਹਾ।' ਡਾ: ਜੇ.ਐੱਸ. ਗਰੇਵਾਲ ਅਨੁਸਾਰ 'ਖ਼ਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਜੀ ਨੇ ਸਿੱਖ ਪੰਥ ਨੂੰ ਬਾਹਰ ਦੀ ਦਖਲ ਅੰਦਾਜ਼ੀ ਨੂੰ ਸ਼ਕਤੀ ਨਾਲ ਰੋਕਣ ਦੇ ਯੋਗ ਬਣਾ ਦਿੱਤਾ। ਸਿੱਖਾਂ ਨੂੰ ਜੀਵਨ ਬਲੀਦਾਨ ਕਰਕੇ ਆਪਣੇ ਅਧਿਕਾਰਾਂ ਦੀ ਰਾਖੀ ਦਾ ਰਾਹ ਦੱਸਿਆ।' ਡਾ: ਮੈਕਲੋਡ ਅਨੁਸਾਰ 'ਇਨ੍ਹਾਂ ਪੰਜ ਗੁਰਸਿੱਖਾਂ ਨਾਲ ਗੁਰੂ ਸਾਹਿਬ ਜੀ ਨੇ ਖ਼ਾਲਸਾ ਨਾਮੀ ਨਵੇਂ ਭਾਈਚਾਰੇ ਦੀ ਨੀਂਹ ਰੱਖੀ।' ਡਾ: ਗੋਕਲ ਚੰਦ ਨਾਰੰਗ ਅਨੁਸਾਰ 'ਜਾਤ-ਪਾਤ ਤੋੜ ਕੇ ਸਾਰਿਆਂ ਨੂੰ ਇਕੋ ਜਿਹੇ ਹਕੂਕ ਦੇ ਕੇ, ਇਕੋ ਪੂਜਾ ਅਸਥਾਨ, ਇਕੋ ਬਾਟੇ ਵਿਚ ਸਾਰੀਆਂ ਜਾਤਾਂ ਨੂੰ ਅੰਮ੍ਰਿਤ ਛਕਾ ਕੇ ਸਾਰਿਆਂ ਨੂੰ ਇਕੋ ਜਿਹੀ ਰਹਿਤ ਮਰਯਾਦਾ ਦੇ ਕੇ ਸਾਂਝੇ ਆਦਰਸ਼ਾਂ ਲਈ ਇਕੱਠਾ ਕਰ ਸਿੱਖਾਂ ਵਿਚ ਨਾ ਭੰਗ ਹੋਣ ਵਾਲੀ ਏਕਤਾ ਪੈਦਾ ਕੀਤੀ ਅਤੇ ਇਕ ਲੜੀ ਵਿਚ ਪਰੋ ਦਿੱਤਾ।'
ਖਾਲਸੇ ਦੀ ਮਹਿਮਾ ਵੀ ਵਿਲੱਖਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਵਿਚ ਖ਼ਾਲਸੇ ਦੀ ਮਹਿਮਾ ਕਰਦੇ ਹੋਏ ਫੁਰਮਾਨ ਕਰਦੇ ਹਨ:
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ
ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨ ਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ
ਇਨ ਹੀ ਕੀ ਕ੍ਰਿਪਾ ਸਭ ਸ਼ੱਤ੍ਰ ਮਰੇ॥
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀ ਮੋਸੇ ਗਰੀਬ ਕਰੋਰ ਪਰੇ॥
ਸੋ, ਖ਼ਾਲਸਾ ਸਿਰਜਣਾ ਦਿਵਸ ਗੁਰੂ ਆਸ਼ੇ ਅਨੁਸਾਰੀ ਹੋ ਕੇ ਜੀਵਨ ਜਿਊਣ ਦੀ ਪ੍ਰੇਰਨਾ ਵਜੋਂ ਹੈ। ਇਸ ਇਤਿਹਾਸਕ ਅਵਸਰ 'ਤੇ ਮੈਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਗੁਰਮਤਿ ਦੇ ਧਾਰਨੀ ਬਣੀਏ ਅਤੇ 'ਧਰਮ ਦਾ ਜੈਕਾਰ' ਦੇ ਮਿਸ਼ਨ ਨੂੰ ਸਾਕਾਰ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੀਏ। ਭਵਿੱਖ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਸੰਗਤਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਛਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ।

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ।

Ad Position 22
No active advertisement
ਪਿਛਲੀ ਖ਼ਬਰ ਮੇਲਾ ਵਿਸਾਖੀ-ਚੜ੍ਹਦੀ ਕਲਾ ਦਾ ਸੁਨੇਹਾ ਅਗਲੀ ਖ਼ਬਰ kanya
Ad Position 24
No active advertisement