ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2018

ਮੇਲਾ ਵਿਸਾਖੀ-ਚੜ੍ਹਦੀ ਕਲਾ ਦਾ ਸੁਨੇਹਾ

Ad Position 21
No active advertisement
ਅਜੀਤ ਡੈਸਕ 14-04-2018

ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਧਰਤੀ ਦੇ ਕਈ ਤਿਉਹਾਰ ਫਸਲਾਂ ਨਾਲ ਜੁੜੇ ਹੋਏ ਹਨ। ਵਿਸਾਖੀ ਵੀ ਕਣਕ ਦੀ ਵਾਢੀ ਨਾਲ ਜੁੜਿਆ ਰਾਂਗਲਾ ਤਿਉਹਾਰ ਹੈ। ਇਹ ਦਿਹਾੜਾ ਇਤਿਹਾਸ ਦੇ ਪੰਨਿਆਂ ਵਿਚ ਉਦੋਂ ਹੋਰ ਵੀ ਗੂੜ੍ਹਾ ਹੋ ਗਿਆ ਜਦੋਂ 1699 ਈ: ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਿਰਜਣਾ ਦੇ ਅਦੁੱਤੀ ਤੇ ਨਿਵੇਕਲੇ ਸੰਕਲਪ ਦਾ ਮੁੱਢ ਬੰਨ੍ਹਿਆ।
ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਤਿਉਹਾਰਾਂ ਤੇ ਮੇਲਿਆਂ ਦੀ ਅਮੀਰ ਵਿਰਾਸਤ ਨਾਲ ਨਿਵਾਜੀ ਹੋਈ ਹੈ। ਕੁਦਰਤ ਨੇ ਇਸ ਧਰਤੀ ਨੂੰ ਬਹੁਤ ਕੁਝ ਅਜਿਹਾ ਬਖਸ਼ਿਆ ਹੋਇਆ ਹੈ ਜਿਹੜਾ ਧਰਤੀ 'ਤੇ ਵਸੇ ਖਿੱਤਿਆਂ ਵਿਚੋਂ ਥੋੜ੍ਹਿਆਂ ਦੇ ਹੀ ਹਿੱਸੇ ਆਇਆ ਹੈ। ਕਦੇ ਇਸ ਧਰਤੀ 'ਤੇ ਨਿਰਮਲ ਪਾਣੀਆਂ ਦੇ ਕਲ-ਕਲ ਵਗਦੇ ਦਰਿਆ ਇਸ ਦਾ ਸ਼ਿੰਗਾਰ ਸਨ। ਜ਼ਰਖ਼ੇਜ਼ ਭੂਮੀ 'ਤੇ ਲਹਿਲਹਾਉਂਦੀਆਂ ਫਸਲਾਂ ਕੁਦਰਤ ਵਲੋਂ ਵਰਸਾਏ ਸੰਗੀਤ ਦਾ ਅਗੰਮੀ ਨਗਮਾ ਛੇੜਦੀਆਂ ਸਨ। ਸੱਚੀ-ਸੁੱਚੀ ਕਿਰਤ ਨੂੰ ਪ੍ਰਨਾਇਆ ਇਸ ਧਰਤੀ ਦਾ ਵਾਸੀ ਮਿਹਨਤ ਤੇ ਸਿਰੜ ਨਾਲ ਇਸ ਧਰਤੀ ਨੂੰ ਵਾਹੁੰਦਾ-ਬੀਜਦਾ, ਗੁੱਡਦਾ, ਸਿੰਜਦਾ ਤੇ ਪੁੱਤਾਂ ਵਾਂਗ ਫਸਲਾਂ ਨੂੰ ਪਾਲਦਾ ਕੋਈ ਕਰਮਯੋਗੀ ਸੀ। ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਜੁੜੇ ਇਸ ਧਰਤੀ 'ਤੇ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਪੁਰਬਾਂ ਵਿਚੋਂ ਹੀ ਵਿਸਾਖੀ ਦਾ ਤਿਉਹਾਰ ਆਪਣੇ ਅੰਦਰ ਬਹੁਤ ਹੀ ਸ਼ਾਨਾਮੱਤਾ ਇਤਿਹਾਸ ਸਮੋਈ ਬੈਠਾ ਹੈ। ਇਹ ਤਿਉਹਾਰ ਸਦੀਆਂ ਤੋਂ ਮੇਲੇ ਦੇ ਰੂਪ ਵਿਚ ਪੰਜਾਬੀਆਂ ਦੀ ਜਿੰਦ-ਜਾਨ ਬਣਿਆ ਹੋਇਆ ਹੈ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਧਰਤੀ ਦੇ ਕਈ ਤਿਉਹਾਰ ਫਸਲਾਂ ਨਾਲ ਜੁੜੇ ਹੋਏ ਹਨ। ਵਿਸਾਖੀ ਵੀ ਕਣਕ ਦੀ ਵਾਢੀ ਨਾਲ ਜੁੜਿਆ ਰਾਂਗਲਾ ਤਿਉਹਾਰ ਹੈ। ਇਹ ਦਿਹਾੜਾ ਇਤਿਹਾਸ ਦੇ ਪੰਨਿਆਂ ਵਿਚ ਉਦੋਂ ਹੋਰ ਵੀ ਗੂੜ੍ਹਾ ਹੋ ਗਿਆ ਜਦੋਂ 1699 ਈ: ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਿਰਜਣਾ ਦੇ ਅਦੁੱਤੀ ਤੇ ਨਿਵੇਕਲੇ ਸੰਕਲਪ ਦਾ ਮੁੱਢ ਬੰਨ੍ਹਿਆ। ਪੂਰੇ ਦੇਸ਼ ਵਿਚੋਂ ਇਕੱਤਰ ਹੋਏ ਲੋਕਾਂ ਦੇ ਭਰਵੇਂ ਇਕੱਠ ਵਿਚ ਗੁਰੂ ਜੀ ਨੇ ਹੱਥ ਵਿਚ ਕਿਰਪਾਨ ਲੈ ਕੇ ਪੰਜ ਸਿਰਾਂ ਦੀ ਮੰਗ ਕੀਤੀ। ਇਕੱਠ ਵਿਚ ਖ਼ਾਮੋਸ਼ੀ ਪਸਰ ਗਈ, ਪਰ ਇਸ ਦੇ ਬਾਵਜੂਦ ਗੁਰੁ ਜੀ ਦੀ ਵੰਗਾਰ ਨੂੰ ਕਬੂਲਦਿਆਂ ਲਾਹੌਰ ਦਾ ਦਇਆ ਰਾਮ, ਦਿੱਲੀ ਵਾਸੀ ਧਰਮ ਚੰਦ, ਜਗਨਨਾਥਪੁਰੀ ਦਾ ਹਿੰਮਤ ਰਾਏ, ਦਵਾਰਕਾਪੁਰੀ ਦਾ ਮੋਹਕਮ ਚੰਦ ਤੇ ਬਿਦਰ ਵਾਸੀ ਸਾਹਿਬ ਚੰਦ ਆਪਣੇ-ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਲਈ ਨਿਤਰੇ। ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਸਿੰਘ ਸਾਜਿਆ ਤੇ ਨਵੇਂ ਸੰਕਲਪਾਂ ਨਾਲ ਨਵੇਂ ਮਨੁੱਖ ਦੀ ਸਿਰਜਣਾ ਕੀਤੀ। ਉਨ੍ਹਾਂ ਸਮਿਆਂ ਵਿਚ ਭਾਰਤੀ ਸਮਾਜ ਵਿਚ ਪਸਰੀ ਜਾਤਾਂ-ਪਾਤਾਂ ਤੇ ਹੋਰ ਸਮਾਜਿਕ ਵਲਗਣਾਂ ਦੀ ਬਿਮਾਰ ਮਾਨਸਿਕਤਾ ਤੋਂ ਉੱਪਰ ਉਠਾ ਕੇ ਅਜਿਹੇ ਖ਼ਾਲਸੇ ਦੀ ਸਿਰਜਣਾ ਕੀਤੀ ਜਿਸ ਦੀ ਸੋਚ ਤੇ ਦ੍ਰਿਸ਼ਟੀ ਸਰਬ-ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਪ੍ਰਣਾਈ ਹੋਈ ਸੀ। ਅਜਿਹੇ ਖਾਲਸੇ ਨੇ ਹੀ ਜਬਰ ਤੇ ਜ਼ੁਲਮ ਵਿਰੁੱਧ ਡਟ ਕੇ ਆਵਾਜ਼ ਉਠਾਈ। ਇਹ ਉਨ੍ਹਾਂ ਸਮਿਆਂ ਦੀ ਸਮਾਜਿਕ ਕ੍ਰਾਂਤੀ ਸੀ ਜਿਸ ਦੀ ਬਦੌਲਤ ਅਜਿਹੇ ਮਨੁੱਖ ਦੀ ਸਿਰਜਣਾ ਕੀਤੀ ਗਈ ਜੋ ਅਣਖ ਤੇ ਗ਼ੈਰਤ ਨੂੰ ਪ੍ਰਣਾਇਆ, ਜ਼ੁਲਮ ਤੇ ਜਬਰ ਵਿਰੁੱਧ ਡਟਣ ਵਾਲਾ, ਕਿਸੇ ਨਿਤਾਣੇ ਦਾ ਤਾਣ ਬਣਨ ਵਾਲਾ, ਭਗਤੀ, ਸ਼ਕਤੀ, ਸੰਜਮ, ਨਿਰਭੈ ਤੇ ਨਿਰਵੈਰ ਤੇ ਜਿਹੇ ਆਦਰਸ਼ਾਂ ਦਾ ਧਾਰਨੀ ਸੀ
ਉੱਤਰੀ ਭਾਰਤ ਵਿਚ ਵਰਤੇ ਜਾਂਦੇ ਅਨਾਜ ਵਿਚੋਂ ਕਣਕ ਪ੍ਰਮੁੱਖ ਹੈ। ਇਸੇ ਕਾਰਨ ਪੰਜਾਬ ਤੇ ਹਰਿਆਣਾ ਵਿਚ ਕਣਕ ਦੀ ਖੇਤੀ ਵਿਸ਼ਾਲ ਪੱਧਰ 'ਤੇ ਕੀਤੀ ਜਾਂਦੀ ਹੈ। ਪੰਜਾਬੀ ਲੋਕ ਸਾਹਿਤ ਵਿਚ ਵੀ ਕਣਕ ਦੀ ਫਸਲ ਨਾਲ ਜੁੜੇ ਅਨੇਕਾਂ ਲੋਕ-ਗੀਤ ਇਸ ਦੀ ਸਾਡੀ ਜ਼ਿੰਦਗੀ ਵਿਚ ਮਹੱਤਤਾ ਨੂੰ ਉਜਾਗਰ ਕਰਦੇ ਹਨ। ਇਹ ਨਿੱਤ ਵਰਤੋਂ ਦੀ ਚੀਜ਼ ਹੋਣ ਕਾਰਨ 'ਘਰ ਦੀ ਕੋਠੀ' ਦਾਣਿਆਂ ਨਾਲ ਭਰੀ ਹੋਣੀ ਹਰ ਇਕ ਦੇ ਮਨ ਨੂੰ ਤਸੱਲੀ ਭਰੀ ਖੁਸ਼ੀ ਹੋਣੀ ਸੁਭਾਵਿਕ ਗੱਲ ਹੈ। ਪੁਰਾਣੇ ਸਮਿਆਂ ਵਿਚ ਖੇਤੀ ਵਪਾਰਕ ਮੰਤਵ ਲਈ ਨਹੀਂ ਕੀਤੀ ਜਾਂਦੀ ਸੀ, ਸਗੋਂ ਘਰੇਲੂ ਵਰਤੋਂ ਜਾਂ ਅਗਲੀ ਫਸਲ ਦੇ ਬੀਜ ਆਦਿ ਜੋਗੀ ਹੀ ਕਣਕ ਬੀਜੀ ਜਾਂਦੀ ਸੀ। ਥੋੜ੍ਹੀ ਬਹੁਤ ਵਾਧੂ ਬਚੀ ਕਣਕ ਘਰ ਦੀਆਂ ਹੋਰ ਅਨੇਕਾਂ ਲੋੜਾਂ ਪੂਰੀਆਂ ਕਰਨ ਦੀ ਆਸ ਵੀ ਬਣਦੀ। ਇਹ ਵੱਖਰੀ ਗੱਲ ਹੈ ਕਿ ਕਕਰੀਲੀਆਂ ਰਾਤਾਂ ਤੇ ਤਪਦੀਆਂ ਦੁਪਹਿਰਾਂ ਵਿਚ ਖ਼ੂਨ-ਪਸੀਨਾ ਇਕ ਕਰਨ ਦੇ ਬਾਵਜੂਦ ਵੀ 'ਅੰਨਦਾਤੇ' ਦੀਆਂ ਆਸਾਂ ਉਮੰਗਾਂ ਕਦੇ ਵੀ ਪੂਰੀਆਂ ਨਹੀਂ ਹੋਈਆਂ। ਇਹ ਉਦੋਂ ਵੀ ਰੁੱਖੀ-ਸੁੱਖੀ ਖਾ ਕੇ ਅਣਹੋਇਆਂ ਦਾ ਜੀਵਨ ਹੰਢਾਉਂਦਾ ਸੀ ਤੇ ਬਹੁਤ ਕੁਝ ਬਦਲਣ ਦੇ ਬਾਵਜੂਦ ਅੱਜ ਵੀ ਥੁੜ੍ਹਾਂ ਮਾਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ।
ਮਿਹਨਤੀ ਸੁਭਾਅ, ਖੁੱਲ੍ਹਾ-ਡੁੱਲ੍ਹਾ ਖਾਣ-ਪੀਣ, ਆਪਣਾ ਹੱਕ ਜਤਾਉਣ ਦੀ ਦ੍ਰਿੜ੍ਹਤਾ, ਕਿਸੇ ਲਾਟੀਖਾਨ ਦੀ ਵੀ ਟੈਂਅ ਨਾ ਮੰਨਣੀ ਤੇ ਕਿਸੇ ਦੁਖੀ ਤੇ ਲੋੜਵੰਦ ਪ੍ਰਤੀ ਅੰਤਾਂ ਦੀ ਦਇਆ-ਭਾਵਨਾ ਜਿਹੇ ਗੁਣਾਂ ਨਾਲ ਵਰੋਸਾਏ ਪੰਜਾਬੀ, ਮੇਲਿਆਂ ਦੇ ਸ਼ੌਕੀਨ ਹਨ। ਪੁਰਾਣੇ ਸਮਿਆਂ ਵਿਚ ਖੇਤੀ-ਬਾੜੀ ਦੇ ਧੰਦੇ ਵਿਚੋਂ ਕਿਸਾਨ ਨੂੰ ਘੱਟ ਹੀ ਵਿਹਲ ਮਿਲਦੀ ਸੀ। ਇਸ ਲਈ ਤਿਉਹਾਰ ਤੇ ਮੇਲੇ ਉਸ ਦੀ ਅਕੇਵੇਂ ਭਰੀ ਜ਼ਿੰਦਗੀ ਨੂੰ ਨਵਾਂ ਹੁਲਾਸ ਤੇ ਖੁਸ਼ੀ ਬਖਸ਼ਦੇ ਸਨ। ਮੇਲੇ ਜਾਣ ਦੇ ਚਾਅ ਵਿਚ ਉਹ ਆਪਣੇ ਕੰਮਾਂ ਨੂੰ ਛੋਹਲੇ ਹੱਥੀਂ ਨਿਬੇੜਦਾ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਮੇਲੇ ਬਾਰੇ ਲਿਖੀ ਕਵਿਤਾ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਉਨ੍ਹਾਂ ਸਮਿਆਂ ਦੇ ਪੰਜਾਬੀ ਕਿਸਾਨ ਦੀ ਮੇਲੇ ਨੂੰ ਚੜ੍ਹਤ ਤੇ ਮਨ ਦੀ ਖੁਸ਼ੀ ਦੇ ਡੂੰਘੇ ਭਾਵਾਂ ਦਾ ਬਹੁਤ ਹੀ ਵਾਸਤਵਿਕ ਚਿਤਰਨ ਪੇਸ਼ ਕਰਦੀ ਹੈ। ਅਸਲ ਵਿਚ ਮੇਲਾ ਤਾਂ ਪੰਜਾਬੀ ਬੰਦੇ ਦੇ ਮਨ ਵਿਚ ਇਸ ਕਦਰ ਸਮਾਇਆ ਹੋਇਆ ਹੈ ਕਿ ਇਸ ਨੂੰ ਪੰਜਾਬੀ ਸੁਭਾਅ ਵਿਚੋਂ ਵੱਖ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਮੇਲਾ ਉਸ ਦੀ ਰੂਹ ਨੂੰ ਅਗੰਮੀ ਖੁਸ਼ੀ ਪ੍ਰਦਾਨ ਕਰਨ ਦਾ ਅਵਸਰ ਤਾਂ ਦਿੰਦਾ ਹੀ ਹੈ ਸਗੋਂ ਉਸ ਦੇ ਅੰਦਰ ਮਘਦੇ ਪੰਜਾਬੀਅਤ ਦੇ ਜਜ਼ਬੇ ਨੂੰ ਪ੍ਰਗਟਾਉਣ ਦਾ ਮੌਕਾ ਵੀ ਦਿੰਦਾ ਹੈ। ਇਸੇ ਕਾਰਨ ਹੀ ਪੰਜਾਬੀ ਲੋਕ-ਧਾਰਾ ਦੇ ਵਿਦਵਾਨ ਡਾ: ਵਣਜਾਰਾ ਬੇਦੀ ਨੇ ਲਿਖਿਆ ਹੈ, ਪੰਜਾਬੀ, ਸੁਭਾਅ ਦੇ ਬੜੇ ਰੰਗੀਲੇ ਤੇ ਦਿਲਾਂ ਦੇ ਬਾਦਸ਼ਾਹ ਹਨ। ਮੇਲਾ, ਬੀਜ ਰੂਪ ਵਿਚ, ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ। ਪੰਜਾਬੀਆਂ ਲਈ ਹਰ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ। ਦੂਜੇ ਪ੍ਰਾਂਤਾਂ ਵਾਲੇ ਕਿਹਾ ਕਰਦੇ ਹਨ ਕਿ ਪੰਜਾਬੀ ਆਏ ਹੀ ਦੁਨੀਆ ਵਿਚ ਮੇਲਾ ਮਨਾਉਣ ਹਨ। ਜਿੱਥੇ ਚਾਰ ਪੰਜਾਬੀ ਜੁੜ ਜਾਣ, ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ।
ਵਿਸਾਖੀ ਦਾ ਮੇਲਾ ਤਾਂ ਹੁਣ ਵੀ ਬਹੁਤ ਭਰਦਾ ਹੈ ਪਰ ਜੀਵਨ ਦੀਆਂ ਲੋੜਾਂ ਥੁੜਾਂ ਤੇ ਅਨੇਕਾਂ ਦੁਸ਼ਵਾਰੀਆਂ ਵਿਚ ਫਾਥਾ 'ਅੰਨਦਾਤਾ' ਹੁਣ 'ਦਮਾਮੇ ਮਾਰਦਾ' ਮੇਲੇ ਨਹੀਂ ਆਉਂਦਾ। ਜੇ ਆਉਂਦਾ ਵੀ ਹੈ ਤਾਂ ਉਸ ਦੇ ਮਨ ਵਿਚ ਮੇਲੇ ਦਾ ਪਹਿਲਾਂ ਜਿਹਾ ਚਾਅ ਨਹੀਂ ਰਿਹਾ। ਸਾਰੇ ਦੇਸ਼ ਦੇ ਅੰਨ ਭੰਡਾਰ ਨੂੰ ਮਾਲਾਮਾਲ ਕਰਨ ਵਾਲੇ ਦੀ ਆਪਣੀ ਜ਼ਿੰਦਗੀ ਇਸ ਕਦਰ ਵਿਯੋਗੀ ਪਈ ਹੈ ਕਿ ਉਸ ਦੇ ਮਨ ਵਿਚੋਂ ਮੇਲੇ ਜਾਣ ਦਾ ਚਾਅ ਹੀ ਜਿਵੇਂ ਗੁਆਚ ਗਿਆ ਹੈ। ਸਖਤ ਮਿਹਨਤ ਨਾਲ ਕਿਸਾਨ ਨੇ ਅਨਾਜ ਦੀ ਵਾਧੂ ਪੈਦਾਵਾਰ ਕਰਕੇ ਨਾ ਕੇਵਲ ਆਪਣੀ ਸਗੋਂ ਸਮੁੱਚੇ ਦੇਸ਼ ਦੀ ਭੁੱਖਮਰੀ ਦੀ ਵਿਕਰਾਲ ਸਮੱਸਿਆ ਨੂੰ ਹੱਲ ਕੀਤਾ ਤੇ ਸਰਕਾਰਾਂ ਨੂੰ ਬਾਹਰਲੇ ਦੇਸ਼ਾਂ ਤੋਂ ਮਹਿੰਗੇ ਭਾਅ ਅਨਾਜ ਮੰਗਾਉਣ ਦੀ ਨਮੋਸ਼ੀ ਤੋਂ ਵੀ ਛੁਟਕਾਰਾ ਦੁਆਇਆ। ਮਹਿੰਗੇ ਭਾਅ ਦੇ ਬੀਜਾਂ, ਰਸਾਇਣਕ ਖਾਦਾਂ, ਕੀੜੇਮਾਰ ਦਵਾਈਆਂ ਤੇ ਹੋਰ ਅਨੇਕਾਂ ਖਰਚੇ ਕਰਕੇ ਪਾਲੀਆਂ ਫਸਲਾਂ ਨੂੰ ਵੇਚਣ ਸਮੇਂ ਵੀ ਜੇਕਰ ਅੰਨਦਾਤੇ ਨੂੰ ਲਾਹੇਵੰਦ ਭਾਅ ਨਾ ਮਿਲਣ ਤੇ ਉਹ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋਵੇ ਤਾਂ ਇਸ ਤੋਂ ਮਾੜੀ ਸਥਿਤੀ ਹੋਰ ਕਿਹੜੀ ਹੋ ਸਕਦੀ ਹੈ।
ਸਮਿਆਂ ਨੇ ਬਹੁਤ ਕੁਝ ਬਦਲ ਦਿੱਤਾ ਹੈ। ਪੰਜਾਬ ਹਰ ਪੱਖ ਤੋਂ ਹੀ ਨਿੱਘਰਦਾ ਜਾ ਰਿਹਾ ਹੈ। ਅਜੋਕਾ ਪੰਜਾਬੀ ਬੰਦੇ ਦੇ ਕਿਰਦਾਰ ਵਿਚੋਂ ਪੰਜਾਬੀਅਤ ਦੀ ਅਸਲੋਂ ਨਿਵੇਕਲੀ ਪਛਾਣ ਦੇ ਮੁੱਲਵਾਨ ਆਦਰਸ਼ ਹੌਲੀ-ਹੌਲੀ ਕਿਰਦੇ ਜਾ ਰਹੇ ਹਨ। ਜਿਸ ਦੇ ਸਿੱਟੇ ਵਜੋਂ ਮੇਲਿਆਂ ਤਿਉਹਾਰਾਂ ਦੀ ਸਾਰਥਿਕਤਾ ਗਵਾਚਦੀ ਜਾ ਰਹੀ ਹੈ। ਵਿਸਾਖੀ ਦਾ ਤਿਉਹਾਰ ਕੋਈ ਨਿਰਾ ਮੇਲਾ ਹੀ ਨਹੀਂ ਹੈ, ਇਹ ਮਾਨਵੀ ਆਦਰਸ਼ਾਂ ਨੂੰ ਪ੍ਰਣਾਈ ਸਾਡੀ ਸ਼ਾਨਾਮੱਤੀ ਵਿਰਾਸਤ ਹੈ। ਖੁਦਕੁਸ਼ੀਆਂ ਦੇ ਰਾਹ ਤੁਰੇ ਧਰਤੀ ਪੁੱਤਰਾਂ ਨੂੰ ਵੀ ਇਸ ਪਵਿੱਤਰ ਦਿਹਾੜੇ 'ਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਵੀ ਸੰਕਟ ਦਾ ਮੁਕਾਬਲਾ ਦ੍ਰਿੜ੍ਹ ਹੌਸਲੇ ਤੇ ਬਹਾਦਰੀ ਨਾਲ ਕਰਨ ਦੀਆਂ ਸਾਡੀਆਂ ਪ੍ਰੰਪਰਾਵਾਂ 'ਤੇ ਚੱਲ ਕੇ ਹੀ ਕਰਨਗੇ ਨਾ ਕਿ ਖ਼ੁਦਕੁਸ਼ੀ ਦੇ ਰਾਹ ਤੁਰਨਗੇ। ਉਂਜ ਵੀ ਖ਼ੁਦਕੁਸ਼ੀ ਦਾ ਵਰਤਾਰਾ ਪੰਜਾਬੀ ਸੁਭਾਅ ਦੇ ਉਲਟ ਹੈ। ਇਹ ਤਾਂ ਪੰਜਾਬ ਨੂੰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਹੈ ਕਿ ਸਾਰਾ ਪੰਜਾਬ ਹੀ ਕਿਸੇ ਨਾ ਕਿਸੇ ਪੱਖ ਤੋਂ ਢਹਿੰਦੀ ਕਲਾ ਦੇ ਰਾਹ ਤੁਰਿਆ ਜਾ ਰਿਹਾ ਹੈ। ਵਿਸਾਖੀ ਵਰਗੇ ਸ਼ਾਨਾਮੱਤੇ ਤਿਉਹਾਰ ਦੀ ਸਾਰਥਿਕਤਾ ਇਸ ਵਿਚ ਹੀ ਹੈ ਕਿ ਨਿਘਾਰ ਦੀ ਚਰਮਸੀਮਾ 'ਤੇ ਪਹੁੰਚੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਰਾਹ ਤੋਰਨ ਲਈ ਹਰ ਕੋਈ ਹੰਭਲਾ ਮਾਰੇ।

-ਪਿੰਡ: ਖਰਲ ਕਲਾਂ, ਡਾ: ਚੋਲਾਂਗ, ਜ਼ਿਲ੍ਹਾ ਜਲੰਧਰ।
ਮੋਬਾਈਲ : 9815356086.

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦਮਦਮਾ ਸਾਹਿਬ ਦੀ ਅਗਲੀ ਖ਼ਬਰ ਖ਼ਾਲਸਾ ਪੰਥ ਦੀ ਸਿਰਜਣਾ ਦਾ ਉਦੇਸ਼
Ad Position 24
No active advertisement