ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2018

ਵਿਸਾਖੀ ਦਮਦਮਾ ਸਾਹਿਬ ਦੀ

Ad Position 21
No active advertisement
ਅਜੀਤ ਡੈਸਕ 14-04-2018

ਪੁਰਾਤਨ ਸਮੇਂ ਵਿਚ ਵਿਸਾਖੀ ਨੂੰ ਮੁਢਲੇ ਤੌਰ 'ਤੇ ਮੌਸਮ ਤਬਦੀਲੀ ਅਤੇ ਫ਼ਸਲਾਂ ਦੇ ਪੱਕਣ ਉਪਰੰਤ ਆਰਥਿਕ ਤੌਰ 'ਤੇ ਖ਼ੁਸ਼ਹਾਲੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਸੀ। ਸਮੇਂ ਦੇ ਅਨੁਸਾਰ ਇਸ ਨਾਲ ਧਾਰਮਿਕ, ਸਮਾਜਿਕ ਰਵਾਇਤਾਂ ਪਰੰਪਰਾਵਾਂ ਜੁੜਦੀਆਂ ਗਈਆਂ। ਸਿੱਖ ਧਰਮ ਵਿਚ ਵੀ ਵਿਸਾਖੀ ਦਾ ਵਿਸ਼ੇਸ਼ ਮਹੱਤਵ ਹੈ। ਵਿਸਾਖੀ ਵਾਲੇ ਦਿਨ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਵਿਖੇ 1699 ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ। ਇਸ ਕਰਕੇ ਵਿਸਾਖੀ ਦਾ ਤਿਉਹਾਰ ਖ਼ਾਲਸਾ ਪੰਥ ਵਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਪੰਜਾਂ ਤਖ਼ਤਾਂ 'ਤੇ ਮਨਾਇਆ ਜਾਂਦਾ ਹੈ। 1699 ਦਾ ਵਿਸਾਖੀ ਦਾ ਪਾਵਨ ਦਿਹਾੜਾ, ਜਿਸ ਨੇ ਸਮਾਜ ਦੇ ਅਯਾਮ ਬਦਲੇ ਸਨ। ਇਸ ਕਰਕੇ ਵੀ ਸਿੱਖ ਧਰਮ ਵਿਚ ਵੱਡਾ ਸਥਾਨ ਰੱਖਦਾ ਹੈ, ਕਿਉਂਕਿ ਵਿਸਾਖੀ ਵਾਲੇ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਹਜ਼ਾਰਾਂ ਸੰਗਤਾਂ ਦੇ ਇਕੱਠ ਵਿਚ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਇਨਕਲਾਬੀ ਜੋਸ਼ ਖ਼ਾਲਸੇ 'ਚ ਭਰਦਿਆਂ ਸਿੱਖ ਕੌਮ ਨੂੰ ਨਵੀਂ ਪਹਿਚਾਣ ਖ਼ਾਲਸੇ ਦੇ ਰੂਪ ਵਿਚ ਦਿੱਤੀ। ਬਾਅਦ ਵਿਚ ਵਿਸਾਖੀ ਵਾਲਾ ਦਿਨ 1919 ਨੂੰ ਜਲ੍ਹਿਆਂਵਾਲੇ ਬਾਗ਼ ਵਿਚ ਜਨਰਲ ਡਾਇਰ ਦੀ ਅਗਵਾਈ ਵਾਲੀ ਅੰਗਰੇਜ਼ ਪੁਲਿਸ ਵਲੋਂ ਨਿਹੱਥੇ ਪੰਜਾਬੀਆਂ ੳੁੱਪਰ ਗੋਲੀਆਂ ਚਲਾ ਕੇ ਕੀਤੀ ਗਈ ਕਤਲੋ-ਗਾਰਤ ਕਾਰਨ ਪੰਜਾਬੀਆਂ ਦੇ ਮਨ ਵਿਚ ਚੀਸ ਵਾਂਗ ਵਸ ਗਿਆ।
ਪੰਜਾਂ ਸਿੱਖਾਂ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ 'ਪੰਜਾਂ ਪਿਆਰਿਆਂ' ਦਾ ਖ਼ਿਤਾਬ ਦਿੱਤਾ ਅਤੇ ਖ਼ੁਦ ਵੀ ਅੰਮ੍ਰਿਤ ਦੀ ਦਾਤ ਉਨ੍ਹਾਂ ਹੱਥੋਂ ਛਕੀ। ਕੇਂਦਰੀ ਮਾਲਵੇ ਦੇ ਪ੍ਰਸਿੱਧ ਜ਼ਿਲ੍ਹੇ ਬਠਿੰਡਾ ਦੇ ਨੇੜਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਜੋ ਸਿੱਖ ਪੰਥ ਦੇ ਪੰਜ ਤਖ਼ਤ ਸਾਹਿਬਾਨਾਂ ਵਿਚੋਂ ਇਕ ਹੈ, ਵਿਖੇ ਵੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਲਵਈਆਂ ਵਲੋਂ ਮਨਾਇਆ ਜਾਂਦਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ, ਜਿਸ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8-9 ਮਹੀਨਿਆਂ ਦਾ ਵਾਸ ਇੱਥੇ ਕਰਕੇ ਧਰਤੀ ਨੂੰ ਭਾਗ ਲਗਾਏ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਗੁਰੂ ਘਰ ਦੇ ਸਿੰਘ ਭਾਈ ਉਦੇ ਸਿੰਘ ਵਲੋਂ ਭੇਟ ਕੀਤੀ ਗਈ ਬੰਦੂਕ ਦਾ ਨਿਸ਼ਾਨਾ ਵੀ ਪਰਖਿਆ ਅਤੇ ਨਾਲ ਹੀ ਸਿੱਖੀ ਦੀ ਪਰਖ ਕਰਕੇ ਭਾਈ ਡੱਲੇ ਦਾ ਹੰਕਾਰ ਵੀ ਤੋੜਦਿਆਂ ਗੁਰੂ ਘਰ ਦੇ ਸਿੰਘ ਭਾਈ ਬੀਰ ਸਿੰਘ ਅਤੇ ਭਾਈ ਧੀਰ ਸਿੰਘ, ਜੋ ਬੰਦੂਕ ਦੇ ਨਿਸ਼ਾਨੇ ਪਰਖਣ ਲਈ ਗੁਰੂ ਸਾਹਿਬ ਅੱਗੇ ਛਾਤੀਆਂ ਤਾਣ ਕੇ ਖੜ੍ਹੇ ਹੋ ਗਏ ਸਨ ਰਾਹੀਂ ਇਹ ਸਿੱਧ ਕੀਤਾ ਕਿ ਖ਼ਾਲਸਾ ਪੰਥ ਵਿਚ ਭਾਈ ਵੀਰ ਸਿੰਘ ਅਤੇ ਭਾਈ ਧੀਰ ਸਿੰਘ ਵਰਗੇ ਯੋਧੇ ਵੀ ਮੌਜੂਦ ਹਨ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਨਿਸ਼ਾਨਾ ਪਰਖਣ ਲਈ ਆਪਣੀ ਹਿੱਕ ਅੱਗੇ ਕੀਤੀ ਪਰ ਗੁਰੂ ਸਾਹਿਬ ਨੇ ਬੰਦੂਕ ਦਾ ਨਿਸ਼ਾਨਾ ਤਾਂ ਪਰਖਿਆ ਤੇ ਗੋਲੀ ਸਿੰਘਾਂ ਦੇ ਉੱਪਰੋਂ ਦੀ ਲੰਘਾ ਦਿੱਤੀ। ਗੁਰੂ ਸਾਹਿਬ ਨੇ ਇਸ ਤਰ੍ਹਾਂ ਚੌਧਰੀ ਡੱਲੇ ਦਾ ਮਾਣ ਤੋੜਿਆ ਅਤੇ ਅੰਮ੍ਰਿਤਪਾਨ ਕਰਵਾ ਕੇ ਉਸ ਨੂੰ ਸਿੰਘ ਸਾਜਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਦਿੱਲੀ ਤੋਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਲੈ ਕੇ ਇੱਥੇ ਪੁੱਜੇ ਤਾਂ ਮਾਤਾ ਸਾਹਿਬਾਨਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਪਾਤਸ਼ਾਹ ਜੀ ਚਾਰੇ ਸਾਹਿਬਜ਼ਾਦੇ ਕਿੱਥੇ ਹਨ, ਜੋ ਨਜ਼ਰ ਨਹੀਂ ਆ ਰਹੇ ਤਾਂ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਵੱਲ ਹੱਥ ਦਾ ਇਸ਼ਾਰਾ ਕਰਕੇ 'ਇਨ ਪੁਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ' ਮਹਾਂਵਾਕ ਨੂੰ ਫ਼ਰਮਾਇਆ, ਜਿੱਥੇ ਅੱਜਕਲ੍ਹ ਗੁਰਦੁਆਰਾ ਸਾਹਿਬ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਮੌਜੂਦ ਹਨ।
ਪਾਤਸ਼ਾਹੀ ਦਸਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਨੂੰ ਦਰਜ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਵਾਇਆ, ਜਿਸ ਨੂੰ ਸਿੱਖ ਪੰਥ ਵਲੋਂ ਦਮਦਮੇ ਵਾਲਾ ਸਰੂਪ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਨੇ ਨਾਂਦੇੜ ਜਾਣ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਲਈ ਬਾਬਾ ਦੀਪ ਸਿੰਘ ਜੀ ਨੂੰ ਤਖ਼ਤ ਸਾਹਿਬ ਦਾ ਪਲੇਠਾ ਜਥੇਦਾਰ ਥਾਪਿਆ। ਇਸ ਦੌਰਾਨ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਾਲੀ ਪਾਵਨ ਬੀੜ ਦੇ ਚਾਰ ਉਤਾਰੇ ਕਰਵਾਏ, ਜਿਨ੍ਹਾਂ ਨੂੰ ਬਾਅਦ ਵਿਚ ਬਾਕੀ ਰਹਿੰਦੇ ਚਾਰੇ ਤਖ਼ਤ ਸਾਹਿਬਾਨਾਂ, ਜਿਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਜੇ ਗਏ। ਇਹ ਉਹੀ ਪਵਿੱਤਰ ਅਸਥਾਨ ਹੈ, ਜਿੱਥੇ 1706 ਈ: ਵਿਚ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ 'ਤੇ ਸਿੱਖ ਸੰਗਤਾਂ ਨੂੰ ਇਸ ਪਵਿੱਤਰ ਅਸਥਾਨ 'ਤੇ ਅੰਮ੍ਰਿਤ ਛਕਾਇਆ, ਜਿੱਥੇ ਉਦੋਂ ਤੋਂ ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਵਿਸਾਖੀ ਵਾਲੇ ਦਿਨ ਗੁਰੂ ਘਰਾਂ ਦੇ ਸਰੋਵਰ ਵਿਚ ਇਸ਼ਨਾਨ ਕਰਕੇ ਦਰਬਾਰ ਸਾਹਿਬ 'ਤੇ ਨਤਮਸਤਕ ਹੁੰਦੇ ਆ ਰਹੇ ਹਨ। ਇੱਥੇ ਅੱਜ ਵੀ ਗੁਰੂ ਸਾਹਿਬ ਵਲੋਂ ਚਲਾਈ ਧਾਰਮਿਕ ਪੰਰਪਰਾ ਤਹਿਤ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਇਤਿਹਾਸ ਅਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਦੁਰਲੱਭ ਵਸਤੂਆਂ ਪ੍ਰਬੰਧਕਾਂ ਵਲੋਂ ਸੰਭਾਲ ਕੇ ਰੱਖੀਆਂ ਹੋਈਆ ਹਨ, ਜਿਨ੍ਹਾਂ ਦੇ ਦਰਸ਼ਨ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਨਿਹਾਲ ਹੁੰਦੀਆਂ ਹਨ।
ਗੁਰੂ ਸਾਹਿਬ ਦੇ ਪਾਵਨ ਬਚਨਾਂ ਨਾਲ ਦਮਦਮਾ ਸਾਹਿਬ ਵਿੱਦਿਅਕ ਪੱਖ ਤੋਂ ਮੋਹਰੀ ਵਿੱਦਿਅਕ ਸਥਾਨ ਬਣਿਆ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਗੁਰਮਤਿ ਵਿਦਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੈਂਪਸ, ਗੁਰੂ ਕਾਂਸੀ ਯੂਨੀਵਰਸਿਟੀ, ਅਕਾਲ ਯੂਨੀਵਰਸਿਟੀ, ਯਾਦਵਿੰਦਰਾ ਕਾਲਜ ਤੋਂ ਇਲਾਵਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਤੇ ਪੋਲੀਟੈਕਨਿਕ ਸਮੇਤ ਅਨੇਕਾਂ ਹੀ ਵਿੱਦਿਅਕ ਸੰਸਥਾਵਾਂ ਸਫ਼ਲਤਾ ਨਾਲ ਇਲਾਕੇ ਵਿਚ ਸਿੱਖਿਆ ਦੇ ਚਾਨਣ ਦਾ ਪ੍ਰਸਾਰ ਕਰ ਰਹੀਆਂ ਹਨ। ਵਿਸਾਖੀ ਮੌਕੇ ਮਾਲਵੇ ਦੀਆਂ ਰਾਜਸੀ ਪਾਰਟੀਆਂ ਵਲੋਂ ਸ਼ਕਤੀ ਪ੍ਰਦਰਸ਼ਨ ਵੀ ਇੱਥੇ ਇਸੇ ਦਿਨ ਸਿਆਸੀ ਕਾਨਫ਼ਰੰਸਾਂ ਕਰਕੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਣਕ ਦੀ ਤਿਆਰ ਫ਼ਸਲ ਨੂੰ ਦਾਤੀ ਲਾਉਣ ਲਈ ਇੱਥੇ ਮੌਜੂਦ ਸੂਬੇ ਦੇ ਉੱਘੇ ਖੇਤੀਬਾੜੀ ਸੰਦਾਂ ਦੀਆਂ ਲੱਗਦੀਆਂ ਸਟਾਲਾਂ ਤੋਂ ਵੀ ਕਿਸਾਨ ਮਜ਼ਦੂਰ ਮੋਹਰੀ ਹੋ ਕੇ ਖ਼ਰੀਦਦਾਰੀ ਕਰਦੇ ਹਨ। ਉੱਧਰ ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਯੂਥ ਕਲੱਬਾਂ ਵਲੋਂ ਆਪੋ-ਆਪਣੇ ਵਿੱਤ ਅਨੁਸਾਰ ਸ਼ਬਦਾਂ ਨਾਲ ਗੁਰੂ ਘਰ ਨਤਮਸਤਕ ਹੋਣ ਆਈਆਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਪੰਥ ਦੀ ਸਿਰਜਣਾ ਦਾ ਇਤਿਹਾਸਕ ਪੁਰਬ - ਵਿਸਾਖੀ ਅਗਲੀ ਖ਼ਬਰ ਮੇਲਾ ਵਿਸਾਖੀ-ਚੜ੍ਹਦੀ ਕਲਾ ਦਾ ਸੁਨੇਹਾ
Ad Position 24
No active advertisement