ਅੱਜਕਲ੍ਹ ਗੱਡੀਆਂ, ਮੋਬਾਈਲ ਫੋਨਾਂ ਵਿਚ ਜੀ. ਪੀ. ਐਸ. ਦੀ ਵਿਵਸਥਾ ਹੋਣ ਕਾਰਨ ਅਜੋਕੀ ਪੀੜ੍ਹੀ ਕਿਸੇ ਤੋਂ ਰਾਹ ਪੁੱਛਣ ਵਿਚ ਸ਼ਰਮ ਮਹਿਸੂਸ ਕਰਦੀ ਹੈ | ਭਾਵੇਂ ਜਿੰਨਾ ਮਰਜ਼ੀ ਜੀ. ਪੀ. ਐਸ. ਲੱਗਿਆ ਹੋਵੇ, ਪ੍ਰੰਤੂ ਫਿਰ ਵੀ ਕਿਤੇ ਨਾ ਕਿਤੇ ਰਾਹ ਪੁੱਛਣਾ ਪੈ ਹੀ ਜਾਂਦਾ ਹੈ | ਰਾਹ ਪੁੱਛਣਾ ਤੇ ਦੱਸਣਾ ਵੀ ਇਕ ਕਲਾ ਹੈ | ਵੇਖਣ ਜਾਂ ਸੋਚਣ ਨੂੰ ਤਾਂ ਇਹ ਇਕ ਆਮ ਜਿਹੀ ਗੱਲ ਲਗਦੀ ਹੈ ਪਰ ਇਹ ਆਪਣੇ ਆਪ ਵਿਚ ਬਹੁਤ ਕੁਝ ਕਹਿ/ਦੱਸ ਜਾਂਦੀ ਹੈ | ਜਦੋਂ ਅਸੀਂ ਕਿਸੇ ਵਿਅਕਤੀ ਤੋਂ ਰਾਹ ਪੁੱਛਦੇ ਹਾਂ ਤਾਂ ਉਸ ਵਿਅਕਤੀ ਦਾ ਵਿਅਕਤੀਤਵ, ਉਸ ਇਲਾਕੇ ਦੀ ਬੋਲੀ, ਚੱਜ ਵਿਹਾਰ ਪ੍ਰਤੱਖ ਵੇਖਣ ਨੂੰ ਮਿਲਦਾ ਹੈ | ਮਹਾਂਨਗਰਾਂ ਵਿਚ ਤਾਂ ਕਿਸੇ ਨੂੰ ਰੋਕ ਕੇ ਰਾਹ ਪੁੱਛਣਾ ਬਹੁਤ ਹੀ ਮੁਸ਼ਕਲ ਹੈ | ਤੇਜ਼ ਰਫਤਾਰ ਸੜਕਾਂ 'ਤੇ ਭੱਜੀ ਜਾਂਦੀ ਭੀੜ ਵਿਚੋਂ ਕਿਸੇ ਨੂੰ ਰੋਕ ਕੇ ਜਾਂ ਰੁਕ ਕੇ ਕਿਸੇ ਤੋਂ ਪੁੱਛੋ ਜਾਂ ਤਾਂ ਅਗਲਾ ਨਾਂਹ ਵਿਚ ਸਿਰ ਹਿਲਾ ਦਿੰਦਾ ਹੈ ਜਾਂ ਅਣਸੁਣਿਆ ਕਰ ਕੇ ਲੰਘ ਜਾਂਦਾ ਹੈ | ਇਕ ਬੇ-ਵਿਸ਼ਵਾਸੀ ਦਾ ਮਾਹੌਲ ਪ੍ਰਤੀਤ ਹੁੰਦਾ ਹੈ | ਦੱਸਣ ਵਾਲੇ ਦੇ ਮਨ ਵਿਚ ਭੈਅ ਹੁੰਦਾ ਹੈ ਕਿ ਕਿਤੇ ਨੇੜੇ ਆਇਆ ਕੁਝ ਸੁੰਘਾ ਹੀ ਨਾ ਦੇਵੇ, ਪੁਛਣ ਵਾਲੇ ਨੂੰ ਲੱਗਦੈ ਕਿਤੇ ਅਣਜਾਣ ਜਾਣ ਠੱਗਿਆ ਹੀ ਨਾ ਜਾਵਾਂ | ਆਮ ਵੱਡੇ ਸ਼ਹਿਰਾਂ ਵਿਚ ਜੇ ਕਿਸੇ ਨੂੰ ਰਾਹ ਪੁੱਛੋ ਤਾਂ ਅਕਸਰ ਜਵਾਬ ਮਿਲਦਾ ਹੈ ਮਾਲੂਮ ਨਹੀਂ | ਕਿਸੇ ਰਿਕਸ਼ਾ ਵਾਲੇ ਤੋਂ ਪੁੱਛ ਲਵੋ ਤਾਂ ਜੇ ਕੋਈ ਦੱਸਦਾ ਹੈ ਅਤੇ ਜੇ ਦੱਸਣ ਵਾਲਾ ਪੜਿ੍ਹਆ-ਲਿਖਿਆ ਵਿਅਕਤੀ ਹੈ ਤਾਂ ਉਹ ਸਮਝਾਵੇਗਾ ਕਿ 100 ਮੀਟਰ ਅੱਗੇ ਜਾ ਕੇ ਸੱਜੇ ਮੁੜ ਕੇ ਫਿਰ ਇਕ ਚੌਾਕ ਆਵੇਗਾ ਉਸਤੋਂ ਖੱਬੇ ਹੋ ਜਾਣਾ | ਸ਼ਹਿਰਾਂ ਦੇ ਪੌਸ਼ ਇਲਾਕੇ ਵਿਚ ਜੇ ਕਿਸੇ ਦਾ ਘਰ ਪੁੱਛਣਾ ਪੈ ਜਾਵੇ ਤਾਂ ਪਹਿਲੀ ਗੱਲ ਤਾਂ ਰਾਹ ਪੁੱਛਣ ਲਈ ਬੰਦਾ ਈ ਨਹੀਂ ਲੱਭਦਾ | ਜੇ ਕੋਈ ਮਿਲੂ ਤਾਂ ਬਿੱਟ ਬਿੱਟ ਝਾਕੀ ਜਾਊ, ਫੇਰ ਕਹੂ ਘਰ ਦਾ ਨੰਬਰ ਦੱਸੋ ਕਿਉਂਕਿ ਉਥੇ ਲੋਕ ਇਕ ਦੂਜੇ ਨੂੰ ਨਹੀਂ ਇਮਾਰਤਾਂ ਦੇ ਹਿੰਦਸਿਆਂ ਨੂੰ ਜਾਣਦੇ ਹਨ | ਮਾਲਵੇ ਖੇਤਰ ਦੇ ਲੋਕਾਂ ਦਾ ਆਪਣਾ ਵੱਖਰਾ ਅੰਦਾਜ਼ ਐ | ਜਿਵੇਂ ਬਾਈ ਪਹਿਲਾਂ ਅਾੈ ਨੂੰ , ਗਾਹਾਂ ਐਾ ਨੂੰ , ਹੱਥਾਂ ਨਾਲ ਖੱਬੇ ਸੱਜੇ ਦੇ ਇਸ਼ਾਰੇ ਤਾਂ ਕਰੀ ਜਾਣਗੇ ਪਰ ਖੱਬਾ ਸੱਜਾ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਹੀ ਕਰਨਗੇ | ਜੇ ਮਾਲਵੇ ਦੇ ਅੰਦਰਲੇ ਪਿੰਡਾਂ ਵਿਚ ਜਾ ਕੇ ਰਾਹ ਪੁੱਛਿਆ ਜਾਵੇ ਤਾਂ ਉਨ੍ਹਾਂ ਦਾ ਆਪਣਾ ਹੀ ਬਿਆਨ-ਏ-ਅੰਦਾਜ਼ ਹੈਸ਼ੇਰਾ ਪਹਿਲਾਂ ਜੇਬ ਨੂੰ ਫੇਰ ਗੀਝੇ ਕੰਨੀਂ ਫੇਰ ਜੇਬ ਕੰਨੀਂ(ਵੱਲ) ਨੂੰ ਹੋ ਕੇ ਬੱਸ ਨੱਕ ਦੀ ਸੀਧ ਹੋ ਜੀਂ, ਸਾਮਣੇ ਕੰਮਪੈਨ (ਕੰਬਾਇਨ) ਖੜੀ ਹੋਊ, ਬੱਸ ਉਹੀ ਘਰ ਐ ਕਿੰਨਾ ਵਧੀਆ ਤਰੀਕਾ ਹੈ ਭੋਲੇ ਲੋਕਾਂ ਦਾ, ਕਿਉਂਕਿ ਜੇਬ ਕੁੜਤੇ ਦੇ ਖੱਬੇ ਪਾਸੇ ਅਤੇ ਗੀਝਾ ਸੱਜੇ ਪਾਸੇ ਹੁੰਦਾ ਹੈ |
ਕਸਬਿਆਂ ਜਾਂ ਛੋਟੇ ਸ਼ਹਿਰਾਂ ਵਿਚ ਸੜਕ ਕਿਨਾਰੇ ਖੜ੍ਹੇ ਰੇਹੜੀ ਜਾਂ ਰਿਕਸ਼ੇ ਵਾਲੇ ਤੋਂ ਰਾਹ ਪੁੱਛੋ ਤਾਂ ਉਹ ਆਪਣੀ ਗਾਹਕੀ ਛੱਡ ਕੇ ਭੱਜ ਕੇ ਕੋਲ ਆ ਕੇ ਰਾਹ ਦਸੇਗਾ | ਜੇ ਕਿਤੇ ਕਿਸੇ ਪਿੰਡ ਵੜਨ ਤੋਂ ਪਹਿਲਾਂ ਕਿਸੇ ਵਿਅਕਤੀ ਤੋਂ ਰਾਹ ਜਾਂ ਕਿਸੇ ਦਾ ਘਰ ਪੁੱਛਿਆ ਜਾਵੇ ਤਾਂ ਜੇ ਉਹ ਪੈਦਲ ਹੈ ਤਾਂ ਤੁਹਾਡੇ ਨਾਲ ਹੀ ਗੱਡੀ 'ਚ ਬੈਠ ਜਾਵੇਗਾ ਬੱਸ ਬੈਠਣ ਸਾਰ ਹੀ ਉਹ ਤੁਹਾਨੂੰ ਜਿਨ੍ਹਾਂ ਦੇ ਘਰ ਜਾਣਾ ਹੈ ਉਨ੍ਹਾਂ ਬਾਰੇ ਦੱਸਦਾ ਤੁਹਾਡੇ ਬਾਰੇ ਵੀ ਪੂਰੀ ਜਾਣਕਾਰੀ ਲੈ ਲਵੇਗਾ | ਜੇਕਰ ਰਾਹ ਦੱਸਣ ਵਾਲਾ ਸਕੂਟਰ ਜਾਂ ਮੋਟਰ ਸਾਈਕਲ 'ਤੇ ਹੋਵੇ ਤਾਂ ਉਹ ਮੂਹਰੇ ਲੱਗ ਧੁਰ ਜਾ ਬੂਹਾ ਖੜਕਾਉਂਦੈ | ਚਾਹ ਧਰ ਲਓ ਭਾਈ ਪ੍ਰਾਹੁਣੇ ਆ ਗਏ | ਆਪ ਵੀ ਚਾਹ ਪੀ ਪਿੰਡ ਦੀਆਂ ਚਾਰ ਗੱਲਾਂ ਕਰ ਵਿਦਾ ਲੈਂਦਾ ਹੈ | ਕਿੰਨੇ ਭਲੇਮਾਣਸ ਹੁੰਦੇ ਹਨ ਇਹ ਲੋਕ | ਪਿੰਡ ਦੀ ਸੱਥ ਵਿਚ ਬੈਠੇ ਬੰਦਿਆਂ ਤੋਂ ਰਾਹ ਪੁੱਛਿਆ ਜਾਵੇ ਤਾਂ ਉਹ ਪੁੱਛਣ ਵਾਲੇ ਤੋਂ ਵੱਧ ਤਤਪਰ ਹੁੰਦੇ ਹਨ ਦੱਸਣ ਲਈ ਅਤੇ ਦੱਸ ਕੇ ਮਾਣ ਜਿਹਾ ਮਹਿਸੂਸ ਕਰਦੇ ਹਨ | ਰਾਹ ਪੁੱਛਣ ਵਾਲਾ ਤਾਂ ਲੰਘ ਜਾਂਦਾ ਹੈ ਪਰ ਦੇ ਜਾਂਦਾ ਹੈ ਸੱਥ ਵਿਚ ਬੈਠਿਆਂ ਨੂੰ ਚਰਚਾ ਦਾ ਵਿਸ਼ਾ, ਭਲਾ ਕੌਣ ਹੋਣਗੇ? ਸ਼ਹਿਰੀਏ ਜਿਹੇ ਲੱਗਦੇ ਐ, ਲੰਬੜਦਾਰਾਂ ਦੇ ਮੁੰਡੇ ਨੂੰ ਵੇਖਣ ਤਾਂ ਨਹੀਂ ਆਏ |
ਲੈ ਕਰਦੇ ਐ ਉਸ ਲਫੈਂਡ ਜਿਹੇ ਨੂੰ ਇਹੋ ਜਿਹੇ ਸਾਕ |
ਨਹੀਂ ਬਾਈ ਸਾਕ ਤਾਂ ਜ਼ਮੀਨਾਂ ਨੂੰ ਹੁੰਦੇ ਐ |
ਚਲ ਛੱਡੋ ਕੋਈ ਰਿਸ਼ਤੇਦਾਰ ਹੋਊ- ਟੋਕਦਿਆਂ ਕੋਈ ਬੋਲੂ |
ਲੈ ਰਿਸ਼ਤੇਦਾਰ ਹੁੰਦੇ ਤਾਂ ਘਰ ਪੁੱਛਦੇ, ਨਾਲੇ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਪਛਾਣਦੇ ਆਂ | ਪਤਾ ਨਹੀਂ ਕਦੋਂ ਤੱਕ ਚਲਦੀ ਰਹਿੰਦੀ ਐ ਚਰਚਾ ਰਾਹ ਪੁੱਛਣ ਵਾਲੇ ਦੇ ਜਾਣ ਮਗਰੋਂ ਵੀ | ਅੱਜਕਲ੍ਹ ਮੱੁਖ ਮਾਰਗਾਂ 'ਤੇ ਸਾਈਨ ਬੋਰਡ ਲੱਗੇ ਹੋਏ ਹਨ ਫਿਰ ਵੀ ਕਈ ਵਾਰ ਰਾਹ ਪੁੱਛਣਾ ਹੀ ਪੈਂਦਾ ਹੈ | ਇਕ ਵਾਰ ਹਾਈ ਵੇਅ 'ਤੇ ਜਾਂਦਿਆਂ ਰਾਹ ਪੁੱਛਣਾ ਪੈ ਗਿਆ | ਕਾਰ ਇਕ ਪਾਸੇ ਲਗਾ, ਇਕ ਪਿੰਡ ਵਲੋਂ ਆਉਂਦੀ ਸੜਕ 'ਤੇ ਇਕ ਬਾਊ ਜੀ ਸਕੂਟਰ 'ਤੇ ਆ ਰਹੇ ਸੀ | ਰਿਟਾਇਰਡ ਮੁਲਾਜ਼ਮ ਜਾਪਦੇ ਸਨ, ਰੋਕ ਫਤਿਹ ਬੁਲਾ ਮੈਂ ਰਾਹ ਪੁਛਿਆ | ਬੜੇ ਸਲੀਕੇ ਨਾਲ ਦੱਸਣ ਉਪਰੰਤ 'ਗਰਮੀ ਬਹੁਤ ਐ ਮੈਡਮ ਪਾਣੀ ਜਾਂ ਠੰਢਾ ਪੀਓਗੇ' ਅਹੁ ਸਾਹਮਣੇ ਆਪਣੀ ਦੁਕਾਨ ਹੈ, ਦੀ ਸੁਲਾ੍ਹ ਮਾਰੀ | ਸ਼ੁਕਰੀਆ ਕਹਿ ਅਸੀਂ ਚੱਲ ਪਏ | ਇਸ ਗੱਲ ਨੂੰ ਲੰਮਾ ਸਮਾਂ ਹੋਣ ਉਪਰੰਤ ਵੀ ਮੈਨੂੰ ਰਾਹ ਤਾਂ ਨਹੀਂ ਯਾਦ ਕਿਹੜਾ ਪੁੱਛਿਆ ਸੀ ਪਰ ਉਸ ਇਨਸਾਨ ਦੀ ਇਨਸਾਨੀਅਤ ਨਹੀਂ ਭੁੱਲੀ | ਰਾਹ ਪੁੱਛਣਦੱਸਣ ਵਿਚ ਅਪੱਣਤ ਹੋਣੀ ਚਾਹੀਂਦੀ ਹੈ | ਰਾਹ ਪੁੱਛਣ ਵਾਲੇ ਨੂੰ ਫਤਿਹ ਬੁਲਾ ਹਲੀਮੀ ਨਾਲ ਰਾਹ ਪੁੱਛਣਾ ਚਾਹੀਦਾ ਹੈ ਤੇ ਦੱਸਣ ਵਾਲਾ ਭਾਵੇਂ ਕੋਈ ਵੀ ਕਿਸੇ ਵੀ ਉਮਰ ਦਾ ਹੋਵੇ ਉਹਨੂੰ ਧੰਨਵਾਦ ਜ਼ਰੂਰ ਕਹੋ |
ਕਦੇ ਵੀ ਕਿਸੇ ਰਾਹੀ ਨੂੰ ਗ਼ਲਤ ਰਾਹ ਨਾ ਪਾਓ, ਜ਼ਿੰਦਗੀ ਵਿਚ | ਸੜਕੀ ਰਾਹ ਦੇ ਸਫਰ ਤੋਂ ਭਟਕਿਆ ਬੰਦਾ ਤਾਂ ਮੁੜ ਸਹੀ ਰਾਹ ਫੜ ਲੈਂਦਾ ਹੈ ਪਰ ਜ਼ਿੰਦਗੀ ਦੇ ਰਾਹ ਤੋਂ ਭਟਕਿਆ ਇਨਸਾਨ ਕਿਤੇ ਹੋਰ ਹੀ ਪਹੁੰਚ ਜਾਂਦਾ ਹੈ | ਹਮੇਸ਼ਾ ਵਧੀਆ ਰਾਹ ਦਸੇਰੇ ਬਣੋ ਕਿਉਂਕਿ ਰਾਹ ਤਾਂ ਇਕ ਜਾਂ ਦੋ ਵਿਅਕਤੀਆਂ ਤੋਂ ਹੀ ਪੁੱਛਿਆ ਜਾਂਦਾ ਹੈ ਪਰ ਸਾਰੇ ਇਲਾਕੇ ਦੀ ਬੋਲੀ, ਵਿਵਹਾਰ, ਸਲੀਕਾ, ਅਪੱਣਤ ਦੀ ਝਲਕ ਉਸ ਵਿਚੋਂ ਨਜ਼ਰ ਆਉਂਦੀ ਹੈ ਜੋ ਰਾਹ ਪੁੱਛਣ ਵਾਲੇ 'ਤੇ ਅਮਿੱਟ ਛਾਪ ਛੱਡ ਜਾਂਦੀ ਹੈ |
-ਲੈਕਚਰਾਰ ਸ. ਕੰ. ਸੀ. ਸੈਕ. ਸਕੂਲ ਨਿਊ ਪਾਵਰ ਹਾਊਸ ਕਲੋਨੀ ਪਟਿਆਲਾ |