ਭਾਰਤ ਅਨੇਕਤਾ ਦੇ ਸੱਭਿਆਚਾਰ ਦੀ ਵਿਲੱਖਣ ਸੁੰਦਰਤਾ ਨਾਲ ਨਿਵਾਜਿਆ ਹੋਇਆ ਹੈ | ਵੱਖ-ਵੱਖ ਧਰਮਾਂ, ਬੋਲੀਆਂ, ਸੱਭਿਆਚਾਰਕ ਰਹੁ-ਰੀਤਾਂ, ਪਹਿਰਾਵਿਆਂ, ਖਾਣ-ਪੀਣ ਤੇ ਵੱਖ ਵੱਖ ਵਿਸ਼ਵਾਸਾਂ ਨਾਲ ਪ੍ਰਣਾਏ ਹੋਏ ਲੋਕ ਇਸ ਧਰਤੀ ਦੇ ਵਾਸੀ ਹਨ | ਇਸ ਵਿਸ਼ਾਲ ਧਰਤੀ 'ਤੇ ਹਰ ਦਿਨ ਹੀ ਕੋਈ ਨਾ ਕੋਈ ਲੋਕ-ਸਮੂਹ, ਕਿਸੇ ਤਿਉਹਾਰ ਨੂੰ ਮਨਾਉਂਦਾ ਨਜ਼ਰੀਂ ਪੈਂਦਾ ਹੈ | ਇਹ ਇਸ ਦੇਸ਼ ਦੀ ਖ਼ੂਬਸੂਰਤੀ ਹੈ ਕਿ ਬਹੁਤ ਹੱਦ ਤੱਕ ਲੋਕ ਤਿਉਹਾਰਾਂ ਨੂੰ ਸਾਂਝ ਤੇ ਸਦਭਾਵਨਾ ਨਾਲ ਮਨਾਉਂਦੇ ਆ ਰਹੇ ਹਨ | ਰੌਸ਼ਨੀਆਂ ਦੇ ਤਿਉਹਾਰ ਵਜੋਂ ਦੀਵਾਲੀ, ਸਦੀਆਂ ਤੋਂ ਭਾਰਤੀਆਂ ਦੇ ਮਨਾਂ ਵਿਚ ਵਸੀ ਹੋਈ ਹੈੈ | ਮਨਾਂ ਦੇ ਭਰਪੂਰ ਹੁਲਾਸ ਤੇ ਖ਼ੁਸ਼ੀਆਂ ਖੇੜਿਆਂ ਸੰਗ ਲੋਕ ਦੀਵੇ ਤੇ ਮੋਮਬੱਤੀਆਂ ਬਾਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਆ ਰਹੇ ਹਨ |
ਦੀਵਾਲੀ ਦੀ ਰਾਤ ਚਾਰ-ਚੁਫੇਰੇ ਨਜ਼ਰ ਮਾਰਿਆਂ, ਇਸ ਤਰ੍ਹਾਂ ਜਾਪਦਾ ਹੈ ਜਿਵੇਂ ਰੌਸ਼ਨੀਆਂ ਦਾ ਹੜ੍ਹ ਆਇਆ ਹੋਵੇ | ਜੇ ਗਹੁ ਨਾਲ ਸਮੁੱਚੇ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਇੰਜ ਹੋਇਆ ਪ੍ਰਤੀਤ ਨਹੀਂ ਹੁੰਦਾ | ਜੇ ਬਾਹਰੀ ਰੌਸ਼ਨੀਆਂ ਨਾਲ ਮਨਾਂ ਦੇ ਹਨੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੁੰਦਾ ਤਾਂ ਹੁਣ ਤੱਕ ਸਾਡਾ ਵੀ ਸੰਸਾਰ ਵਿਚ ਕਿਤੇ ਨਾਂਅ ਹੁੰਦਾ | ਜਿਉਂ ਜਿਉਂ ਰੌਸ਼ਨੀਆਂ ਦੀ ਜਗਮਗਾਹਟ ਵਧੀ ਹੈ ਤਿਉਂ ਤਿਉਂ ਹੀ ਮਨਾਂ ਦੇ ਆਕਾਸ਼ 'ਤੇ ਹਨੇਰਿਆਂ ਦੇ ਕਾਲੇ ਬੱਦਲ ਗੂੜ੍ਹੇ ਹੁੰਦੇ ਗਏ ਹਨ | ਅਸਲ ਵਿਚ ਸਮੇਂ ਦੇ ਬਦਲਣ ਨਾਲ ਤਿਉਹਾਰਾਂ ਦਾ ਰੰਗ-ਰੂਪ ਹੀ ਨਹੀਂ ਬਦਲਿਆ, ਸਗੋਂ ਮਨੁੱਖੀ ਮਾਨਸਿਕਤਾ ਵਿਚ ਵੀ ਕਈ ਵਖਰੇਵੇਂ ਪੈਦਾ ਹੋ ਗਏ ਹਨ | ਸਿੱਟੇ ਵਜੋਂ ਤਿਉਹਾਰਾਂ ਦੀ ਅਸਲ ਭਾਵਨਾ ਕਿਤੇ ਗੁੰਮ-ਗੁਆਚ ਗਈ ਹੈ | ਆਪਸੀ ਵਿਰੋਧ ਤੇ ਵਖਰੇਵੇਂ ਇਸ ਕਦਰ ਭਾਰੂ ਹੋ ਗਏ ਹਨ ਕਿ ਭਾਈਚਾਰਕ ਸਾਂਝਾਂ ਦੀਆਂ ਤੰਦਾਂ ਟੁੱਟਦੀਆਂ ਜਾਪਦੀਆਂ ਹਨ | ਸਿਆਸੀ ਪਾਰਟੀਆਂ ਨੇ ਆਪਣੇ ਸਵਾਰਥਾਂ ਤੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਸਦੀਆਂ ਤੋਂ ਪ੍ਰੇਮ ਤੇ ਸਦਭਾਵਨਾ ਨਾਲ ਵਸਦੇ ਭਾਈਚਾਰਿਆਂ ਵਿਚ ਫੁੱਟ ਦਾ ਐਸਾ ਬੀਜ ਬੀਜਿਆ ਹੈ ਕਿ ਲੋਕ ਇਕ ਦੂਜੇ ਦੇ ਖੂਨ ਦੇ ਪਿਆਸੇ ਹੋਈ ਜਾਂਦੇ ਹਨ | ਧਰਮਾਂ ਤੇ ਫਿਰਕਿਆਂ ਵਿਚ ਵੰਡੀਆਂ ਪਾ ਕੇ, ਸੰਵੇਦਨਹੀਣ ਸਿਆਸੀ ਨੇਤਾਵਾਂ ਨੇ, ਮਹਿਜ਼ ਆਪਣੀ ਸਤ੍ਹਾ ਦੀ ਭੁੱਖ ਪੂਰੀ ਕਰਨ ਲਈ ਲੋਕਾਂ ਨੂੰ ਇਕ ਦੂਜੇ ਖਿਲਾਫ਼ ਭੜਕਾਉਣ ਲਈ ਹਰ ਹੀਲਾ ਵਰਤਿਆ |
ਸਵਾਰਥਾਂ ਤੇ ਲਾਲਚਾਂ ਦੀ ਖਾਤਰ ਮਨੁੱਖ ਏਨਾ ਬੇਰਹਿਮ ਹੋ ਗਿਆ ਹੈ ਕਿ ਹਰ ਪਾਸੇ ਹੀ ਮਨੁੱਖ ਦੀਆਂ ਅਮਾਨਵੀ ਗਤੀਵਿਧੀਆਂ ਦੀ ਹਾਹਾਕਾਰ ਮਚੀ ਹੋਈ ਹੈ | ਸੱਭਿਅਤਾ ਦਾ ਨਕਾਬ ਪਾਈ ਅਜੋਕਾ ਮਨੁੱਖ ਏਨਾ ਲਾਲਚੀ, ਸਵਾਰਥੀ ਅਤੇ ਅਣਮਨੁੱਖੀ ਰੁਚੀਆਂ ਵਾਲਾ ਹੋ ਗਿਆ ਹੈ ਕਿ ਉਹ ਸਮਾਜ ਦੀਆਂ ਸਭ ਨੈਤਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਨੂੰ ਉਲੰਘ ਕੇ ਉਸ ਰਾਹ 'ਤੇ ਤੁਰ ਪਿਆ ਹੈ ਜਿਹੜਾ ਹਨੇਰੀ ਤੇ ਅੰਨ੍ਹੀ ਗੁਫਾ ਵੱਲ ਜਾਂਦਾ ਹੈ | ਧਨ ਤੇ ਜਾਇਦਾਦ ਦੇ ਲਾਲਚ ਵਿਚ ਮਨੁੱਖ ਇਸ ਕਦਰ ਅੰਨ੍ਹਾ ਹੋ ਚੁੱਕਾ ਹੈ ਕਿ ਉਹ ਸਭ ਕੁਝ ਹੜੱਪ ਜਾਣ ਲਈ, ਖ਼ੂਨ ਦੇ ਰਿਸ਼ਤਿਆਂ ਦਾ ਘਾਣ ਕਰਨ ਲੱਗਾ ਵੀ ਪਲ ਨਹੀਂ ਲਾਉਂਦਾ | ਹਰ ਰੋਜ਼ ਹੀ ਅਖਬਾਰਾਂ ਵਿਚ ਅਜਿਹੀਆਂ ਖਬਰਾਂ ਦੇਖੀਆਂ ਜਾ ਸਕਦੀਆ ਹਨ, ਜਿਨ੍ਹਾਂ ਤੋਂ ਮਨੁੱਖੀ ਮਨ ਦੀ ਵਹਿਸ਼ਤ ਤੇ ਹਨ੍ਹੇਰੇ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ | ਜਾਇਦਾਦ ਤੇ ਦੌਲਤ ਦੀ ਖਾਤਰ ਪੁੱਤਰ ਪਿਉ ਨੂੰ ਮਾਰ ਰਿਹਾ ਹੈ, ਭਰਾ, ਭਰਾ ਦੇ ਖੂਨ ਦਾ ਪਿਆਸਾ ਹੋ ਗਿਆ ਹੈ | ਅਜੋਕੇ ਮਨੁੱਖ ਦਾ ਇਕੋ ਇਕ ਉਦੇਸ਼ ਹਰ ਹੀਲੇ ਧਨ ਦੌਲਤ ਤੇ ਹੋਰ ਪਦਾਰਥਿਕ ਵਸਤਾਂ ਇਕੱਠੀਆਂ ਕਰਕੇ ਆਪਣੀਆਂ ਤਿਜੌਰੀਆਂ ਭਰਨਾ ਹੈ | ਮਨੁੱਖੀ ਰਿਸ਼ਤਿਆਂ ਵਿਚ ਨਿਘਾਰ ਆਪਣੀ ਚਰਮ ਸੀਮਾ 'ਤੇ ਹੈ | ਅਜੋਕੇ ਜੀਵਨ ਵਰਤਾਰੇ ਵਿਚ ਜਿਸ ਤਰ੍ਹਾਂ ਰਿਸ਼ਤਿਆਂ ਦੀ ਮਿੱਟੀ ਪਲੀਤ ਹੋ ਰਹੀ ਹੈ, ਉਸ ਤੋਂ ਕੋਈ ਵੀ ਸੰਵੇਦਨਸ਼ੀਲ ਮਨੁੱਖ ਸ਼ਰਮਸਾਰ ਹੋਏ ਬਿਨਾਂ ਨਹੀਂ ਰਹਿ ਸਕਦਾ | ਬਾਲੜੀਆਂ, ਕੁੜੀਆਂ ਤੇ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ | ਭਾਸ਼ਾ, ਧਰਮ ਤੇ ਜਾਤ ਬਰਾਦਰੀ ਦੇ ਨਾਂਅ ਉੱਤੇ ਮਨੁੱਖ ਦੀ ਸੋਚ ਏਨੀ ਸੰਕੀਰਨ ਹੋ ਗਈ ਹੈ ਕਿ ਇਹ ਅਜੋਕੇ ਮਨੁੱਖ ਦੇ ਮਨ ਵਿਚ ਪਸਰੇ ਹਨੇਰੇ ਦੀ ਜਿਊਾਦੀ ਜਾਗਦੀ ਮਿਸਾਲ ਹੈ | ਸਾਡੀਆਂ ਸੋਚਾਂ ਦੇ ਦਾਇਰੇ ਏਨੇ ਸੌੜੇ ਹੋ ਗਏ ਹਨ ਅਸੀਂ ਹੁਣ ਇਨਸਾਨ ਨਹੀਂ ਸਗੋਂ ਹਿੰਦੂ, ਸਿੱਖ ਤੇ ਮੁਸਲਮਾਨ ਜਾਂ ਹੋਰ ਕਈ ਵਲਗਣਾਂ ਵਿਚ ਕੈਦ ਹੋ ਕੇ ਰਹਿ ਗਏ ਹਾਂ | ਜਿਉਂ ਜਿਉਂ ਮਨੁੱਖ ਅਖਾਉਤੀ ਤਰੱਕੀ ਦੀਆਂ ਮੰਜ਼ਲਾਂ ਤੈਅ ਕਰਦਾ ਜਾ ਰਿਹਾ ਹੈ, ਤਿਉਂ ਤਿਉਂ ਇਨਸਾਨੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ | ਧਰਮਾਂ ਦੇ ਅਸਲੀ ਅਰਥਾਂ ਦੀ ਥਾਹ ਪਾਉਣ ਦੀ ਗੱਲ ਕੋਈ ਨਹੀਂ ਕਰਦਾ | ਅੱਜ ਵੀ ਆਰਥਿਕ ਤੌਰ 'ਤੇ ਪਛੜੇ ਤੇ ਦਲਿਤ ਜਬਰ ਤੇ ਜ਼ੁਲਮ ਦਾ ਸ਼ਿਕਾਰ ਹਨ | ਜਾਤ-ਪਾਤ ਦਾ ਘਿਨਾਉਣਾ ਵਰਤਾਰਾ ਅਜੋਕੇ ਸਮੇਂ ਵਿਚ ਵੀ ਇਸ 'ਮਹਾਨ ਭਾਰਤ' ਦੇ ਮੱਥੇ 'ਤੇੇ ਕਲੰਕ ਸਮਾਨ ਹੈ |
ਗਲੋਬਲ ਪੱਧਰ 'ਤੇ ਵਿਗਿਆਨ , ਤਕਨਾਲੋਜੀ ਅਤੇ ਬਿਜਲਈ ਸਾਧਨਾਂ ਦੇ ਹੈਰਾਨੀਜਨਕ ਵਰਤਾਰੇ ਨੇ ਵਿਗਿਆਨਕ ਅਤੇ ਤਰਕਸ਼ੀਲ ਸੋਚ ਨੂੰ ਹੋਰ ਪ੍ਰਚੰਡ ਕੀਤਾ ਹੈ | ਅਸੀਂ ਚੰਦ ਤੱਕ ਪਹੁੰਚਣ ਦੇ ਦਮਗਜ਼ੇ ਤਾਂ ਬਹੁਤ ਮਾਰਦੇ ਹਾਂ, ਪਰ ਅਜੇ ਤੱਕ ਸਾਡੀ ਮਾਨਸਿਕਤਾ ਵਿਚ ਵਿਗਿਆਨਕ ਤੇ ਤਰਕਸ਼ੀਲ ਸੋਚ ਦਾ ਬਹੁਤਾ ਦਖਲ ਨਹੀਂ ਹੈ | ਸਾਡੇ ਸਮਾਜ ਦਾ ਵੱਡਾ ਹਿੱਸਾ ਅੱਜ ਵੀ ਵਹਿਮਾਂ-ਭਰਮਾਂ ਅਤੇ ਅਗਿਆਨਤਾ ਦੇ ਗੂੜ੍ਹੇ ਹਨੇਰਿਆਂ ਵਿਚ ਜਕੜਿਆ ਹੋਇਆ ਹੈ | ਮਿਸਾਲ ਵਜੋਂ ਪਿਛਲੇ ਦਿਨੀਂ ਫਰਾਂਸ ਵਿਚ ਰਾਫੇਲ ਜੈੱਟ ਪ੍ਰਾਪਤ ਕਰਨ ਸਮੇਂ ਨਾਰੀਅਲ ਤੇ ਮੰਤਰਾਂ ਨਾਲ ਪੂਜਾ ਕਰਨ ਦੀ ਸਾਡੇ ਸਾਹਮਣੇ ਹੈ |
ਗ਼ਰੀਬੀ ਇਸ ਦੇਸ਼ ਦੀ ਹੋਣੀ ਬਣ ਗਈ ਹੈ | ਇਸ ਦਲਦਲ ਵਿਚ ਗਲ਼-ਗਲ਼ ਤੱਕ ਖੁੱਭੇ ਦੇਸ਼ ਦੇ ਕਰੋੜਾਂ ਲੋਕਾਂ ਲਈ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਦਾ ਕੋਈ ਅਰਥ ਨਹੀਂ ਹੈ | ਉਹ ਹਨੇਰੇੇ ਵਿਚ ਹੀ ਜੰਮਦੇ ਹਨ ਤੇ ਸਾਰੀ ਉਮਰ ਹਨੇਰਾ ਢੋਂਹਦੇ ਹੀ ਇਸ ਜਹਾਨ ਤੋਂ ਕੂਚ ਕਰ ਜਾਂਦੇ ਹਨ | ਦੇਸ਼ ਨੂੰ ਦੋਵੀਂ ਹੱਥੀਂ ਲੁੱਟ ਕੇ ਖਾਣ ਵਾਲੇ ਸਿਆਸੀ ਲੀਡਰਾਂ ਤੇ ਅਫ਼ਸਰਸ਼ਾਹੀ ਦੇ ਭਿ੍ਸ਼ਟ ਗੱਠਜੋੜ ਨੇ ਹੋਰ ਤਾਂ ਭਾਵੇਂ ਕੁਝ ਨਾ ਕੀਤਾ ਹੋਵੇ, ਪਰ ਪਿਛਲੇ ਸਾਲਾਂ ਵਿਚ 'ਘੁਟਾਲਿਆਂ' ਦੀ ਭਰਵੀਂ ਫ਼ਸਲ ਜ਼ਰੂਰ ਬੀਜੀ ਹੈ | ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ ਨੂੰ ਭੁੱਖਮਰੀ, ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਜਾਨ-ਲੇਵਾ ਬਿਮਾਰੀਆਂ ਤੇ ਅਨੇਕਾਂ ਦੁਸ਼ਵਾਰੀਆਂ ਸ਼ਾਇਦ ਨਜ਼ਰ ਹੀ ਨਹੀਂ ਆਉਂਦੀਆਂ |
ਗਿਆਨ ਪ੍ਰਾਪਤੀ ਦੇ ਅਨੇਕਾਂ ਸੋਮੇ ਪੈਦਾ ਹੋ ਚੁੱਕੇ ਹਨ, ਪਰ ਦੂਜੇ ਪਾਸੇ ਮਨਾਂ ਦੇ ਹਨੇਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਮਿਲਾਵਟਖੋਰ ਖਾਣ ਵਾਲੀਆਂ ਵਸਤਾਂ ਵਿਚ ਮਿਲਾਵਟ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ | ਮੁਨਾਫ਼ੇ ਦੀ ਅੰਨ੍ਹੀ ਲਾਲਸਾ ਨੇ ਮਨੁੱਖ ਦੀਆਂ ਅੱਖਾਂ 'ਤੇ ਇਸ ਕਦਰ ਸਵਾਰਥ ਦੀ ਪੱਟੀ ਬੰਨ੍ਹ ਦਿੱਤੀ ਹੈ ਕਿ ਉਹ ਖਾਣ-ਪੀਣ ਦੀਆਂ ਵਸਤਾਂ ਤੇ ਜੀਵਨ-ਰੱਖਿਅਕ ਦਵਾਈਆਂ ਨੂੰ ਵੀ ਨਕਲੀ ਬਣਾ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ | ਭਰੂਣ-ਹੱਤਿਆ ਜਿਹੀ ਘਿਨਾਉਣੀ ਲਾਹਣਤ ਨੇ ਸਾਡੇ ਸਮਾਜ ਨੂੰ ਪੂਰੀ ਤਰ੍ਹਾਂ ਕਲੰਕਤ ਕਰ ਦਿੱਤਾ ਹੈ, ਪਰ ਅਜੋਕਾ ਮਨੁੱਖ ਧੀ ਜੰਮਣ ਦੀ ਸੂਰਤ ਵਿਚ, ਜਰਬਾਂ ਤਕਸੀਮਾਂ ਵਿਚ ਪਿਆ ਧੀ ਨੂੰ ਕੁੱਖ ਵਿਚ ਹੀ ਮਾਰਨ ਲਈ ਤਿਆਰ ਹੋ ਜਾਂਦਾ ਹੈ | ਅਜੋਕੇ ਸਮਾਜ ਵਿਚ ਨਸ਼ਿਆਂ ਦੀ ਬਦੌਲਤ ਜਿਹੜਾ ਹਨ੍ਹੇਰ ਪਸਰਿਆ ਹੋਇਆ ਹੈ ਇਸ ਨੇ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਰੋਲ ਕੇ ਰੱਖ ਦਿੱਤਾ ਹੈ | ਰੌਸ਼ਨੀਆਂ ਦਾ ਸੰਦੇਸ਼ ਤਾਂ ਬਹੁਤ ਸਪੱਸ਼ਟ ਹੈ ਕਿ ਆਪਣੇ ਘਰਾਂ ਨੂੰ ਰੌਸ਼ਨ ਜ਼ਰੂਰ ਕਰੀਏ ਪਰ ਆਪਣੇ ਮਨਾਂ ਦੇ ਹਨੇਰੇ ਕੋਨਿਆਂ ਨੂੰ ਰੁਸ਼ਨਾਉਣ ਦਾ ਉਪਰਾਲਾ ਵੀ ਕਰੀਏੇ |
-ਪਿੰਡ-ਖਰਲ ਕਲਾਂ ਡਾਕ-ਚੋਲਾਂਗ (ਜਲੰਧਰ)
ਮੋਬਾਈਲ : 98153-56086