ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
ਇਕ ਅੰਬਰ ਵਿਚ ਹੋਵਣ ਸਾਰੇ ਫੇਰ ਦੀਵਾਲੀ ਹੋਵੇਗੀ |
ਸੂਰਜ ਦੀ ਲੋਅ, ਚੰਦਾ ਦੀ ਲੋਅ, ਦੀਵੇ ਦੀ ਲੋਅ, ਜੁਗਨੂੰ ਦੀ ਲੋਅ |
ਛੋਟੇ ਵੱਡੇ ਆਦਰ ਨੂੰ ਇਕ ਹੀ ਮਾਲਾ ਵਿਚ ਪਿਰੋ |
ਹਾਕਮ ਸਭ ਦੇ ਹਿਤ ਵਿਚਾਰੇ ਫੇਰ ਦੀਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
ਟਹਿਣੀ-ਟਹਿਣੀ ਖਿੜ੍ਹੀਆਂ ਕਲੀਆਂ ਨੂੰ ਕੋਈ ਮਾਲੀ ਤੋੜੇ ਨਾ |
ਫੁੱਲ ਗੁਲਾਬੀ ਦੇ ਨਾਲ ਥੋਰ੍ਹਾਂ ਵਰਗੇ ਰਿਸ਼ਤੇ ਜੋੜੇ ਨਾ |
ਨਿਰਧਨ ਨੂੰ ਰਾਜਾ ਸਤਿਕਾਰੇ ਫੇਰ ਦੀਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
ਬੇਰੁਜ਼ਗਾਰੀ, ਰਿਸ਼ਵਤਖੋਰੀ, ਨਸ਼ਿਆਂ 'ਤੇ ਕਾਬੂ ਕੌਣ ਕਰੇ |
ਇਸ ਗੰਧਲੇ ਮਾਹੌਲ ਦੇ ਅੰਦਰ ਸੀਸ ਤਲੀ 'ਤੇ ਕੌਣ ਧਰੇ |
ਬੇੜੀ ਤਾਰਨ ਖੇਵਣਹਾਰੇ ਫੇਰ ਦੀਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
ਉੱਨਤੀ ਯੁਕਤ ਵਿਦੇਸ਼ਾਂ ਵਾਂਗੂੰ ਨੀਅਤ, ਨੀਤੀ ਪ੍ਰੀਤ ਬਣੇ |
ਵੱਖ-ਵੱਖ ਸਾਜ਼ਾਂ ਦੀ ਇਕ ਧੁਨ ਦਾ ਫਿਰ ਉੱਤਮ ਸੰਗੀਤ ਬਣੇ |
ਸ਼ੁੱਧਤਾ, ਬੁੱਧਤਾ ਨਾਲ ਨਜ਼ਾਰੇ ਫੇਰ ਦੀਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
ਫੁੱਲਦੀ-ਫੁੱਲਦੀ ਰੋਟੀ ਲੱਥੇ, ਮੱਖਣ ਸਾਗ ਸਰ੍ਹੋਂ ਦੇ ਨਾਲ |
ਵੱਖ-ਵੱਖ ਭੋਜਨ ਕੌਲੀਆਂ ਦੇ ਵਿਚ, ਭਰਿਆ ਭਰਿਆ ਹੋਵੇ ਥਾਲ |
ਚੁਲ੍ਹੇ ਦੇ ਵਿਚ ਹੋਣ ਸ਼ਰਾਰੇ ਫੇਰ ਦੀਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
ਨਾਲ ਮੁਹੱਬਤ ਦੀਵੇ ਹੋਵਣ ਏਧਰ ਵੀ ਤੇ ਉਧਰ ਵੀ |
ਤਪਦੀਆਂ ਮਾਵਾਂ ਫਿਰ ਨਾ ਰੋਵਣ ਏਧਰ ਵੀ ਤੇ ਉਧਰ ਵੀ |
ਜਗਮਗ ਜਗਮਗ ਜਗਣ ਕਿਨਾਰੇ ਫੇਰ ਦੀਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
ਮਾਨਵਤਾ ਦੇ ਹਿਰਦੇ ਅੰਦਰ ਪਿਆਰ ਰਵੇ, ਸਤਿਕਾਰ ਰਵੇ |
ਚੜ੍ਹਦੇ ਸੂਰਜ ਦੀ ਲਾਲੀ ਦਾ ਘਰ-ਘਰ ਵਿਚ ਦੀਦਾਰ ਰਵੇ |
ਨਾ ਕੋਈ ਜਿੱਤੇ ਨਾ ਕੋਈ ਹਾਰੇ ਫੇਰ ਦੀਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
ਸਾਂਝੀਵਾਲ ਸੁਨੇਹਾ ਦੇਵੇ ਹਰਿਮੰਦਰ ਦੇ ਸ਼ਬਦਾਂ 'ਚੋਂ |
ਝਿਲਮਿਲ-ਝਿਲਮਿਲ ਦੀਵੇ ਜਗਦੇ ਗੁਰਬਾਣੀ ਦੇ ਅਰਥਾਂ 'ਚੋਂ |
ਸ਼ੀਤਲਤਾ ਹੈ ਸਗਲ ਦੁਆਰੇ ਫੇਰ ਦੀਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ |
-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ) |
ਮੋਬਾਈਲ : 98156-25409.