ਚੰੁਗੜਿਆਂ ਵਿਚ ਭਰੀਂ ਮੁਹੱਬਤ
ਮੋਹ ਦੇ ਦੀਵੇ ਬਾਲ
ਨੇ੍ਹਰੀਆਂ ਥਾਵਾਂ ਭਾਲ ਜ਼ਿੰਦੜੀਏ
ਭਰ ਦੀਵਿਆਂ ਦਾ ਥਾਲ |
ਦੀਵਾ ਇਕ ਦੇਹੜੀ 'ਤੇ ਰੱਖੀਂ
ਪੀਰ ਫ਼ਕੀਰ ਧਿਆੲੀਂ
ਬਣੀ ਰਹੇ ਇੱਜ਼ਤ ਘਰ ਦੀ,
ਥੋੜ੍ਹ-ਤੋੜ ਨਾ ਪਾੲੀਂ
ਰਹੇ ਚਾਨਣ ਤੁਰਦਾ ਨਾਲ...
ਦੀਵਾ ਇਕ ਪਾਣੀ ਮੁੱਢ ਰੱਖੀਂ
ਇਕ ਕਰੀਂ ਅਰਜ਼ੋਈ
ਖੁਆਜਿਆ ਸਾਨੂੰ ਮੁਆਫ਼ ਕਰੀਂ
ਸਾਥੋਂ ਬੜੀ ਹੁਰਮਤੀ ਹੋਈ
ਤੇਰੇ ਵਾਝੋਂ ਜੀਣ ਮੁਹਾਲ...
ਇਕ ਦੀਵਾ ਰੁੱਖਾਂ ਮੁੱਢ ਰੱਖੀਂ
ਦੇਵਣ ਸਾਨੂੰ ਸਾਹ
ਅੰਨ੍ਹਾ ਹੋਇਆ ਬੰਦਾ ਸਾਹਵਾਂ
ਦੇ ਨਾਲ ਖੇਡੇ ਦਾਅ
ਕਰਨੀ ਪਊ ਸਾਂਭ-ਸੰਭਾਲ...
ਇਕ ਦੀਵਾ ਖੇਤਾਂ ਮੁੱਢ ਰੱਖੀਂ
ਫ਼ਸਲ ਮੁੜੇ ਇਸ ਵਾਰ ਘਰੇ
ਸ਼ਾਹੂਕਾਰ ਨਾ ਖੇਤੋਂ ਦਾਣੇ
ਕਰ ਦੇਵੇ ਕਿਤੇ ਉਰੇ-ਪਰੇ
ਚਾਅ ਸਾਡੇ ਦਾਣਿਆਂ ਨਾਲ...
ਦੀਵਾ ਇਕ ਚੁਰਾਹੇ ਰੱਖੀਂ
ਇਕ ਦੀਵਾ ਮਦਰੱਸੇ
ਦੀਵਾ ਬਾਲ ਕਿਤਾਬਾਂ ਮੂਹਰੇ
ਸ਼ਬਦ ਮਨਾਂ ਵਿਚ ਵਸੇ
ਸੁਲਝਣ ਸਭ ਮਾੜੇ ਸਵਾਲ...
ਮੜ੍ਹੀਆਂ 'ਤੇ ਨਾ ਦੀਵੇ ਬਾਲੀਂ
ਪੁਰਖੇ ਤੇਰੇ ਅੰਦਰ
ਝਾਤੀ ਮਾਰ ਕੇ ਦੇਖ ਜ਼ਰਾ
ਤੂੰ ਸੰਸਕਾਰਾਂ ਦੇ ਮੰਦਰ
ਤੂੰ ਆਪਣੇ ਅੰਦਰ ਭਾਲ... |
-398, ਵਿਕਾਸ ਨਗਰ, ਪੱਖੋਵਾਲ ਰੋਡ, ਲੁਧਿਆਣਾ-141013.
ਮੋਬਾਈਲ : 97806-67686.