ਦੀਵਾਲੀ ਤੋਂ ਅਗਲੇ ਦਿਨ ਦੇਸ਼ ਭਰ ਦੇ ਸਾਰੇ ਕਿਰਤੀ ਤੇ ਸ਼ਿਲਪਕਾਰ ਨਵੇਂ ਕੱਪੜੇ ਪਾ ਕੇ ਸਾਰੇ ਪਰਿਵਾਰ ਸਮੇਤ ਇੱਕਠੇ ਹੋ ਕੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦੀ ਪੂਜਾ ਕਰਦੇ ਹਨ |
ਸਦੀਆਂ ਪੁਰਾਣੀਆਂ ਮਿਥਿਹਾਸਕ ਘਟਨਾਵਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਬਾਬਾ ਵਿਸ਼ਵਕਰਮਾ ਦੀ ਹੀ ਦੇਣ ਹੈ, ਜਿਨ੍ਹਾਂ ਨੂੰ 'ਕਿਰਤ ਦੇ ਦੇਵਤੇ' ਨਾਂਅ ਨਾਲ ਪੂਜਿਆ ਜਾਂਦਾ ਹੈ | ਵੱਡੇ-ਵੱਡੇ ਡੈਮ ਤੇ ਨਹਿਰਾਂ, ਵੱਡੀਆਂ-ਵੱਡੀਆਂ ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਵਿਸ਼ਵਕਰਮਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ | ਸੰਸਾਰ ਦੇ ਸੱਤ ਅਜੂਬਿਆਂ ਦੇ ਨਿਰਮਾਣ ਵਿਚ ਬਾਬਾ ਵਿਸ਼ਵਕਰਮਾ ਦੇ ਪੈਰੋਕਾਰ ਤੇ ਮਾਹਿਰ ਕਿਰਤੀਆਂ ਦੁਆਰਾ ਕੀਤੀ ਗਈ ਇਮਾਰਤਸਾਜ਼ੀ ਦੀ ਕਲਾ ਝਲਕਦੀ ਹੈ | ਪ੍ਰਾਚੀਨ ਧਾਰਮਿਕ ਗ੍ਰੰਥ, ਰਿਗਵੇਦ ਵਿਚ ਵੀ ਬਾਬਾ ਵਿਸ਼ਵਕਰਮਾ ਦਾ ਜ਼ਿਕਰ ਮਿਲਦਾ ਹੈ | ਬਾਬਾ ਵਿਸ਼ਵਕਰਮਾ ਨੂੰ 'ਇੰਜੀਨੀਅਰਿੰਗ ਦਾ ਦੇਵਤਾ' ਵੀ ਕਿਹਾ ਜਾਂਦਾ ਹੈ | ਮਹਾਂਭਾਰਤ ਅਤੇ ਪੁਰਾਣ ਾਂ ਵਿਚ ਉਨ੍ਹਾਂ ਨੂੰ ਦੇਵਤਿਆਂ ਦੇ ਮੁੱਖ ਇੰਜੀਨੀਅਰ ਵਜੋਂ ਵਰਨਣ ਕੀਤਾ ਗਿਆ ਹੈ | ਉਪ-ਵੇਦ ਵਿਚ ਦਸਤਕਾਰੀ ਦੀ ਕਲਾ ਦੇ ਹੁਨਰਾਂ ਦਾ ਵਰਨਣ ਮਿਲਦਾ ਹੈ |
ਇਸ ਸਮੇਂ ਲਗਪਗ ਹਰ ਸ਼ਹਿਰਾਂ ਵਿਚ ਬਾਬਾ ਜੀ ਦੇ ਪੈਰੋਕਾਰਾਂ ਵਲੋਂ ਵਿਸ਼ਵਕਰਮਾ ਭਵਨ ਉਸਾਰੇ ਗਏ ਹਨ ਜਿੱਥੇ ਬਾਬਾ ਜੀ ਨੂੰ ਸਮਰਪਿਤ ਵਿਸ਼ਵਕਰਮਾ ਦਿਵਸ ਦੇ ਸ਼ੁੱਭ ਅਵਸਰ 'ਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਤਰ੍ਹਾਂ ਦੀ ਮਸ਼ੀਨਰੀ ਦੀ ਵਰਤੋਂ ਕਰਨ ਅਤੇ ਬਣਾਉਣ ਵਾਲੇ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿਚ ਪੂਜਾ ਕਰਦੇ ਹਨ ਅਤੇ ਚੰਗੇਰੇ ਭਵਿੱਖ ਲਈ ਆਸ਼ੀਰਵਾਦ ਪ੍ਰਾਪਤ ਕਰਦੇ ਹਨ |
ਜੇ ਅੱਜ ਦੇ ਨੌਜਵਾਨ ਬਾਬਾ ਵਿਸ਼ਵਕਰਮਾ ਦੀ ਦਰਸਾਈ ਦਸਤਕਾਰੀ ਦੀ ਕਲਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਧਾਰਨ ਕਰਕੇ ਹੱਥੀਂ ਕੰਮ ਕਰਨ ਲੱਗ ਜਾਣ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਕਾਫੀ ਹੱਦ ਤੱਕ ਦੂਰ ਹੋ ਸਕਦੀ ਹੈ |
-ਨੇੇੜੇ ਰਾਧਾ ਕਿ੍ਸ਼ਨ ਮੰਦਰ, ਸੁਰਗਾਪੁਰੀ, ਕੋਟਕਪੂਰਾ-151204.
ਮੋਬਾਈਲ : 98150-22585.