ਸਾਡੇ ਦੇਸ਼ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਹੈ ਦੀਵਾਲੀ | 'ਦੀਪਾਵਲੀ' ਸੰਸਕਿ੍ਤ ਮੂਲ ਦਾ ਸ਼ਬਦ ਹੈ, ਜਿਸ ਦਾ ਅਰਥ ਹੈ 'ਦੀਵੇ ਜਗਾਉਣਾ', 'ਚਾਨਣ ਕਰਨਾ' | ਦੀਵਾਲੀ ਦਾ ਤਿਉਹਾਰ ਮੂਲ ਰੂਪ ਵਿਚ ਰੌਸ਼ਨੀਆਂ ਦਾ ਤਿਉਹਾਰ ਹੈ | ਭਾਰਤ ਵਿਚ ਸਾਰੇ ਹੀ ਤਿਉਹਾਰ ਬਿਨਾਂ ਕਿਸੇ ਭੇਦ-ਭਾਵ ਦੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਏ ਜਾਂਦੇ ਹਨ | ਇਸ ਲਈ ਭਾਰਤ ਨੂੰ 'ਮੇਲਿਆਂ ਤੇ ਤਿਉਹਾਰਾਂ ਦੀ ਧਰਤੀ' ਕਿਹਾ ਜਾਂਦਾ ਹੈ |
ਦੀਵਾਲੀ ਵਾਲੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਆਏ ਸਨ | ਪੰਜਾਬ 'ਚ ਅੰਮਿ੍ਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ ਅਤੇ ਇਹ ਗੱਲ ਪੂਰੇ ਸੰਸਾਰ ਵਿਚ ਪ੍ਰਸਿੱਧ ਹੈ | ਜਗਮਗਾਉੁਾਦੀਆਂ ਰੌਸ਼ਨੀਆਂ ਸ੍ਰੀ ਹਰਿਮੰਦਰ ਸਾਹਿਬ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਨੇ | ਇਹ ਇਕ ਬਹੁਤ ਹੀ ਖ਼ੂਬਸੂਰਤ ਅਲੌਕਿਕ ਦਿ੍ਸ਼ ਬਣ ਜਾਂਦਾ ਹੈ, ਜਿਸ ਨੂੰ ਲੋਕ ਦੂਰੋਂ-ਦੂਰੋਂ ਦੇਖਣ ਲਈ ਆਉਂਦੇ ਨੇ |
ਤ੍ਰੇਤਾ ਯੁੱਗ ਵਿਚ ਸ੍ਰੀ ਰਾਮ ਚੰਦਰ ਜੀ, ਸੀਤਾ ਜੀ ਅਤੇ ਲਕਸ਼ਮਣ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏੇ ਸਨ | ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ ਅਤੇ ਜੀਅ ਭਰ ਕੇ ਖੁਸ਼ੀਆਂ ਮਨਾਈਆਂ | ਇਸ ਮਹਾਂ-ਤਿਉਹਾਰ ਨਾਲ ਹੋਰ ਵੀ ਕਈ ਤਿਉਹਾਰ ਜੁੜੇ ਹਨ, ਜਿਵੇਂ ਧਨਵੰਤਰੀ ਤਿਰੋਦਸ਼ੀ, ਛੋਟੀ ਦੀਵਾਲੀ ਜਾਂ ਨਰਕ ਚੋਰਾਦਸ਼ੀ, ਭਾਈ ਦੂਜ, ਆਦਿ | ਕਈਆਂ ਵਲੋਂ ਇਸੇ ਹੀ ਦਿਨ ਲਛਮੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ |
ਰਾਜੇ ਦਸ਼ਰਥ ਦੀਆਂ ਤਿੰਨ ਰਾਣੀਆਂ ਸਨ | ਰਾਣੀ ਕੈਕੇਈ, ਜੋ ਸਭ ਤੋਂ ਛੋਟੀ ਤੇ ਵੱਧ ਖੂਬਸੂਰਤ ਸੀ, ਨੇ ਇਕ ਯੁੱਧ ਦੌਰਾਨ ਰਾਜੇ ਦਸ਼ਰਥ ਦੀ ਜਾਨ ਬਚਾਈ ਸੀ | ਉਸ ਸਮੇਂ ਰਾਜੇ ਦਸ਼ਰਥ ਨੇ ਰਾਣੀ ਕੈਕੇਈ ਨੂੰ ਦੋ ਵਰ ਮੰਗਣ ਲਈ ਕਿਹਾ ਸੀ | ਸਮਾਂ ਬੀਤਦਾ ਗਿਆ ਅਤੇ ਬੱਚੇ ਜਵਾਨ ਹੋ ਗਏ | ਸ੍ਰੀ ਰਾਮ ਚੰਦਰ ਜੀ ਮਾਤਾ ਕੌਸ਼ਲਿਆ ਦੇ ਪੁੱਤਰ ਅਤੇ ਰਾਜਾ ਦਸਰਥ ਦੇ ਵੱਡੇ ਬੇਟੇ ਸਨ | ਉਨ੍ਹਾਂ ਨੂੰ 'ਰਾਜ ਤਿਲਕ' ਲਗਾਉਣ ਦੀ ਰਸਮ ਅਦਾ ਕੀਤੀ ਜਾਣੀ ਸੀ | ਰਾਣੀ ਕੈਕੇਈ ਦਾ ਬੇਟਾ ਭਰਤ ਸੀ | ਉਸ ਨੇ ਰਾਜੇ ਪਾਸੋਂ ਉਹ ਦੋਵੇਂ ਮਨ-ਚਾਹੇ ਵਰ ਮੰਗ ਲਏ | ਇਕ ਤਾਂ 'ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ' ਤੇ ਦੂਸਰਾ 'ਪੁੱਤਰ ਭਰਤ ਨੂੰ ਰਾਜ-ਗੱਦੀ' | ਇਹ ਸੁਣ ਕੇ ਰਾਜੇ ਨੂੰ ਇਉਂ ਲੱਗਿਆ, ਜਿਉਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ | ਉਹ ਥਾਂ 'ਤੇ ਬੇਹੋਸ਼ ਹੋ ਗਏ | ਰਾਣੀ ਕੈਕੇਈ ਨੂੰ ਬਹੁਤ ਸਮਝਾਇਆ ਗਿਆ, ਪਰ ਉਸ ਨੇ ਇਕ ਨਾ ਮੰਨੀ | ਨਤੀਜੇ ਵਜੋਂ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਲਕਸ਼ਮਣ ਜੀ 14 ਸਾਲ ਲਈ ਬਨਵਾਸ 'ਤੇ ਚਲੇ ਗਏ |
ਉਂਜ ਇਹ ਤਿਉਹਾਰ ਸਰਦੀ ਰੁੱਤ ਦੇ ਆਗ਼ਮਨ ਦਾ ਪ੍ਰਤੀਕ ਹੈ | ਮੱਸਿਆ ਵਾਲੀ ਰਾਤ ਜਗਮਗਾਉਂਦੀਆਂ ਰੌਸ਼ਨੀਆਂ ਨਾਲ ਪੂਰਨਮਾਸ਼ੀ ਦੀ ਰਾਤ ਵਿਚ ਬਦਲ ਜਾਂਦੀ ਹੈ | ਪਟਾਕਿਆਂ ਅਤੇ ਆਤਿਸ਼ਬਾਜ਼ੀਆਂ ਦੀ ਝੜੀ ਲੱਗ ਜਾਂਦੀ ਹੈ, ਸਿੱਟੇ ਵਜੋਂ ਵਾਤਾਵਰਨ ਹੋਰ ਦੂਸ਼ਿਤ ਹੋ ਜਾਂਦਾ ਹੈ, ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਦੂਸ਼ਣ-ਰਹਿਤ ਪਟਾਕਿਆਂ ਦੀ ਵਿਵਸਥਾ ਕਰੇ ਤਾਂ ਜੋ ਵਾਤਾਵਰਨ ਹੋਰ ਪ੍ਰਦੂਸ਼ਿਤ ਨਾ ਹੋਵੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਦੂਸ਼ਣ-ਰਹਿਤ ਆਤਿਸ਼ਬਾਜ਼ੀਆਂ ਦਾ ਪ੍ਰਬੰਧ ਕੀਤਾ ਹੈ | ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ |
ਹਰ ਤਿਉਹਾਰ ਆਪਣੇ ਨਾਲ ਖੁਸ਼ੀਆਂ-ਖੇੜੇ ਲੈ ਕੇ ਆਉਂਦਾ ਹੈ | ਪਰ, ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਖੁਸ਼ੀਆਂ ਨੂੰ ਦੂਣ-ਸਵਾਇਆ ਕਰ ਕੇ ਮਾਣਦੇ ਹਾਂ ਜਾਂ ਰਹਿੰਦੀਆਂ ਵੀ ਗੁਆ ਬੈਠਦੇ ਹਾਂ | ਆਓ, ਸਿਆਣੇ ਤੇ ਸੁਚੱਜੇ ਇਨਸਾਨ ਬਣ ਕੇੇ ਬਿਹਤਰ ਸਮਾਜ, ਕੌਮ ਅਤੇ ਦੇਸ਼ ਦੀ ਤਰੱਕੀ ਨੂੰ ਚਾਰ ਚੰਨ ਲਗਾਈਏੇ, ਵਾਤਾਵਰਨ ਨੂੰ ਸ਼ੁੱਧ ਬਣਾਈਏ ਅਤੇ ਇਸ ਪਵਿੱਤਰ ਤਿਉਹਾਰ ਦੀਆਂ ਰੱਜ-ਰੱਜ ਖੁਸ਼ੀਆਂ ਮਨਾਈਏ | ਪੇਸ਼ ਹੈ ਸ਼ਿਅਰ:
ਆ ਸ਼ਬਦਾਂ ਦੇ ਦੀਪ ਜਗਾਈਏ |
ਮਨ ਦਾ ਨ੍ਹੇਰਾ ਦੂਰ ਭਜਾਈਏ |
-# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013
ਮੋਬਾਈਲ : 94170-01983.