16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2019

ਦੀਵਾਲੀ ਇੰਝ ਮਨਾਈਏ

Ad Position 21
repet_subhas-goyals [Copy P29]
ਅਜੀਤ ਡੈਸਕ 27-10-2019

ਭਾਰਤ ਤਿਉਹਾਰਾਂ ਦਾ ਦੇਸ਼ ਹੈ | ਇੱਥੇ ਹਰ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਇਨ੍ਹਾਂ ਤਿਉਹਾਰਾਂ 'ਚੋਂ ਇਕ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ ਦੀਵਾਲੀ | ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ | ਦੀਵਾਲੀ ਦਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ | ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ | ਇਸ ਦਿਨ ਲੋਕ ਆਪਣੇ ਘਰਾਂ ਨੂੰ ਦੀਵਿਆਂ, ਮੋਮਬੱਤੀਆਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਉਂਦੇ ਹਨ¢ 
ਦੀਵਾਲੀ ਸ਼ਬਦ ਦੀਪਾਵਲੀ ਤੋਂ ਬਣਿਆ ਹੈ, ਜਿਸ ਦਾ ਅਰਥ ਹੈ 'ਦੀਵਿਆਂ ਦੀਆਂ ਕਤਾਰਾਂ' | ਦੀਵਾਲੀ ਦੀ ਰਾਤ ਨੂੰ ਲੋਕ ਆਪਣੇ ਘਰਾਂ ਨੂੰ ਦੀਵਿਆਂ ਨਾਲ ਰੌਸ਼ਨ ਕਰਦੇ ਹਨ | ਦੀਵੇ ਆਪ ਜਲ ਕੇ ਦੂਜਿਆਂ ਦਾ ਮਾਰਗ ਰੋਸ਼ਨ ਕਰਦੇ ਹਨ ਅਤੇ ਸਾਨੂੰ ਆਪਣਾ ਆਪ ਕੁਰਬਾਨ ਕਰਕੇ ਦੂਜਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਦਿੰਦੇ ਹਨ | ਇਸ ਦਿਨ ਲੋਕ ਇਕ-ਦੂਜੇ ਨੂੰ ਮਿਠਾਈਆਂ ਦਿੰਦੇ ਹਨ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਨ | ਦੀਵਾਲੀ ਦੀ ਰਾਤ ਨੂੰ ਲੋਕ ਆਪਣੇ ਪਰਿਵਾਰ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਪੂਜਾ ਕਰਦੇ ਹਨ | ਇਸ ਦਿਨ ਵੱਡੇ ਅਤੇ ਬੱਚੇ ਮਿਲ-ਜੁਲ ਕੇ ਪਟਾਕੇ ਚਲਾਉਂਦੇ ਹਨ | ਆਤਿਸ਼ਬਾਜ਼ੀਆਂ ਨਾਲ ਜਗਮਗਾਉਂਦੇ ਅਸਮਾਨ ਦਾ ਦਿ੍ਸ਼ ਬਹੁਤ ਹੀ ਸੁੰਦਰ ਲਗਦਾ ਹੈ¢
ਹਿੰਦੂ ਧਰਮ ਅਨੁਸਾਰ ਦੀਵਾਲੀ ਵਾਲੇ ਦਿਨ ਸ੍ਰੀ ਰਾਮ ਚੰਦਰ ਜੀ ਆਪਣੀ ਪਤਨੀ ਸੀਤਾ ਨੂੰ ਰਾਵਣ ਦੀ ਕੈਦ 'ਚੋਂ ਛੁਡਾਉਣ ਲਈ ਉਸਦਾ ਅੰਤ ਕਰਕੇ ਅਤੇ ਆਪਣੇ ਪਿਤਾ ਰਾਜਾ ਦਸ਼ਰਥ ਵੱਲੋਂ ਮਿਲਿਆ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ | ਅਯੁੱਧਿਆ ਵਾਸੀਆਂ ਨੇ ਸ੍ਰੀ ਰਾਮ ਚੰਦਰ ਜੀ ਦੇ ਆਉਣ ਦੀ ਖੁਸ਼ੀ ਵਿਚ ਘਿਉ ਦੇ ਦੀਵੇ ਜਗਾਏ ਸਨ | ਉਦੋਂ ਤੋਂ ਦੀਵਾਲੀ ਦਾ ਇਹ ਤਿਉਹਾਰ ਲਗਾਤਾਰ ਪੂਰੇ ਭਾਰਤ ਵਾਸੀਆਂ ਵਲੋਂ ਮਨਾਇਆ ਜਾਂਦਾ ਹੈ | ਸਿੱਖ ਧਰਮ ਵਿਚ ਵੀ ਦੀਵਾਲੀ ਦੇ ਦਿਨ ਦਾ ਵੱਡਾ ਮਹੱਤਵ ਹੈ | ਦੀਵਾਲੀ ਵਾਲੇ ਦਿਨ ਹੀ ਸਿੱਖਾਂ ਦੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮਿ੍ਤਸਰ ਪੁੱਜਣ 'ਤੇ ਲੋਕਾਂ ਨੇ ਦੇਸੀ ਘਿਉ ਦੇ ਦੀਵੇ ਜਗਾ ਕੇ ਰੌਸ਼ਨੀਆਂ ਕੀਤੀਆਂ, ਉਦੋਂ ਤੋਂ ਦੀਵਾਲੀ ਦੇ ਤਿਉਹਾਰ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਇਆ ਜਾਣ ਲੱਗਾ | 
ਤਿਉਹਾਰਾਂ ਦਾ ਜਨਮ ਕੁਦਰਤ ਨਾਲ ਇਕਸੁਰਤਾ ਵਧਾਉਣ ਲਈ ਹੋਇਆ ਸੀ, ਪਰੰਤੂ ਅੱਜ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ | ਦੀਵਾਲੀ ਦੀ ਰਾਤ ਪਟਾਕੇ ਚਲਾਉਣ ਕਾਰਨ ਕਈ ਦੁੱਖਦਾਈ ਘਟਨਾਵਾਂ ਵਾਪਰਦੀਆਂ ਹਨ | ਕਈ ਥਾਵਾਂ 'ਤੇ ਅੱਗ ਲੱਗ ਜਾਂਦੀ ਹੈ ਜਾਂ ਖੇਤਾਂ ਨੂੰ ਨੁਕਸਾਨ ਹੁੰਦਾ ਹੈ | ਇਸ ਤੋਂ ਇਲਾਵਾ ਪਟਾਕੇ ਵੱਡੀ ਮਾਤਰਾ 'ਚ ਪ੍ਰਦੂਸ਼ਣ ਦਾ ਕਾਰਨ ਵੀ ਬਣਦੇ ਹਨ | ਪਟਾਕਿਆਂ ਨਾਲ ਹਵਾ 'ਚ ਪੈਦਾ ਹੋਏ ਰਸਾਇਣ ਦਮਾ, ਖੰਘ, ਜ਼ੁਕਾਮ, ਛਾਤੀ ਰੋਗ, ਕੈਂਸਰ, ਕਮਜ਼ੋਰੀ, ਬੇਚੈਨੀ, ਅਧਰੰਗ, ਫੇਫੜਿਆਂ ਦਾ ਕੈਂਸਰ, ਕੰਨਾਂ ਦੇ ਰੋਗ ਆਦਿ ਅਨੇਕਾਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ | ਹਰ ਵਿਅਕਤੀ ਨੂੰ ਆਪ ਹੀ ਇਸ ਸਬੰਧੀ ਜਾਗਰੂਕ ਹੋ ਕੇ ਪਟਾਕਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਸਾਨੂੰ 'ਹਰੀ ਦੀਵਾਲੀ' ਮਨਾਉਣ ਦੇ ਸੰਕਲਪ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ¢
ਸਾਨੂੰ ਵੱਧ ਤੋਂ ਵੱਧ ਹਰੇ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਹੀ ਅਰਥਾਂ 'ਚ ਹਰੀ ਦੀਵਾਲੀ ਮਨਾਈ ਜਾ ਸਕੇ¢ 
ਬਿਜਲੀ ਦੀਆਂ ਰੰਗ-ਬਿਰੰਗੀਆਂ ਲੜੀਆਂ ਦੀ ਥਾਂ 'ਤੇ ਮਿੱਟੀ ਦੇ ਦੀਵੇ ਜਗਾਉਣੇ ਚਾਹੀਦੇ ਹਨ, ਤਾਂ ਜੋ ਨਜ਼ਰ ਆਵੇ ਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ | ਇਸ ਨਾਲ ਬਿਜਲੀ ਦੀ ਬੱਚਤ ਵੀ ਹੁੰਦੀ ਹੈ¢
ਦੀਵਾਲੀ ਮੌਕੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਹਰਬਲ ਗਿਫ਼ਟ ਦੇਣੇ ਚਾਹੀਦੇ ਹਨ, ਜੋ ਹੱਥਾਂ ਨਾਲ ਬਣੀਆਂ ਮੋਮਬੱਤੀਆਂ ਜਾਂ ਖਾਸ ਪੌਦੇ ਹੋ ਸਕਦੇ ਹਨ¢
ਸਾਨੂੰ ਆਪਣਾ ਘਰ ਸਜਾਉਣ ਲਈ ਬਨਾਵਟੀ ਫੁੱਲਾਂ ਦੀ ਥਾਂ 'ਤੇ ਕੁਦਰਤੀ ਫੁੱਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ¢
ਰੰਗੋਲੀ ਬਣਾਉਣ ਲਈ ਸਾਨੂੰ ਹਮੇਸ਼ਾ ਜੈਵਿਕ ਰੰਗਾਂ ਦੀ ਚੋਣ ਕਰਨੀ ਚਾਹੀਦੀ ਹੈ ਜਾਂ ਫਿਰ ਫੁੱਲਾਂ ਅਤੇ ਪੱਤਿਆਂ ਦੀ ਵਰਤੋਂ ਨਾਲ ਵੀ ਘਰ ਸਜਾਇਆ ਜਾ ਸਕਦਾ ਹੈ¢ 
ਬਾਜ਼ਾਰਾਂ ਵਿਚ ਮੌਜੂਦ ਮਿਲਾਵਟੀ ਮਿਠਾਈਆਂ ਦੀ ਥਾਂ ਸਾਨੂੰ ਆਪਣੇ ਘਰਾਂ 'ਚ ਹੀ ਰਲ-ਮਿਲ ਕੇ ਮਿਠਾਈਆਂ ਬਣਾਉਣੀਆਂ ਚਾਹੀਦੀਆਂ ਹਨ¢ 
ਦੀਵਾਲੀ ਦੀ ਰਾਤ ਵਰਤੋਂ 'ਚ ਲਿਆਂਦੇ ਦੀਵਿਆਂ ਨੂੰ ਕੂੜੇ 'ਚ ਨਾ ਸੁੱਟੋ | ਇਨ੍ਹਾਂ ਨੂੰ ਅਗਲੇ ਸਾਲ ਫਿਰ ਵਰਤਿਆ ਜਾ ਸਕਦਾ ਹੈ | ਇਸ ਨਾਲ ਪੈਸੇ ਦੀ ਬੱਚਤ ਹੁੰਦੀ ਹੈ¢
ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਨਹੀਂ ਤਾਂ ਇਸ ਧਰਤੀ 'ਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਵੇਗਾ | ਇਸ ਲਈ ਆਓ, ਅਸੀਂ ਹਰੀ ਦੀਵਾਲੀ ਮਨਾਉਂਦੇ ਹੋਏ ਪਟਾਕਿਆਂ ਤੋਂ ਗੁਰੇਜ਼ ਕਰਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਤੇ ਖੁਸ਼ੀਆਂ ਅਤੇ ਰੌਸ਼ਨੀ ਦੇ ਦੀਵੇ ਬਾਲੀਏ¢

-ਪਟਿਆਲਾ

Ad Position 22
No active advertisement
ਪਿਛਲੀ ਖ਼ਬਰ ਦੀਵਾ ਮੇਰਾ ਏਕੁ ਨਾਮੁ ਅਗਲੀ ਖ਼ਬਰ ਸਾਂਝੀਵਾਲਤਾ ਦਾ ਪ੍ਰਤੀਕ ਦੀਵਾਲੀ
Ad Position 24